ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਵਾਹਾਟੀ, ਅਸਾਮ ਵਿੱਚ 3,400 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ, ਉਦਘਾਟਨ ਅਤੇ ਲੋਕਾਰਪਣ ਕੀਤਾ


ਏਮਸ, ਗੁਵਾਹਾਟੀ ਅਤੇ ਤਿੰਨ ਹੋਰ ਮੈਡੀਕਲ ਕਾਲਜ ਰਾਸ਼ਟਰ ਨੂੰ ਸਮਰਪਿਤ ਕੀਤੇ

‘ਆਪ ਕੇ ਦਵਾਰ ਆਯੁਸ਼ਮਾਨ’ ਅਭਿਯਾਨ ਦੀ ਸ਼ੁਰੂਆਤ ਕੀਤੀ

ਅਸਾਮ ਐਡਵਾਂਸ ਹੈਲਥਕੇਅਰ ਇਨੋਵੇਸ਼ਨ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ

‘‘ਪਿਛਲੇ ਨੌਂ ਵਰ੍ਹਿਆਂ ਵਿੱਚ ਉੱਤਰ-ਪੂਰਬ ਵਿੱਚ ਸਮਾਜਿਕ ਬੁਨਿਆਦੀ ਢਾਂਚੇ ਵਿੱਚ ਬਹੁਤ ਸੁਧਾਰ ਹੋਏ ਹਨ’’

‘‘ਅਸੀਂ ‘ਸੇਵਾ ਭਾਵ’ ਨਾਲ ਲੋਕਾਂ ਲਈ ਕੰਮ ਕਰਦੇ ਹਾਂ ’’

‘‘ਉੱਤਰ –ਪੂਰਬ ਦੇ ਵਿਕਾਸ ਦੁਆਰਾ ਭਾਰਤ ਦੇ ਵਿਕਾਸ ਦੇ ਮੰਤਰ ਨਾਲ ਅਸੀਂ ਅੱਗੇ ਵਧ ਰਹੇ ਹਾਂ’’

‘‘ਸਾਡੀਆਂ ਸਰਕਾਰਾਂ ਦੀ ਨੀਤੀ, ਇਰਾਦੇ ਅਤੇ ਵਚਨਬੱਧਤਾ ਕਿਸੇ ਸਵਾਰਥ ਨਾਲ ਨਹੀਂ ਬਲਕਿ 'ਰਾਸ਼ਟਰ ਪਹਿਲਾਂ - ਦੇਸ਼ਵਾਸੀ ਪਹਿਲਾਂ' ਦੀ ਭਾਵਨਾ ਨਾਲ ਚਲਦੀ ਹੈ’’

“ਜਦੋਂ ਵੰਸ਼ਵਾਦ, ਖੇਤਰਵਾਦ, ਭ੍ਰਿਸ਼ਟਾਚਾਰ ਅਤੇ ਅਸਥਿਰਤਾ ਦੀ ਰਾਜਨੀਤੀ ਹਾਵੀ ਹੋਣ ਲਗਦੀ ਹੈ, ਤਾਂ ਵਿਕਾਸ ਅਸੰਭਵ ਹੋ ਜਾਂਦਾ ਹੈ”

"ਸਾਡੀ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਨਾਲ ਮਹਿਲਾਵਾਂ ਦੀ ਸਿਹਤ ਨੂੰ ਬਹੁਤ ਫਾਇਦਾ ਮਿਲਿਆ ਹੈ"

“ਸਾਡੀ ਸਰਕਾਰ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਦੇ ਸਿਹਤ ਖੇਤਰ ਦਾ ਆਧੁਨਿਕੀਕਰਨ ਕਰ ਰਹੀ ਹੈ”

‘‘ਭਾਰਤ ਦੀ ਸਿਹਤ ਪ੍ਰਣਾਲੀ ਵਿੱਚ ਬਦਲਾਅ ਦਾ ਸਭ ਤੋਂ ਵੱਡਾ ਅਧਾਰ ਹੈ, ਸਬਕਾ ਪ੍ਰਯਾਸ’’


Posted On: 14 APR 2023 2:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਵਾਹਾਟੀ, ਅਸਾਮ ਵਿੱਚ, 3,400 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਾਰਪਣ ਕੀਤਾ। ਪ੍ਰਧਾਨ ਮੰਤਰੀ ਨੇ ਏਮਸ, ਗੁਵਾਹਾਟੀ ਅਤੇ ਤਿੰਨ ਹੋਰ ਮੈਡੀਕਲ ਕਾਲਜਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਅਸਾਮ ਐਡਵਾਂਸ ਹੈਲਥਕੇਅਰ ਇਨੋਵੇਸ਼ਨ ਇੰਸਟੀਟਿਊਟ (ਏਏਐੱਚਆਈਆਈ) ਦੀ ਅਧਾਰਸ਼ਿਲਾ ਰੱਖੀ ਅਤੇ ਲਾਭਪਾਤਰੀਆਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਕਾਰਡ ਵੰਡ ਕੇ ‘ਆਪਕੇ ਦਵਾਰ ਆਯੁਸ਼ਮਾਨ’ ਅਭਿਯਾਨ ਦੀ ਸ਼ੁਰੂਆਤ ਕੀਤੀ।

 

ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੋਂਗਾਲੀ ਬਿਹੂ ਦੇ ਸ਼ੁਭ ਮੌਕੇ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਅਤੇ ਉੱਤਰ-ਪੂਰਬ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਨਵੀਂ ਤਾਕਤ ਮਿਲੀ ਹੈ, ਕਿਉਂਕਿ ਉੱਤਰ -ਪੂਰਬ ਨੂੰ ਆਪਣਾ ਪਹਿਲਾ ਏਮਸ ਮਿਲਿਆ ਹੈ ਅਤੇ ਅਸਾਮ ਰਾਜ ਨੂੰ ਤਿੰਨ ਨਵੇਂ ਮੈਡੀਕਲ ਕਾਲਜ ਮਿਲੇ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਆਈਆਈਟੀ, ਗੁਵਾਹਾਟੀ ਦੇ ਸਹਿਯੋਗ ਨਾਲ ਉੱਨਤ ਖੋਜ ਲਈ 500 ਬੈੱਡਾਂ ਵਾਲੇ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸਾਮ ਦੇ ਲੱਖਾਂ ਨਾਗਰਿਕਾਂ ਨੂੰ ਆਯੁਸ਼ਮਾਨ ਕਾਰਡ ਵੰਡੇ ਜਾਣ ਲਈ ਮਿਸ਼ਨ ਮੋਡ ਵਿੱਚ ਕੰਮ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮੇਘਾਲਿਆ, ਮਣੀਪੁਰ ਅਤੇ ਮਿਜੋਰਮ ਜਿਹੇ ਗੁਆਂਢੀ ਰਾਜਾਂ ਦੇ ਨਾਗਰਿਕ ਵੀ ਅੱਜ ਦੇ ਵਿਕਾਸ ਪ੍ਰੋਜੈਕਟਾਂ ਦਾ ਲਾਭ ਉਠਾਉਣਗੇ। ਪ੍ਰਧਾਨ ਮੰਤਰੀ ਨੇ ਅੱਜ ਦੇ ਪ੍ਰੋਜੈਕਟਾਂ ਲਈ ਸਾਰਿਆਂ ਨੂੰ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਨੇ ਪਿਛਲੇ 8-9 ਵਰ੍ਹਿਆਂ ਵਿੱਚ ਉੱਤਰ -ਪੂਰਬ ਵਿੱਚ ਕਨੈਕਟੀਵਿਟੀ ਵਧਾਉਣ ਦੇ ਪ੍ਰਯਾਸਾਂ ਅਤੇ ਸੜਕ, ਰੇਲ ਅਤੇ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਵਿੱਚ ਸਪਸ਼ੱਟ ਸੁਧਾਰ ਦਾ ਵਰਣਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭੌਤਿਕ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸਮਾਜਿਕ ਬੁਨਿਆਦੀ ਢਾਂਚੇ ਨੂੰ ਵੀ ਇਸ ਖੇਤਰ ਵਿੱਚ ਹੁਲਾਰਾ ਦਿੱਤਾ ਗਿਆ ਹੈ, ਕਿਉਂਕਿ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਦਾ ਬੇਮਿਸਾਲ ਢੰਗ ਨਾਲ ਵਿਸਤਾਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਆਪਣੀ ਪਿਛਲੀ ਯਾਤਰਾ ਦੌਰਾਨ ਕਈ ਮੈਡੀਕਲ ਕਾਲਜ ਰਾਸ਼ਟਰ ਨੂੰ ਸਮਰਪਿਤ ਕੀਤੇ ਸਨ ਅਤੇ ਅੱਜ ਉਨ੍ਹਾਂ ਨੇ ਏਮਸ ਅਤੇ ਤਿੰਨ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਰੇਲ-ਸੜਕ ਸੰਪਰਕ ਵਿੱਚ ਨਿਰੰਤਰ ਸੁਧਾਰ ਨਾਲ ਡਾਕਟਰੀ ਸੁਵਿਧਾਵਾਂ ਅਤੇ ਮਰੀਜਾਂ ਨੂੰ ਮਿਲੇ ਸਮਰਥਨ ਨੂੰ ਵੀ ਰੇਖਾਂਕਿਤ ਕੀਤਾ।

 

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਕ੍ਰੈਡਿਟ ਲੈਣ ਦੀ ਭੁੱਖ ਅਤੇ ਪਿਛਲੀਆਂ ਸਰਕਾਰਾਂ ਦੀ ਜਨਤਾ ‘ਤੇ ਹਾਵੀ ਹੋਣ ਦੀ ਭਾਵਨਾ ਨੇ ਦੇਸ਼ ਨੂੰ ਬੇਸਹਾਰਾ ਬਣਾ ਦਿੱਤਾ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਜਨਤਾ ਰੱਬ ਦਾ ਰੂਪ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉੱਤਰ -ਪੂਰਬ ਪ੍ਰਤੀ ਵਖਰੇਵੇਂ ਦੀ ਭਾਵਨਾ ਪੈਦਾ ਕੀਤੀ ਸੀ ਅਤੇ ਇਸ ਨੂੰ ਮੁੱਖ ਭੂਮੀ ਤੋਂ ਬਹੁਤ ਦੂਰ ਸਮਝਿਆ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲੇਕਿਨ ਮੌਜੂਦਾ ਸਰਕਾਰ, ਸੇਵਾ ਭਾਵ ਨਾਲ ਆਈ ਹੈ, ਜੋ ਉੱਤਰ -ਪੂਰਬ ਨੂੰ ਬਹੁਤ ਸੁਗਮ ਬਣਾਉਂਦੀ ਹੈ ਅਤੇ ਨੇੜਤਾ ਦੀ ਭਾਵਨਾ ਕਦੇ ਖ਼ਤਮ ਨਹੀਂ ਹੁੰਦੀ ਹੈ।

 

ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਉੱਤਰ -ਪੂਰਬ ਦੇ ਲੋਕਾਂ ਨੇ ਆਪਣੀ ਕਿਸਮਤ ਅਤੇ ਵਿਕਾਸ ਦੀ ਕਮਾਂਡ ਸੰਭਾਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਉੱਤਰ -ਪੂਰਬ ਦੇ ਵਿਕਾਸ ਦੁਆਰਾ ਭਾਰਤ ਦਾ ਵਿਕਾਸ, ਦੇ ਮੰਤਰ ਨਾਲ ਅੱਗੇ ਵੱਧ ਰਹੇ ਹਾਂ। ਵਿਕਾਸ ਦੇ ਇਸ ਅਭਿਯਾਨ ਵਿੱਚ ਕੇਂਦਰ ਸਰਕਾਰ ਮਿੱਤਰ ਅਤੇ ਸੇਵਕ ਦੇ ਰੂਪ ਵਿੱਚ ਸਾਥ ਦੇ ਰਹੀ ਹੈ।

 

ਖੇਤਰ ਦੀਆਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਚੁਣੌਤੀਆਂ ਦਾ ਵਰਣਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੰਸ਼ਵਾਦ, ਖੇਤਰਵਾਦ, ਭ੍ਰਿਸ਼ਟਾਚਾਰ ਅਤੇ ਅਸਥਿਰਤਾ ਦੀ ਰਾਜਨੀਤੀ ਹਾਵੀ ਹੋਣ ਲਗਦੀ ਹੈ, ਤਾਂ ਵਿਕਾਸ ਅਸੰਭਵ ਹੋ ਜਾਂਦਾ ਹੈ। ਅਜਿਹਾ ਸਾਡੀ ਸਿਹਤ ਸੇਵਾ ਪ੍ਰਣਾਲੀ ਦੇ ਨਾਲ ਹੋਇਆ। ਉਨ੍ਹਾਂ ਨੇ 50 ਦੇ ਦਹਾਕੇ ਵਿੱਚ ਸਥਾਪਿਤ ਏਮਸ ਦਾ ਉਦਾਹਰਣ ਦੇ ਕੇ ਵਿਸਤਾਰ ਨਾਲ ਦੱਸਿਆ ਕਿ ਦੇਸ਼ ਦੇ ਹੋਰ ਹਿੱਸਿਆਂ ਵਿੱਚ ਏਮਸ ਖੋਲ੍ਹਣ ਲਈ ਕੋਈ ਪ੍ਰਯਾਸ ਨਹੀਂ ਕੀਤਾ ਗਿਆ। ਸ਼੍ਰੀ ਅਟਲ ਬਿਹਾਰੀ ਵਾਜਪਈ ਦੇ ਸਮੇਂ ਪ੍ਰਕ੍ਰਿਆ ਸ਼ੁਰੂ ਹੋਣ ਦੇ ਬਾਵਜੂਦ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਅਦ ਦੇ ਵਰ੍ਹਿਆਂ ਵਿੱਚ ਪ੍ਰਯਾਸ ਨਹੀਂ ਹੋਏ ਅਤੇ ਕੇਵਲ 2014 ਤੋਂ ਬਾਅਦ, ਇਨ੍ਹਾਂ ਮੁੱਦਿਆਂ ਦਾ ਮੌਜੂਦਾ ਸਰਕਾਰ ਦੁਆਰਾ ਹੱਲ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹਾਲ ਦੇ ਵਰ੍ਹਿਆਂ ਵਿੱਚ ਸਰਕਾਰ ਨੇ 15 ਏਮਸ ‘ਤੇ ਕੰਮ ਸ਼ੁਰੂ ਕੀਤਾ ਹੈ, “ਏਮਸ ਗੁਵਾਹਾਟੀ ਵੀ ਇਸ ਗੱਲ ਦਾ ਉਦਾਹਰਣ ਹੈ ਕਿ ਸਾਡੀ ਸਰਕਾਰ ਸਾਰੇ ਸੰਕਲਪਾਂ ਨੂੰ ਪੂਰਾ ਕਰਦੀ ਹੈ।”

 

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਦੇਸ਼ ਵਿੱਚ ਡਾਕਟਰਾਂ ਅਤੇ ਮੈਡੀਕਲ ਕਰਮੀਆਂ ਦੀ ਘਾਟ ਪੈਦਾ ਕੀਤੀ ਅਤੇ ਗੁਣਵੱਤਾਪੂਰਣ ਸਿਹਤ ਸੇਵਾ ਦੇ ਸਾਹਮਣੇ ਇੱਕ ਦੀਵਾਰ ਖੜ੍ਹੀ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ, ਸਰਕਾਰ ਨੇ ਦੇਸ਼ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਅਤੇ ਮੈਡੀਕਲ ਕਰਮੀਆਂ ਨੂੰ ਹੁਲਾਰਾ ਦੇਣ ਲਈ ਵੱਡੇ ਪੈਮਾਣੇ ‘ਤੇ ਕੰਮ ਕੀਤਾ ਹੈ। ਮੈਡੀਕਲ ਬੁਨਿਆਦੀ ਢਾਂਚੇ ਵਿੱਚ ਹੋਏ ਵਿਕਾਸ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ ਦੇ ਦਹਾਕੇ ਦੇ ਕੇਵਲ 150 ਮੈਡੀਕਲ ਕਾਲਜਾਂ ਦੀ ਤੁਲਨਾ ਵਿੱਚ, ਪਿਛਲੇ 9 ਵਰ੍ਹਿਆਂ ਵਿੱਚ ਲਗਭਗ 300 ਮੈਡੀਕਲ ਕਾਲਜਾਂ ਵਿੱਚ ਪੜ੍ਹਾਈ ਅਤੇ ਇਲਾਜ ਕਾਰਜ ਸ਼ੁਰੂ ਹੋ ਗਏ ਹਨ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਐੱਮਬੀਬੀਐੱਸ ਸੀਟਾਂ ਦੀ ਸੰਖਿਆ ਪਿਛਲੇ 9 ਵਰ੍ਹਿਆਂ ਵਿੱਚ ਦੁੱਗਣੀ ਹੋ ਕੇ ਲਗਭਗ ਇੱਕ ਲੱਖ ਹੋ ਗਈ  ਹੈ, ਜਦਕਿ ਪੀਜੀ ਸੀਟਾਂ ਵਿੱਚ 110 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਦੇਸ਼ ਵਿੱਚ ਮੈਡੀਕਲ ਸਿੱਖਿਆ ਦੇ ਵਿਸਤਾਰ ਲਈ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਸਥਾਪਨਾ ਨਾਲ, ਰਾਖਵਾਂਕਰਨ ਵੀ ਸੁਨਿਸ਼ਚਿਤ ਕੀਤਾ ਗਿਆ ਹੈ, ਤਾਕਿ ਪਿਛੜੇ ਪਰਿਵਾਰਾਂ ਦੇ ਨੌਜਵਾਨ ਡਾਕਟਰ ਬਣਨ ਦੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਵਰ੍ਹੇ ਦੇ ਬਜਟ ਵਿੱਚ 150 ਤੋਂ ਵੱਧ ਨਰਸਿੰਗ ਕਾਲਜਾਂ ਦੇ ਨਿਰਮਾਣ ਦਾ ਵੀ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਉੱਤਰ -ਪੂਰਬ ਵਿੱਚ ਸੀਟਾਂ ਦੀ ਸੰਖਿਆ ਦੇ ਨਾਲ-ਨਾਲ ਖੇਤਰ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਵੀ ਪਿਛਲੇ 9 ਵਰ੍ਹਿਆਂ ਵਿੱਚ ਦੁੱਗਣੀ ਹੋ ਗਈ ਹੈ, ਜਦਕਿ ਕਈ ਨਵੇਂ ਸੰਸਥਾਨਾਂ ਲਈ ਕੰਮ ਪ੍ਰਗਤੀ ‘ਤੇ ਹਨ।

 

ਪ੍ਰਧਾਨ ਮੰਤਰੀ ਨੇ ਮੈਡੀਕਲ ਐਂਡ ਹੈਲਥਕੇਅਰ ਦੇ ਖੇਤਰ ਵਿੱਚ ਹੋਏ ਠੋਸ ਕੰਮਾਂ ਦਾ ਕ੍ਰੈਡਿਟ ਕੇਂਦਰ ਵਿੱਚ ਮਜ਼ਬੂਤ ਅਤੇ ਸਥਿਰ ਸਰਕਾਰ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਦੀ ਨੀਤੀ, ਇਰਾਦੇ ਅਤੇ ਵਚਨਬੱਧਤਾ ਸਵਾਰਥ ਨਾਲ ਨਹੀਂ ਬਲਕਿ ‘ਰਾਸ਼ਟਰ ਪਹਿਲਾਂ- ਦੇਸ਼ਵਾਸੀ ਪਹਿਲਾਂ’ ਦੀ ਭਾਵਨਾ ਨਾਲ ਚਲਦੀ ਹੈ’’ ਉਨ੍ਹਾਂ ਨੇ ਕਿਹਾ ਕਿ ਇਸ ਲਈ ਸਰਕਾਰ ਦਾ ਧਿਆਨ ਵੋਟ ਬੈਂਕ ‘ਤੇ ਨਹੀਂ, ਬਲਕਿ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ‘ਤੇ ਹੈ। ਪ੍ਰਧਾਨ ਮੰਤਰੀ ਨੇ ਇੱਕ ਗ਼ਰੀਬ ਪਰਿਵਾਰ ਵਿੱਚ ਮੈਡੀਕਲ ਇਲਾਜ ਲਈ ਵਿੱਤੀ ਸੰਸਾਧਨਾਂ ਦੀ ਕਮੀ ਦੇ ਦਰਦ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਆਯੁਸ਼ਮਾਨ ਯੋਜਨਾ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਇਸੇ ਤਰ੍ਹਾਂ 9000 ਜਨ ਔਸਧੀ ਕੇਂਦਰ ਕਿਫ਼ਾਇਤੀ ਦਵਾਈਆਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਨੇ ਸਟੰਟ ਅਤੇ ਗੋਡਿਆਂ ਨੂੰ ਬਦਲਣ ਦੀ ਕੀਮਤ ਦੀ ਉਪਰਲੀ ਸੀਮਾ ਤੈਅ ਕਰਨ ਅਤੇ ਹਰ ਜ਼ਿਲ੍ਹੇ ਵਿੱਚ ਮੁਫ਼ਤ ਡਾਇਲਸਿਸ ਕੇਂਦਰਾਂ ਦਾ ਵੀ ਜ਼ਿਕਰ ਕੀਤਾ। ਡੇਢ ਲੱਖ (1.5) ਲੱਖ ਤੋਂ ਵੱਧ ਵੈੱਲਨੈੱਸ ਸੈਂਟਰ ਜਲਦੀ ਅਤੇ ਬਿਹਤਰ ਇਲਾਜ ਲਈ ਮਹੱਤਵਪੂਰਣ ਪ੍ਰੀਖਣ ਸੁਵਿਧਾ ਪ੍ਰਦਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ ਦੇਸ਼ ਅਤੇ ਗ਼ਰੀਬਾਂ ਦੀ ਇੱਕ ਪ੍ਰਮੁੱਖ ਮੈਡੀਕਲ ਚੁਣੌਤੀ ਦਾ ਵੀ ਹੱਲ ਕਰ ਰਿਹਾ ਹੈ। ਸਵੱਛਤਾ, ਯੋਗ ਅਤੇ ਆਯੁਰਵੇਦ ਦੁਆਰਾ ਰੋਕਥਾਮ ਸਿਹਤ ਦੇਖਭਾਲ ‘ਤੇ ਧਿਆਨ ਕੇਂਦ੍ਰਿਤ ਕਰਨ ਨਾਲ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਬਿਮਾਰੀਆਂ ਨੂੰ ਰੋਕਿਆ ਜਾ ਸਕੇਗਾ।

 

ਸਰਕਾਰੀ ਯੋਜਨਾਵਾਂ ਦੀਆਂ ਸਫ਼ਲਤਾਵਾਂ ਨੂੰ ਪ੍ਰਤੀਬਿੰਬਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਦਾ ਅਵਸਰ ਪਾ ਕੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਆਯੁਸ਼ਮਾਨ ਭਾਰਤ ਪੀਐੱਮ ਜਨ ਅਰੋਗਯ ਯੋਜਨਾ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹ ਗ਼ਰੀਬਾਂ ਲਈ ਇੱਕ ਸਹਾਇਤਾ ਪ੍ਰਣਾਲੀ ਬਣ ਗਈ ਹੈ, ਜਿਸ ਨਾਲ ਉਨ੍ਹਾਂ ਨੂੰ 80,000 ਕਰੋੜ ਰੁਪਏ ਦੀ ਬਚਤ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਮੱਧ ਵਰਗ ਨੂੰ 20,000 ਕਰੋੜ ਰੁਪਏ ਬਚਾਉਣ ਵਿੱਚ ਸਹਾਇਤਾ ਕਰਨ ਦਾ ਕ੍ਰੈਡਿਟ ਜਨ ਔਸ਼ਧੀ ਕੇਂਦਰਾਂ ਨੂੰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਟੰਟ ਅਤੇ ਗੋਡਿਆਂ ਨੂੰ ਬਦਲਣ ਦੀ ਲਾਗਤ ਵਿੱਚ ਕਮੀ ਕਾਰਨ ਗ਼ਰੀਬ ਅਤੇ ਮੱਧ ਵਰਗ ਨੂੰ ਹਰ ਵਰ੍ਹੇ 13,000 ਕਰੋੜ ਰੁਪਏ ਦੀ ਬਚਤ ਹੋ ਰਹੀ ਹੈ, ਜਦਕਿ ਮੁਫ਼ਤ ਡਾਇਲਸਿਸ ਦੀ ਸੁਵਿਧਾ ਨਾਲ ਗ਼ਰੀਬ ਕਿਡਨੀ ਮਰੀਜ਼ਾਂ ਨੂੰ 500 ਕਰੋੜ ਰੁਪਏ ਬਚਾਉਣ ਵਿੱਚ ਮਦਦ ਮਿਲੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਲਗਭਗ 1 ਕਰੋੜ ਆਯੁਸ਼ਮਾਨ ਭਾਰਤ ਕਾਰਡ ਸੌਪੇ ਜਾਣ ਦਾ ਅਭਿਯਾਨ ਅਸਾਮ ਵਿੱਚ ਵੀ ਸ਼ੁਰੂ ਹੋ ਗਿਆ ਹੈ, ਜੋ ਉਨ੍ਹਾਂ ਨੂੰ ਹੋਰ ਜ਼ਿਆਦਾ ਪੈਸਿਆਂ ਦੀ ਬਚਤ ਕਰਨ ਵਿੱਚ ਸਹਾਇਤਾ ਕਰੇਗਾ।

 

ਪ੍ਰਧਾਨ ਮੰਤਰੀ ਨੇ ਮਹਿਲਾਵਾਂ ਦੀ ਭਲਾਈ ਲਈ ਸਿਹਤ ਸੇਵਾ ਦੇ ਖੇਤਰ ਵਿੱਚ ਕੀਤੇ ਗਏ ਉਪਰਾਲਿਆਂ ਦੇ ਪ੍ਰਭਾਵ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਆਪਣੀ ਸਿਹਤ ‘ਤੇ ਖਰਚ ਕਰਨ ਪ੍ਰਤੀ ਮਹਿਲਾਵਾਂ ਦੀ ਪਰੰਪਰਾਗਤ ਝਿਜਕ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪਖਾਨਿਆਂ ਦੇ ਪ੍ਰਸਾਰ ਨੇ ਉਨ੍ਹਾਂ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਅਤੇ ਉੱਜਵਲਾ ਯੋਜਨਾ ਨੇ ਉਨ੍ਹਾਂ ਨੂੰ ਧੂੰਏਂ ਨਾਲ ਸਬੰਧਿਤ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕੀਤੀ। ਜਲ ਜੀਵਨ ਮਿਸ਼ਨ ਨੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕੀਤੀ ਅਤੇ ਮਿਸ਼ਨ ਇੰਦਰਧਨੁਸ਼ ਨੇ ਗੰਭੀਰ ਬਿਮਾਰੀਆਂ ਲਈ ਮੁਫ਼ਤ ਟੀਕਾਕਰਣ ਨਾਲ ਉਨ੍ਹਾਂ ਨੂੰ ਸੁਰੱਖਿਅਤ ਕੀਤਾ। ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਅਤੇ ਰਾਸ਼ਟਰੀ ਪੋਸ਼ਣ ਅਭਿਯਾਨ ਨੇ ਮਹਿਲਾਵਾਂ ਦੇ ਸਿਹਤ ਸੰਕੇਤਕਾਂ ਵਿੱਚ ਸੁਧਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦ ਸਰਕਾਰ ਸੰਵੇਦਨਸ਼ੀਲ ਹੁੰਦੀ ਹੈ ਅਤੇ ਗ਼ਰੀਬਾਂ ਪ੍ਰਤੀ ਸੇਵਾ ਦੀ ਭਾਵਨਾ ਹੁੰਦੀ ਹੈ, ਤਾਂ ਅਜਿਹੇ ਕੰਮ ਹੁੰਦੇ ਹਨ।

 

ਸ਼੍ਰੀ ਮੋਦੀ ਨੇ ਕਿਹਾ, “ਸਾਡੀ ਸਰਕਾਰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਭਾਰਤ ਦੇ ਸਿਹਤ ਖੇਤਰ ਦਾ ਵੀ ਆਧੁਨਿਕੀਕਰਨ ਕਰ ਰਹੀ ਹੈ।” ਉਨ੍ਹਾਂ ਨੇ ਆਯੁਸ਼ਮਾਨ ਭਾਰਤ ਡਿਜੀਟਲ ਸਿਹਤ ਅਭਿਯਾਨ ਅਤੇ ਡਿਜੀਟਲ ਸਿਹਤ ਆਈਡੀ ਦਾ ਵਰਣਨ ਕੀਤਾ, ਜੋ ਇੱਕ ਕਲਿੱਕ ਨਾਲ ਨਾਗਰਿਕਾਂ ਦੇ ਸਿਹਤ ਰਿਕਾਰਡ ਬਣਾਏਗਾ ਅਤੇ ਹਸਪਤਾਲ ਦੀਆਂ ਸੇਵਾਵਾਂ ਵਿੱਚ ਸੁਧਾਰ ਕਰੇਗਾ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਹੁਣ ਤੱਕ 38 ਕਰੋੜ ਸਿਹਤ ਆਈਡੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ 2 ਲੱਖ ਤੋਂ ਵੱਧ ਸਿਹਤ ਸੁਵਿਧਾਵਾਂ ਅਤੇ 1.5 ਲੱਖ ਸਿਹਤ ਕਰਮੀਆਂ ਦੀ ਤਸਦੀਕ/(ਵੈਰੀਫਾਈ ਕੀਤੇ) ਕੀਤੀ ਜਾ ਚੁੱਕੀ ਹੈ। ਈ-ਸੰਜੀਵਨੀ ਦੀ ਵਧਦੀ ਲੋਕਪ੍ਰਿਯਤਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਯੋਜਨਾ ਦੇ ਜ਼ਰੀਏ 10 ਕਰੋੜ ਈ-ਕੰਸਲਟੇਸ਼ਨ ਪੂਰਾ ਕਰਨ ਦੀ ਉਪਲਬਧੀ ਦਾ ਜ਼ਿਕਰ ਕੀਤਾ। 

 

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੀ ਸਿਹਤ ਸੇਵਾ ਪ੍ਰਣਾਲੀ ਵਿੱਚ ਬਦਲਾਅ ਦਾ ਸਭ ਤੋਂ ਵੱਡਾ ਅਧਾਰ ਹੈ, ਸਬਕਾ ਪ੍ਰਯਾਸ।” ਉਨ੍ਹਾਂ ਨੇ ਕੋਰੋਨਾ ਵਾਇਰਸ ਸੰਕਟ ਦੌਰਾਨ ਸਬਕਾ ਪ੍ਰਯਾਸ ਦੀ ਭਾਵਨਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ, ਸਭ ਤੋਂ ਤੇਜ਼ ਅਤੇ ਸਭ ਨਾਲੋਂ ਪ੍ਰਭਾਵੀ ਕੋਵਿਡ ਟੀਕਾਕਰਣ ਅਭਿਯਾਨ ਦੀ ਪੂਰੀ ਦੁਨੀਆ ਪ੍ਰਸ਼ੰਸਾ ਕਰ ਰਹੀ ਹੈ। ਉਨ੍ਹਾਂ ਨੇ ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਪ੍ਰਾਥਮਿਕ ਸਿਹਤ ਵਰਕਰਾਂ ਅਤੇ ਫਾਰਮਾਸਿਊਟੀਕਲ ਖੇਤਰ ਦੇ ਯੋਗਦਾਨ ਦਾ ਵਰਣਨ ਕੀਤਾ, ਜਿਸ ਕਾਰਨ ਮੇਡ ਇਨ ਇੰਡੀਆ ਟੀਕਿਆਂ ਨੂੰ ਬਹੁਤ ਘੱਟ ਸਮੇਂ ਵਿੱਚ ਦੂਰ-ਦੁਰਾਡੇ ਸਥਾਨਾਂ ਤੱਕ ਪਹੁੰਚਾਉਣ ਵਿੱਚ ਸਫ਼ਲਤਾ ਮਿਲੀ। ਪ੍ਰਧਾਨ ਮੰਤਰੀ ਨੇ ਕਿਹਾ, “ਇਤਨਾ ਬੜਾ ਮਹਾਯਗ ਤਦ ਹੀ ਸਫ਼ਲ ਹੁੰਦਾ ਹੈ, ਜਦ ਸਬਕਾ ਪ੍ਰਯਾਸ ਅਤੇ ਸਬਕਾ ਵਿਸ਼ਵਾਸ ਹੋਵੇ।” ਉਨ੍ਹਾਂ ਨੇ ਸਬਕਾ ਪ੍ਰਯਾਸ ਦੀ ਭਾਵਨਾ ਦੇ ਨਾਲ ਅੱਗੇ ਵਧਣ ਅਤੇ ਸਵਸਥ ਭਾਰਤ, ਸਮ੍ਰਿੱਧ ਭਾਰਤ ਦੇ ਮਿਸ਼ਨ ਨੂੰ ਨਵੀਆਂ ਉੱਚਾਈਆਂ ‘ਤੇ ਲੈ ਜਾਉਣ ਦੀ ਸਾਰਿਆਂ ਨੂੰ ਤਾਕੀਦ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।

 

ਅਸਾਮ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ, ਅਸਾਮ ਦੇ ਮੁੱਖਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮੰਡਾਵੀਆ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪਵਾਰ, ਅਸਾਮ ਸਰਕਾਰ ਦੇ ਮੰਤਰੀ ਅਤੇ ਹੋਰ ਇਸ ਮੌਕੇ ‘ਤੇ ਮੌਜੂਦ ਸਨ। 

 

ਪਿਛੋਕੜ 

ਏਮਸ, ਗੁਵਾਹਾਟੀ ਦੀ ਸ਼ੁਰੂਆਤ, ਅਸਾਮ ਰਾਜ ਅਤੇ ਪੂਰੇ ਉੱਤਰ -ਪੂਰਬੀ ਖੇਤਰ ਲਈ ਇੱਕ ਮਹਤੱਵਪੂਰਣ ਮੌਕਾ ਹੈ। ਇਹ ਦੇਸ਼ ਭਰ ਵਿੱਚ ਸਿਹਤ—ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਪ੍ਰਧਾਨ ਮੰਤਰੀ  ਦੀ ਪ੍ਰਤੀਬੱਧਤਾ ਦਾ ਵੀ ਪ੍ਰਮਾਣ ਹੈ। ਮਈ 2017 ਵਿੱਚ ਇਸ ਹਸਪਤਾਲ  ਦੀ ਅਧਾਰਸ਼ਿਲਾ ਵੀ ਪ੍ਰਧਾਨ ਮੰਤਰੀ ਨੇ ਰੱਖੀ ਸੀ। 1120 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਏਮਸ ਗੁਵਾਹਾਟੀ, 30 ਆਯੁਸ਼ ਬੈੱਡਾਂ ਸਹਿਤ 750 ਬੈੱਡਾਂ ਦੀ ਸਮਰੱਥਾ ਵਾਲਾ ਇੱਕ ਅਤਿਆਧੁਨਿਕ ਹਸਪਤਾਲ ਹੈ। ਇਸ ਹਸਪਤਾਲ ਨਾਲ ਉੱਤਰ -ਪੂਰਬ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੁਵਿਧਾਵਾਂ ਮਿਲਣਗੀਆਂ ਅਤੇ ਹਰ ਵਰ੍ਹੇ 100 ਐੱਮਬੀਬੀਐੱਸ ਵਿਦਿਆਰਥੀਆਂ ਨੂੰ ਸਲਾਨਾ ਤੌਰ ‘ਤੇ ਦਾਖਲਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਤਿੰਨ ਮੈਡੀਕਲ ਕਾਲਜ ਭਾਵ ਨਲਬਾੜੀ ਮੈਡੀਕਲ ਕਾਲਜ, ਨਲਬਾੜੀ; ਨਯਾਗਾਂਵ ਮੈਡੀਕਲ ਕਾਲਜ, ਨਾਗਾਂਵ ਅਤੇ ਕੋਕਰਾਝਾਰ ਮੈਡੀਕਲ ਕਾਲਜ, ਕੋਕਰਾਝਾਰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਨ੍ਹਾਂ ਨੂੰ ਲੜੀਵਾਰ ਲਗਭਗ 615 ਕਰੋੜ ਰੁਪਏ, 600 ਕਰੋੜ ਰੁਪਏ ਅਤੇ 535 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਹਰੇਕ ਮੈਡੀਕਲ ਕਾਲਜ ਵਿੱਚ 500 ਬੈੱਡਾਂ ਵਾਲਾ ਟੀਚਿੰਗ ਹਸਪਤਾਲ ਜੁੜਿਆ ਹੋਇਆ ਹੈ, ਜਿਨ੍ਹਾਂ ਵਿੱਚ ਐਮਰਜੈਂਸੀ ਸੇਵਾਵਾਂ, ਆਈਸੀਯੂ ਸੁਵਿਧਾਵਾਂ, ਓਟੀ ਅਤੇ ਡਾਇਗਨੌਸਟਿਕ ਸੁਵਿਧਾਵਾਂ ਸਹਿਤ  ਓਪੀਡੀ/ਆਈਪੀਡੀ ਸੇਵਾਵਾਂ ਦੀ ਸੁਵਿਧਾ ਹੈ। ਹਰੇਕ ਮੈਡੀਕਲ ਕਾਲਜ ਦੀ ਸਲਾਨਾ ਦਾਖਲਾ ਸਮਰੱਥਾ 100 ਐੱਮਬੀਬੀਐੱਸ ਵਿਦਿਆਰਥੀਆਂ ਦੀ ਹੋਵੇਗੀ।

 

ਪ੍ਰਧਾਨ ਮੰਤਰੀ ਦੁਆਰਾ ‘ਆਪ ਕੇ ਦਵਾਰ ਆਯੁਸ਼ਮਾਨ’ ਅਭਿਯਾਨ ਦੀ ਰਸਮੀ ਸ਼ੁਰੂਆਤ, ਭਲਾਈ ਯੋਜਨਾਵਾਂ ਦੇ ਸੰਦਰਭ ਵਿੱਚ 100 ਪ੍ਰਤੀਸ਼ਤ ਦੀ ਪੂਰਣਤਾ ਸੁਨਿਸ਼ਚਿਤ ਕਰਨ ਲਈ ਹਰੇਕ ਲਾਪਾਤਰੀ ਤੱਕ ਪਹੁੰਚਾਉਣ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਪ੍ਰਧਾਨ ਮੰਤਰੀ ਨੇ ਤਿੰਨ ਪ੍ਰਤੀਨਿਧੀ ਲਾਭਪਾਤਰੀਆਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਕਾਰਡ ਵੀ ਵੰਡੇ ਗਏ, ਜਿਸ ਤੋਂ ਬਾਅਦ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਗਭਗ 1.1 ਕਰੋੜ ਏਬੀ-ਪੀਐੱਮਜੇਏਵਾਈ ਕਾਰਡ ਵੰਡੇ ਜਾਣਗੇ। 

 

ਅਸਾਮ ਐਡਵਾਂਸ ਹੈਲਥਕੇਅਰ ਇਨੋਵੇਸ਼ਨ ਇੰਸਟੀਟਿਊਟ (ਏਏਐੱਚਆਈਆਈ) ਦੀ ਅਧਾਰਸ਼ਿਲਾ, ਸਿਹਤ ਸਬੰਧੀ ਖੇਤਰਾਂ ਵਿੱਚ ਪ੍ਰਧਾਨ ਮੰਤਰੀ ਦੇ ‘ਆਤਮਨਿਰਭਰ ਭਾਰਤ’ ਅਤੇ ਮੇਕ ਇਨ ਇੰਡੀਆ’ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਦੇਸ਼ ਵਿੱਚ ਸਿਹਤ ਸੇਵਾ ਵਿੱਚ ਉਪਯੋਗ ਕੀਤੀ ਜਾਣ ਵਾਲੀ ਜ਼ਿਆਦਾਤਰ ਟੈਕਨੋਲੋਜੀਆਂ ਆਯਾਤ ਅਤੇ ਇੱਕ ਵੱਖਰੇ ਸੰਦਰਭ ਵਿੱਚ ਵਿਕਸਿਤ ਕੀਤੀਆਂ ਜਾਂਦੀਆਂ ਹਨ, ਜੋ ਕਿ ਭਾਰਤੀ ਵਾਤਾਵਰਣ ਵਿੱਚ ਸੰਚਾਲਨ ਲਈ ਬਹੁਤ ਜ਼ਿਆਦਾ ਮਹਿੰਗੀਆਂ ਅਤੇ ਜਟਿਲ ਹੁੰਦੀਆਂ ਹਨ। ਏਏਐੱਚਆਈਆਈ ਦੀ ਪਰਿਕਲਪਨਾ ਉਪਰੋਕਤ ਸੰਦਰਭ ਵਿੱਚ ਕੀਤੀ ਗਈ  ਹੈ ਅਤੇ ਇਹ ਇਸ ਤਰ੍ਹਾ ਕੰਮ ਕਰੇਗਾ ਕਿ ‘ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਖੁਦ ਲੱਭ ਲਈਏ।’ ਏਏਐੱਚਆਈਆਈ ਨੂੰ ਲਗਭਗ 546 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤੇ ਇਹ ਦਵਾਈ ਅਤੇ ਸਿਹਤ ਸੇਵਾ ਖੇਤਰ ਵਿੱਚ ਅਤਿਆਧੁਨਿਕ ਕਾਢਾਂ ਅਤੇ ਖੋਜ਼ ਤੇ ਵਿਕਾਸ ਦੀਆਂ ਸੁਵਿਧਾਵਾਂ ਪ੍ਰਦਾਨ ਕਰੇਗਾ, ਸਿਹਤ ਨਾਲ ਸਬੰਧਿਤ ਦੇਸ਼ ਦੀਆਂ ਸਮੱਸਿਆਵਾਂ ਦੀ ਪਹਿਚਾਣ ਕਰੇਗਾ ਅਤੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਨਵੀਆਂ ਤਕਨੀਕਾਂ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ।

 

 

*************

 

ਡੀਐੱਸ/ਟੀਐੱਸ



(Release ID: 1917683) Visitor Counter : 104