ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਵਪਾਰ ਅਤੇ ਨਿਵੇਸ਼ ‘ਤੇ ਛੇਵੀਂ ਭਾਰਤ-ਕਨੇਡਾ ਮੰਤਰੀ ਪੱਧਰੀ ਵਾਰਤਾ ਲਈ ਕਨੇਡਾ ਦੀ ਯਾਤਰਾ ਕਰਨਗੇ
Posted On:
08 MAY 2023 9:49AM by PIB Chandigarh
ਕੇਂਦਰੀ ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਕਨੇਡਾ ਸਰਕਾਰ ਵਿੱਚ ਅੰਤਰਰਾਸ਼ਟਰੀ ਵਪਾਰ, ਨਿਰਯਾਤ ਪ੍ਰੋਤਸਾਹਨ, ਲਘੂ ਕਾਰੋਬਾਰ ਅਤੇ ਆਰਥਿਕ ਵਿਕਾਸ ਮੰਤਰੀ ਮੈਰੀ ਐੱਨਜੀ ਦੇ ਨਾਲ ਅੱਜ ਓਟਾਵਾ ਵਿੱਚ ਵਪਾਰ ਅਤੇ ਨਿਵੇਸ਼ (ਐੱਮਡੀਟੀਆਈ) ‘ਤੇ ਛੇਵੇਂ ਭਾਰਤ-ਕਨੇਡਾ ਮੰਤਰੀ ਪੱਧਰੀ ਸੰਵਾਦ ਦੀ ਸਹਿ-ਪ੍ਰਧਾਨਗੀ ਕਰਨਗੇ। ਵਪਾਰ ਅਤੇ ਨਿਵੇਸ਼ ਸਬੰਧੀ ਮੁੱਦਿਆਂ ਅਤੇ ਸਹਿਯੋਗ ਖੇਤਰਾਂ ਦੇ ਵਿਆਪਕ ਦਾਇਰੇ ‘ਤੇ ਚਰਚਾ ਕਰਨ ਲਈ ਐੱਮਡੀਟੀਆਈ ਇੱਕ ਦੁਵੱਲੀ ਪ੍ਰਣਾਲੀ ਹੈ ਅਤੇ ਇਸ ਸੰਦਰਭ ਵਿੱਚ ਇਹ ਸੰਸਥਾਗਤ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਸੰਵਾਦ ਭਾਰਤ ਅਤੇ ਕਨੇਡਾ ਦੇ ਦਰਮਿਆਨ ਦੁਵੱਲੇ ਵਪਾਰ ਸਬੰਧਾਂ ਨੂੰ ਮਜ਼ਬੂਤ ਬਣਾਉਣ, ਨਿਵੇਸ਼ ਪ੍ਰੋਤਸਾਹਨ ਅਤੇ ਸਹਿਯੋਗ ਤੇ ਗ੍ਰੀਨ ਪਰਿਵਰਤਨ ਦੇ ਨਾਲ-ਨਾਲ ਮਹੱਤਵਪੂਰਨ ਖਣਿਜਾਂ ‘ਤੇ ਚਰਚਾ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਜਿਵੇਂ ਬੀ2ਬੀ ਜੁੜਾਵ ਨੂੰ ਹੁਲਾਰਾ ਦੇਣ ਸਬੰਧੀ ਵਿਭਿੰਨ ਵਿਸ਼ਿਆਂ ਆਦਿ ‘ਤੇ ਕੇਂਦ੍ਰਿਤ ਹੋਵੇਗਾ।
ਦੋਨੋਂ ਮੰਤਰੀ ਭਾਰਤ-ਕਨੇਡਾ ਸੀਈਪੀਏ (ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤਾ) ਵਾਰਤਾ ਦੀ ਵੀ ਸਮੀਖਿਆ ਕਰਨਗੇ। ਮਾਰਚ 2022 ਵਿੱਚ ਪਿਛਲੀ ਐੱਮਡੀਟੀਆਈ ਮੀਟਿੰਗ ਵਿੱਚ, ਦੋਵੇਂ ਮੰਤਰੀਆਂ ਨੇ ਇੱਕ ਅੰਤਰਿਮ ਸਮਝੌਤਾ ਭਾਵ ਈਪੀਟੀਏ (ਸ਼ੁਰੂਆਤੀ ਤਰੱਕੀ ਵਪਾਰ ਸਮਝੌਤਾ) ਹੋਣ ਦੀ ਸੰਭਾਵਨਾ ਦੇ ਨਾਲ ਸੀਈਪੀਏ ਵਾਰਤਾ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸੱਤ ਰਾਊਂਡ ਦੀਆਂ ਵਾਰਤਾਵਾਂ ਸੰਪੰਨ ਹੋ ਚੁੱਕੀਆਂ ਹਨ।
ਸ਼੍ਰੀ ਪੀਯੂਸ਼ ਗੋਇਲ 9 ਤੋਂ 10 ਮਈ 2023 ਤੱਕ ਟੋਰੰਟੋ ਦਾ ਵੀ ਦੌਰਾ ਕਰਨਗੇ, ਜਿੱਥੇ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਦੇ ਲਈ ਵਿਭਿੰਨ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਕਨੇਡਾ ਦੀਆਂ ਪ੍ਰਮੁੱਖ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੀਟਿੰਗਾਂ, ਭਾਰਤੀ ਅਤੇ ਕਨੇਡਾ ਸੀਈਓ ਗੋਲਮੇਜ ਮੀਟਿੰਗ, ਕਨੇਡਾ ਸਥਿਤ ਸਵਦੇਸ਼ੀ ਅਤੇ ਭਾਰਤੀ ਕੰਪਨੀਆਂ ਦੇ ਨਾਲ ਵਾਰਤਾਲਾਪ ਅਤੇ ਵਿੱਤੀ ਖੇਤਰ ਵਿੱਚ ਗੋਲਮੇਜ ਮੀਟਿੰਗ ਆਦਿ ਸ਼ਾਮਲ ਹਨ। ਮੰਤਰੀ ਮਹੋਦਯ ਦੇ ਨਾਲ ਫਿਕੀ (FICCI) ਦੀ ਅਗਵਾਈ ਵਿੱਚ ਭਾਰਤੀ ਮੁੱਖ ਕਾਰਜਕਾਰੀ ਅਧਿਕਾਰੀਆਂ ਦਾ ਇੱਕ ਪ੍ਰਤੀਨਿਧੀ ਮੰਡਲ ਵੀ ਹੋਵੇਗਾ।
ਸ਼੍ਰੀ ਪੀਯੂਸ਼ ਗੋਇਲ ਐੱਸਆਈਏਐੱਲ ਕਨੇਡਾ-2023 ਵਿੱਚ ਭਾਰਤੀ ਪੈਵੇਲੀਅਨ ਦਾ ਉਦਘਾਟਨ ਕਰਨਗੇ। ਇਹ 50 ਦੇਸ਼ਾਂ ਦੇ 1000 ਤੋਂ ਅਧਿਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਕਾਂ ਦੀ ਸਾਂਝੇਦਾਰੀ ਨਾਲ ਉੱਤਰੀ ਅਮਰੀਕਾ ਵਿੱਚ ਸਭ ਨਾਲੋਂ ਵੱਡੀ ਖੁਰਾਕ ਇਨੋਵੇਸ਼ਨ ਵਪਾਰ ਪ੍ਰਦਰਸ਼ਨੀ ਹੈ। ਇਸ ਆਯੋਜਨ ਨਾਲ ਰਿਟੇਲ, ਫੂਡ ਸਰਵਿਸ ਅਤੇ ਫੂਡ ਪ੍ਰੋਸੈੱਸਿੰਗ ਉਦਯੋਗਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ। ਐੱਸਆਈਏਐੱਲ ਕਨੇਡਾ ਵਿੱਚ, ਭਾਰਤੀ ਵਪਾਰ ਸਾਂਝੇਦਾਰੀ ਵਿੱਚ ਟ੍ਰੇਡ ਪ੍ਰਮੋਸ਼ਨ ਕੌਂਸਲ ਆਵ੍ ਇੰਡੀਆ (ਟੀਪੀਸੀਆਈ), ਇੰਡੀਆ ਟ੍ਰੇਡ ਪ੍ਰਮੋਸ਼ਨ ਔਰਗੇਨਾਈਜ਼ੇਸ਼ਨ (ਆਈਟੀਪੀਓ) ਅਤੇ ਐਸੋਸੀਏਟਿਡ ਚੈਂਬਰਸ ਆਵ੍ ਕਮਰਸ ਐਂਡ ਇੰਡਸਟ੍ਰੀ ਆਵ੍ ਇੰਡੀਆ (ਐੱਸੋਚੈਮ) ਦੇ ਪ੍ਰਤੀਨਿਧੀ ਮੰਡਲ ਸ਼ਾਮਲ ਹਨ। ਐੱਸਆਈਏਐੱਲ-2023 ਦੇ ਦੌਰਾਨ ਭਾਰਤੀ ਕੰਪਨੀਆਂ ਅਤੇ ਕਨੇਡਾ ਦੇ ਅਯਾਤਕਾਂ ਦੇ ਨਾਲ ਐਗਰੀਕਲਚਰਲ ਅਤੇ ਫੂਡ ਪ੍ਰੋਸੈੱਸਿੰਗ ਖੇਤਰ ਦੇ ਲਈ ਇੱਕ ਵਪਾਰ ਅਤੇ ਨਿਵੇਸ਼ ਪ੍ਰੋਤਸਾਹਨ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ 200 ਕੰਪਨੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਇਸ ਯਾਤਰਾ ਨਾਲ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਗਤੀ ਮਿਲਣ ਦੀ ਉਮੀਦ ਹੈ।
********
ਏਡੀ/ਵੀਐੱਨ/ਐੱਚਐੱਨ
(Release ID: 1922529)
Visitor Counter : 128