ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਹਾ ਕਿ ਉੱਤਰ-ਪੂਰਬ ਦਾ ਵਿਕਾਸ ਭਾਰਤ ਦੀ ਵਿਕਾਸ ਕਹਾਣੀ ਦਾ ਅਭਿੰਨ ਅੰਗ ਹੈ


ਉਪ ਰਾਸ਼ਟਰਪਤੀ ਨੇ ਉੱਤਰ-ਪੂਰਬ ਦੇ ਤੇਜ਼ੀ ਨਾਲ ਬਿਹਤਰ ਹੋ ਰਹੇ ਸੜਕ, ਰੇਲ ਅਤੇ ਹਵਾਈ ਅੱਡਿਆਂ ਦੇ ਬੁਨਿਆਦੀ ਢਾਂਚੇ ਨੂੰ ਰੇਖਾਂਕਿਤ ਕੀਤਾ

ਉਪ ਰਾਸ਼ਟਰਪਤੀ ਨੇ ਕਿਹਾ ਕਿ ਉੱਤਰ-ਪੂਰਬ ਵਿਵਿਧਤਾ, ਸੱਭਿਆਚਾਰ ਅਤੇ ਕੁਦਰਤੀ ਸੁੰਦਰਤਾ ਵਿੱਚ ਦੁਨੀਆ ਵਿੱਚ ਬੇਮਿਸਾਲ ਹੈ

ਉਪ ਰਾਸ਼ਟਰਪਤੀ ਨੇ ਸੂਬੇ ਦੀ ਪਹਿਲੀ ਫੇਰੀ 'ਤੇ ਧਨਮੰਜੂਰੀ ਯੂਨੀਵਰਸਿਟੀ ਅਤੇ ਮਣੀਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ

Posted On: 03 MAY 2023 6:15PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਭਾਰਤ ਸਰਕਾਰ ਦੀ 'ਲੁੱਕ ਈਸਟ' ਨੀਤੀ ਤੋਂ ਅੱਪਗ੍ਰੇਡ ਕੀਤੀ ਗਈ 'ਐਕਟ ਈਸਟ' ਨੀਤੀ ਨੇ ਉੱਤਰ ਪੂਰਬੀ ਖੇਤਰ ਨੂੰ ਹੁਲਾਰਾ ਦਿੱਤਾ ਹੈ ਅਤੇ ਇਸਦੇ ਸਰਵਪੱਖੀ ਵਿਕਾਸ ਲਈ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਦਾ ਵਿਕਾਸ ਭਾਰਤ ਦੀ ਵਿਕਾਸ ਕਹਾਣੀ ਦਾ ਅਭਿੰਨ ਅੰਗ ਹੈ। 

 

ਉਪ ਰਾਸ਼ਟਰਪਤੀ ਵਜੋਂ ਮਣੀਪੁਰ ਰਾਜ ਦੀ ਆਪਣੀ ਪਹਿਲੀ ਫੇਰੀ 'ਤੇ, ਸ਼੍ਰੀ ਧਨਖੜ ਨੇ ਧਨਮੰਜੂਰੀ ਯੂਨੀਵਰਸਿਟੀ, ਮਣੀਪੁਰ ਅਤੇ ਬਾਅਦ ਵਿੱਚ ਮਣੀਪੁਰ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ।

 

ਧਨਮੰਜੂਰੀ ਯੂਨੀਵਰਸਿਟੀ ਵਿੱਚ ਬੋਲਦੇ ਹੋਏ, ਸ਼੍ਰੀ ਧਨਖੜ ਨੇ ਰੇਲ ਕਨੈਕਟੀਵਿਟੀ, ਹਵਾਈ ਅੱਡਿਆਂ ਦੀ ਸੰਖਿਆ ਵਿੱਚ ਵਾਧੇ, ਅਤੇ ਹੋਰ ਪਹਿਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਤਰ-ਪੂਰਬੀ ਖੇਤਰ ਵਿੱਚ ਬੁਨਿਆਦੀ ਢਾਂਚੇ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਸੰਸਕ੍ਰਿਤੀ, ਵਿਵਿਧਤਾ, ਨ੍ਰਿਤ ਅਤੇ ਕੁਦਰਤੀ ਬਨਸਪਤੀ ਦੁਨੀਆ ਵਿੱਚ ਬੇਮਿਸਾਲ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਮਣੀਪੁਰੀ ਲੋਕਾਂ ਦੇ ਨਿੱਘ ਅਤੇ ਪਰਾਹੁਣਚਾਰੀ ਤੋਂ ਪ੍ਰਭਾਵਿਤ ਹੋਏ ਅਤੇ ਇਹ ਸਪੱਸ਼ਟ ਹੈ ਕਿ ਰਾਜ ਦਾ ਖੁਸ਼ੀ ਸੂਚਕ ਅੰਕ (happiness index) ਸੱਚਮੁੱਚ ਉੱਚਾ ਹੈ।

 

ਵਿਦਿਆਰਥੀਆਂ ਨੂੰ 2047 ਦੇ ਫੁਟ ਸੋਲਜਰਸ ਦੱਸਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਵੱਡੇ ਵਿਚਾਰਾਂ ਦੇ ਸੁਪਨੇ ਹੀ ਨਹੀਂ ਦੇਖਣੇ ਚਾਹੀਦੇ ਬਲਕਿ ਉਨ੍ਹਾਂ ਨੂੰ ਹਕੀਕਤ ਵਿੱਚ ਲਿਆਉਣ ਲਈ ਅੱਗੇ ਵਧਣਾ ਚਾਹੀਦਾ ਹੈ, ਵਿਕਾਸ ਦੇ ਮੌਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਨੌਕਰੀ ਭਾਲਣ ਵਾਲਿਆਂ ਦੀ ਬਜਾਏ ਰੋਜ਼ਗਾਰ ਸਿਰਜਣਹਾਰ ਬਣਨਾ ਚਾਹੀਦਾ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਵਿਦਿਅਕ ਨੀਤੀ - 2020 ਇੱਕ ਦੂਰਅੰਦੇਸ਼ੀ ਦਸਤਾਵੇਜ਼ ਅਤੇ ਇੱਕ ਗੇਮ ਚੇਂਜਰ ਹੈ ਕਿਉਂਕਿ ਇਹ ਕਲਪਨਾ ਕਰਦੀ ਹੈ ਕਿ ਸਿੱਖਿਆ ਨੂੰ ਇੱਕ ਡਿਗਰੀ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਹੈ ਬਲਕਿ ਹੁਨਰਾਂ ਵਿੱਚ ਸੁਧਾਰ ਅਤੇ ਕਦਰਾਂ ਕੀਮਤਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ।

 

ਮਣੀਪੁਰ ਯੂਨੀਵਰਸਿਟੀ ਵਿੱਚ ਉਪ ਰਾਸ਼ਟਰਪਤੀ

 

ਮਣੀਪੁਰ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਵੱਖ-ਵੱਖ ਵਿਚਾਰਾਂ ਨਾਲ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ 'ਡਰ ਨਵੀਨਤਾ ਦਾ ਸਭ ਤੋਂ ਵੱਡਾ ਕਾਤਲ ਹੈ' ਅਤੇ ਉਹ ਚਾਹੁੰਦੇ ਹਨ ਕਿ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਭਾਰਤ ਦੇ ਵਿਕਾਸ ਨੂੰ ਦੇਖ ਰਹੀ ਹੈ, ਜਿਸ ਦੀ ਸਭ ਤੋਂ ਵਧੀਆ ਉਦਾਹਰਣ ਇਸ ਦੇ ਸੰਪੰਨ ਸਟਾਰਟਅੱਪ ਈਕੋਸਿਸਟਮ ਦੁਆਰਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਹੁਣ ਮੌਕਿਆਂ ਦੀ ਧਰਤੀ ਵਜੋਂ ਦੇਖਿਆ ਜਾ ਰਿਹਾ ਹੈ, ਦੁਨੀਆ ਦਾ ਹਰ ਨਿਵੇਸ਼ਕ ਇਸ ਦੇ ਸਮ੍ਰਿੱਧ ਮਾਨਵ ਸੰਸਾਧਨਾਂ ਅਤੇ ਵੱਧਦੀਆਂ ਪਾਰਦਰਸ਼ੀ ਸਰਕਾਰੀ ਪ੍ਰਕਿਰਿਆਵਾਂ ਕਾਰਨ ਭਾਰਤ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਹਮੇਸ਼ਾ ਦੇਸ਼ ਨੂੰ ਪਹਿਲ ਦੇਣ ਅਤੇ ਇਸ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਨ।

 

ਇਨ੍ਹਾਂ ਸਮਾਗਮਾਂ ਵਿੱਚ ਮਣੀਪੁਰ ਦੇ ਰਾਜਪਾਲ ਸੁਸ਼੍ਰੀ ਅਨੁਸੂਈਆ ਉਈਕੇ, ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐੱਨ. ਬੀਰੇਨ ਸਿੰਘ, ਕੇਂਦਰੀ ਵਿਦੇਸ਼ ਅਤੇ ਸਿੱਖਿਆ ਰਾਜ ਮੰਤਰੀ, ਭਾਰਤ ਸਰਕਾਰ, ਡਾ. ਰਾਜਕੁਮਾਰ ਰੰਜਨ ਸਿੰਘ, ਮਣੀਪੁਰ ਦੇ ਸਿੱਖਿਆ ਮੰਤਰੀ ਸ਼੍ਰੀ ਥ. ਬਸੰਤ ਸਿੰਘ, ਧਨਮੰਜੂਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਐੱਨ. ਰਾਜਮੁਹਨ ਸਿੰਘ, ਮਣੀਪੁਰ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਐੱਨ. ਲੋਕੇਂਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

ਉਪ ਰਾਸ਼ਟਰਪਤੀ ਦੇ ਭਾਸ਼ਣ ਦਾ ਪੂਰਾ ਪਾਠ ਹੇਠਾਂ ਦਿੱਤਾ ਗਿਆ ਹੈ-

 

https://pib.gov.in/PressReleasePage.aspx?PRID=1921721

 

 **********

 

ਐੱਮਐੱਸ/ਆਰਕੇ/ਆਰਸੀ



(Release ID: 1921845) Visitor Counter : 73