ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਭਾਰਤ ਦੇ 140 ਕਰੋੜ ਤੋਂ ਵਧ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ, ਕੇਂਦਰ ਸਰਕਾਰ ਖੁੱਲੇ ਬਜ਼ਾਰ ਵਿੱਚ 50 ਲੱਖ ਮੀਟਰਕ ਟਨ ਕਣਕ ਅਤੇ 25 ਲੱਖ ਮੀਟਰਕ ਟਨ ਚੌਲ ਉਪਲਬਧ ਕਰਵਾਏਗੀ
ਕੇਂਦਰ ਨੇ ਚੌਲਾਂ ਦੀ ਰਾਖਵੀਂ ਕੀਮਤ ਵਿੱਚ 200 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਹੈ ਅਤੇ ਪ੍ਰਭਾਵੀ ਕੀਮਤ 2900 ਰੁਪਏ ਪ੍ਰਤੀ ਕੁਇੰਟਲ ਹੋਵਗੀ।
ਕੇਂਦਰ ਸਰਕਾਰ ਬਜ਼ਾਰੀ ਕੀਮਤ ਵਿੱਚ ਕਮੀ ਲਿਆਉਣ ਅਤੇ ਖੁਰਾਕ ਮਹਿੰਗਾਈ ਦਰ ਨੂੰ ਕੰਟਰੋਲ ਕਰਨ ਲਈ ਪ੍ਰਤੀਬੱਧ ਹੈ।
Posted On:
09 AUG 2023 4:12PM by PIB Chandigarh
ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਈ-ਨੀਲਾਮੀ ਰਾਹੀਂ ਵਿਕਰੀ ਲਈ ਓਪਨ ਮਾਰਕੀਟ ਸੇਲ ਸਕੀਮ (ਘਰੇਲੂ) [ਓਐੱਮਐੱਸਐੱਸ (ਡੀ)] ਦੇ ਤਹਿਤ 50 ਐੱਲਐੱਮਟੀ ਕਣਕ ਅਤੇ 25 ਐੱਲਐੱਮਟੀ ਚੌਲ ਪੜਾਅਵਾਰ ਤਰੀਕੇ ਨਾਲ ਖੁੱਲੇ ਬਜ਼ਾਰ ਵਿੱਚ ਉਪਲਬਧ ਕਰਵਾਏਗੀ। FCI ਦੁਆਰਾ ਚੌਲਾਂ ਦੀ ਪਿਛਲੀ 5 ਈ – ਨੀਲਾਮੀ ਦੇ ਤਜ਼ਰਬੇ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਫੈਸਲਾ ਕੀਤਾ ਗਿਆ ਹੈ ਕਿ ਰਾਖਵੀਂ ਕੀਮਤ 200 ਰੁਪਏ ਪ੍ਰਤੀ ਕੁਇੰਟਲ ਘਟਾਈ ਜਾਵੇਗੀ ਅਤੇ ਪ੍ਰਭਾਵੀ ਕੀਮਤ ਹੁਣ 2900 ਰੁਪਏ ਪ੍ਰਤੀ ਕੁਇੰਟਲ ਹੋਵੇਗੀ। ਰਿਜ਼ਰਵ ਕੀਮਤ ਵਿੱਚ ਕਟੌਤੀ ਦੀ ਲਾਗਤ,ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਮੁੱਲ ਸਥਿਰਤਾ ਫੰਡ ਤੋਂ ਉਠਾਈ ਜਾਵੇਗੀ।
7.8.2023 ਤੱਕ ਇੱਕ ਸਾਲ ਵਿੱਚ ਕਣਕ ਦੀਆਂ ਕੀਮਤਾਂ ਪ੍ਰਚੂਨ ਬਜ਼ਾਰ ਵਿੱਚ 6.77 ਪ੍ਰਤੀਸ਼ਤ ਅਤੇ ਥੋਕ ਬਜ਼ਾਰ ਵਿੱਚ 7.37 ਪ੍ਰਤੀਸ਼ਤ ਵਧ ਗਈਆਂ ਹਨ। ਇਸੇ ਤਰ੍ਹਾਂ, ਚੌਲਾਂ ਦੀਆਂ ਕੀਮਤਾਂ ਵਿੱਚ ਪ੍ਰਚੂਨ ਬਜ਼ਾਰ ਵਿੱਚ 10.63 ਪ੍ਰਤੀਸ਼ਤ ਅਤੇ ਥੋਕ ਬਜ਼ਾਰ ਵਿੱਚ 11.12 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਦੇਸ਼ ਦੇ 140 ਕਰੋੜ ਤੋਂ ਵਧ ਨਾਗਰਿਕਾਂ ਦੇ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਨੇ ਉਪਲਬਧਤਾ ਵਧਾਉਣ, ਬਜ਼ਾਰ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਘੱਟ ਕਰਨ ਅਤੇ ਖੁਰਾਕ ਮਹਿੰਗਾਈ ਦਰ ਨੂੰ ਕੰਟਰੋਲ ਕਰਨ ਲਈ ਓਐੱਮਐੱਸਐੱਸ (ਡੀ) ਦੇ ਤਹਿਤ ਨਿੱਜੀ ਕੰਪਨੀਆਂ ਨੂੰ ਕਣਕ ਅਤੇ ਚੌਲ ਦੀ ਪੇਸ਼ਕਸ਼ ਕਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ 1 ਜਨਵਰੀ, 2023 ਤੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮ-ਜੀਕੇਏਵਾਈ) ਦੇ ਤਹਿਤ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ ਐੱਨਐੱਫਐੱਸਏ ਲਾਭਾਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਮੁਫ਼ਤ ਅਨਾਜ ਵੀ ਉਪਲਬਧ ਕਰਾ ਰਹੀ ਹੈ।
ਓਐੱਮਐੱਸਐੱਸ (ਡੀ) ਦੇ ਤਹਿਤ ਸਟਾਕ ਨੂੰ ਸਮੇਂ-ਸਮੇਂ ֹ’ਤੇ ਵੱਖ-ਵੱਖ ਉਦੇਸ਼ਾਂ ਦੀ ਪ੍ਰਾਪਤੀ ਲਈ ਉਪਲਬਧ ਕਰਵਾਇਆ ਜਾਂਦਾ ਹੈ। ਇਨ੍ਹਾਂ ਉਦੇਸ਼ਾਂ ਵਿੱਚ ਸ਼ਾਮਲ ਹਨ-ਵਾਧੂ ਸਟਾਕ ਦਾ ਨਿਪਟਾਰਾ, ਅਨਾਜ ਦੀ ਢੋਆ-ਢੁਆਈ ਦੀ ਲਾਗਤ ਨੂੰ ਘੱਟ ਕਰਨਾ, ਔਫ-ਸੀਜ਼ਨ ਪੀਰੀਅਡਾਂ ਅਤੇ ਸਪਲਾਈ ਦੀ ਘਾਟ ਵਾਲੇ ਖੇਤਰਾਂ ਵਿੱਚ ਅਨਾਜ ਦੀ ਸਪਲਾਈ ਵਧਾਉਣਾ ਅਤੇ ਬਜ਼ਾਰ ਦੀ ਕੀਮਤਾਂ ਵਿੱਚ ਕਮੀ ਲਿਆਉਣਾ ਸ਼ਾਮਲ ਹੈ। ਕੈਲੰਡਰ ਸਾਲ 2023 ਵਿੱਚ ਐੱਫਸੀਆਈ ਰਾਹੀਂ ਭਾਰਤ ਸਰਕਾਰ ਨਿਰਧਾਰਿਤ ਰਿਜ਼ਰਵ ਕੀਮਤਾਂ ’ਤੇ ਪੜਾਅਵਾਰ ਤਰੀਕੇ ਨਾਲ ਕਣਕ ਅਤੇ ਚੌਲ ਉਪਲਬਧ ਕਰਵਾ ਰਹੀ ਹੈ।
**********
ਏਡੀ/ਐੱਨਐੱਸ
(Release ID: 1947326)
Visitor Counter : 100