ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ
ਟੈਕਸਟਾਈਲ ਅਤੇ ਸ਼ਿਲਪਕਾਰੀ ਦਾ ਇੱਕ ਕਰਾਫਟ ਰਿਪੋਜ਼ਟਰੀ ਪੋਰਟਲ - ਭਾਰਤੀ ਵਸਤਰ ਏਵਮ ਸ਼ਿਲਪ ਕੋਸ਼ - ਲਾਂਚ ਕੀਤਾ
"ਸਵਦੇਸ਼ੀ ਨੂੰ ਲੈ ਕੇ ਦੇਸ਼ ਵਿੱਚ ਇੱਕ ਨਵੀਂ ਕ੍ਰਾਂਤੀ ਆਈ ਹੈ"
"ਵੋਕਲ ਫਾਰ ਲੋਕਲ ਦੀ ਭਾਵਨਾ ਨਾਲ, ਨਾਗਰਿਕ ਪੂਰੇ ਦਿਲ ਨਾਲ ਸਵਦੇਸ਼ੀ ਉਤਪਾਦ ਖਰੀਦ ਰਹੇ ਹਨ ਅਤੇ ਇਹ ਇੱਕ ਜਨ ਅੰਦੋਲਨ ਬਣ ਗਿਆ ਹੈ"
"ਮੁਫ਼ਤ ਰਾਸ਼ਨ, ਪੱਕਾ ਘਰ, 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ - ਇਹ ਮੋਦੀ ਦੀ ਗਾਰੰਟੀ ਹੈ"
“ਸਰਕਾਰ ਬੁਣਕਰਾਂ ਦੇ ਕੰਮ ਨੂੰ ਅਸਾਨ ਬਣਾਉਣ, ਉਨ੍ਹਾਂ ਦੀ ਉਤਪਾਦਕਤਾ ਵਧਾਉਣ ਅਤੇ ਗੁਣਵੱਤਾ ਅਤੇ ਡਿਜ਼ਾਈਨ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ"
"ਸਰਕਾਰ ਦੁਆਰਾ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਏਕਤਾ ਮਾਲ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਹਰੇਕ ਰਾਜ ਅਤੇ ਜ਼ਿਲ੍ਹੇ ਦੇ ਦਸਤਕਾਰੀ ਅਤੇ ਹੈਂਡਲੂਮ ਉਤਪਾਦਾਂ ਨੂੰ ਇੱਕ ਛੱਤ ਹੇਠਾਂ ਉਤਸ਼ਾਹਿਤ ਕੀਤਾ ਜਾ ਸਕੇ"
"ਸਰਕਾਰ ਆਪਣੇ ਬੁਣਕਰਾਂ ਨੂੰ ਦੁਨੀਆ ਦਾ ਸਭ ਤੋਂ ਵੱਡਾ ਬਜ਼ਾਰ ਪ੍ਰਦਾਨ ਕਰਨ ਲਈ ਸਪੱਸ਼ਟ ਰਣਨੀਤੀ ਨਾਲ ਕੰਮ ਕਰ ਰਹੀ ਹੈ"
"ਆਤਮਨਿਰਭਰ ਭਾਰਤ ਦਾ ਸੁਪਨਾ ਬੁਣਨ ਅਤੇ 'ਮੇਕ ਇਨ ਇੰਡੀਆ' ਨੂੰ ਤਾਕਤ ਪ੍ਰਦਾਨ ਕਰਨ ਵਾਲੇ ਲੋਕ, ਖਾਦੀ ਨੂੰ ਸਿਰਫ਼ ਕੱਪੜਾ ਨਹੀਂ ਬਲਕਿ ਹਥਿਆਰ ਸਮਝਦੇ ਹਨ"
"ਤਿਰੰਗਾ ਜਦੋਂ ਛੱਤਾਂ 'ਤੇ ਲਹਿਰਾਇਆ ਜਾਂਦ
Posted On:
07 AUG 2023 3:22PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ ਅਤੇ ਨੈਸ਼ਨਲ ਇੰਸਟੀਟਿਊਟ ਆਵੑ ਫੈਸ਼ਨ ਟੈਕਨੋਲੋਜੀ ਦੁਆਰਾ ਵਿਕਸਿਤ ਕੀਤੇ ਗਏ ਈ-ਪੋਰਟਲ 'ਭਾਰਤੀ ਵਸਤਰ ਏਵਮ ਸ਼ਿਲਪ ਕੋਸ਼ - ਟੈਕਸਟਾਈਲ ਅਤੇ ਕਰਾਫਟਸ ਦਾ ਭੰਡਾਰ' ਲਾਂਚ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ ਅਤੇ ਬੁਣਕਰਾਂ ਨਾਲ ਗੱਲਬਾਤ ਕੀਤੀ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਭਾਰਤ ਮੰਡਪਮ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਪ੍ਰਗਤੀ ਮੈਦਾਨ ਵਿੱਚ ਆਯੋਜਿਤ ਇੱਕ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਕ ਆਪਣੇ ਉਤਪਾਦਾਂ ਨੂੰ ਤੰਬੂ ਵਿੱਚ ਪ੍ਰਦਰਸ਼ਿਤ ਕਰਦੇ ਸਨ। ਭਾਰਤ ਮੰਡਪਮ ਦੀ ਸ਼ਾਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਦੇ ਹੈਂਡਲੂਮ ਉਦਯੋਗ ਦੇ ਯੋਗਦਾਨ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਪੁਰਾਣੇ ਅਤੇ ਨਵੇਂ ਦਾ ਸੰਗਮ ਅੱਜ ਦੇ ਨਵੇਂ ਭਾਰਤ ਨੂੰ ਪਰਿਭਾਸ਼ਿਤ ਕਰਦਾ ਹੈ। ਉਨ੍ਹਾਂ ਕਿਹਾ "ਅੱਜ ਦਾ ਭਾਰਤ ਨਾ ਸਿਰਫ਼ 'ਵੋਕਲ ਫਾਰ ਲੋਕਲ' ਹੈ, ਬਲਕਿ ਇਸ ਨੂੰ ਦੁਨੀਆ ਤੱਕ ਲਿਜਾਣ ਲਈ ਇੱਕ ਗਲੋਬਲ ਪਲੇਟਫਾਰਮ ਵੀ ਪ੍ਰਦਾਨ ਕਰ ਰਿਹਾ ਹੈ।” ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਬੁਣਕਰਾਂ ਨਾਲ ਆਪਣੀ ਗੱਲਬਾਤ 'ਤੇ ਰੌਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਦੇ ਸ਼ਾਨਦਾਰ ਜਸ਼ਨਾਂ ਵਿੱਚ ਦੇਸ਼ ਭਰ ਦੇ ਵਿਭਿੰਨ ਹੈਂਡਲੂਮ ਕਲੱਸਟਰਾਂ ਦੀ ਮੌਜੂਦਗੀ ਨੂੰ ਨੋਟ ਕੀਤਾ ਅਤੇ ਉਨ੍ਹਾਂ ਦਾ ਸੁਆਗਤ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ "ਅਗਸਤ 'ਕ੍ਰਾਂਤੀ' ਦਾ ਮਹੀਨਾ ਹੈ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਭਾਰਤ ਦੀ ਆਜ਼ਾਦੀ ਲਈ ਦਿੱਤੇ ਗਏ ਹਰ ਬਲਿਦਾਨ ਨੂੰ ਯਾਦ ਕਰਨ ਦਾ ਸਮਾਂ ਹੈ। ਸਵਦੇਸ਼ੀ ਅੰਦੋਲਨ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰਨ ਤੱਕ ਸੀਮਿਤ ਨਹੀਂ ਹੈ, ਬਲਕਿ ਭਾਰਤ ਦੀ ਸੁਤੰਤਰ ਅਰਥਵਿਵਸਥਾ ਲਈ ਪ੍ਰੇਰਣਾ ਸਰੋਤ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਬੁਣਕਰਾਂ ਨੂੰ ਲੋਕਾਂ ਨਾਲ ਜੋੜਨ ਲਈ ਇੱਕ ਅੰਦੋਲਨ ਸੀ ਅਤੇ ਸਰਕਾਰ ਦੁਆਰਾ ਇਸ ਦਿਨ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਵਜੋਂ ਚੁਣਨ ਪਿੱਛੇ ਇਹੀ ਪ੍ਰੇਰਣਾ ਸੀ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਪਿਛਲੇ ਕੁਝ ਸਾਲਾਂ ਵਿੱਚ ਹੈਂਡਲੂਮ ਉਦਯੋਗ ਦੇ ਨਾਲ-ਨਾਲ ਬੁਣਕਰਾਂ ਦੇ ਵਿਸਤਾਰ ਲਈ ਬੇਮਿਸਾਲ ਕੰਮ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ "ਸਵਦੇਸ਼ੀ ਬਾਰੇ ਦੇਸ਼ ਵਿੱਚ ਇੱਕ ਨਵੀਂ ਕ੍ਰਾਂਤੀ ਆਈ ਹੈ।” ਉਨ੍ਹਾਂ ਆਪਣੇ ਬੁਣਕਰਾਂ ਦੀਆਂ ਪ੍ਰਾਪਤੀਆਂ ਜ਼ਰੀਏ ਭਾਰਤ ਦੀ ਸਫਲਤਾ 'ਤੇ ਮਾਣ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਦੀ ਪਹਿਚਾਣ ਉਨ੍ਹਾਂ ਕੱਪੜਿਆਂ ਨਾਲ ਜੁੜੀ ਹੁੰਦੀ ਹੈ ਜੋ ਉਹ ਪਹਿਨਦੇ ਹਨ ਅਤੇ ਇਸ ਮੌਕੇ 'ਤੇ ਦੇਖੇ ਜਾ ਸਕਣ ਵਾਲੇ ਵਿਭਿੰਨ ਕੱਪੜਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਭਿੰਨ ਖੇਤਰਾਂ ਦੇ ਕੱਪੜਿਆਂ ਜ਼ਰੀਏ ਭਾਰਤ ਦੀ ਵਿਵਿਧਤਾ ਦੇ ਜਸ਼ਨ ਨੂੰ ਮਨਾਉਣ ਦਾ ਵੀ ਮੌਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਕੋਲ ਕਪੜਿਆਂ ਦੀ ਇੱਕ ਸੁੰਦਰ ਸਤਰੰਗੀ ਪੀਂਘ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੂਰ-ਦਰਾਜ਼ ਦੇ ਇਲਾਕਿਆਂ ਵਿੱਚ ਕਬਾਇਲੀ ਭਾਈਚਾਰਿਆਂ ਤੋਂ ਲੈ ਕੇ ਬਰਫ਼ ਨਾਲ ਢਕੇ ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ ਤੱਕ, ਅਤੇ ਤੱਟਵਰਤੀ ਖੇਤਰਾਂ ਦੇ ਲੋਕਾਂ ਤੋਂ ਲੈ ਕੇ ਰੇਗਿਸਤਾਨ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ-ਨਾਲ ਭਾਰਤ ਦੇ ਬਜ਼ਾਰਾਂ ਵਿੱਚ ਉਪਲਬਧ ਕੱਪੜਿਆਂ ਵਿੱਚ ਵਿਵਿਧਤਾ ਨੂੰ ਦੇਖਿਆ। ਉਨ੍ਹਾਂ ਭਾਰਤ ਦੇ ਵਿਵਿਧ ਪਹਿਰਾਵੇ ਨੂੰ ਸੂਚੀਬੱਧ ਕਰਨ ਅਤੇ ਸੰਕਲਿਤ ਕਰਨ ਦੀ ਜ਼ਰੂਰਤ ਨੂੰ ਯਾਦ ਕੀਤਾ ਅਤੇ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਅੱਜ 'ਭਾਰਤੀ ਵਸਤਰ ਏਵਮ ਸ਼ਿਲਪ ਕੋਸ਼' ਦੀ ਸ਼ੁਰੂਆਤ ਨਾਲ ਪੂਰਾ ਹੋਇਆ ਹੈ।
ਇਹ ਨੋਟ ਕਰਦੇ ਹੋਏ ਕਿ ਭਾਰਤ ਦਾ ਟੈਕਸਟਾਈਲ ਉਦਯੋਗ ਪਿਛਲੀਆਂ ਸਦੀਆਂ ਵਿੱਚ ਚੰਗੀ ਤਰ੍ਹਾਂ ਸਥਾਪਿਤ ਸੀ, ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ ਆਜ਼ਾਦੀ ਤੋਂ ਬਾਅਦ ਇਸ ਨੂੰ ਮਜ਼ਬੂਤ ਕਰਨ ਲਈ ਕੋਈ ਠੋਸ ਪ੍ਰਯਾਸ ਨਹੀਂ ਕੀਤੇ ਗਏ। ਉਨ੍ਹਾਂ ਕਿਹਾ “ਇਥੋਂ ਤੱਕ ਕਿ ਖਾਦੀ ਨੂੰ ਵੀ ਮੰਦੀ ਹਾਲਤ ਵਿੱਚ ਛੱਡ ਦਿੱਤਾ ਗਿਆ।” ਖਾਦੀ ਪਹਿਨਣ ਵਾਲਿਆਂ ਨੂੰ ਨੀਚ ਸਮਝਿਆ ਜਾਂਦਾ ਸੀ। 2014 ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਕਿਹਾ, ਸਰਕਾਰ ਇਸ ਸਥਿਤੀ ਅਤੇ ਇਸ ਪਿੱਛੇ ਦੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਦੇ ਸ਼ੁਰੂਆਤੀ ਪੜਾਅ ਦੌਰਾਨ ਨਾਗਰਿਕਾਂ ਨੂੰ ਖਾਦੀ ਉਤਪਾਦ ਖਰੀਦਣ ਦੀ ਤਾਕੀਦ ਨੂੰ ਯਾਦ ਕੀਤਾ ਜਿਸ ਦੇ ਨਤੀਜੇ ਵਜੋਂ ਪਿਛਲੇ 9 ਸਾਲਾਂ ਵਿੱਚ ਖਾਦੀ ਦੇ ਉਤਪਾਦਨ ਵਿੱਚ 3 ਗੁਣਾ ਤੋਂ ਵੱਧ ਵਾਧਾ ਹੋਇਆ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਖਾਦੀ ਕੱਪੜਿਆਂ ਦੀ ਵਿਕਰੀ 5 ਗੁਣਾ ਵਧ ਗਈ ਹੈ ਅਤੇ ਵਿਦੇਸ਼ਾਂ ਵਿੱਚ ਵੀ ਇਸਦੀ ਮੰਗ ਵੱਧ ਰਹੀ ਹੈ। ਸ਼੍ਰੀ ਮੋਦੀ ਨੇ ਪੈਰਿਸ ਦੀ ਆਪਣੀ ਯਾਤਰਾ ਦੌਰਾਨ ਇੱਕ ਵਿਸ਼ਾਲ ਫੈਸ਼ਨ ਬ੍ਰਾਂਡ ਦੇ ਸੀਈਓ ਨਾਲ ਮੁਲਾਕਾਤ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਖਾਦੀ ਅਤੇ ਭਾਰਤੀ ਹੈਂਡਲੂਮ ਪ੍ਰਤੀ ਵੱਧ ਰਹੇ ਆਕਰਸ਼ਣ ਬਾਰੇ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਨੌਂ ਸਾਲ ਪਹਿਲਾਂ ਖਾਦੀ ਅਤੇ ਗ੍ਰਾਮੀਣ ਉਦਯੋਗਾਂ ਦਾ ਕਾਰੋਬਾਰ ਸਿਰਫ 25-30 ਹਜ਼ਾਰ ਕਰੋੜ ਰੁਪਏ ਸੀ। ਪਰ ਅੱਜ ਇਹ ਇੱਕ ਲੱਖ ਤੀਹ ਹਜ਼ਾਰ ਕਰੋੜ ਰੁਪਏ ਤੋਂ ਉੱਪਰ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਅਤੇ ਆਦਿਵਾਸੀਆਂ ਵਿੱਚ ਹੈਂਡਲੂਮ ਸੈਕਟਰ ਨਾਲ ਜੁੜੇ ਲੋਕਾਂ ਤੱਕ 1 ਲੱਖ ਕਰੋੜ ਰੁਪਏ ਦੀ ਅਤਿਰਿਕਤ ਰਾਸ਼ੀ ਪਹੁੰਚ ਗਈ ਹੈ। ਪ੍ਰਧਾਨ ਮੰਤਰੀ ਨੇ ਨੀਤੀ ਆਯੋਗ ਦੀ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ 5 ਵਰ੍ਹਿਆਂ ਵਿੱਚ 13.5 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ ਅਤੇ ਇਸ ਦੇ ਲਈ ਵਧਦੇ ਟਰਨਓਵਰ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ "ਵੋਕਲ ਫਾਰ ਲੋਕਲ ਦੀ ਭਾਵਨਾ ਨਾਲ, ਨਾਗਰਿਕ ਪੂਰੇ ਦਿਲ ਨਾਲ ਸਵਦੇਸ਼ੀ ਉਤਪਾਦ ਖਰੀਦ ਰਹੇ ਹਨ ਅਤੇ ਇਹ ਇੱਕ ਜਨ ਅੰਦੋਲਨ ਬਣ ਗਿਆ ਹੈ।” ਉਨ੍ਹਾਂ ਨੇ ਰੱਕਸ਼ਾ ਬੰਧਨ, ਗਣੇਸ਼ ਉਤਸਵ, ਦੁਸਹਿਰਾ ਅਤੇ ਦੀਪਾਵਲੀ ਦੇ ਤਿਉਹਾਰਾਂ ਵਿੱਚ ਬੁਣਕਰਾਂ ਅਤੇ ਦਸਤਕਾਰਾਂ ਦੇ ਸਮਰਥਨ ਲਈ ਸਵਦੇਸ਼ੀ ਸੰਕਲਪ ਨੂੰ ਦੁਹਰਾਉਣ ਦੀ ਲੋੜ ਨੂੰ ਵੀ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਟੈਕਸਟਾਈਲ ਸੈਕਟਰ ਲਈ ਲਾਗੂ ਕੀਤੀਆਂ ਗਈਆਂ ਸਕੀਮਾਂ ਸਮਾਜਿਕ ਨਿਆਂ ਦਾ ਇੱਕ ਵੱਡਾ ਸਾਧਨ ਬਣ ਰਹੀਆਂ ਹਨ, ਕਿਉਂਕਿ ਦੇਸ਼ ਭਰ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਲੱਖਾਂ ਲੋਕ ਹੈਂਡਲੂਮ ਦੇ ਕੰਮ ਵਿੱਚ ਲੱਗੇ ਹੋਏ ਹਨ। ਇਹ ਨੋਟ ਕਰਦੇ ਹੋਏ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਦਲਿਤ, ਪਛੜੇ, ਪਸਮਾਂਦਾ ਅਤੇ ਆਦਿਵਾਸੀ ਸਮਾਜਾਂ ਤੋਂ ਆਉਂਦੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਕਾਰਨ ਆਮਦਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਰੋਜ਼ਗਾਰ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਬਿਜਲੀ, ਪਾਣੀ, ਗੈਸ ਕੁਨੈਕਸ਼ਨ, ਸਵੱਛ ਭਾਰਤ ਜਿਹੀਆਂ ਸਕੀਮਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਮੁਹਿੰਮਾਂ ਦਾ ਵੱਧ ਤੋਂ ਵੱਧ ਲਾਭ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮੁਫਤ ਰਾਸ਼ਨ, ਪੱਕਾ ਘਰ, 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ - ਇਹ ਮੋਦੀ ਦੀ ਗਾਰੰਟੀ ਹੈ।” ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਬੁਨਿਆਦੀ ਸੁਵਿਧਾਵਾਂ ਲਈ ਬੁਣਕਰ ਭਾਈਚਾਰੇ ਦੀ ਦਹਾਕਿਆਂ ਤੋਂ ਲੰਬੀ ਉਡੀਕ ਨੂੰ ਖ਼ਤਮ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਨਾ ਸਿਰਫ਼ ਟੈਕਸਟਾਈਲ ਸੈਕਟਰ ਨਾਲ ਜੁੜੀਆਂ ਪਰੰਪਰਾਵਾਂ ਨੂੰ ਜ਼ਿੰਦਾ ਰੱਖਣ ਲਈ ਯਤਨਸ਼ੀਲ ਹੈ, ਬਲਕਿ ਦੁਨੀਆ ਨੂੰ ਇੱਕ ਨਵੇਂ ਅਵਤਾਰ ਵਿੱਚ ਆਕਰਸ਼ਿਤ ਕਰਨ ਲਈ ਵੀ ਯਤਨਸ਼ੀਲ ਹੈ। ਇਸ ਲਈ, ਪ੍ਰਧਾਨ ਮੰਤਰੀ ਨੇ ਕਿਹਾ, ਸਰਕਾਰ ਇਸ ਕੰਮ ਨਾਲ ਜੁੜੇ ਲੋਕਾਂ ਦੀ ਸਿੱਖਿਆ, ਟ੍ਰੇਨਿੰਗ ਅਤੇ ਆਮਦਨ 'ਤੇ ਜ਼ੋਰ ਦੇ ਰਹੀ ਹੈ ਅਤੇ ਬੁਣਕਰਾਂ ਅਤੇ ਦਸਤਕਾਰਾਂ ਦੇ ਬੱਚਿਆਂ ਦੀਆਂ ਇੱਛਾਵਾਂ ਨੂੰ ਖੰਭ ਦੇ ਰਹੀ ਹੈ। ਉਨ੍ਹਾਂ ਨੇ ਬੁਣਕਰਾਂ ਦੇ ਬੱਚਿਆਂ ਦੀ ਸਕਿੱਲ ਟ੍ਰੇਨਿੰਗ ਲਈ ਟੈਕਸਟਾਈਲ ਸੰਸਥਾਵਾਂ ਵਿੱਚ 2 ਲੱਖ ਰੁਪਏ ਤੱਕ ਦੇ ਵਜ਼ੀਫੇ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ 9 ਸਾਲਾਂ ਵਿੱਚ 600 ਤੋਂ ਵੱਧ ਹੈਂਡਲੂਮ ਕਲੱਸਟਰ ਵਿਕਸਿਤ ਕੀਤੇ ਗਏ ਹਨ ਅਤੇ ਹਜ਼ਾਰਾਂ ਬੁਣਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਕਿਹਾ “ਇਹ ਸਰਕਾਰ ਦੀ ਲਗਾਤਾਰ ਕੋਸ਼ਿਸ਼ ਹੈ ਕਿ ਬੁਣਕਰਾਂ ਦੇ ਕੰਮ ਨੂੰ ਅਸਾਨ ਬਣਾਇਆ ਜਾਵੇ, ਉਨ੍ਹਾਂ ਦੀ ਉਤਪਾਦਕਤਾ ਵਧਾਈ ਜਾਵੇ ਅਤੇ ਗੁਣਵੱਤਾ ਅਤੇ ਡਿਜ਼ਾਈਨ ਨੂੰ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੰਪਿਊਟਰ ਨਾਲ ਚੱਲਣ ਵਾਲੀਆਂ ਪੰਚਿੰਗ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜੋ ਕਿ ਤੇਜ਼ੀ ਨਾਲ ਨਵੇਂ ਡਿਜ਼ਾਈਨ ਤਿਆਰ ਕਰਨ ਦੇ ਸਮਰੱਥ ਬਣਾਉਂਦੀਆਂ ਹਨ। ਉਨ੍ਹਾਂ ਕਿਹਾ “ਮੋਟਰਾਈਜ਼ਡ ਮਸ਼ੀਨਾਂ ਨਾਲ ਵਾਰਪ ਬਣਾਉਣਾ ਵੀ ਅਸਾਨ ਹੁੰਦਾ ਜਾ ਰਿਹਾ ਹੈ। ਬਹੁਤ ਸਾਰੇ ਅਜਿਹੇ ਸਾਜ਼ੋ-ਸਾਮਾਨ, ਅਤੇ ਕਈ ਅਜਿਹੀਆਂ ਮਸ਼ੀਨਾਂ ਬੁਣਕਰਾਂ ਲਈ ਉਪਲਬਧ ਕਰਵਾਈਆਂ ਜਾ ਰਹੀਆਂ ਹਨ।” ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਹੈਂਡਲੂਮ ਬੁਣਕਰਾਂ ਨੂੰ ਧਾਗੇ ਜਿਹਾ ਕੱਚਾ ਮਾਲ ਰਿਆਇਤੀ ਦਰਾਂ 'ਤੇ ਮੁਹੱਈਆ ਕਰਵਾ ਰਹੀ ਹੈ ਅਤੇ ਕੱਚੇ ਮਾਲ ਦੀ ਢੋਆ-ਢੁਆਈ ਦਾ ਖਰਚਾ ਵੀ ਸਹਿਣ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਮੁਦਰਾ ਯੋਜਨਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਹੁਣ ਬੁਣਕਰਾਂ ਲਈ ਬਿਨਾਂ ਗਰੰਟੀ ਦੇ ਕਰਜ਼ਾ ਲੈਣਾ ਸੰਭਵ ਹੋ ਗਿਆ ਹੈ।
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਬੁਣਕਰਾਂ ਨਾਲ ਆਪਣੇ ਸਬੰਧਾਂ ਨੂੰ ਯਾਦ ਕੀਤਾ ਅਤੇ ਪੂਰੇ ਕਾਸ਼ੀ ਖੇਤਰ ਦੇ ਹੈਂਡਲੂਮ ਉਦਯੋਗ ਦੇ ਯੋਗਦਾਨ ‘ਤੇ ਵੀ ਚਾਨਣਾ ਪਾਇਆ ਜੋ ਕਿ ਉਨ੍ਹਾਂ ਦਾ ਚੋਣ ਖੇਤਰ ਹੈ। ਉਨ੍ਹਾਂ ਨੇ ਬੁਣਕਰਾਂ ਨੂੰ ਆਪਣੇ ਉਤਪਾਦਾਂ ਦੀ ਵਿਕਰੀ ਵਿੱਚ ਦਰਪੇਸ਼ ਸਪਲਾਈ ਚੇਨ ਅਤੇ ਮਾਰਕੀਟਿੰਗ ਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਸਰਕਾਰ ਭਾਰਤ ਮੰਡਪਮ ਦੀ ਤਰ੍ਹਾਂ ਦੇਸ਼ ਭਰ ਵਿੱਚ ਪ੍ਰਦਰਸ਼ਨੀਆਂ ਲਗਾ ਕੇ ਹੱਥ ਨਾਲ ਬਣੇ ਉਤਪਾਦਾਂ ਦੇ ਮੰਡੀਕਰਣ 'ਤੇ ਜ਼ੋਰ ਦੇ ਰਹੀ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਮੁਫਤ ਸਟਾਲ ਦੇ ਨਾਲ ਰੋਜ਼ਾਨਾ ਭੱਤਾ ਵੀ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਸਟਾਰਟਅੱਪਸ ਅਤੇ ਭਾਰਤ ਦੇ ਨੌਜਵਾਨਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਤਕਨੀਕਾਂ ਅਤੇ ਪੈਟਰਨਾਂ ਵਿੱਚ ਨਵੀਨਤਾ ਦੇ ਨਾਲ-ਨਾਲ ਕੋਟੇਜ ਉਦਯੋਗਾਂ ਅਤੇ ਹੈਂਡਲੂਮਾਂ ਦੁਆਰਾ ਤਿਆਰ ਕੀਤੇ ਉਤਪਾਦਾਂ ਲਈ ਮਾਰਕੀਟਿੰਗ ਰੂਪ ਰੇਖਾ ਪੇਸ਼ ਕੀਤੀ ਅਤੇ ਕਿਹਾ ਕਿ ਹੈਂਡਲੂਮ ਦਾ ਭਵਿੱਖ ਉੱਜਵਲ ਹੈ। ‘ਇੱਕ ਜ਼ਿਲ੍ਹਾ ਇੱਕ ਉਤਪਾਦ’ ਯੋਜਨਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਜ਼ਿਲ੍ਹੇ ਤੋਂ ਵਿਸ਼ੇਸ਼ ਉਤਪਾਦਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਤਪਾਦਾਂ ਦੀ ਵਿਕਰੀ ਲਈ ਦੇਸ਼ ਦੇ ਰੇਲਵੇ ਸਟੇਸ਼ਨਾਂ 'ਤੇ ਵਿਸ਼ੇਸ਼ ਸਟਾਲ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਸਰਕਾਰ ਦੁਆਰਾ ਹਰ ਰਾਜ ਦੀ ਰਾਜਧਾਨੀ ਵਿੱਚ ਬਣਾਏ ਜਾ ਰਹੇ ਏਕਤਾ ਮਾਲ ਦਾ ਵੀ ਜ਼ਿਕਰ ਕੀਤਾ, ਜੋ ਸੂਬੇ ਅਤੇ ਜ਼ਿਲ੍ਹੇ ਦੇ ਦਸਤਕਾਰੀ ਅਤੇ ਹੈਂਡਲੂਮ ਉਤਪਾਦਾਂ ਨੂੰ ਇੱਕੋ ਛੱਤ ਹੇਠ ਉਤਸ਼ਾਹਿਤ ਕਰੇਗਾ। ਇਸ ਨਾਲ ਹੈਂਡਲੂਮ ਸੈਕਟਰ ਨਾਲ ਜੁੜੇ ਲੋਕਾਂ ਨੂੰ ਫਾਇਦਾ ਹੋਵੇਗਾ। ਸ਼੍ਰੀ ਮੋਦੀ ਨੇ ਸਟੈਚੂ ਆਵੑ ਯੂਨਿਟੀ ਵਿਖੇ ਏਕਤਾ ਮਾਲ ਦਾ ਵੀ ਜ਼ਿਕਰ ਕੀਤਾ ਜੋ ਸੈਲਾਨੀਆਂ ਨੂੰ ਭਾਰਤ ਦੀ ਏਕਤਾ ਦਾ ਅਨੁਭਵ ਕਰਨ ਅਤੇ ਇੱਕ ਛੱਤ ਹੇਠ ਕਿਸੇ ਵੀ ਰਾਜ ਦਾ ਉਤਪਾਦ ਖਰੀਦਣ ਦਾ ਮੌਕਾ ਦਿੰਦਾ ਹੈ।
ਪ੍ਰਧਾਨ ਮੰਤਰੀ ਦੁਆਰਾ ਆਪਣੇ ਵਿਦੇਸ਼ੀ ਦੌਰਿਆਂ ਦੌਰਾਨ ਪਤਵੰਤਿਆਂ ਨੂੰ ਦਿੱਤੇ ਗਏ ਵਿਭਿੰਨ ਤੋਹਫ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਤੋਹਫ਼ਿਆਂ ਦੀ ਨਾ ਸਿਰਫ਼ ਉਨ੍ਹਾਂ ਦੁਆਰਾ ਪ੍ਰਸ਼ੰਸਾ ਕੀਤੀ ਜਾਂਦੀ ਹੈ, ਬਲਕਿ ਇਨ੍ਹਾਂ ਨੂੰ ਬਣਾਉਣ ਵਾਲਿਆਂ ਬਾਰੇ ਪਤਾ ਲੱਗਣ 'ਤੇ ਉਨ੍ਹਾਂ 'ਤੇ ਗਹਿਰਾ ਪ੍ਰਭਾਵ ਵੀ ਪੈਂਦਾ ਹੈ।
ਜੀਈਐੱਮ (GeM) ਪੋਰਟਲ ਜਾਂ ਸਰਕਾਰੀ ਈ-ਮਾਰਕੀਟਪਲੇਸ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਸਭ ਤੋਂ ਛੋਟਾ ਕਾਰੀਗਰ, ਸ਼ਿਲਪਕਾਰ ਜਾਂ ਬੁਣਕਰ ਵੀ ਆਪਣੇ ਉਤਪਾਦ ਪ੍ਰਤੱਖ ਸਰਕਾਰ ਨੂੰ ਵੇਚ ਸਕਦਾ ਹੈ ਅਤੇ ਦੱਸਿਆ ਕਿ ਹੈਂਡਲੂਮ ਅਤੇ ਹੈਂਡੀਕ੍ਰਾਫਟ ਨਾਲ ਸਬੰਧਿਤ ਲਗਭਗ 1.75 ਲੱਖ ਸੰਸਥਾਵਾਂ ਅੱਜ ਜੀਈਐੱਮ ਪੋਰਟਲ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ, "ਹੈਂਡਲੂਮ ਸੈਕਟਰ ਵਿੱਚ ਸਾਡੇ ਭਰਾਵਾਂ ਅਤੇ ਭੈਣਾਂ ਨੂੰ ਡਿਜੀਟਲ ਇੰਡੀਆ ਦੇ ਲਾਭ ਮਿਲਣ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ "ਸਰਕਾਰ ਆਪਣੇ ਬੁਣਕਰਾਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਪ੍ਰਦਾਨ ਕਰਨ ਲਈ ਇੱਕ ਸਪੱਸ਼ਟ ਰਣਨੀਤੀ ਨਾਲ ਕੰਮ ਕਰ ਰਹੀ ਹੈ।" ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਭਾਰਤ ਦੇ ਐੱਮਐੱਸਐੱਮਈ, ਬੁਣਕਰਾਂ, ਕਾਰੀਗਰਾਂ ਅਤੇ ਕਿਸਾਨਾਂ ਦੇ ਉਤਪਾਦਾਂ ਨੂੰ ਦੁਨੀਆ ਭਰ ਦੀਆਂ ਮੰਡੀਆਂ ਵਿੱਚ ਲਿਜਾਣ ਲਈ ਅੱਗੇ ਆ ਰਹੀਆਂ ਹਨ। ਉਨ੍ਹਾਂ ਅਜਿਹੀਆਂ ਕਈ ਕੰਪਨੀਆਂ ਦੇ ਲੀਡਰਾਂ ਨਾਲ ਪ੍ਰਤੱਖ ਗੱਲਬਾਤ 'ਤੇ ਚਾਨਣਾ ਪਾਇਆ ਜਿਨ੍ਹਾਂ ਕੋਲ ਦੁਨੀਆ ਭਰ ਵਿੱਚ ਵੱਡੇ ਸਟੋਰ, ਰਿਟੇਲ ਸਪਲਾਈ ਚੇਨ, ਔਨਲਾਈਨ ਮੌਜੂਦਗੀ ਅਤੇ ਦੁਕਾਨਾਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕੰਪਨੀਆਂ ਨੇ ਹੁਣ ਭਾਰਤ ਦੇ ਸਥਾਨਕ ਉਤਪਾਦਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ "ਭਾਵੇਂ ਇਹ ਮਿਲੇਟ ਹੋਵੇ ਜਾਂ ਹੈਂਡਲੂਮ ਪ੍ਰੋਡੱਕਟ, ਇਹ ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਉਨ੍ਹਾਂ ਨੂੰ ਦੁਨੀਆ ਭਰ ਦੇ ਬਜ਼ਾਰਾਂ ਵਿੱਚ ਲੈ ਜਾਣਗੀਆਂ।” ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਤਪਾਦ ਭਾਰਤ ਵਿੱਚ ਹੀ ਬਣਾਏ ਜਾਣਗੇ ਅਤੇ ਸਪਲਾਈ ਚੇਨ ਦੀ ਵਰਤੋਂ ਇਨ੍ਹਾਂ ਬਹੁ-ਰਾਸ਼ਟਰੀ ਕੰਪਨੀਆਂ ਦੁਆਰਾ ਕੀਤੀ ਜਾਵੇਗੀ।
ਟੈਕਸਟਾਈਲ ਉਦਯੋਗ ਅਤੇ ਫੈਸ਼ਨ ਜਗਤ ਨਾਲ ਜੁੜੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਨੀਆ ਦੀਆਂ ਚੋਟੀ ਦੀਆਂ-3 ਅਰਥਵਿਵਸਥਾਵਾਂ ਵਿੱਚੋਂ ਇੱਕ ਬਣਨ ਲਈ ਚੁੱਕੇ ਗਏ ਕਦਮਾਂ ਤੋਂ ਇਲਾਵਾ ਸਾਡੀ ਸੋਚ ਅਤੇ ਕੰਮ ਦੇ ਦਾਇਰੇ ਨੂੰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਰੇਖਾਂਕਿਤ ਕੀਤਾ ਕਿ ਭਾਰਤ ਦੇ ਹੈਂਡਲੂਮ, ਖਾਦੀ ਅਤੇ ਟੈਕਸਟਾਈਲ ਸੈਕਟਰ ਨੂੰ ਵਰਲਡ ਚੈਂਪੀਅਨ ਬਣਾਉਣ ਲਈ 'ਸਬਕਾ ਪ੍ਰਯਾਸ' (ਹਰ ਇਕ ਦੀ ਕੋਸ਼ਿਸ਼) ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ "ਭਾਵੇਂ ਕਿ ਇਹ ਇੱਕ ਵਰਕਰ, ਇੱਕ ਬੁਣਕਰ, ਇੱਕ ਡਿਜ਼ਾਈਨਰ ਜਾਂ ਇੱਕ ਉਦਯੋਗ ਹੋਵੇ, ਹਰੇਕ ਨੂੰ ਸਮਰਪਿਤ ਯਤਨ ਕਰਨੇ ਪੈਣਗੇ।” ਉਨ੍ਹਾਂ ਨੇ ਬੁਣਕਰਾਂ ਦੇ ਸਕਿੱਲ ਨੂੰ ਸਕੇਲ ਅਤੇ ਟੈਕਨੋਲੋਜੀ ਨਾਲ ਜੋੜਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਭਾਰਤ ਵਿੱਚ ਨਵ-ਮੱਧ ਵਰਗ ਦੇ ਉਭਾਰ 'ਤੇ ਰੌਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਉਤਪਾਦ ਲਈ ਇੱਕ ਵਿਸ਼ਾਲ ਨੌਜਵਾਨ ਖਪਤਕਾਰ ਵਰਗ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਇਹ ਟੈਕਸਟਾਈਲ ਕੰਪਨੀਆਂ ਲਈ ਇੱਕ ਵੱਡਾ ਮੌਕਾ ਪੇਸ਼ ਕਰਦਾ ਹੈ। ਇਸ ਲਈ ਪ੍ਰਧਾਨ ਮੰਤਰੀ ਨੇ ਕਿਹਾ, ਸਥਾਨਕ ਸਪਲਾਈ ਚੇਨ ਨੂੰ ਮਜ਼ਬੂਤ ਕਰਨਾ ਅਤੇ ਇਸ ਵਿੱਚ ਨਿਵੇਸ਼ ਕਰਨਾ ਵੀ ਇਨ੍ਹਾਂ ਕੰਪਨੀਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਭਾਰਤ ਤੋਂ ਬਾਹਰ ਰੇਡੀਮੇਡ ਕੱਪੜੇ ਉਪਲਬਧ ਹੋਣ 'ਤੇ ਕੱਪੜਾ ਦਰਾਮਦ ਕਰਨ ਦੀ ਪਹੁੰਚ ਦੀ ਨਿੰਦਾ ਕੀਤੀ। ਉਨ੍ਹਾਂ ਸਥਾਨਕ ਸਪਲਾਈ ਚੇਨ ਵਿੱਚ ਨਿਵੇਸ਼ ਕਰਨ ਅਤੇ ਭਵਿੱਖ ਲਈ ਇਸ ਨੂੰ ਤਿਆਰ ਕਰਨ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸੈਕਟਰ ਦੇ ਵੱਡੇ ਖਿਡਾਰੀਆਂ ਨੂੰ ਇਹ ਬਹਾਨਾ ਨਹੀਂ ਬਣਾਉਣਾ ਚਾਹੀਦਾ ਕਿ ਇੰਨੇ ਘੱਟ ਨੋਟਿਸ ਨਾਲ ਇਹ ਕਿਵੇਂ ਹੋਵੇਗਾ। ਉਨ੍ਹਾਂ ਕਿਹਾ “ਜੇ ਅਸੀਂ ਭਵਿੱਖ ਵਿੱਚ ਲਾਭ ਲੈਣਾ ਚਾਹੁੰਦੇ ਹਾਂ, ਤਾਂ ਸਾਨੂੰ ਅੱਜ ਲੋਕਲ ਸਪਲਾਈ ਚੇਨ ਵਿੱਚ ਨਿਵੇਸ਼ ਕਰਨਾ ਹੋਵੇਗਾ। ਇਹ ਇੱਕ ਵਿਕਸਿਤ ਭਾਰਤ ਬਣਾਉਣ ਅਤੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਤਰੀਕਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸੁਤੰਤਰਤਾ ਸੈਨਾਨੀਆਂ ਦਾ ਸਵਦੇਸ਼ੀ ਸੁਪਨਾ ਇਸ ਮਾਰਗ 'ਤੇ ਚੱਲ ਕੇ ਹੀ ਸਾਕਾਰ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਜੋ ਲੋਕ ਆਤਮਨਿਰਭਰ ਭਾਰਤ ਦੇ ਸੁਪਨੇ ਬੁਣਦੇ ਹਨ ਅਤੇ ‘ਮੇਕ ਇਨ ਇੰਡੀਆ’ ਨੂੰ ਤਾਕਤ ਪ੍ਰਦਾਨ ਕਰਦੇ ਹਨ, ਉਹ ਖਾਦੀ ਨੂੰ ਸਿਰਫ਼ ਕੱਪੜਾ ਹੀ ਨਹੀਂ ਬਲਕਿ ਇੱਕ ਹਥਿਆਰ ਸਮਝਦੇ ਹਨ।
9 ਅਗਸਤ ਦੀ ਸਾਰਥਕਤਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਾਰੀਖ ਭਾਰਤ ਦੇ ਸਭ ਤੋਂ ਵੱਡੇ ਅੰਦੋਲਨ - ਪੂਜਯ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਭਾਰਤ ਛੱਡੋ ਅੰਦੋਲਨ ਦੀ ਗਵਾਹ ਰਹੀ ਹੈ, ਜਿਸਨੇ ਅੰਗਰੇਜ਼ਾਂ ਨੂੰ ਭਾਰਤ ਛੱਡੋ ਦਾ ਸੰਦੇਸ਼ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਤੋਂ ਕੁਝ ਸਮੇਂ ਬਾਅਦ ਹੀ ਬ੍ਰਿਟਿਸ਼ ਨੂੰ ਭਾਰਤ ਛੱਡਣਾ ਪਿਆ। ਪ੍ਰਧਾਨ ਮੰਤਰੀ ਨੇ ਅੱਜ ਦੇ ਸਮੇਂ ਦੀ ਲੋੜ 'ਤੇ ਜ਼ੋਰ ਦਿੱਤਾ ਕਿਉਂਕਿ ਦੇਸ਼ ਇੱਛਾ ਸ਼ਕਤੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤੱਤਾਂ, ਜੋ ਵਿਕਸਿਤ ਭਾਰਤ ਦੇ ਨਿਰਮਾਣ ਦੇ ਸੰਕਲਪ ਵਿੱਚ ਰੁਕਾਵਟ ਬਣ ਗਏ ਹਨ, ਨੂੰ ਭਜਾਉਣ ਲਈ ਉਹੀ ਮੰਤਰ ਵਰਤਿਆ ਜਾ ਸਕਦਾ ਹੈ ਜੋ ਕਦੇ ਅੰਗਰੇਜ਼ਾਂ ਨੂੰ ਭਜਾਉਣ ਲਈ ਵਰਤਿਆ ਜਾਂਦਾ ਸੀ। ਸ਼੍ਰੀ ਮੋਦੀ ਨੇ ਕਿਹਾ "ਪੂਰਾ ਭਾਰਤ ਇੱਕ ਆਵਾਜ਼ ਵਿੱਚ ਗੂੰਜ ਰਿਹਾ ਹੈ - ਭ੍ਰਿਸ਼ਟਾਚਾਰ, ਵੰਸ਼ਵਾਦ, ਤੁਸ਼ਟੀਕਰਨ ਨੂੰ ਭਾਰਤ ਛੱਡਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਹ ਬੁਰਾਈਆਂ ਦੇਸ਼ ਲਈ ਇੱਕ ਵੱਡੀ ਚੁਣੌਤੀ ਹਨ ਅਤੇ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਦੇਸ਼ ਇਨ੍ਹਾਂ ਬੁਰਾਈਆਂ ਨੂੰ ਹਰਾਏਗਾ। ਉਨ੍ਹਾਂ ਅੱਗੇ ਕਿਹਾ “ਦੇਸ਼ ਦੀ ਜਿੱਤ ਹੋਵੇਗੀ, ਭਾਰਤ ਦੇ ਲੋਕ ਜਿੱਤਣਗੇ।”
ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਉਨ੍ਹਾਂ ਮਹਿਲਾਵਾਂ ਨਾਲ ਆਪਣੀ ਗੱਲਬਾਤ 'ਤੇ ਚਾਨਣਾ ਪਾਇਆ ਜਿਨ੍ਹਾਂ ਨੇ ਬੀਤੇ ਕਈ ਵਰ੍ਹਿਆਂ ਤੋਂ ਤਿਰੰਗੇ ਨੂੰ ਬੁਣਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਇੱਕ ਵਾਰ ਫਿਰ ਤਿਰੰਗਾ ਲਹਿਰਾਉਣ ਅਤੇ ‘ਹਰ ਘਰ ਤਿਰੰਗਾ’ ਦਾ ਜਸ਼ਨ ਮਨਾਉਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦਿਆਂ ਕਿਹਾ "ਜਦੋਂ ਛੱਤਾਂ 'ਤੇ ਤਿਰੰਗਾ ਲਹਿਰਾਇਆ ਜਾਂਦਾ ਹੈ, ਇਹ ਸਾਡੇ ਅੰਦਰ ਵੀ ਲਹਿਰਾਉਂਦਾ ਹੈ।”
ਇਸ ਮੌਕੇ ਕੇਂਦਰੀ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਕੇਂਦਰੀ ਕੱਪੜਾ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਅਤੇ ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਸ਼੍ਰੀ ਨਰਾਇਣ ਤਟੂ ਰਾਣੇ ਆਦਿ ਹਾਜ਼ਰ ਸਨ।
ਪਿਛੋਕੜ
ਪ੍ਰਧਾਨ ਮੰਤਰੀ ਹਮੇਸ਼ਾ ਉਨ੍ਹਾਂ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਹੱਲਾਸ਼ੇਰੀ ਅਤੇ ਨੀਤੀਗਤ ਸਮਰਥਨ ਦੇਣ ਦੇ ਪੱਕੇ ਸਮਰਥਕ ਰਹੇ ਹਨ ਜੋ ਦੇਸ਼ ਦੀ ਕਲਾ ਅਤੇ ਸ਼ਿਲਪਕਾਰੀ ਦੀ ਸਮ੍ਰਿੱਧ ਪਰੰਪਰਾ ਨੂੰ ਜ਼ਿੰਦਾ ਰੱਖ ਰਹੇ ਹਨ। ਇਸ ਵਿਜ਼ਨ ਤੋਂ ਸੇਧ ਲੈ ਕੇ, ਸਰਕਾਰ ਨੇ 7 ਅਗਸਤ 2015 ਨੂੰ ਅਜਿਹੇ ਪਹਿਲੇ ਜਸ਼ਨ ਦੇ ਨਾਲ ਰਾਸ਼ਟਰੀ ਹੈਂਡਲੂਮ ਦਿਵਸ ਮਨਾਉਣਾ ਸ਼ੁਰੂ ਕੀਤਾ। ਇਸ ਤਾਰੀਖ ਨੂੰ ਖਾਸ ਤੌਰ 'ਤੇ ਸਵਦੇਸ਼ੀ ਅੰਦੋਲਨ ਦੇ ਸਨਮਾਨ ਵਜੋਂ ਚੁਣਿਆ ਗਿਆ ਸੀ ਜੋ 7 ਅਗਸਤ 1905 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਜਿਸਨੇ ਸਵਦੇਸ਼ੀ ਉਦਯੋਗਾਂ, ਖਾਸ ਕਰਕੇ ਹੈਂਡਲੂਮ ਬੁਣਕਰਾਂ ਨੂੰ ਉਤਸ਼ਾਹਿਤ ਕੀਤਾ ਸੀ।
ਇਸ ਸਾਲ 9ਵਾਂ ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਭਾਰਤੀ ਵਸਤਰ ਏਵਮ ਸ਼ਿਲਪ ਕੋਸ਼ - ਕੱਪੜਾ ਅਤੇ ਸ਼ਿਲਪਕਾਰੀ ਦਾ ਭੰਡਾਰ ਈ-ਪੋਰਟਲ ਲਾਂਚ ਕੀਤਾ ਜੋ ਨੈਸ਼ਨਲ ਇੰਸਟੀਟਿਊਟ ਆਵੑ ਫੈਸ਼ਨ ਟੈਕਨੋਲੋਜੀ (ਐੱਨਆਈਐੱਫਟੀ) ਦੁਆਰਾ ਵਿਕਸਿਤ ਕੀਤਾ ਗਿਆ ਹੈ।
ਇਸ ਪ੍ਰੋਗਰਾਮ ਵਿੱਚ ਟੈਕਸਟਾਈਲ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਸੈਕਟਰਾਂ ਦੇ 3000 ਤੋਂ ਵੱਧ ਹੈਂਡਲੂਮ ਅਤੇ ਖਾਦੀ ਬੁਣਕਰ, ਕਾਰੀਗਰ ਅਤੇ ਹਿੱਤਧਾਰਕ ਸ਼ਾਮਲ ਹੋਣਗੇ। ਇਹ ਪੂਰੇ ਭਾਰਤ ਵਿੱਚ ਹੈਂਡਲੂਮ ਕਲੱਸਟਰਾਂ, ਐੱਨਆਈਐੱਫਟੀ ਕੈਂਪਸ, ਵੀਵਰ ਸਰਵਿਸ ਸੈਂਟਰ, ਇੰਡੀਅਨ ਇੰਸਟੀਟਿਊਟ ਆਵੑ ਹੈਂਡਲੂਮ ਟੈਕਨੋਲੋਜੀ ਕੈਂਪਸ, ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ, ਹੈਂਡਲੂਮ ਐਕਸਪੋਰਟ ਪ੍ਰਮੋਸ਼ਨ ਕੌਂਸਲ, ਕੇਵੀਆਈਸੀ ਸੰਸਥਾਵਾਂ ਅਤੇ ਵਿਭਿੰਨ ਰਾਜ ਹੈਂਡਲੂਮ ਵਿਭਾਗਾਂ ਨੂੰ ਇੱਕਠਾ ਕਰੇਗਾ।
********
ਡੀਐੱਸ/ਟੀਐੱਸ
(Release ID: 1947090)
Visitor Counter : 94
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam