ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਐੱਫਐੱਮ ਕਨੈਕਟੀਵਿਟੀ ਨੂੰ ਵਧਾਉਣ ਲਈ 91 ਨਵੇਂ 100ਡਬਲਿਊ ਐੱਫਐੱਮ ਟ੍ਰਾਂਸਮੀਟਰਾਂ ਦਾ ਉਦਘਾਟਨ ਕੀਤਾ


"91 ਐੱਫਐੱਮ ਟ੍ਰਾਂਸਮੀਟਰਾਂ ਦਾ ਉਦਘਾਟਨ ਭਾਰਤ ਵਿੱਚ ਰੇਡੀਓ ਉਦਯੋਗ ਵਿੱਚ ਕ੍ਰਾਂਤੀ ਲਿਆਵੇਗਾ"

"ਰੇਡੀਓ ਅਤੇ ਮਨ ਕੀ ਬਾਤ ਦੇ ਮਾਧਿਅਮ ਨਾਲ ਮੈਂ ਦੇਸ਼ ਦੀ ਤਾਕਤ ਅਤੇ ਦੇਸ਼ ਵਾਸੀਆਂ ਵਿੱਚ ਫਰਜ਼ ਦੀ ਸਮੂਹਿਕ ਸ਼ਕਤੀ ਨਾਲ ਜੁੜ ਸਕਿਆ"

"ਇੱਕ ਤਰ੍ਹਾਂ ਨਾਲ, ਮੈਂ ਤੁਹਾਡੀ ਆਲ ਇੰਡੀਆ ਰੇਡੀਓ ਟੀਮ ਦਾ ਹਿੱਸਾ ਹਾਂ"

"ਜਿਨ੍ਹਾਂ ਨੂੰ ਦੂਰ ਸਮਝਿਆ ਜਾਂਦਾ ਸੀ, ਉਨ੍ਹਾਂ ਨੂੰ ਹੁਣ ਵੱਡੇ ਪੱਧਰ 'ਤੇ ਕਨੈਕਟ ਹੋਣ ਦਾ ਮੌਕਾ ਮਿਲੇਗਾ"

"ਸਰਕਾਰ ਟੈਕਨੋਲੋਜੀ ਦੇ ਲੋਕਤੰਤਰੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ"

"ਡਿਜੀਟਲ ਇੰਡੀਆ ਨੇ ਨਾ ਸਿਰਫ਼ ਰੇਡੀਓ ਨੂੰ ਨਵੇਂ ਸ੍ਰੋਤ ਦਿੱਤੇ ਹਨ, ਸਗੋਂ ਇੱਕ ਨਵੀਂ ਸੋਚ ਪ੍ਰਕਿਰਿਆ ਵੀ ਦਿੱਤੀ ਹੈ"

“ਡੀਟੀਐੱਚ ਹੋਵੇ ਜਾਂ ਐੱਫਐੱਮ ਰੇਡੀਓ, ਇਹ ਸ਼ਕਤੀ ਸਾਨੂੰ ਭਵਿੱਖ ਦੇ ਭਾਰਤ ਵਿੱਚ ਝਾਤ ਮਾਰਨ ਲਈ ਇੱਕ ਖਿੜਕੀ ਦਿੰਦੀ ਹੈ। ਸਾਨੂੰ ਖ਼ੁਦ ਨੂੰ ਇਸ ਭਵਿੱਖ ਲਈ ਤਿਆਰ ਕਰਨਾ ਹੋਵੇਗਾ”

"ਸਾਡੀ ਸਰਕਾਰ ਸੱਭਿਆਚਾਰਕ ਸੰਪਰਕ ਦੇ ਨਾਲ-ਨਾਲ ਬੌਧਿਕ ਸੰਪਰਕ ਨੂੰ ਮਜ਼ਬੂਤ ਕਰ ਰਹੀ ਹੈ"

"ਕਿਸੇ ਵੀ ਰੂਪ ਵਿੱਚ ਕਨੈਕਟੀਵਿਟੀ ਦਾ ਉਦੇਸ਼ ਦੇਸ਼ ਅਤੇ ਇਸ ਦੇ 140 ਕਰੋੜ ਨਾਗਰਿਕਾਂ ਨੂੰ ਜੋੜਨਾ ਚਾਹੀਦਾ ਹੈ"

Posted On: 28 APR 2023 11:37AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 91 ਨਵੇਂ 100 ਡਬਲਿਊ ਐੱਫਐੱਮ ਟ੍ਰਾਂਸਮੀਟਰਾਂ ਦਾ ਉਦਘਾਟਨ ਕੀਤਾ। ਇਨ੍ਹਾਂ ਦੇ ਉਦਘਾਟਨ ਨਾਲ ਦੇਸ਼ ਵਿੱਚ ਰੇਡੀਓ ਕਨੈਕਟੀਵਿਟੀ ਨੂੰ ਹੋਰ ਹੁਲਾਰਾ ਮਿਲੇਗਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਕਈ ਪਦਮ ਪੁਰਸਕਾਰਾਂ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਆਲ ਇੰਡੀਆ ਰੇਡੀਓ ਵੱਲੋਂ ਆਲ ਇੰਡੀਆ ਐੱਫਐੱਮ ਬਣਨ ਦੀ ਦਿਸ਼ਾ ਵਿੱਚ ਐੱਫਐੱਮ ਸੇਵਾਵਾਂ ਦੇ ਵਿਸਤਾਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਆਲ ਇੰਡੀਆ ਰੇਡੀਓ ਵਲੋਂ 91 ਐੱਫਐੱਮ ਟ੍ਰਾਂਸਮੀਟਰਾਂ ਦੀ ਸ਼ੁਰੂਆਤ 85 ਜ਼ਿਲ੍ਹਿਆਂ ਅਤੇ ਦੇਸ਼ ਦੇ 2 ਕਰੋੜ ਲੋਕਾਂ ਲਈ ਇੱਕ ਤੋਹਫੇ ਦੀ ਤਰ੍ਹਾਂ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਹ ਇੱਕ ਤਰ੍ਹਾਂ ਨਾਲ ਭਾਰਤ ਦੀ ਵਿਭਿੰਨਤਾ ਅਤੇ ਰੰਗਾਂ ਦੀ ਝਲਕ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਨਵੇਂ 91 ਐੱਫਐੱਮ ਟਰਾਂਸਮੀਟਰਾਂ ਦੇ ਅਧੀਨ ਆਉਣ ਵਾਲੇ ਜ਼ਿਲ੍ਹੇ ਅਭਿਲਾਸ਼ੀ ਜ਼ਿਲ੍ਹੇ ਅਤੇ ਬਲਾਕ ਹਨ ਅਤੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਉਨ੍ਹਾਂ ਆਲ ਇੰਡੀਆ ਰੇਡੀਓ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਉੱਤਰ-ਪੂਰਬ ਦੇ ਨਾਗਰਿਕਾਂ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਰੇਡੀਓ ਨਾਲ ਆਪਣੀ ਪੀੜ੍ਹੀ ਦੇ ਭਾਵਨਾਤਮਕ ਸਬੰਧ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਆਗਾਮੀ 100ਵੇਂ ਐਪੀਸੋਡ ਦਾ ਜ਼ਿਕਰ ਕਰਦਿਆਂ ਕਿਹਾ, “ਮੇਰੇ ਲਈ, ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਇੱਕ ਹੋਸਟ ਵਜੋਂ ਵੀ ਮੇਰਾ ਰੇਡੀਓ ਨਾਲ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨਾਲ ਇਸ ਤਰ੍ਹਾਂ ਦੀ ਭਾਵਨਾਤਮਕ ਸਾਂਝ ਰੇਡੀਓ ਰਾਹੀਂ ਹੀ ਸੰਭਵ ਹੋ ਸਕੀ ਹੈ। ਇਸ ਰਾਹੀਂ ਮੈਂ ਦੇਸ਼ ਦੀ ਤਾਕਤ ਅਤੇ ਦੇਸ਼ਵਾਸੀਆਂ ਦੇ ਫਰਜ਼ ਦੀ ਸਮੂਹਿਕ ਸ਼ਕਤੀ ਨਾਲ ਜੁੜਿਆ ਰਿਹਾ।” ਉਨ੍ਹਾਂ ਸਵੱਛ ਭਾਰਤ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਹਰ ਘਰ ਤਿਰੰਗਾ ਵਰਗੀਆਂ ਪਹਿਲਕਦਮੀਆਂ ਵਿੱਚ ਪ੍ਰੋਗਰਾਮ ਦੀ ਭੂਮਿਕਾ ਦੀਆਂ ਉਦਾਹਰਣਾਂ ਦੇ ਕੇ ਇਸ ਨੁਕਤੇ 'ਤੇ ਵਿਸਥਾਰ ਨਾਲ ਦੱਸਿਆ, ਜੋ ਮਨ ਕੀ ਬਾਤ ਰਾਹੀਂ ਇੱਕ ਲੋਕ ਲਹਿਰ ਬਣ ਗਈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਲਈ, ਇੱਕ ਤਰ੍ਹਾਂ ਨਾਲ ਮੈਂ ਤੁਹਾਡੀ ਆਲ ਇੰਡੀਆ ਰੇਡੀਓ ਟੀਮ ਦਾ ਹਿੱਸਾ ਹਾਂ”।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ 91 ਐੱਫਐੱਮ ਟ੍ਰਾਂਸਮੀਟਰਾਂ ਦਾ ਉਦਘਾਟਨ ਸਰਕਾਰ ਦੀਆਂ ਨੀਤੀਆਂ ਨੂੰ ਅੱਗੇ ਵਧਾ ਰਿਹਾ ਹੈ, ਜੋ ਉਨ੍ਹਾਂ ਗਰੀਬਾਂ ਨੂੰ ਤਰਜੀਹ ਦਿੰਦੀਆਂ ਹਨ, ਜੋ ਹੁਣ ਤੱਕ ਇਸ ਸਹੂਲਤ ਤੋਂ ਵਾਂਝੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਜਿਨ੍ਹਾਂ ਨੂੰ ਦੂਰ ਸਮਝਿਆ ਜਾਂਦਾ ਸੀ, ਉਨ੍ਹਾਂ ਨੂੰ ਹੁਣ ਵੱਡੇ ਪੱਧਰ ‘ਤੇ ਕਨੈਕਟ ਹੋਣ ਦਾ ਮੌਕਾ ਮਿਲੇਗਾ”। ਐੱਫਐੱਮ ਟਰਾਂਸਮੀਟਰਾਂ ਦੇ ਲਾਭਾਂ ਦੀ ਸੂਚੀ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਮਹੱਤਵਪੂਰਨ ਜਾਣਕਾਰੀ ਨੂੰ ਸਮੇਂ ਸਿਰ ਪਹੁੰਚਾਉਣ, ਸਮਾਜ ਨਿਰਮਾਣ ਦੇ ਯਤਨਾਂ, ਖੇਤੀਬਾੜੀ ਅਭਿਆਸਾਂ ਨਾਲ ਸਬੰਧਤ ਮੌਸਮ ਦੀ ਤਾਜ਼ਾ ਜਾਣਕਾਰੀ, ਕਿਸਾਨਾਂ ਲਈ ਅਨਾਜ ਅਤੇ ਸਬਜ਼ੀਆਂ ਦੀਆਂ ਕੀਮਤਾਂ ਬਾਰੇ ਜਾਣਕਾਰੀ, ਖੇਤੀਬਾੜੀ ਵਿੱਚ ਰਸਾਇਣਾਂ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ, ਖੇਤੀਬਾੜੀ ਲਈ ਉੱਨਤ ਮਸ਼ੀਨਰੀ ਦੀ ਵਰਤੋਂ, ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਨਵੇਂ ਬਾਜ਼ਾਰ ਅਭਿਆਸਾਂ ਬਾਰੇ ਸੂਚਿਤ ਕਰਨਾ ਅਤੇ ਕੁਦਰਤੀ ਆਫ਼ਤ ਦੇ ਸਮੇਂ ਸਮੁੱਚੇ ਭਾਈਚਾਰੇ ਦੀ ਸਹਾਇਤਾ ਕਰਨ ਬਾਰੇ ਚਰਚਾ ਦਾ ਜ਼ਿਕਰ ਕੀਤਾ। । ਉਨ੍ਹਾਂ ਐੱਫਐੱਮ ਦੀ ਇਨਫੋਟੇਨਮੈਂਟ ਵੈਲਿਊ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਟੈਕਨੋਲੋਜੀ ਦੇ ਲੋਕਤੰਤਰੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਹ ਮਹੱਤਵਪੂਰਨ ਹੈ ਕਿ ਜੇਕਰ ਭਾਰਤ ਨੂੰ ਆਪਣੀ ਪੂਰੀ ਸਮਰੱਥਾ ਨਾਲ ਅੱਗੇ ਵਧਣਾ ਹੈ ਤਾਂ ਕਿਸੇ ਵੀ ਭਾਰਤੀ ਨੂੰ ਮੌਕੇ ਦੀ ਕਮੀ ਮਹਿਸੂਸ ਨਹੀਂ ਕਰਨੀ ਚਾਹੀਦੀ।" ਆਧੁਨਿਕ ਟੈਕਨੋਲੋਜੀ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣਾ ਇਸ ਦੀ ਕੁੰਜੀ ਹੈ। ਉਨ੍ਹਾਂ ਨੇ ਸਾਰੇ ਪਿੰਡਾਂ ਲਈ ਆਪਟੀਕਲ ਫਾਈਬਰ ਅਤੇ ਸਸਤੀ ਡਾਟਾ ਲਾਗਤ ਦਾ ਜ਼ਿਕਰ ਕਰਦਿਆਂ ਕਿਹਾ ਕਿਹਾ ਕਿ ਇਸ ਨਾਲ ਜਾਣਕਾਰੀ ਤੱਕ ਪਹੁੰਚ ਆਸਾਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡਾਂ ਵਿੱਚ ਡਿਜੀਟਲ ਉੱਦਮ ਨੂੰ ਨਵਾਂ ਹੁਲਾਰਾ ਮਿਲਿਆ ਹੈ। ਇਸੇ ਤਰ੍ਹਾਂ, ਯੂਪੀਆਈ ਨੇ ਛੋਟੇ ਕਾਰੋਬਾਰਾਂ ਅਤੇ ਰੇਹੜੀ ਵਿਕਰੇਤਾਵਾਂ ਨੂੰ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਮਦਦ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ ਹੋ ਰਹੀ ਤਕਨੀਕੀ ਕ੍ਰਾਂਤੀ ਨੇ ਰੇਡੀਓ ਅਤੇ ਖਾਸ ਕਰਕੇ ਐੱਫਐੱਮ ਨੂੰ ਇੱਕ ਨਵੇਂ ਰੂਪ ਵਿੱਚ ਆਕਾਰ ਦਿੱਤਾ ਹੈ। ਇੰਟਰਨੈੱਟ ਦੇ ਉਭਾਰ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਡੀਓ ਪੌਡਕਾਸਟ ਅਤੇ ਔਨਲਾਈਨ ਐੱਫਐੱਮ ਰਾਹੀਂ ਨਵੇਂ ਤਰੀਕਿਆਂ ਨਾਲ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ"ਡਿਜੀਟਲ ਇੰਡੀਆ ਨੇ ਨਾ ਸਿਰਫ਼ ਰੇਡੀਓ ਨੂੰ ਨਵੇਂ ਸਰੋਤੇ ਦਿੱਤੇ ਹਨ, ਸਗੋਂ ਇੱਕ ਨਵੀਂ ਸੋਚ ਦੀ ਪ੍ਰਕਿਰਿਆ ਵੀ ਦਿੱਤੀ ਹੈ ਅਤੇ ਇਹੀ ਕ੍ਰਾਂਤੀ ਹਰ ਪ੍ਰਸਾਰਣ ਮਾਧਿਅਮ ਵਿੱਚ ਵੇਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਸਭ ਤੋਂ ਵੱਡੇ ਡੀਟੀਐੱਚ ਪਲੇਟਫਾਰਮ, ਡੀਡੀ ਫ੍ਰੀ ਡਿਸ਼ ਦੀਆਂ ਸੇਵਾਵਾਂ 4 ਕਰੋੜ 30 ਲੱਖ ਘਰਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿੱਥੇ ਦੁਨੀਆ ਦੀ ਅਸਲ-ਸਮੇਂ ਦੀ ਜਾਣਕਾਰੀ ਕਰੋੜਾਂ ਪੇਂਡੂ ਘਰਾਂ ਅਤੇ ਸਰਹੱਦ ਨੇੜਲੇ ਖੇਤਰਾਂ ਦੇ ਘਰ-ਘਰ ਤੱਕ ਪਹੁੰਚ ਰਹੀ ਹੈ। ਉਨ੍ਹਾਂ ਇਹ ਵੀ ਰੇਖਾਂਕਿਤ ਕੀਤਾ ਕਿ ਸਿੱਖਿਆ ਅਤੇ ਮਨੋਰੰਜਨ ਸਮਾਜ ਦੇ ਉਨ੍ਹਾਂ ਵਰਗਾਂ ਤੱਕ ਵੀ ਪਹੁੰਚ ਰਿਹਾ ਹੈ, ਜੋ ਦਹਾਕਿਆਂ ਤੋਂ ਵਾਂਝੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, 

"ਇਸਦੇ ਨਤੀਜੇ ਵਜੋਂ ਸਮਾਜ ਦੇ ਵੱਖ-ਵੱਖ ਵਰਗਾਂ ਦਰਮਿਆਨ ਅਸਮਾਨਤਾ ਦੂਰ ਹੋਈ ਹੈ ਅਤੇ ਹਰੇਕ ਨੂੰ ਮਿਆਰੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।" ਉਨ੍ਹਾਂ ਦੱਸਿਆ ਕਿ ਡੀਟੀਐੱਚ ਚੈਨਲਾਂ 'ਤੇ ਵੱਖ-ਵੱਖ ਤਰ੍ਹਾਂ ਦੇ ਸਿੱਖਿਆ ਕੋਰਸ ਉਪਲਬਧ ਹਨ, ਜਿੱਥੇ ਇੱਕ ਤੋਂ ਵੱਧ ਯੂਨੀਵਰਸਿਟੀਆਂ ਦਾ ਗਿਆਨ ਸਿੱਧਾ ਘਰਾਂ ਤੱਕ ਪਹੁੰਚ ਰਿਹਾ ਹੈ। ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਇਹ ਦੇਸ਼ ਦੇ ਕਰੋੜਾਂ ਵਿਦਿਆਰਥੀਆਂ ਲਈ ਖਾਸ ਤੌਰ 'ਤੇ ਕੋਰੋਨਾ ਦੇ ਸਮੇਂ ਦੌਰਾਨ ਬਹੁਤ ਮਦਦਗਾਰ ਰਿਹਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਇਹ ਡੀਟੀਐੱਚ ਹੋਵੇ ਜਾਂ ਐੱਫਐੱਮ ਰੇਡੀਓ, ਇਹ ਸ਼ਕਤੀ ਸਾਨੂੰ ਭਵਿੱਖ ਦੇ ਭਾਰਤ ਵਿੱਚ ਝਾਤ ਮਾਰਨ ਲਈ ਇੱਕ ਖਿੜਕੀ ਦਿੰਦੀ ਹੈ। ਸਾਨੂੰ ਇਸ ਭਵਿੱਖ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੋਵੇਗਾ।" 

ਪ੍ਰਧਾਨ ਮੰਤਰੀ ਨੇ ਭਾਸ਼ਾਈ ਵਿਭਿੰਨਤਾ ਦੇ ਪਹਿਲੂ ਨੂੰ ਛੂਹਿਆ ਅਤੇ ਦੱਸਿਆ ਕਿ ਐੱਫਐੱਮ ਪ੍ਰਸਾਰਣ ਸਾਰੀਆਂ ਭਾਸ਼ਾਵਾਂ ਅਤੇ ਖਾਸ ਕਰਕੇ 27 ਉਪਭਾਸ਼ਾਵਾਂ ਵਾਲੇ ਖੇਤਰਾਂ ਵਿੱਚ ਹੋਵੇਗਾ। ਪ੍ਰਧਾਨ ਮੰਤਰੀ ਨੇ ਭੌਤਿਕ ਸੰਪਰਕ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਮਾਜਿਕ ਸੰਪਰਕ 'ਤੇ ਜ਼ੋਰ ਦਿੰਦੇ ਹੋਏ ਕਿਹਾ, “ਇਹ ਕਨੈਕਟੀਵਿਟੀ ਸਿਰਫ਼ ਸੰਚਾਰ ਸਾਧਨਾਂ ਨੂੰ ਹੀ ਨਹੀਂ ਜੋੜਦੀ ਸਗੋਂ ਲੋਕਾਂ ਨੂੰ ਵੀ ਜੋੜਦੀ ਹੈ। ਇਹ ਇਸ ਸਰਕਾਰ ਦੀ ਕਾਰਜ ਸੰਸਕ੍ਰਿਤੀ ਦਾ ਪ੍ਰਤੀਬਿੰਬ ਹੈ।" ਪ੍ਰਧਾਨ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਸੱਭਿਆਚਾਰਕ ਸੰਪਰਕ ਅਤੇ ਬੌਧਿਕ ਸੰਪਰਕ ਨੂੰ ਵੀ ਮਜ਼ਬੂਤ ਕਰ ਰਹੀ ਹੈ।" ਉਨ੍ਹਾਂ ਨੇ ਅਸਲ ਨਾਇਕਾਂ ਨੂੰ ਸਨਮਾਨਿਤ ਕਰਕੇ ਪਦਮ ਅਤੇ ਹੋਰ ਪੁਰਸਕਾਰਾਂ ਨੂੰ ਸੱਚਮੁੱਚ ਲੋਕ ਪੁਰਸਕਾਰ ਬਣਾਉਣ ਦੀ ਉਦਾਹਰਣ ਦਿੰਦਿਆਂ ਇਸ ਦੀ ਵਿਆਖਿਆ ਕੀਤੀ। ਉਨ੍ਹਾਂ ਅੱਗੇ ਕਿਹਾ, "ਪਹਿਲਾਂ ਦੇ ਉਲਟ ਸਿਫ਼ਾਰਸ਼ਾਂ ਦੀ ਬਜਾਏ, ਹੁਣ ਪਦਮ ਪੁਰਸਕਾਰ ਰਾਸ਼ਟਰ ਅਤੇ ਸਮਾਜ ਦੀ ਸੇਵਾ ਲਈ ਦਿੱਤੇ ਜਾ ਰਹੇ ਹਨ।"

ਇਹ ਨੋਟ ਕਰਦੇ ਹੋਏ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤੀਰਥ ਸਥਾਨਾਂ ਅਤੇ ਧਾਰਮਿਕ ਸਥਾਨਾਂ ਦੇ ਪੁਨਰ ਸੁਰਜੀਤ ਹੋਣ ਤੋਂ ਬਾਅਦ ਟੂਰਿਜ਼ਮ ਨੂੰ ਹੁਲਾਰਾ ਮਿਲਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਰਿਜ਼ਮ ਸਥਾਨਾਂ 'ਤੇ ਆਉਣ ਵਾਲੇ ਲੋਕਾਂ ਦੀ ਵਧਦੀ ਗਿਣਤੀ ਦੇਸ਼ ਵਿੱਚ ਸੱਭਿਆਚਾਰਕ ਸੰਪਰਕ ਵਧਣ ਦਾ ਸਬੂਤ ਹੈ। ਉਨ੍ਹਾਂ ਨੇ ਆਦਿਵਾਸੀ ਆਜ਼ਾਦੀ ਘੁਲਾਟੀਆਂ, ਬਾਬਾ ਸਾਹਿਬ ਅੰਬੇਡਕਰ ਦੇ ਪੰਚਤੀਰਥ, ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਰਾਸ਼ਟਰੀ ਯੁੱਧ ਸਮਾਰਕ ਨਾਲ ਸਬੰਧਤ ਅਜਾਇਬ ਘਰ ਦੀਆਂ ਉਦਾਹਰਣਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨੇ ਦੇਸ਼ ਵਿੱਚ ਬੌਧਿਕ ਅਤੇ ਭਾਵਨਾਤਮਕ ਸੰਪਰਕ ਨੂੰ ਨਵਾਂ ਆਯਾਮ ਦਿੱਤਾ ਹੈ।

ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਲ ਇੰਡੀਆ ਰੇਡੀਓ ਵਰਗੇ ਸਾਰੇ ਸੰਚਾਰ ਚੈਨਲਾਂ ਦੇ ਵਿਜ਼ਨ ਅਤੇ ਮਿਸ਼ਨ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਸੰਪਰਕ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ, ਇਸ ਦਾ ਉਦੇਸ਼ ਦੇਸ਼ ਅਤੇ ਇਸਦੇ 140 ਕਰੋੜ ਨਾਗਰਿਕਾਂ ਨੂੰ ਜੋੜਨਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਾਰੇ ਹਿੱਸੇਦਾਰ ਲਗਾਤਾਰ ਗੱਲਬਾਤ ਰਾਹੀਂ ਦੇਸ਼ ਦੀ ਮਜ਼ਬੂਤੀ ਦੇ ਨਤੀਜੇ ਵਜੋਂ ਇਸ ਵਿਜ਼ਨ ਨੂੰ ਲੈ ਕੇ ਅੱਗੇ ਵਧਦੇ ਰਹਿਣਗੇ।

ਪਿਛੋਕੜ

ਦੇਸ਼ ਵਿੱਚ ਐੱਫਐੱਮ ਕਨੈਕਟੀਵਿਟੀ ਨੂੰ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਵਜੋਂ, 18 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 85 ਜ਼ਿਲ੍ਹਿਆਂ ਵਿੱਚ 91 ਨਵੇਂ 100 ਡਬਲਿਊ ਐੱਫਐੱਮ ਟ੍ਰਾਂਸਮੀਟਰ ਸਥਾਪਤ ਕੀਤੇ ਗਏ ਹਨ। ਇਸ ਵਿਸਥਾਰ ਦਾ ਇੱਕ ਵਿਸ਼ੇਸ਼ ਫੋਕਸ ਅਭਿਲਾਸ਼ੀ ਜ਼ਿਲ੍ਹਿਆਂ ਅਤੇ ਸਰਹੱਦੀ ਖੇਤਰਾਂ ਵਿੱਚ ਕਵਰੇਜ ਵਧਾਉਣ 'ਤੇ ਹੈ। ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਬਿਹਾਰ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਅਸਮ, ਮੇਘਾਲਿਆ, ਨਾਗਾਲੈਂਡ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਆਂਧਰ ਪ੍ਰਦੇਸ਼, ਕੇਰਲ, ਤੇਲੰਗਾਨਾ, ਛੱਤੀਸਗੜ੍ਹ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਲੱਦਾਖ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸ਼ਾਮਲ ਹਨ। ਏਆਈਆਰ ਦੀ ਐੱਫਐੱਮ ਸੇਵਾ ਦੇ ਇਸ ਵਿਸਤਾਰ ਨਾਲ, ਹੁਣ 2 ਕਰੋੜ ਵਾਧੂ ਲੋਕ ਕਵਰ ਕੀਤੇ ਜਾਣਗੇ, ਜਿਨ੍ਹਾਂ ਕੋਲ ਮਾਧਿਅਮ ਤੱਕ ਪਹੁੰਚ ਨਹੀਂ ਸੀ। ਇਸ ਦੇ ਨਤੀਜੇ ਵਜੋਂ ਲਗਭਗ 35,000 ਵਰਗ ਕਿਲੋਮੀਟਰ ਖੇਤਰ ਵਿੱਚ ਕਵਰੇਜ ਦਾ ਵਿਸਥਾਰ ਹੋਵੇਗਾ।

ਪ੍ਰਧਾਨ ਮੰਤਰੀ ਉਸ ਮਹੱਤਵਪੂਰਨ ਭੂਮਿਕਾ ਵਿੱਚ ਪੱਕਾ ਵਿਸ਼ਵਾਸ ਰੱਖਦੇ ਹਨ, ਜੋ ਰੇਡੀਓ ਜਨਤਾ ਤੱਕ ਪਹੁੰਚਣ ਵਿੱਚ ਨਿਭਾਉਂਦਾ ਹੈ। ਵੱਧ ਤੋਂ ਵੱਧ ਸੰਭਾਵਿਤ ਸਰੋਤਿਆਂ ਤੱਕ ਪਹੁੰਚਣ ਲਈ ਮਾਧਿਅਮ ਦੀ ਵਿਲੱਖਣ ਤਾਕਤ ਨੂੰ ਵਰਤਣ ਲਈ, ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਸ਼ੁਰੂ ਕੀਤਾ, ਜੋ ਹੁਣ ਆਪਣੇ 100ਵੇਂ ਐਪੀਸੋਡ ਦੇ ਨਜ਼ਦੀਕ ਹੈ।

***

ਡੀਐੱਸ/ਟੀਐੱਸ 



(Release ID: 1920547) Visitor Counter : 91