ਰੱਖਿਆ ਮੰਤਰਾਲਾ
azadi ka amrit mahotsav

ਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਸੰਯੁਕਤ ਸੈਨਿਕ ਯੁੱਧ ਅਭਿਆਸ 'ਅਜੇਯਾ ਵਾਰੀਅਰ-2023' ਦਾ ਸੈਲਿਸਬਰੀ ਮੈਦਾਨ, ਯੂਨਾਈਟਿਡ ਕਿੰਗਡਮ ਵਿਖੇ ਆਯੋਜਨ

Posted On: 27 APR 2023 5:01PM by PIB Chandigarh

ਭਾਰਤ ਅਤੇ ਯੂਨਾਈਟਿਡ ਕਿੰਗਡਮ (ਇੰਗਲੈਂਡ) ਦੇ ਦਰਮਿਆਨ ਸੰਯੁਕਤ ਸੈਨਿਕ ਯੁੱਧ ਅਭਿਆਸ “ਅਜੇਯਾ ਵਾਰੀਅਰ-23” ਦੇ 7ਵੇਂ ਸੰਸਕਰਣ ਦਾ 27 ਅਪ੍ਰੈਲ ਤੋਂ 11 ਮਈ 2023 ਤੱਕ ਸੈਲਿਸਬਰੀ ਮੈਦਾਨ, ਯੂਨਾਈਟਿਡ ਕਿੰਗਡਮ ਵਿਖੇ ਆਯੋਜਨ ਕੀਤਾ ਜਾ ਰਿਹਾ ਹੈ। 'ਯੁੱਧ ਅਭਿਆਸ ਅਜੇਯਾ ਵਾਰੀਅਰ' ਭਾਰਤ ਦਾ ਯੂਨਾਈਟਿਡ ਕਿੰਗਡਮ ਦੇ ਨਾਲ ਇੱਕ ਦੋ-ਸਾਲਾ ਟ੍ਰੇਨਿੰਗ ਪ੍ਰੋਗਰਾਮ ਹੈ, ਜੋ ਕਿ ਯੂਨਾਈਟਿਡ ਕਿੰਗਡਮ ਅਤੇ ਭਾਰਤ ਵਿੱਚ ਬਦਲਵੇਂ ਰੂਪ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਸ ਅਭਿਆਸ ਦਾ ਪਿਛਲਾ ਸੰਸਕਰਣ ਅਕਤੂਬਰ 2021 ਵਿੱਚ ਉੱਤਰਾਖੰਡ ਦੇ ਚੌਬਟੀਆ ਵਿਖੇ ਆਯੋਜਿਤ ਕੀਤਾ ਗਿਆ ਸੀ।

 

ਯੂਨਾਈਟਿਡ ਕਿੰਗਡਮ ਤੋਂ ਦੂਸਰੀ ਰਾਇਲ ਗੋਰਖਾ ਰਾਈਫਲਸ ਦੇ ਸੈਨਿਕ ਅਤੇ ਭਾਰਤੀ ਸੈਨਾ ਦੀ ਬਿਹਾਰ ਰੈਜੀਮੈਂਟ ਦੇ ਸੈਨਿਕ ਇਸ ਸੈਨਿਕ ਅਭਿਆਸ ਵਿੱਚ ਹਿੱਸਾ ਲੈ ਰਹੇ ਹਨ। ਭਾਰਤੀ ਸੈਨਾ ਦੀ ਟੁਕੜੀ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ ਦੁਆਰਾ 26 ਅਪ੍ਰੈਲ 2023 ਨੂੰ ਤੋਂ ਸਵਦੇਸ਼ੀ ਹਥਿਆਰਾਂ ਅਤੇ ਉਪਕਰਣਾਂ ਨਾਲ ਬ੍ਰੀਜ਼ ਨੌਰਟਨ ਪਹੁੰਚੀ ਸੀ। ਇਸ ਯੁੱਧ ਅਭਿਆਸ ਦਾ ਉਦੇਸ਼ ਸਕਾਰਾਤਮਕ ਸੈਨਿਕ ਸਬੰਧਾਂ ਦਾ ਨਿਰਮਾਣ ਕਰਨਾ, ਇੱਕ ਦੂਸਰੇ ਦੀਆਂ ਸਰਬਸ਼੍ਰੇਸ਼ਠ ਪ੍ਰਥਾਵਾਂ ਨੂੰ ਅਪਣਾਉਣਾ ਅਤੇ ਸੰਯੁਕਤ ਰਾਸ਼ਟਰ ਦੇ ਆਦੇਸ਼ਾਂ ਦੇ ਤਹਿਤ ਸ਼ਹਿਰੀ ਅਤੇ ਅਰਧ-ਸ਼ਹਿਰੀ ਵਾਤਾਵਰਣ ਵਿੱਚ ਕੰਪਨੀ-ਪੱਧਰ ਦੇ ਉਪ-ਰਵਾਇਤੀ ਕਾਰਜਾਂ/ਸੰਚਾਲਨਾਂ ਨੂੰ ਕਰਦੇ ਹੋਏ ਇਕੱਠਿਆਂ ਕੰਮ ਕਰਨ ਦੀ ਸਮਰੱਥਾ ਨੂੰ ਹੁਲਾਰਾ ਦੇਣਾ ਹੈ। ਇਸ ਤੋਂ ਇਲਾਵਾ, ਇਹ ਦੋਵੇਂ ਸੈਨਾਵਾਂ ਦਰਮਿਆਨ ਅੰਤਰ-ਕਾਰਜਸ਼ੀਲਤਾ, ਭਾਈਚਾਰੇ ਅਤੇ ਦੋਸਤਾਨਾ ਸਬੰਧਾਂ ਨੂੰ ਵਿਕਸਿਤ ਕਰਨਾ ਵੀ ਹੈ।

 

ਇਸ ਅਭਿਆਸ ਦੇ ਦਾਇਰੇ ਵਿੱਚ ਬਟਾਲੀਅਨ ਪੱਧਰ 'ਤੇ ਕਮਾਂਡ ਪੋਸਟ ਅਭਿਆਸ (ਸੀਪੀਐਕਸ) ਅਤੇ ਕੰਪਨੀ ਪੱਧਰ 'ਤੇ ਖੇਤਰ ਸਿਖਲਾਈ ਅਭਿਆਸ (Field Training Exercise) ਸ਼ਾਮਲ ਹਨ। ਇਸ ਯੁੱਧ ਅਭਿਆਸ ਦੌਰਾਨ, ਪ੍ਰਤੀਭਾਗੀ ਵੱਖ-ਵੱਖ ਸਿਮਯੂਲੇਟਿਡ ਸਥਿਤੀਆਂ ਵਿੱਚ ਆਪਣੇ ਸੰਚਾਲਨ ਕੌਸ਼ਲ ਦਾ ਪ੍ਰੀਖਣ ਕਰਨ ਵਾਲੇ ਵੱਖ-ਵੱਖ ਮਿਸ਼ਨਾਂ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਉਹ ਆਪਣੇ ਰਣਨੀਤਕ ਅਭਿਆਸਾਂ ਦਾ ਪ੍ਰਦਰਸ਼ਨ ਕਰਨਗੇ ਅਤੇ ਇੱਕ ਦੂਸਰੇ ਦੇ ਸੰਚਾਲਨ ਅਨੁਭਵ ਤੋਂ ਜਾਣਕਾਰੀ ਪ੍ਰਾਪਤ ਕਰਨਗੇ।

 

ਯੁੱਧ ਅਭਿਆਸ “ਅਜੇਯਾ ਵਾਰੀਅਰ” ਭਾਰਤੀ ਸੈਨਾ ਅਤੇ ਬ੍ਰਿਟਿਸ਼ ਸੈਨਾ ਦੇ ਦਰਮਿਆਨ  ਰੱਖਿਆ ਸਹਿਯੋਗ ਵਿੱਚ ਇੱਕ ਹੋਰ ਮਹੱਤਵਪੂਰਣ ਉਪਲਬੱਧੀ ਹੈ, ਜੋ ਦੋਨਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਹੁਲਾਰਾ ਦੇਵੇਗਾ।

***********

ਐੱਸਸੀ/ਆਰਐੱਸਆਰ/ਵੀਕੇਟੀ


(Release ID: 1920558) Visitor Counter : 152