ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਨੇ 11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2,900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਗਏ 90 ਬੀਆਰਓ ਇਨਫਰਾਸਟ੍ਰਕਚਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ


ਲਾਂਚ ਕੀਤੇ ਗਏ ਪ੍ਰੋਜੈਕਟਾਂ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਨੇਚੀਫੂ ਟਨਲ, ਪੱਛਮੀ ਬੰਗਾਲ ਵਿੱਚ ਦੋ ਏਅਰਫੀਲਡ, ਦੋ ਹੈਲੀਪੈਡ, 22 ਸੜਕਾਂ ਅਤੇ 63 ਪੁਲ ਸ਼ਾਮਲ ਹਨ

ਸ਼੍ਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ਵਿੱਚ ਨਿਓਮਾ ਏਅਰਫੀਲਡ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ

2021 ਤੋਂ ਹੁਣ ਤੱਕ 8,000 ਕਰੋੜ ਰੁਪਏ ਦੇ ਰਿਕਾਰਡ 295 ਬੀਆਰਓ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕੀਤੇ ਗਏ

ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨਾ ਨਵੇਂ ਭਾਰਤ ਦੀ ਨਵੀਂ ਆਮ ਗੱਲ ਹੈ: ਰਕਸ਼ਾ ਮੰਤਰੀ

“ਸਰਹੱਦ ਦੀ ਸੁਰੱਖਿਆ ਅਤੇ ਦੂਰ-ਦਰਾਡੇ ਦੇ ਖੇਤਰਾਂ ਦਾ ਸਮਾਜਿਕ-ਆਰਥਿਕ ਵਿਕਾਸ ਸਾਡੀ ਪ੍ਰਮੁੱਖ ਪ੍ਰਾਥਮਿਕਤਾ ਹੈ”

Posted On: 12 SEP 2023 2:08PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ 2,900 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਬਾਰਡਰ ਰੋਡਜ਼ ਓਰਗੇਨਾਈਜੇਸ਼ਨ (ਬੀਆਰਓ) ਦੇ 90 ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਹਨ। 12 ਸਤੰਬਰ, 2023 ਨੂੰ ਜੰਮੂ ਵਿੱਚ ਇੱਕ ਸਮਾਗਮ ਵਿੱਚ ਰਕਸ਼ਾ ਮੰਤਰੀ ਦੁਆਰਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਨੇਚੀਫੂ ਸੁਰੰਗ; ਪੱਛਮੀ ਬੰਗਾਲ ਵਿੱਚ ਦੋ ਏਅਰਫੀਲਡ; ਦੋ ਹੈਲੀਪੈਡ; 22 ਸੜਕਾਂ ਅਤੇ 63 ਪੁਲ ਸ਼ਾਮਲ ਹਨ। ਇਨ੍ਹਾਂ 90 ਪ੍ਰੋਜੈਕਟਾਂ ਵਿੱਚੋਂ, 36 ਅਰੁਣਾਚਲ ਪ੍ਰਦੇਸ਼; 26 ਲੱਦਾਖ; 11 ਜੰਮੂ ਅਤੇ ਕਸ਼ਮੀਰ; ਪੰਜ ਮਿਜ਼ੋਰਮ; ਤਿੰਨ ਹਿਮਾਚਲ ਪ੍ਰਦੇਸ਼; ਦੋ-ਦੋ ਸਿੱਕਮ, ਉੱਤਰਾਖੰਡ ਅਤੇ ਪੱਛਮੀ ਬੰਗਾਲ ਵਿੱਚ ਅਤੇ ਇੱਕ-ਇੱਕ ਨਾਗਾਲੈਂਡ, ਰਾਜਸਥਾਨ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਸਥਿਤ ਹਨ।

ਬੀਆਰਓ ਨੇ ਇਨ੍ਹਾਂ ਰਣਨੀਤਕ ਤੌਰ 'ਤੇ ਮਹੱਤਵਪੂਰਨ ਪ੍ਰੋਜੈਕਟਾਂ ਦਾ ਨਿਰਮਾਣ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਹੈ; ਜਦਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਨਿਰਮਾਣ ਅਤਿ-ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਇੱਕੋ ਕੰਮ ਦੇ ਸੈਸ਼ਨ ਵਿੱਚ ਪੂਰਾ ਕੀਤਾ ਗਿਆ ਹੈ। ਆਪਣੇ ਸੰਬੋਧਨ ਵਿੱਚ ਰਕਸ਼ਾ ਮੰਤਰੀ ਨੇ ਬੀਆਰਓ ਨੂੰ ਹਥਿਆਰਬੰਦ ਬਲਾਂ ਦਾ ‘ਬਰੋ (ਭਰਾ)’ ਦੱਸਿਆ ਅਤੇ ਕਿਹਾ ਕਿ, ਆਪਣੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਰਾਹੀਂ, ਬੀਆਰਓ ਨਾ ਸਿਰਫ਼ ਭਾਰਤ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰ ਰਿਹਾ ਹੈ, ਬਲਕਿ ਦੂਰ-ਦਰਾਜ ਦੇ ਖੇਤਰਾਂ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਇਨ੍ਹਾਂ ਪ੍ਰੋਜੈਕਟਾਂ ਦੇ ਸਮੇਂ ਸਿਰ ਮੁਕੰਮਲ ਹੋਣ ਦਾ ਕ੍ਰੈਡਿਟ ਆਪਣੇ ਕਰਮਚਾਰੀਆਂ ਦੀ ਸਖਤ ਮਿਹਨਤ ਅਤੇ ਸਮਰਪਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੀ ਪ੍ਰਤੀਬੱਧਤਾ ਨੂੰ ਵੀ ਦਿੱਤਾ। ਉਨ੍ਹਾਂ ਕਿਹਾ “ਬੀਆਰਓ ਦੇ ਨਾਲ ਮਿਲ ਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਦੇਸ਼ ਸੁਰੱਖਿਅਤ ਹੈ ਅਤੇ ਸਰਹੱਦੀ ਖੇਤਰਾਂ ਦਾ ਵਿਕਾਸ ਹੋਇਆ ਹੈ। ਦੂਰ-ਦਰਾਡੇ ਦੇ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨਾ ਹੁਣ ਨਿਊ ਇੰਡੀਆ ਦਾ ਨਵਾਂ ਆਮ ਬਣ ਗਿਆ ਹੈ।”

ਦੇਵਕ ਪੁਲ

ਇਹ ਸਮਾਗਮ ਬਿਸ਼ਨਾ-ਕੌਲਪੁਰ-ਫੂਲਪੁਰ ਰੋਡ 'ਤੇ ਦੇਵਕ ਪੁਲ ਵਿਖੇ ਕਰਵਾਇਆ ਗਿਆ, ਜਿਸ ਦਾ ਉਦਘਾਟਨ ਰਕਸ਼ਾ ਮੰਤਰੀ ਨੇ ਕੀਤਾ। ਅਤਿ-ਆਧੁਨਿਕ 422.9 ਮੀਟਰ ਲੰਬਾ ਕਲਾਸ 70 ਆਰਸੀਸੀ ਦੇਵਕ ਪੁਲ ਰਣਨੀਤਕ ਮਹੱਤਵ ਰੱਖਦਾ ਹੈ ਕਿਉਂਕਿ ਇਹ ਹਥਿਆਰਬੰਦ ਬਲਾਂ ਦੀ ਕਾਰਜਸ਼ੀਲ ਤਿਆਰੀ ਨੂੰ ਵਧਾਏਗਾ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। 

ਨੇਚੀਫੂ ਸੁਰੰਗ

ਰਕਸ਼ਾ ਮੰਤਰੀ ਦੁਆਰਾ ਉਦਘਾਟਨ ਕੀਤਾ ਗਿਆ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟ ਅਰੁਣਾਚਲ ਪ੍ਰਦੇਸ਼ ਵਿੱਚ ਬਾਲੀਪਾਰਾ-ਚਾਰਦੁਆਰ-ਤਵਾਂਗ ਰੋਡ 'ਤੇ 500 ਮੀਟਰ ਲੰਬੀ ਨੇਚੀਫੂ ਸੁਰੰਗ ਸੀ। ਇਹ ਸੁਰੰਗ, ਨਿਰਮਾਣ ਅਧੀਨ ਸੇਲਾ ਸੁਰੰਗ ਦੇ ਨਾਲ, ਰਣਨੀਤਕ ਤਵਾਂਗ ਖੇਤਰ ਨੂੰ ਹਰ ਮੌਸਮ ਵਿੱਚ ਕਨੈਕਟੀਵਿਟੀ ਪ੍ਰਦਾਨ ਕਰੇਗੀ। ਇਹ ਖੇਤਰ ਵਿੱਚ ਤੈਨਾਤ ਹਥਿਆਰਬੰਦ ਬਲਾਂ ਅਤੇ ਤਵਾਂਗ ਆਉਣ ਵਾਲੇ ਸੈਲਾਨੀਆਂ ਲਈ ਲਾਭਦਾਇਕ ਹੋਵੇਗਾ। ਸ਼੍ਰੀ ਰਾਜਨਾਥ ਸਿੰਘ ਨੇ ਅਕਤੂਬਰ 2020 ਵਿੱਚ ਸੁਰੰਗ ਦਾ ਨੀਂਹ ਪੱਥਰ ਰੱਖਿਆ ਸੀ। 

ਬਾਗਡੋਗਰਾ ਅਤੇ ਬੈਰਕਪੁਰ ਏਅਰਫੀਲਡ

ਪੱਛਮੀ ਬੰਗਾਲ ਦੇ ਬਾਗਡੋਗਰਾ ਅਤੇ ਬੈਰਕਪੁਰ ਏਅਰਫੀਲਡ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪੁਨਰ-ਨਿਰਮਾਣ ਕੀਤੇ ਗਏ ਇਹ ਏਅਰਫੀਲਡ ਨਾ ਸਿਰਫ਼ ਭਾਰਤੀ ਹਵਾਈ ਸੈਨਾ (ਆਈਏਐੱਫ) ਦੀ ਤਿਆਰੀ ਨੂੰ ਮਜ਼ਬੂਤ ​​ਕਰਨਗੇ, ਬਲਕਿ ਇਸ ਖੇਤਰ ਵਿੱਚ ਵਪਾਰਕ ਉਡਾਣ ਸੰਚਾਲਨ ਦੀ ਸੁਵਿਧਾ ਵੀ ਪ੍ਰਦਾਨ ਕਰਨਗੇ। 

ਨਿਓਮਾ ਏਅਰਫੀਲਡ

ਇਸ ਤੋਂ ਇਲਾਵਾ, ਸ਼੍ਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ਵਿੱਚ ਨਿਓਮਾ ਏਅਰਫੀਲਡ ਦਾ ਨੀਂਹ ਪੱਥਰ ਰੱਖਿਆ। ਇਹ ਏਅਰਫੀਲਡ, ਲਗਭਗ 200 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ, ਲੱਦਾਖ ਵਿੱਚ ਹਵਾਈ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਵੇਗਾ ਅਤੇ ਉੱਤਰੀ ਸਰਹੱਦ ਦੇ ਨਾਲ ਭਾਰਤੀ ਹਵਾਈ ਸੈਨਾ ਦੀ ਸਮਰੱਥਾ ਵਿੱਚ ਵਾਧਾ ਕਰੇਗਾ। ਰਕਸ਼ਾ ਮੰਤਰੀ ਨੇ ਭਰੋਸਾ ਜਤਾਇਆ ਕਿ ਇਹ ਏਅਰਫੀਲਡ, ਜੋ ਕਿ ਦੁਨੀਆ ਦੇ ਸਭ ਤੋਂ ਉੱਚੇ ਹਵਾਈ ਖੇਤਰਾਂ ਵਿੱਚੋਂ ਇੱਕ ਹੋਵੇਗਾ, ਹਥਿਆਰਬੰਦ ਬਲਾਂ ਲਈ ਇੱਕ ਗੇਮ-ਚੇਂਜਰ ਸਾਬਤ ਹੋਵੇਗਾ। 

ਰਕਸ਼ਾ ਮੰਤਰੀ ਨੇ ਇਹ ਵੀ ਉਮੀਦ ਜ਼ਾਹਿਰ ਕੀਤੀ ਕਿ ਬੀਆਰਓ ਜਲਦੀ ਹੀ 15,855 ਫੁੱਟ ਦੀ ਉਚਾਈ 'ਤੇ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ, ਸ਼ਿੰਕੁਨ ਲਾ ਟਨਲ ਦੇ ਨਿਰਮਾਣ ਨਾਲ ਇੱਕ ਹੋਰ ਵਿਲੱਖਣ ਰਿਕਾਰਡ ਕਾਇਮ ਕਰੇਗਾ। ਉਨ੍ਹਾਂ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰਾਸ਼ਟਰ ਦੀ ਸੁਰੱਖਿਆ ਵਿੱਚ ਅਮੁੱਲ ਯੋਗਦਾਨ ਪਾਉਣ ਲਈ ਬੀਆਰਓ ਦੀ ਸ਼ਲਾਘਾ ਕਰਦਿਆਂ ਕਿਹਾ, ਇਹ ਸੁਰੰਗ ਹਿਮਾਚਲ ਦੇ ਲਾਹੌਲ-ਸਪੀਤੀ ਨੂੰ ਲੱਦਾਖ ਦੀ ਜ਼ਸਕਰ ਘਾਟੀ ਨਾਲ ਜੋੜ ਦੇਵੇਗੀ ਅਤੇ ਹਰ ਮੌਸਮ ਵਿੱਚ ਕਨੈਕਟੀਵਿਟੀ ਪ੍ਰਦਾਨ ਕਰੇਗੀ।

ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਵਿਕਾਸ ਨਾ ਸਿਰਫ ਰਾਸ਼ਟਰੀ ਸੁਰੱਖਿਆ ਲਈ ਪ੍ਰਭਾਵੀ ਹੈ, ਬਲਕਿ ਇੱਕ ਗੁਆਂਢੀ ਦੇਸ਼ ਨਾਲ ਕਨੈਕਟੀਵਿਟੀ ਨੂੰ ਵੀ ਉਤਸ਼ਾਹਿਤ ਕਰਦਾ ਹੈ ਜੋ ਭਾਰਤ ਨਾਲ ਸਹਿਯੋਗ ਦੀ ਭਾਵਨਾ ਨਾਲ ਕੰਮ ਕਰਦਾ ਹੈ। ਉਨ੍ਹਾਂ ਧਿਆਨ ਦਿਵਾਇਆ ਕਿ ਬੀਆਰਓ ਨੇ ਕਈ ਦੇਸ਼ਾਂ ਜਿਵੇਂ ਕਿ ਮਿਆਂਮਾਰ ਅਤੇ ਭੂਟਾਨ ਵਿੱਚ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨਿਰਮਾਣ ਕੀਤਾ ਹੈ ਅਤੇ ਉਨ੍ਹਾਂ ਨਾਲ ਸ਼ਾਂਤੀ ਅਤੇ ਸਹਿਯੋਗ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕੀਤੀ ਹੈ। 

ਸਿਵਲ-ਮਿਲਟਰੀ ਫਿਊਜ਼ਨ: ਸਮੇਂ ਦੀ ਲੋੜ ਹੈ

ਰਕਸ਼ਾ ਮੰਤਰੀ ਨੇ ਬੀਆਰਓ ਦੀ ਕਾਰਜਸ਼ੈਲੀ ਅਤੇ ਪ੍ਰੋਜੈਕਟਾਂ ਨੂੰ ਸਿਵਲ-ਮਿਲਟਰੀ ਮੇਲ-ਮਿਲਾਪ ਦੀ ਇੱਕ ਸ਼ਾਨਦਾਰ ਉਦਾਹਰਣ ਕਰਾਰ ਦਿੱਤਾ। ਉਨ੍ਹਾਂ ਕਿਹਾ "ਸਿਵਲ-ਮਿਲਟਰੀ ਫਿਊਜ਼ਨ ਸਮੇਂ ਦੀ ਲੋੜ ਹੈ, ਕਿਉਂਕਿ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ਼ ਫ਼ੌਜੀਆਂ ਦੀ ਹੀ ਨਹੀਂ, ਬਲਕਿ ਆਮ ਨਾਗਰਿਕਾਂ ਦੀ ਵੀ ਹੈ। ਬੀਆਰਓ ਸਿਵਲ ਅਤੇ ਮਿਲਟਰੀ ਸੈਕਟਰਾਂ ਨਾਲ ਤਾਲਮੇਲ ਕਰਕੇ ਦੇਸ਼ ਦੀ ਸੁਰੱਖਿਆ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਿਹਾ ਹੈ। ਇਹ ਸਹਿਯੋਗ ਸਰਹੱਦੀ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕਈ ਸੁਨਹਿਰੀ ਅਧਿਆਏ ਲਿਖੇਗਾ।” ਸ਼੍ਰੀ ਰਾਜਨਾਥ ਸਿੰਘ ਨੇ ਜਿੱਥੇ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਲਈ ਮਿਲ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ, ਉੱਥੇ ਉਨ੍ਹਾਂ ਨੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਵਿਚਾਰਧਾਰਕ ਮਤਭੇਦਾਂ ਦੇ ਬਾਵਜੂਦ ਰਾਜ ਸਰਕਾਰਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। 

ਸ਼੍ਰੀ ਰਾਜਨਾਥ ਸਿੰਘ ਨੇ ਬੀਆਰਓ ਨੂੰ ਸਥਾਨਕ ਸੰਸਥਾਵਾਂ ਅਤੇ ਲੋਕਾਂ ਦੀਆਂ ਲੋੜਾਂ ਨੂੰ ਸਮਝ ਕੇ ਅਤੇ ਸਰਹੱਦੀ ਖੇਤਰਾਂ ਵਿੱਚ ਪ੍ਰੋਜੈਕਟਾਂ ਲਈ ਇਨਪੁਟ ਲੈ ਕੇ ਸ਼ਾਮਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ “ਤੁਹਾਡਾ ਕੰਮ ਸਿਰਫ਼ ਇੱਕ ਥਾਂ ਨੂੰ ਦੂਸਰੀ ਨਾਲ ਜੋੜਨਾ ਨਹੀਂ ਹੈ। ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ ਨੂੰ ਜੋੜਨਾ ਵੀ ਹੈ। ਉਸਾਰੀਆਂ 'ਲੋਕਾਂ ਲਈ, ਲੋਕਾਂ ਦੀਆਂ ਅਤੇ ਲੋਕਾਂ ਦੁਆਰਾ' (‘for the people, of the people and by the people’) ਦੀ ਭਾਵਨਾ ਨੂੰ ਦਰਸਾਉਂਦੀਆਂ ਹੋਣੀਆਂ ਚਾਹੀਦੀਆਂ ਹਨ।”

ਘੱਟੋ-ਘੱਟ ਵਾਤਾਵਰਣ ਵਿਗਾੜ, ਵੱਧ ਤੋਂ ਵੱਧ ਕੌਮੀ ਸੁਰੱਖਿਆ, ਵੱਧ ਤੋਂ ਵੱਧ ਕਲਿਆਣ

ਰਕਸ਼ਾ ਮੰਤਰੀ ਨੇ ਵਾਤਾਵਰਣ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਧੁਨਿਕ ਤਕਨੀਕਾਂ ਅਤੇ ਟੈਕਨੋਲੋਜੀਆਂ ਦੀ ਵਰਤੋਂ ਕਰਨ ਲਈ ਬੀਆਰਓ ਦੀ ਸ਼ਲਾਘਾ ਕੀਤੀ। ਉਨ੍ਹਾਂ ਵਾਤਾਵਰਣ ਦੀ ਸੁਰੱਖਿਆ 'ਤੇ ਬਰਾਬਰ ਜ਼ੋਰ ਦਿੰਦੇ ਹੋਏ ਵਿਕਾਸ ਕਾਰਜਾਂ 'ਤੇ ਧਿਆਨ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ “ਹੁਣ ਤੱਕ, ਅਸੀਂ ‘ਘੱਟੋ-ਘੱਟ ਨਿਵੇਸ਼, ਵੱਧ ਤੋਂ ਵੱਧ ਮੁੱਲ’ ਦੇ ਮੰਤਰ ਨਾਲ ਕੰਮ ਕੀਤਾ ਹੈ। ਹੁਣ, ਸਾਨੂੰ 'ਘੱਟੋ-ਘੱਟ ਵਾਤਾਵਰਣ ਵਿਗਾੜ, ਵੱਧ ਤੋਂ ਵੱਧ ਰਾਸ਼ਟਰੀ ਸੁਰੱਖਿਆ, ਵੱਧ ਤੋਂ ਵੱਧ ਕਲਿਆਣ' ਦੇ ਮੰਤਰ ਨਾਲ ਅੱਗੇ ਵਧਣ ਦੀ ਲੋੜ ਹੈ।” 

ਹੋਰਨਾਂ ਤੋਂ ਇਲਾਵਾ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ, ਸੰਸਦ ਮੈਂਬਰ, ਜੰਮੂ ਸ਼੍ਰੀ ਜੁਗਲ ਕਿਸ਼ੋਰ ਸ਼ਰਮਾ, ਡਾਇਰੈਕਟਰ ਜਨਰਲ, ਬੌਰਡਰ ਰੋਡਜ਼ ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਅਤੇ ਏਅਰ ਆਫੀਸਰ ਕਮਾਂਡਿੰਗ-ਇਨ-ਚੀਫ਼, ਵੈਸਟਰਨ ਏਅਰ ਕਮਾਂਡ ਏਅਰ ਮਾਰਸ਼ਲ ਪੰਕਜ ਮੋਹਨ ਸਿਨਹਾ ਇਸ ਮੌਕੇ ਹਾਜ਼ਰ ਸਨ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਵੀ ਵਰਚੁਅਲੀ ਇਸ ਸਮਾਗਮ ਵਿੱਚ ਸ਼ਾਮਲ ਹੋਏ। 

2,900 ਕਰੋੜ ਰੁਪਏ ਦੇ 90 ਪ੍ਰੋਜੈਕਟਾਂ ਦੇ ਅੱਜ ਦੇ ਉਦਘਾਟਨ ਦੇ ਨਾਲ, 2021 ਤੋਂ ਲੈ ਕੇ ਹੁਣ ਤੱਕ ਲਗਭਗ 8,000 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਬੀਆਰਓ ਦੇ ਇੱਕ ਰਿਕਾਰਡ 295 ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹਨ। 2022 ਵਿੱਚ, ਲਗਭਗ 2,900 ਕਰੋੜ ਰੁਪਏ ਦੇ 103 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਸੀ; ਜਦੋਂ ਕਿ 2021 ਵਿੱਚ, 2,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 102 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਸਨ।

 

********

 

ਏਬੀਬੀ/ਸੈਵੀ



(Release ID: 1956803) Visitor Counter : 101