ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪ੍ਰਧਾਨ ਮੰਤਰੀ ਨੇ ਇੰਫਾਲ, ਮਣੀਪੁਰ ਵਿੱਚ ਆਯੋਜਿਤ ਕੀਤੇ ਜਾ ਰਹੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯੁਵਾ ਮਾਮਲੇ ਅਤੇ ਖੇਡ ਮੰਤਰੀਆਂ ਦੇ ‘ਚਿੰਤਨ ਸ਼ਿਵਿਰ’ ਨੂੰ ਸੰਬੋਧਨ ਕੀਤਾ
ਉੱਤਰ-ਪੂਰਬ ਅਤੇ ਮਣੀਪੁਰ ਨੇ ਦੇਸ਼ ਦੀ ਖੇਡ ਪਰੰਪਰਾ ਨੂੰ ਅੱਗੇ ਲਿਜਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ: ਪ੍ਰਧਾਨ ਮੰਤਰੀ
ਉੱਤਰ-ਪੂਰਬ ਦੇਸ਼ ਦੀ ਸੱਭਿਆਚਾਰਕ ਵਿਵਿਧਤਾ ਵਿੱਚ ਨਵੇਂ ਰੰਗ ਜੋੜਦਾ ਹੈ ਅਤੇ ਦੇਸ਼ ਦੀ ਖੇਡ ਵਿਵਿਧਤਾ ਨੂੰ ਨਵੇਂ ਆਯਾਮ ਪ੍ਰਦਾਨ ਕਰਦਾ ਹੈ: ਪ੍ਰਧਾਨ ਮੰਤਰੀ
ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪੋ-ਆਪਣੇ ਰਾਜਾਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਬਾਰੇ ਖੁੱਲ੍ਹ ਕੇ ਚਰਚਾ ਕਰਨੀ ਚਾਹੀਦੀ ਹੈ: ਸ਼੍ਰੀ ਅਨੁਰਾਗ ਸਿੰਘ ਠਾਕੁਰ
ਨੈਸ਼ਨਲ ਸਪੋਰਟਸ ਯੂਨੀਵਰਸਿਟੀ (ਐੱਨਐੱਸਯੂ) ਦਾ ਕੰਮ ਮੁਕੰਮਲ ਹੋ ਰਿਹਾ ਹੈ ਅਤੇ ਇਹ ਖੇਡਾਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ: ਸ਼੍ਰੀ ਬੀਰੇਨ ਸਿੰਘ
Posted On:
24 APR 2023 5:49PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਫਾਲ, ਮਣੀਪੁਰ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯੁਵਾ ਮਾਮਲਿਆਂ ਅਤੇ ਖੇਡ ਮੰਤਰੀਆਂ ਦੇ 2-ਦਿਨਾਂ ‘ਚਿੰਤਨ ਸ਼ਿਵਿਰ’ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਿਤ ਕੀਤਾ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟਾਈ ਕਿ ਇਸ ਸਾਲ ਮਣੀਪੁਰ ਵਿੱਚ ‘ਚਿੰਤਨ ਸ਼ਿਵਿਰ’ ਹੋ ਰਿਹਾ ਹੈ ਅਤੇ ਉੱਤਰ-ਪੂਰਬ ਦੇ ਕਈ ਖਿਡਾਰੀਆਂ ਨੇ ਦੇਸ਼ ਲਈ ਤਗਮੇ ਜਿੱਤ ਕੇ ਤਿਰੰਗੇ ਦੀ ਸ਼ਾਨ ਨੂੰ ਉੱਚਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਖੇਤਰ ਦੀਆਂ ਸਵਦੇਸ਼ੀ ਖੇਡਾਂ ਜਿਵੇਂ ਕਿ ਸਗੋਲ ਕੰਗਜਈ, ਥਾਂਗ-ਟਾ, ਯੂਬੀ ਲਕਪੀ, ਮੁਕਨਾ ਅਤੇ ਹਿਆਂਗ ਤੰਨਬਾ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਆਪਣੇ ਆਪ ਵਿੱਚ ਬਹੁਤ ਆਕਰਸ਼ਕ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਉੱਤਰ ਪੂਰਬ ਅਤੇ ਮਣੀਪੁਰ ਨੇ ਦੇਸ਼ ਦੀ ਖੇਡ ਪਰੰਪਰਾ ਨੂੰ ਅੱਗੇ ਲਿਜਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।" ਸਵਦੇਸ਼ੀ ਖੇਡਾਂ ਦੀ ਹੋਰ ਵਿਆਖਿਆ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਣੀਪੁਰ ਦੀ ਓ-ਲਵਾਬੀ ਦਾ ਜ਼ਿਕਰ ਕੀਤਾ ਜੋ ਕਿ ਕਬੱਡੀ ਜਿਹੀ ਹੈ, ਹਿਆਂਗ ਤੰਨਬਾ ਕੇਰਲ ਦੀ ਕਿਸ਼ਤੀ ਦੌੜ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਪੋਲੋ ਨਾਲ ਮਣੀਪੁਰ ਦੇ ਇਤਿਹਾਸਕ ਸਬੰਧ ਨੂੰ ਵੀ ਨੋਟ ਕੀਤਾ ਅਤੇ ਕਿਹਾ ਕਿ ਉੱਤਰ-ਪੂਰਬ ਦੇਸ਼ ਦੀ ਸੱਭਿਆਚਾਰਕ ਵਿਵਿਧਤਾ ਵਿੱਚ ਨਵੇਂ ਰੰਗ ਜੋੜਦਾ ਹੈ ਅਤੇ ਦੇਸ਼ ਦੀ ਖੇਡ ਵਿਵਿਧਤਾ ਨੂੰ ਨਵੇਂ ਆਯਾਮ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ‘ਚਿੰਤਨ ਸ਼ਿਵਿਰ’ ਦੇ ਅੰਤ ਵਿੱਚ ਦੇਸ਼ ਭਰ ਦੇ ਖੇਡ ਮੰਤਰੀਆਂ ਨੂੰ ਸਿੱਖਣ ਦਾ ਅਨੁਭਵ ਮਿਲੇਗਾ।

ਪ੍ਰਧਾਨ ਮੰਤਰੀ ਨੇ ਚਿੰਤਨ ਸ਼ਿਵਿਰ 'ਤੇ ਰੌਸ਼ਨੀ ਪਾਉਂਦੇ ਹੋਏ ਟਿੱਪਣੀ ਕੀਤੀ "ਕੋਈ ਵੀ ਚਿੰਤਨ ਸ਼ਿਵਿਰ ਚਿੰਤਨ ਨਾਲ ਸ਼ੁਰੂ ਹੁੰਦਾ ਹੈ, ਚਿੰਤਨ ਨਾਲ ਅੱਗੇ ਵਧਦਾ ਹੈ ਅਤੇ ਲਾਗੂ ਕਰਨ ਨਾਲ ਸਮਾਪਤ ਹੁੰਦਾ ਹੈ।” ਉਨ੍ਹਾਂ ਭਵਿੱਖ ਦੇ ਟੀਚਿਆਂ 'ਤੇ ਚਰਚਾ ਕਰਨ ਅਤੇ ਪਿਛਲੀਆਂ ਕਾਨਫਰੰਸਾਂ ਦੀ ਸਮੀਖਿਆ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। 2022 ਵਿੱਚ ਕੇਵੜੀਆ ਵਿੱਚ ਪਿਛਲੀ ਮੀਟਿੰਗ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਗਈ ਸੀ ਅਤੇ ਖੇਡਾਂ ਦੀ ਬਿਹਤਰੀ ਲਈ ਇੱਕ ਵਾਤਾਵਰਣ ਪ੍ਰਣਾਲੀ ਲਈ ਇੱਕ ਰੋਡ ਮੈਪ ਬਣਾਉਣ ਲਈ ਇੱਕ ਸਹਿਮਤੀ ਬਣੀ ਸੀ। ਪ੍ਰਧਾਨ ਮੰਤਰੀ ਨੇ ਖੇਡਾਂ ਦੇ ਖੇਤਰ ਵਿੱਚ ਕੇਂਦਰ ਅਤੇ ਰਾਜਾਂ ਦਰਮਿਆਨ ਭਾਗੀਦਾਰੀ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਅਤੇ ਚੁੱਕੇ ਗਏ ਕਦਮਾਂ ਨੂੰ ਉਜਾਗਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮੀਖਿਆ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਪੱਧਰ 'ਤੇ ਨਹੀਂ ਬਲਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਪਿਛਲੇ ਸਾਲ ਦੀਆਂ ਖੇਡਾਂ ਦੀਆਂ ਪ੍ਰਾਪਤੀਆਂ 'ਤੇ ਕੀਤੀ ਜਾਣੀ ਚਾਹੀਦੀ ਹੈ।“
ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਪੂਰੇ ਪਾਠ ਲਈ ਇੱਥੇ ਕਲਿੱਕ ਕਰੋ
ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ (ਵਾਈਏਐੱਸ) ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ, ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ, ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐਨ ਬੀਰੇਨ ਸਿੰਘ, ਕੇਂਦਰੀ ਵਾਈਏਐੱਸ ਅਤੇ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ, ਯੁਵਾ ਮਾਮਲਿਆਂ ਦੇ ਸਕੱਤਰ ਮੀਤਾ ਆਰ ਲੋਚਨ ਅਤੇ ਵਾਈਏਐੱਸ ਮੰਤਰਾਲੇ ਦੀ ਸਕੱਤਰ ਖੇਡਾਂ ਸੁਜਾਤਾ ਚਤੁਰਵੇਦੀ ਅਤੇ ਮਣੀਪੁਰ ਦੇ ਮੁੱਖ ਸਕੱਤਰ ਡਾ. ਰਾਜੇਸ਼ ਕੁਮਾਰ ਨੇ ਚਿੰਤਨ ਸ਼ਿਵਿਰ ਦੇ ਉਦਘਾਟਨੀ ਸੈਸ਼ਨ ਦੀ ਹਾਜ਼ਰੀ ਭਰੀ।

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਸਿਰਫ 36 ਲੱਖ ਦੀ ਘੱਟ ਆਬਾਦੀ ਹੋਣ ਦੇ ਬਾਵਜੂਦ ਮਣੀਪੁਰ ਨੇ ਹੋਰ ਵੱਡੇ ਰਾਜਾਂ ਦੇ ਮੁਕਾਬਲੇ ਖੇਡਾਂ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਯੋਗਦਾਨ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜ ਵਿੱਚ ਪਹਿਲੀ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੇ ਵਿਕਾਸ ਲਈ ਮਨਜ਼ੂਰੀ ਦਿੱਤੀ ਸੀ ਅਤੇ ਯੂਨੀਵਰਸਿਟੀ ਦੇ ਵਿਕਾਸ ਲਈ ਲਗਭਗ 900 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਨੇ ਮਣੀਪੁਰ ਦੀਆਂ ਸਵਦੇਸ਼ੀ ਖੇਡਾਂ ਦੀ ਪ੍ਰਸਿੱਧੀ 'ਤੇ ਵੀ ਗੱਲ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਖੇਲੋ ਇੰਡੀਆ ਵਿੱਚ ਬਹੁਤ ਸਾਰੀਆਂ ਸਵਦੇਸ਼ੀ ਖੇਡਾਂ ਨੂੰ ਅਪਣਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪੋ-ਆਪਣੇ ਰਾਜਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਹੋ ਕੇ ਖੁੱਲ੍ਹੀ ਚਰਚਾ ਕਰਨੀ ਚਾਹੀਦੀ ਹੈ।

ਕੇਂਦਰੀ ਮੰਤਰੀ ਨੇ ਰਾਜ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਸਪੱਸ਼ਟ ਤੌਰ 'ਤੇ ਜ਼ਿਕਰ ਕਰਦਿਆਂ ਮਣੀਪੁਰੀ ਖਿਡਾਰੀਆਂ ਦੇ ਖੇਡ ਹੁਨਰ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਹੋਰ ਸੂਬੇ ਹੋਰ ਵੀ ਅਜਿਹੇ ਖਿਡਾਰੀਆਂ ਨੂੰ ਲਿਆਉਣ ਲਈ ਹੋਰ ਉਪਰਾਲੇ ਕਰਨਗੇ ਜੋ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।
ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਅਨੁਰਾਗ ਠਾਕੁਰ ਨੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਭਾਗ ਲੈਣ ਵਾਲੇ ਖੇਡ ਮੰਤਰੀਆਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਤਜ਼ਰਬੇ ਸਾਂਝੇ ਕਰਨ ਅਤੇ ਇਹ ਦਿਖਾਉਣ ਕਿ ਉਨ੍ਹਾਂ ਨੇ ਆਪਣੇ-ਆਪਣੇ ਰਾਜਾਂ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਕਿਹੜੀਆਂ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਦੂਜੇ ਦੇ ਤਜ਼ਰਬਿਆਂ ਤੋਂ ਸਿੱਖਣ ਲਈ ਵੀ ਕਿਹਾ ਅਤੇ ਭਾਰਤ ਨੂੰ ਖੇਡਾਂ ਦੀ ਮਹਾਂਸ਼ਕਤੀ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਬੀਰੇਨ ਸਿੰਘ ਨੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦਾ ਰਾਜ ਦੇ 16 ਜ਼ਿਲ੍ਹਿਆਂ ਵਿੱਚ 32 ਖੇਲੋ ਇੰਡੀਆ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਦੇਣ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਤੀਰਅੰਦਾਜ਼ੀ, ਹਾਕੀ ਅਤੇ ਵੇਟਲਿਫਟਿੰਗ ਦੇ ਤਿੰਨ ਖੇਡ ਵਰਗਾਂ ਵਿੱਚ ਖੇਲੋ ਇੰਡੀਆ ਸਟੇਟ ਸੈਂਟਰ ਆਫ ਐਕਸੀਲੈਂਸ ਵੀ ਬਹੁਤ ਜਲਦੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨੈਸ਼ਨਲ ਸਪੋਰਟਸ ਯੂਨੀਵਰਸਿਟੀ (ਐੱਨਐੱਸਯੂ) ਨੂੰ ਵੀ ਮੁਕੰਮਲ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਕਿਹਾ ਕਿ ਇਹ ਯੂਨੀਵਰਸਿਟੀ ਭਾਰਤ ਵਿੱਚ ਖੇਡਾਂ ਦੇ ਭਵਿੱਖ ਨੂੰ ਉਜਾਗਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਰਾਜ ਵਿੱਚ ਖੇਡ ਸੱਭਿਆਚਾਰ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਦੇ ਰਹੀ ਹੈ।
ਸ਼੍ਰੀ ਐੱਨ. ਬੀਰੇਨ ਨੇ ਅੱਗੇ ਦੱਸਿਆ ਕਿ ਖੁਮਾਣ ਲੈਂਪਕ ਸਪੋਰਟਸ ਕੰਪਲੈਕਸ ਨੂੰ ਪੀਪੀਪੀ ਮੋਡਲ ਰਾਹੀਂ ਅੱਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਬਾਹਰੀ ਸਹਾਇਤਾ ਪ੍ਰਾਪਤ ਪ੍ਰੋਜੈਕਟ ਵੀ ਚੱਲ ਰਹੇ ਹਨ। ਪ੍ਰਾਈਵੇਟ ਭਾਈਵਾਲਾਂ ਦੇ ਸਹਿਯੋਗ ਨਾਲ ਨੌਜਵਾਨ ਉਭਰਦੇ ਐਥਲੀਟਾਂ ਦੀ ਟ੍ਰੇਨਿੰਗ ਵਿੱਚ ਖੇਡ ਵਿਗਿਆਨ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਅਤੇ ਵੀਡੀਓ ਵਿਸ਼ਲੇਸ਼ਣ ਦਾ ਏਕੀਕਰਣ ਸੂਬੇ ਵਿੱਚ ਖੇਡਾਂ ਦੇ ਵਿਕਾਸ ਵਿੱਚ ਮਦਦ ਕਰੇਗਾ।
ਵਾਈਏਐੱਸ ਅਤੇ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਸਭਾ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਦੇਸ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਯੋਜਨਾਵਾਂ ਬਣਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਣੀਪੁਰ ਕਾਨਫਰੰਸ ਦੀ ਮੇਜ਼ਬਾਨੀ ਲਈ ਢੁਕਵਾਂ ਸਥਾਨ ਹੈ ਅਤੇ ਰਾਜਾਂ ਵਿੱਚ ਇੱਕ ਦੂਜੇ ਨੂੰ ਉਤਸ਼ਾਹਿਤ ਕਰਨ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਪ੍ਰੇਰਨਾ ਦਾ ਸਥਾਨ ਵੀ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ, ਖੇਤਰੀ ਦਫਤਰ, ਇੰਫਾਲ ਦੁਆਰਾ ਆਯੋਜਿਤ ਇੱਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ (ਵਾਈਏਐੱਸ) ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੇ ਨਾਲ-ਨਾਲ ਕੇਂਦਰੀ ਰਾਜ ਮੰਤਰੀ ਅਤੇ ਵਾਈਏਐੱਸ ਹੋਮ ਨਿਸਿਥ ਪ੍ਰਮਾਨਿਕ ਨੇ ਕੀਤਾ।ਸਿਟੀ ਕਨਵੈਨਸ਼ਨ ਸੈਂਟਰ, ਇੰਫਾਲ ਵਿਖੇ ਚਿੰਤਨ ਸ਼ਿਵਿਰ ਦੇ ਹਿੱਸੇ ਵਜੋਂ ਇਹ ਫੋਟੋ-ਪ੍ਰਦਰਸ਼ਨੀ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ, ਮਿਸ਼ਨ ਲਾਈਫ, 9 ਸਾਲ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਬਾਰੇ ਸੀ।

ਚਿੰਤਨ ਸ਼ਿਵਿਰ ਦੇ ਟੈਕਨੀਕਲ ਸੈਸ਼ਨਾਂ ਵਿੱਚ ਯੁਵਾ ਪੋਰਟਲ, ਰਾਸ਼ਟਰੀ ਯੁਵਕ ਮੇਲੇ ਦਾ ਪੁਨਰਗਠਨ,
ਖੇਲੋ ਇੰਡੀਆ ਅਤੇ ਭਾਰਤ ਸਰਕਾਰ ਦੀਆਂ ਹੋਰ ਸਕੀਮਾਂ ਬਾਰੇ ਸੰਖੇਪ ਜਾਣਕਾਰੀ, ਖੇਡਾਂ ਦੇ ਖੇਤਰ ਵਿੱਚ ਨਵੀਨਤਾ ਜਿਹੇ ਵਿਸ਼ਿਆਂ 'ਤੇ ਪੇਸ਼ਕਾਰੀ ਅਤੇ ਇੰਟਰਐਕਟਿਵ ਸੈਸ਼ਨਾਂ 'ਤੇ ਚਰਚਾ ਕੀਤੀ ਗਈ।
*********
ਐੱਨਬੀ/ਐੱਸਕੇ
(Release ID: 1919339)
Visitor Counter : 177