ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਮਹਾਰਾਜਾ ਸ੍ਰੀਰਾਮ ਚੰਦ੍ਰ ਭਾਂਜਾ ਦੇਵ ਯੂਨੀਵਰਸਿਟੀ ਦੇ 12ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਏ

Posted On: 06 MAY 2023 2:04PM by PIB Chandigarh

 

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (6 ਮਈ, 2023) ਬਾਰੀਪਦਾ, ਓਡੀਸ਼ਾ ਵਿੱਚ ਮਹਾਰਾਜਾ ਸ੍ਰੀਰਾਮ ਚੰਦ੍ਰ ਭਾਂਜਾ ਦਿਓ ਯੂਨੀਵਰਸਿਟੀ ਦੇ 12ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਉਸ ਨੂੰ ਸੰਬੋਧਿਤ ਕੀਤਾ।

ਇਸ ਅਵਸਰ ‘ਤੇ ਸੰਬੋਧਿਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਮਹਾਰਾਜਾ ਸ੍ਰੀਰਾਮ ਚੰਦ੍ਰ ਭਾਂਜਾ ਦਿਓ ਯੂਨੀਵਰਸਿਟੀ ਨੇ ਆਪਣੀ ਸਥਾਪਨਾ ਦੇ ਬਹੁਤ ਘੱਟ ਸਮੇਂ ਵਿੱਚ ਉੱਚ ਸਿੱਖਿਆ ਅਤੇ ਰਿਸਰਚ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਪਹਿਚਾਣ ਬਣਾਈ ਹੈ।

 

ਰਾਸ਼ਟਰਪਤੀ ਨੇ ਆਦਿਵਾਸੀ ਪ੍ਰਥਾਵਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਦੇ ਅਧਾਰ ਦੀ ਸੰਭਾਲ ਕਰਨ ਦੇ ਉਦੇਸ਼ ਨਾਲ ਆਪਣੇ ਪਰਿਸਰ ਵਿੱਚ ‘ਸੈਕ੍ਰੇਡ ਗ੍ਰੋਵ’ ਦੀ ਸਥਾਪਨਾ ਦੇ ਲਈ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ‘ਸੈਕ੍ਰੇਡ ਗ੍ਰੋਵ’ ਵਾਤਾਵਰਣ ਅਤੇ ਸਥਾਨਕ ਜੈਵ ਵਿਵਿਧਤਾ ਦੀ ਸੰਭਾਲ ਦੇ ਲਈ ਮਹੱਤਵਪੂਰਨ ਹੈ। ਇਹ ਕੁਦਰਤੀ ਸੰਸਾਧਨਾਂ ਦੇ ਸਮੁਦਾਏ-ਅਧਾਰਿਤ ਪ੍ਰਬੰਧਨ ਦੇ ਸਭ ਤੋਂ ਉੱਤਮ ਉਦਾਹਰਣਾਂ ਵਿੱਚੋਂ ਇੱਕ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਦੀ ਵੱਡੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਨੇ ਕੁਦਰਤ ਦੇ ਅਨੁਕੂਲ ਜੀਵਨ ਸ਼ੈਲੀ ਅਪਣਾਉਣ ਦੇ ਲਈ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ ਹੈ, ਜਿਸ ਨੂੰ ਲਾਈਫਸਟਾਈਲ ਫਾਰ ਦ ਐਨਵਾਇਰਮੈਂਟ ਜਾਂ ਲਾਈਫ (LiFE) ਕਿਹਾ ਜਾਂਦਾ ਹੈ। ਸਾਡੀ ਪਰੰਪਰਾ ਵਿੱਚ ਮੰਨਿਆ ਜਾਂਦਾ ਹੈ ਕਿ ਪੇਡ-ਪੌਦੇ, ਪਹਾੜ, ਨਦੀਆਂ ਸਭ ਵਿੱਚ ਜੀਵਨ ਹੈ ਅਤੇ ਸਿਰਫ਼ ਮਨੁੱਖ ਹੀ ਨਹੀਂ ਬਲਕਿ ਸਾਰੇ ਜੀਵ-ਜੰਤੂ ਵੀ ਕੁਦਰਤ ਦੀ ਸੰਤਾਨ ਹਨ। ਇਸ ਲਈ ਕੁਦਰਤ ਦੇ ਨਾਲ ਤਾਲਮੇਲ ਬਣਾ ਕੇ ਰਹਿਣਾ ਸਾਰੇ ਮਨੁੱਖਾਂ ਦਾ ਕਰਤਵ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਸਥਿਤ ਸਿਮਿਲਿਪਾਲ ਨੈਸ਼ਨਲ ਪਾਰਕ ਬਾਇਓ-ਡਾਇਵਰਸਿਟੀ ਦੀ ਦ੍ਰਿਸ਼ਟੀ ਨਾਲ ਵਿਸ਼ਵ ਪੱਧਰ ‘ਤੇ ਮਹੱਤਵਪੂਰਨ ਸਥਾਨ ਰੱਖਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਧਿਆਪਕ ਆਪਣੇ ਰਿਸਰਚ ਅਤੇ ਇਨੋਵੇਸ਼ਨ ਦੇ ਮਾਧਿਅਮ ਨਾਲ ਬਾਇਓ-ਡਾਇਵਰਸਿਟੀ ਦੀ ਰੱਖਿਆ ਦਾ ਰਸਤਾ ਖੋਜ ਲੈਣਗੇ।

 

ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਡਿਗ੍ਰੀ ਪ੍ਰਾਪਤ ਕਰਨ ਦਾ ਅਰਥ ਇਹ ਨਹੀਂ ਹੈ ਕਿ ਸਿੱਖਿਆ ਪ੍ਰਕਿਰਿਆ ਪੂਰੀ ਹੋ ਗਈ ਹੈ। ਸਿੱਖਿਆ ਇੱਕ ਨਿਰੰਤਰ ਪ੍ਰਕਿਰਿਆ ਹੈ। ਉਨ੍ਹਾਂ ਨੇ ਕਿਹਾ ਕਿ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਬਾਅਦ ਉਨ੍ਹਾਂ ਵਿੱਚੋਂ ਕੁਝ ਨੌਕਰੀ ਕਰਨਗੇ, ਕੁਝ ਬਿਜ਼ਨਸ ਕਰਨਗੇ ਅਤੇ ਕੁਝ ਰਿਸਰਚ ਵੀ ਕਰਨਗੇ ਲੇਕਿਨ ਨੌਕਰੀ ਕਰਨ ਦੀ ਸੋਚਣ ਤੋਂ ਬਿਹਤਰ ਨੌਕਰੀ ਪ੍ਰਦਾਨ ਕਰਨ ਦੀ ਸੋਚ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਸ ਯੂਨੀਵਰਸਿਟੀ ਨੇ ਇੱਕ ਇਨਕਿਊਬੇਸ਼ਨ ਸੈਂਟਰ ਸਥਾਪਿਤ ਕੀਤਾ ਹੈ ਅਤੇ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਟਾਰਟ-ਅੱਪ ਸਥਾਪਿਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਮੁਕਾਬਲਾ ਜੀਵਨ ਦਾ ਲਾਜ਼ਮੀ ਪੱਖ ਹੈ। ਜੀਵਨ ਦੇ ਹਰ ਖੇਤਰ ਵਿੱਚ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਪ੍ਰਤੀਯੋਗਿਤਾ ਵਿੱਚ ਸਫ਼ਲ ਹੋਣ ਦਾ ਪ੍ਰਯਤਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਉੱਚ ਕੌਸ਼ਲ ਪ੍ਰਾਪਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਵੱਧ ਕੁਸ਼ਲਤਾ ਦੇ ਵੱਲ ਵਧਣਾ ਚਾਹੀਦਾ ਹੈ। ਇਹ ਆਪਣੀ ਇੱਛਾ ਸ਼ਕਤੀ ਨਾਲ ਅਸੰਭਵ ਨੂੰ ਸੰਭਵ ਵਿੱਚ ਬਦਲ ਸਕਦੇ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਮੁਕਾਬਲਾ ਜੀਵਨ ਦਾ ਸੁਭਾਵਿਕ ਪੱਖ ਹੈ, ਲੇਕਿਨ ਸਹਿਯੋਗ ਜੀਵਨ ਦਾ ਸੁੰਦਰ ਪੱਖ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੀਵਨ ਵਿੱਚ ਅੱਗੇ ਵਧਦੇ ਹੋਏ ਜਦੋਂ ਉਹ ਪਿੱਛੇ ਮੁੜ ਕੇ ਦੇਖਣਗੇ ਤਾਂ ਪਾਉਣਗੇ ਕਿ ਸਮਾਜ ਦੇ ਕੁਝ ਲੋਕ ਉਨ੍ਹਾਂ ਦਾ ਮੁਕਾਬਲਾ ਕਰਨ ਦੇ ਕਾਬਲ ਨਹੀਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੰਚਿਤਾਂ ਦਾ ਹੱਥ ਪਕੜ ਕੇ ਅੱਗੇ ਲਿਆਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਦਾਰਤਾ ਅਤੇ ਸਹਿਯੋਗ ਨਾਲ ਤੰਦਰੁਸਤ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਾ ਸਿਰਫ਼ ਆਪਣੇ ਸੁਖ ਅਤੇ ਹਿਤ ਬਾਰੇ ਬਲਕਿ ਸਮਾਜ ਤੇ ਦੇਸ਼ ਦੀ ਭਲਾਈ ਬਾਰੇ ਵੀ ਸੋਚਣ ਦੀ ਤਾਕੀਦ ਕੀਤੀ।

************

 

ਡੀਐੱਸ/ਐੱਸਐੱਚ



(Release ID: 1922330) Visitor Counter : 103