ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ 25ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ

Posted On: 24 APR 2023 6:06PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (24 ਅਪ੍ਰੈਲ, 2023) ਹਰਿਆਣਾ ਦੇ ਹਿਸਾਰ ਵਿਖੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ 25ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਸੰਬੋਧਨ ਕੀਤਾ।

ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਸ਼ੁਰੂ ਤੋਂ ਹੀ ਖੇਤੀਬਾੜੀ ਸਿੱਖਿਆ, ਖੋਜ ਅਤੇ ਵਿਸਤਾਰ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਜੇਕਰ ਅੱਜ ਹਰਿਆਣਾ ਕੇਂਦਰੀ ਪੂਲ ਦੇ ਤਹਿਤ ਅਨਾਜ ਭੰਡਾਰ ਵਿੱਚ ਦੂਜਾ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਦੇਸ਼ ਹੈ, ਤਾਂ ਇਸਦਾ ਸਿਹਰਾ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਪੱਖੀ ਨੀਤੀਆਂ, ਐੱਚਏਯੂ ਦੀਆਂ ਤਕਨੀਕੀ ਪਹਿਲਕਦਮੀਆਂ ਅਤੇ ਇਸ ਰਾਜ ਦੇ ਕਿਸਾਨਾਂ ਵਲੋਂ ਨਵੀਨਤਮ ਖੇਤੀਬਾੜੀ ਤਕਨੀਕਾਂ ਨੂੰ ਅਪਣਾਉਣ ਦੀ ਇੱਛਾ ਨੂੰ ਜਾਂਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਵੱਡੀ ਆਬਾਦੀ ਦੇ ਬਾਵਜੂਦ ਅਨਾਜ ਦੀ ਘਾਟ ਵਾਲੇ ਦੇਸ਼ ਤੋਂ ਅਨਾਜ ਬਰਾਮਦ ਕਰਨ ਵਾਲਾ ਦੇਸ਼ ਬਣ ਗਿਆ ਹੈ। ਪਰ ਅੱਜ ਖੇਤੀਬਾੜੀ ਦੇ ਸਾਹਮਣੇ ਬਹੁਤ ਸਾਰੀਆਂ ਚਿੰਤਾਵਾਂ ਹਨ ਜਿਵੇਂ ਕਿ ਵਧਦੀ ਆਬਾਦੀ, ਸੁੰਗੜਦੀ ਖੇਤੀ ਭੂਮੀ, ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣਾ, ਜ਼ਮੀਨ ਦੀ ਉਪਜਾਊ ਸ਼ਕਤੀ ਦਾ ਘਟਣਾ ਅਤੇ ਜਲਵਾਯੂ ਪਰਿਵਰਤਨ, ਜਿਸ ਦੇ ਹੱਲ ਖੇਤੀਬਾੜੀ ਪੇਸ਼ੇਵਰਾਂ ਨੂੰ ਲੱਭਣੇ ਪੈਣਗੇ। ਉਨ੍ਹਾਂ ਨੂੰ ਵਾਤਾਵਰਣ ਅਤੇ ਜੈਵ ਵਿਭਿੰਨਤਾ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਂਦੇ ਹੋਏ, ਸਾਡੀ ਵੱਡੀ ਆਬਾਦੀ ਲਈ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਦੇ ਤਰੀਕੇ ਲੱਭਣੇ ਪੈਣਗੇ। ਇਹ ਖੇਤੀਬਾੜੀ ਪੇਸ਼ੇਵਰਾਂ ਲਈ ਇੱਕ ਚੁਣੌਤੀ ਦੇ ਨਾਲ-ਨਾਲ ਇੱਕ ਮੌਕਾ ਵੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਖੇਤੀ ਲਾਗਤਾਂ ਨੂੰ ਘਟਾਉਣ, ਉਤਪਾਦਕਤਾ ਵਧਾਉਣ, ਖੇਤੀ ਵਾਤਾਵਰਨ ਨੂੰ ਅਨੁਕੂਲ ਬਣਾਉਣ ਅਤੇ ਵੱਧ ਲਾਭਕਾਰੀ ਬਣਾਉਣ ਵਿੱਚ ਟੈਕਨੋਲੋਜੀ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਪਾਣੀ ਖੇਤੀਬਾੜੀ ਦਾ ਇੱਕ ਅਹਿਮ ਹਿੱਸਾ ਹੈ, ਪਰ ਇਹ ਸੀਮਿਤ ਮਾਤਰਾ ਵਿੱਚ ਉਪਲਬਧ ਹੈ। ਇਸ ਲਈ ਖੇਤੀਬਾੜੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ। ਸਿੰਚਾਈ ਵਿੱਚ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ ਹੋਣੀ ਚਾਹੀਦੀ ਹੈ ਤਾਂ ਜੋ ਜਲ ਸਰੋਤਾਂ ਦੀ ਦੁਰਵਰਤੋਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੀ ਟੈਕਨੋਲੋਜੀ ਦੇ ਵਿਕਾਸ ਅਤੇ ਪ੍ਰਸਾਰ ਵਿੱਚ ਐੱਚਏਯੂ ਵਰਗੀਆਂ ਸੰਸਥਾਵਾਂ ਦੀ ਭੂਮਿਕਾ ਮਹੱਤਵਪੂਰਨ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਪ੍ਰਯੋਗਸ਼ਾਲਾਵਾਂ ਵਜੋਂ ਕੰਮ ਕਰਨਾ ਚਾਹੀਦਾ ਹੈ, ਜਿੱਥੋਂ ਗਿਆਨ ਫੈਲਦਾ ਹੈ ਅਤੇ ਸਮੁੱਚੇ ਸਮਾਜ ਨੂੰ ਲਾਭ ਪਹੁੰਚਦਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਐੱਚਏਯੂ ਕਿਸਾਨਾਂ ਵਿੱਚ ਫਸਲ ਉਤਪਾਦਨ ਤਕਨੀਕਾਂ ਦੇ ਪ੍ਰਸਾਰ ਲਈ ਠੋਸ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਦੇਸ਼ ਦੇ ਲੋਕਾਂ ਖਾਸ ਕਰਕੇ ਹਰਿਆਣਾ ਵਾਸੀਆਂ ਦੇ ਵੱਧ ਤੋਂ ਵੱਧ ਲਾਭ ਲਈ ਇਨ੍ਹਾਂ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਖੇਤੀਬਾੜੀ ਇੱਕ ਵੱਡਾ ਸੈਕਟਰ ਹੈ। ਅਨਾਜ, ਫਲ ਅਤੇ ਦੁੱਧ ਉਤਪਾਦਨ, ਪਸ਼ੂ ਪਾਲਣ ਅਤੇ ਮੱਛੀ ਪਾਲਣ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉਦਯੋਗ ਹਨ, ਜੋ ਸਿੱਧੇ ਤੌਰ 'ਤੇ ਖੇਤੀਬਾੜੀ ਨਾਲ ਜੁੜੇ ਹੋਏ ਹਨ। ਭਾਰਤ ਇੱਕ ਸਟਾਰਟ-ਅੱਪ ਹੱਬ ਵਜੋਂ ਉਭਰਿਆ ਹੈ। ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋਸਿਸਟਮ ਭਾਰਤ ਵਿੱਚ ਹੈ। ਖੇਤੀਬਾੜੀ ਸੈਕਟਰ ਬਹੁਤ ਸਾਰੇ ਉਦਯੋਗਾਂ ਨੂੰ ਕੱਚਾ ਮਾਲ ਸਪਲਾਈ ਕਰਦਾ ਹੈ। ਇਸ ਲਈ, ਇਹ ਸੈਕਟਰ ਸਟਾਰਟ-ਅੱਪਸ ਲਈ ਵਧੇਰੇ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ। ਉਨ੍ਹਾਂ ਨੂੰ ਇਹ ਵੀ ਜਾਣ ਕੇ ਖੁਸ਼ੀ ਹੋਈ ਕਿ ਐੱਚਏਯੂ ਨੇ ਨਵਾਚਾਰ, ਟੈਕਨੋਲੋਜੀ ਅਪਗ੍ਰੇਡੇਸ਼ਨ ਅਤੇ ਹੁਨਰ ਵਿਕਾਸ ਰਾਹੀਂ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਇਨਕਿਊਬੇਸ਼ਨ ਸੈਂਟਰ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਵਿਦਿਆਰਥੀ ਇਸ ਸਕਾਰਾਤਮਕ ਮਾਹੌਲ ਦਾ ਲਾਭ ਉਠਾਉਣਗੇ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੇ।

ਰਾਸ਼ਟਰਪਤੀ ਦੇ ਭਾਸ਼ਣ ਨੂੰ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ

****

ਡੀਐੱਸ/ਬੀਐੱਮ


(Release ID: 1919411) Visitor Counter : 121