ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਮਹਿਲਾ ਅਤੇ ਬਾਲ ਵਿਕਾਸ (ਡਬਲਿਊਸੀਡੀ) ਮੰਤਰਾਲੇ ਦੀ ਦੂਜੀ ਜੀ20 ਐੱਮਪਾਵਰ ਬੈਠਕ ਵਿੱਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਤੇਜ਼ ਕਰਨ ਲਈ ਕਾਰਵਾਈਆਂ ਦੀ ਪਛਾਣ ਕੀਤੀ ਗਈ


ਡੈਲੀਗੇਟਾਂ ਦੁਆਰਾ ਪ੍ਰਸਤਾਵਿਤ ਨਤੀਜਿਆਂ ਵਿੱਚ ਭਾਰਤੀ ਪ੍ਰੈਜ਼ੀਡੈਂਸੀ ਦੇ ਅਧੀਨ ਜੀ20 ਐੱਮਪਾਵਰ ਦੇ ਤਿੰਨੋਂ ਥੀਮ ਸ਼ਾਮਲ ਸਨ - ਔਰਤਾਂ ਦੀ ਉੱਦਮਤਾ: ਇਕੁਇਟੀ ਅਤੇ ਆਰਥਿਕਤਾ ਦੋਵਾਂ ਲਈ ਇੱਕ ਜਿੱਤ ਦੀ ਸਥਿਤੀ, ਸਿੱਖਿਆ: ਔਰਤਾਂ ਦੇ ਸਸ਼ਕਤੀਕਰਨ ਲਈ ਇੱਕ ਗੇਮ ਚੇਂਜਰ ਪਥ, ਅਤੇ ਜ਼ਮੀਨੀ ਪੱਧਰ ਸਮੇਤ ਹਰ ਪੱਧਰ 'ਤੇ ਔਰਤਾਂ ਦੀ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ ਇੱਕ ਭਾਈਵਾਲੀ ਬਣਾਉਣਾ

ਜੀ20 ਐੱਮਪਾਵਰ ਪ੍ਰਸਤਾਵ ਇੱਕ ਅਜਿਹੀ ਦੁਨੀਆਂ ਦੀ ਸਿਰਜਣਾ ਵਿੱਚ ਤੇਜ਼ੀ ਲਿਆਉਣਗੇ ਜਿੱਥੇ ਔਰਤਾਂ ਕੋਲ ਲੋੜੀਂਦੇ ਹੁਨਰ, ਸੰਸਾਧਨਾਂ ਤੱਕ ਪਹੁੰਚ, ਸਹਾਇਕ ਬੁਨਿਆਦੀ ਢਾਂਚਾ ਅਤੇ ਵਾਤਾਵਰਣ, ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵੱਲ ਇੱਕ ਪਰਿਵਰਤਨਸ਼ੀਲ ਤਬਦੀਲੀ ਲਈ ਸਲਾਹਕਾਰ ਹੋਵੇ

ਦੂਜੀ ਜੀ20 ਐੱਮਪਾਵਰ ਮੀਟਿੰਗ 5 - 6 ਅਪ੍ਰੈਲ 2023 ਨੂੰ ਤਿਰੂਵਨੰਤਪੁਰਮ, ਕੇਰਲ ਵਿੱਚ ਹੋਈ

Posted On: 13 APR 2023 1:01PM by PIB Chandigarh

ਦੂਜੀ ਜੀ20 ਐੱਮਪਾਵਰ (G20 EMPOWER) ਬੈਠਕ 5 ਅਤੇ 6 ਅਪ੍ਰੈਲ 2023 ਨੂੰ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਹੋਈ। ਇਹ ਬੈਠਕ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਲਈ ਕਾਰਵਾਈਆਂ ਲਈ ਇੱਕ ਜੀ20 ਭਾਈਵਾਲੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਸੀ। ਇਸ ਵਿੱਚ 8 ਜੀ20 ਦੇਸ਼ਾਂ (ਮੈਕਸੀਕੋ, ਸਾਊਦੀ ਅਰਬ, ਅਮਰੀਕਾ, ਜਾਪਾਨ, ਦੱਖਣੀ ਅਫਰੀਕਾ, ਤੁਰਕੀ, ਇਟਲੀ ਅਤੇ ਫਰਾਂਸ) ਦੇ 18 ਭਾਗੀਦਾਰਾਂ, 6 ਸੱਦਾ-ਪੱਤਰ ਵਾਲੇ ਦੇਸ਼ਾਂ (ਬੰਗਲਾਦੇਸ਼, ਓਮਾਨ, ਸਪੇਨ, ਯੂਈਏ (UEA), ਨੀਦਰਲੈਂਡ ਅਤੇ ਨਾਈਜੀਰੀਆ) ਦੇ 9 ਭਾਗੀਦਾਰਾਂ ਅਤੇ 6 ਅੰਤਰਰਾਸ਼ਟਰੀ ਸੰਸਥਾਵਾਂ (ਯੂਐੱਨ ਵੂਮੈਨ, ਵਿਸ਼ਵ ਬੈਂਕ, ਆਈਐੱਮਐੱਫ, ਯੂਨੀਸੇਫ, ਵਿਸ਼ਵ ਵਪਾਰ ਸੰਗਠਨ ਅਤੇ ਆਈਐੱਲਓ) ਦੇ 9 ਭਾਗੀਦਾਰਾਂ ਦੀ ਸਰਗਰਮ ਭਾਗੀਦਾਰੀ ਸ਼ਾਮਲ ਸੀ।  

 

ਡੈਲੀਗੇਟਾਂ ਦੁਆਰਾ ਪ੍ਰਸਤਾਵਿਤ ਉਦੇਸ਼ਿਤ ਨਤੀਜਿਆਂ ਵਿੱਚ ਭਾਰਤੀ ਪ੍ਰੈਜ਼ੀਡੈਂਸੀ ਦੇ ਅਧੀਨ ਜੀ20 ਐੱਮਪਾਵਰ ਦੇ ਤਿੰਨੋਂ ਥੀਮ ਸ਼ਾਮਲ ਸਨ - ਔਰਤਾਂ ਦੀ ਉੱਦਮਤਾ: ਇਕੁਇਟੀ ਅਤੇ ਆਰਥਿਕਤਾ ਦੋਵਾਂ ਲਈ ਇੱਕ ਜਿੱਤ ਵਾਲੀ ਸਥਿਤੀ, ਸਿੱਖਿਆ: ਔਰਤਾਂ ਦੇ ਸਸ਼ਕਤੀਕਰਨ ਲਈ ਇੱਕ ਗੇਮ ਚੇਂਜਰ ਮਾਰਗ, ਅਤੇ ਜ਼ਮੀਨੀ ਪੱਧਰ ਸਮੇਤ ਸਾਰੇ ਪੱਧਰਾਂ 'ਤੇ ਔਰਤਾਂ ਦੀ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ ਇੱਕ ਭਾਈਵਾਲੀ ਬਣਾਉਣਾ। ਇਨ੍ਹਾਂ ਸਭ ਦੇ ਪਿੱਛੇ ਡਿਜੀਟਲ ਟੈਕਨੋਲੋਜੀ ਦੀ ਤਾਕਤ ਰਹੀ ਹੈ।

 

ਇਹ ਦੂਜੀ ਜੀ20 ਐੱਮਪਾਵਰ ਮੀਟਿੰਗ 11 ਅਤੇ 12 ਫਰਵਰੀ 2023 ਨੂੰ ਹੋਈ ਪਹਿਲੀ ਬੈਠਕ ਤੋਂ ਬਾਅਦ ਹੋਈ, ਜਿੱਥੇ ਵਿੱਤੀ ਸਮਾਵੇਸ਼ ਅਤੇ ਵਪਾਰ ਪ੍ਰਵੇਗ, ਮੈਂਟਰਸ਼ਿਪ, ਸਟੈੱਮ (STEM), ਕਾਰਪੋਰੇਟ ਮਹਿਲਾ ਸਸ਼ਕਤੀਕਰਨ ਅਤੇ ਡਿਜੀਟਲ ਸ਼ਮੂਲੀਅਤ 'ਤੇ ਵਿਚਾਰ ਕਰਨ ਲਈ ਪੰਜ ਕਾਰਜ ਸਮੂਹ ਬਣਾਏ ਗਏ ਸਨ। ਜੀ20 ਐੱਮਪਾਵਰ ਸਰਕਾਰ ਅਤੇ ਪ੍ਰਾਈਵੇਟ ਸੈਕਟਰ ਦੇ ਦਰਮਿਆਨ ਇੱਕ ਸਾਂਝੇਦਾਰੀ ਹੋਣ ਦੇ ਨਾਲ, ਕਾਰਜ ਸਮੂਹਾਂ ਨੇ ਪ੍ਰਾਈਵੇਟ ਸੈਕਟਰ ਦੀਆਂ ਵਚਨਬੱਧਤਾਵਾਂ ਦੇ ਨਾਲ-ਨਾਲ ਸਰਕਾਰਾਂ ਲਈ ਸੁਝਾਏ ਗਏ ਕਦਮਾਂ ਲਈ ਸਿਫ਼ਾਰਸ਼ਾਂ ਤਿਆਰ ਕੀਤੀਆਂ। ਇਨ੍ਹਾਂ ਸਿਫ਼ਾਰਸ਼ਾਂ ਵਿੱਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਸੇਧ ਦੇਣ ਲਈ ਜੀ20 ਐੱਮਪਾਵਰ ਦੀਆਂ ਮੁੱਖ ਕਾਰਵਾਈਆਂ ਸ਼ਾਮਲ ਹਨ।

 

ਡੈਲੀਗੇਸ਼ਨਾਂ ਨੇ ਕੇਪੀਆਈਜ਼ (KPIs) ਨੂੰ ਅੱਗੇ ਲਿਜਾਣ ਅਤੇ ਪਿਛਲੀਆਂ ਪ੍ਰਧਾਨਗੀਆਂ ਅਧੀਨ ਵਿਕਸਿਤ ਕੀਤੀ ਗਈ ਬੈਸਟ ਪ੍ਰੈਕਟਿਸਿਸ ਪਲੇਬੁੱਕ ਵਿੱਚ ਸ਼ਾਮਲ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ।

 

ਭਾਰਤ ਦੀ ਪ੍ਰਧਾਨਗੀ ਹੇਠ, ਜੀ20 ਐੱਮਪਾਵਰ ਨੇ ਇੱਕ ਮੈਂਟਰਸ਼ਿਪ ਪਲੈਟਫਾਰਮ 'ਤੇ ਚਰਚਾ ਕੀਤੀ ਹੈ ਜਿਸ ਨੂੰ ਇੱਕ ਈ-ਪਲੈਟਫਾਰਮ ਰਾਹੀਂ ਮੈਂਟਰਸ਼ਿਪ ਅਤੇ ਸਮਰੱਥਾ-ਨਿਰਮਾਣ ਤੱਕ ਪਹੁੰਚ ਨੂੰ ਵਧਾ ਕੇ ਅਤੇ ਸਮਰੱਥ ਕਰਕੇ ਸਾਰੇ ਪੱਧਰਾਂ 'ਤੇ ਔਰਤਾਂ ਦੀ ਅਗਵਾਈ ਨੂੰ ਉਤਸ਼ਾਹਿਤ ਕਰਨ ਲਈ ਪ੍ਰਸਤਾਵਿਤ ਕੀਤਾ ਗਿਆ ਹੈ। ਇਹ ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਮਹਿਲਾ ਸਸ਼ਕਤੀਕਰਨ ਪਲੈਟਫਾਰਮ 'ਤੇ ਹੋਸਟ ਕੀਤਾ ਜਾਵੇਗਾ। ਇਹ ਇੱਕ ਗਲੋਬਲ ਸਲਾਹਕਾਰ ਅਤੇ ਸਮਰੱਥਾ-ਨਿਰਮਾਣ ਪੋਰਟਲ ਦੇ ਤੌਰ 'ਤੇ ਕੰਮ ਕਰੇਗਾ ਜੋ ਜੀ20 ਦੇਸ਼ਾਂ ਦੀਆਂ ਮਹਿਲਾ ਮੈਨਟੀਸ ਅਤੇ ਮੈਨਟਰਸ ਵਿਚਕਾਰ ਢਾਂਚਾਗਤ ਗਿਆਨ-ਵਟਾਂਦਰੇ ਦੀ ਸਹੂਲਤ ਦਿੰਦਾ ਹੈ। ਇਹ ਮੌਜੂਦਾ ਵਿਸ਼ੇ-ਵਿਸ਼ੇਸ਼ ਮੈਂਟਰਸ਼ਿਪ ਪੋਰਟਲ ਦੇ ਇੱਕ ਸਮੂਹ ਵਜੋਂ ਵੀ ਕੰਮ ਕਰੇਗਾ ਜੋ ਕਿ ਸਟੈੱਮ, ਵਪਾਰਕ ਲੀਡਰਸ਼ਿਪ, ਅਤੇ ਉੱਦਮਤਾ ਜਿਹੇ ਖੇਤਰਾਂ ਨੂੰ ਟਾਰਗੇਟ ਕਰਦਾ ਹੈ। ਇਸ ਪਲੈਟਫਾਰਮ ਦੁਆਰਾ ਪ੍ਰਦਾਨ ਕੀਤੇ ਗਏ ਮੈਂਟਰਸ਼ਿਪ, ਨੈਟਵਰਕਿੰਗ, ਗਿਆਨ ਸਾਂਝਾਕਰਨ, ਸਮਰੱਥਾ ਨਿਰਮਾਣ ਅਤੇ ਸਰਵੋਤਮ ਵਿਵਹਾਰਾਂ ਦੁਆਰਾ, ਛੋਟੇ, ਮੱਧਮ ਅਤੇ ਵੱਡੇ ਉਦਯੋਗਾਂ ਦੇ ਨਾਲ-ਨਾਲ ਜ਼ਮੀਨੀ ਪੱਧਰ ਦੀਆਂ ਮਹਿਲਾ ਉੱਦਮੀਆਂ ਨੂੰ ਤੇਜ਼ੀ ਨਾਲ ਸਫਲਤਾ ਮਿਲੇਗੀ।

 

ਡਿਜ਼ੀਟਲ ਸਕਿੱਲਸ ਦੇ ਨਾਲ-ਨਾਲ ਸਿੱਖਿਆ ਅਤੇ ਸਕਿੱਲਿੰਗ ਵਿੱਚ ਲਿੰਗ ਪਾੜੇ ਨੇ ਸਾਰੇ ਖੇਤਰਾਂ ਵਿੱਚ ਸਫ਼ਲ ਹੋਣ ਦੀ ਔਰਤਾਂ ਦੀ ਸਮਰੱਥਾ ਨੂੰ ਵਧੇਰੇ ਵਿਆਪਕ ਤੌਰ 'ਤੇ ਪ੍ਰਭਾਵਿਤ ਕੀਤਾ ਹੈ, ਇਹ ਪਾੜਾ ਸਟੈੱਮ ਦੇ ਮਾਮਲੇ ਵਿੱਚ ਖਾਸ ਤੌਰ 'ਤੇ ਵੱਡਾ ਹੈ - ਜੋ ਕਿ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਤੇ ਸਭ ਤੋਂ ਵੱਧ ਤਨਖਾਹ ਵਾਲੀਆਂ ਨੌਕਰੀਆਂ ਅਤੇ ਉੱਦਮੀ ਖੇਤਰ ਦੇ ਅਵਸਰਾਂ ਵਾਲਾ ਹੈ। ਜੀ20 ਐੱਮਪਾਵਰ ਦੀਆਂ ਤਜਵੀਜ਼ਾਂ ਇਨ੍ਹਾਂ ਸਿੱਖਿਆ ਅਤੇ ਹੁਨਰਾਂ ਦੀ ਵੰਡ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੀਆਂ, ਅਤੇ ਬਾਅਦ ਵਿੱਚ ਕਿਸ਼ੋਰ ਲੜਕੀਆਂ ਅਤੇ ਮੁਟਿਆਰਾਂ ਨੂੰ ਸਿੱਖਿਆ ਤੋਂ ਕੰਮ ਵਿੱਚ ਸਫਲਤਾਪੂਰਵਕ ਤਬਦੀਲੀ ਕਰਨ ਲਈ ਲੋੜੀਂਦੇ ਹੁਨਰਾਂ ਨਾਲ ਸਸ਼ਕਤ ਕਰਨਗੀਆਂ।

 

ਇਸ ਦਿਸ਼ਾ ਵਿੱਚ, ਇੱਕ ਡਿਜ਼ੀਟਲ ਸਮਾਵੇਸ਼ ਪਲੈਟਫਾਰਮ ਇੱਕ ਸਿੱਖਿਆ ਅਤੇ ਅਪਸਕਿਲਿੰਗ ਪੋਰਟਲ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ ਜੋ ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਔਰਤਾਂ ਨੂੰ ਡਿਜੀਟਲ, ਟੈਕਨੀਕਲ ਅਤੇ ਵਿੱਤੀ ਗਿਆਨ ਪ੍ਰਾਪਤ ਕਰਨ ਦੇ ਸਮਰੱਥ ਬਣਾਉਂਦਾ ਹੈ ਜੋ ਭਵਿੱਖ ਵਿੱਚ ਨੌਕਰੀਆਂ ਅਤੇ ਉੱਦਮਤਾ ਲਈ ਮਹੱਤਵਪੂਰਨ ਹੋਵੇਗਾ। ਇਹ 120+ ਅੰਤਰਰਾਸ਼ਟਰੀ ਅਤੇ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ, ਅਤੇ ਉਪਰੋਕਤ ਖੇਤਰਾਂ ਵਿੱਚ ਗਲੋਬਲ ਸਮੱਗਰੀ ਅਤੇ ਕੋਰਸਾਂ ਦੇ ਇੱਕ ਸਮੂਹ ਵਜੋਂ ਕੰਮ ਕਰੇਗਾ। ਇਹ ਔਰਤਾਂ ਨੂੰ ਇੰਟਰਨਸ਼ਿਪ ਅਤੇ ਨੌਕਰੀਆਂ ਦੇ ਨਾਲ ਮਾਰਗਦਰਸ਼ਨ, ਸਮੱਗਰੀ ਪ੍ਰਦਾਨ ਕਰਨ ਅਤੇ ਮੈਚ ਕਰਨ ਵਿੱਚ ਮਦਦ ਕਰੇਗਾ। ਵਿਚਾਰ-ਵਟਾਂਦਰੇ ਦੌਰਾਨ ਪਲੈਟਫਾਰਮ ਦੀ ਰੂਪਰੇਖਾ ਪੇਸ਼ ਕੀਤੀ ਗਈ ਅਤੇ ਉਸ ‘ਤੇ ਚਰਚਾ ਕੀਤੀ ਗਈ।

 

ਇਹ ਦੇਖਦੇ ਹੋਏ ਕਿ ਮਹਿਲਾ ਉੱਦਮੀਆਂ ਨੂੰ ਦਰਪੇਸ਼ ਕੁਝ ਸਭ ਤੋਂ ਮਹੱਤਵਪੂਰਨ ਰੁਕਾਵਟਾਂ ਕ੍ਰੈਡਿਟ ਅਤੇ ਮਾਰਕੀਟ ਪਹੁੰਚ ਦੀ ਉਪਲਬਧਤਾ ਦੇ ਆਸ-ਪਾਸ ਹਨ, ਜੀ20 ਐੱਮਪਾਵਰ ਨੇ ਇਨ੍ਹਾਂ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਸਿਫ਼ਾਰਸ਼ਾਂ ਦਾ ਪ੍ਰਸਤਾਵ ਕੀਤਾ ਹੈ। ਇਹ ਟਿਕਾਊ ਲਿੰਗ-ਸਮਾਵੇਸ਼ੀ ਵਿੱਤੀ ਮਾਡਲਾਂ ਜਿਵੇਂ ਕਿ ਪੂਲਡ ਕ੍ਰੈਡਿਟ ਫੰਡ, ਕ੍ਰੈਡਿਟ ਗਾਰੰਟੀ, ਅਤੇ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵਿੱਚ 'ਮਾਣ ਨਾਲ ਔਰਤਾਂ ਦੀ ਮਾਲਕੀ ਵਾਲੀ' ਮੋਹਰ ਰਾਹੀਂ ਲਿੰਗ ਪ੍ਰਤੀ ਜਵਾਬਦੇਹ ਖਰੀਦ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੰਦੇ ਹਨ। ਇਸ ਨਾਲ ਨਾ ਸਿਰਫ਼ ਮਹਿਲਾ ਉੱਦਮੀਆਂ ਦਾ ਇੱਕ ਹੋਰ ਜੀਵੰਤ ਵਾਤਾਵਰਣ ਪੈਦਾ ਹੋਵੇਗਾ, ਬਲਕਿ ਮਹਿਲਾ ਉੱਦਮੀਆਂ ਵਿੱਚ ਮਹਿਲਾ ਕਾਮਿਆਂ ਨੂੰ ਰੋਜ਼ਗਾਰ ਦੇਣ ਦੀ ਉੱਚ ਸੰਭਾਵਨਾ ਹੋਣ ਦੇ ਨਾਲ, ਇਸ ਨਾਲ ਮਹਿਲਾ ਕਿਰਤ ਸ਼ਕਤੀ ਦੀ ਭਾਗੀਦਾਰੀ ਵੀ ਵਧੇਗੀ।

 

ਇਸ ਤੋਂ ਇਲਾਵਾ, ਜੀ20 ਐੱਮਪਾਵਰ ਦੀਆਂ ਸਿਫ਼ਾਰਸ਼ਾਂ ਇੱਕ ਅਜਿਹੀ ਦੁਨੀਆਂ ਦੀ ਕਲਪਨਾ ਕਰਦੀਆਂ ਹਨ ਜਿੱਥੇ ਦੇਖਭਾਲ਼ ਦਾ ਬੋਝ ਔਰਤਾਂ ਦੀ ਆਰਥਿਕ ਭਾਗੀਦਾਰੀ ਨੂੰ ਰੋਕਦਾ ਨਹੀਂ ਹੈ।  ਕੇਅਰ ਈਕੋਸਿਸਟਮ ਨੂੰ ਵਿਚਾਰ-ਵਟਾਂਦਰੇ ਵਿੱਚ ਇੱਕ ਮਜ਼ਬੂਤ ​​ਸਥਾਨ ਮਿਲਿਆ ਜਿਸ ਵਿੱਚ ਬੱਚਿਆਂ ਦੀ ਰਿਆਇਤੀ ਦੇਖਭਾਲ਼ ਦੀ ਉਪਲਬਧਤਾ, ਸਕੂਲ ਪ੍ਰਣਾਲੀਆਂ ਵਿੱਚ ਕ੍ਰੈਚਾਂ ਨੂੰ ਇੰਟੀਗਰੇਟ ਕਰਨਾ, ਅਤੇ ਕੰਮ ਵਾਲੀਆਂ ਥਾਵਾਂ 'ਤੇ ਨਰਸਿੰਗ ਰੂਮ/ਕਰੈਚ ਸਹੂਲਤਾਂ ਪ੍ਰਦਾਨ ਕਰਨਾ ਸ਼ਾਮਲ ਹਨ।

 

ਜੀ20 ਐੱਮਪਾਵਰ ਨੇ ਇਹ ਵੀ ਸਿਫ਼ਾਰਿਸ਼ ਕੀਤੀ ਹੈ ਕਿ ਪ੍ਰਾਈਵੇਟ ਸੈਕਟਰ ਕਿਸ਼ੋਰ ਲੜਕੀਆਂ ਲਈ ਔਰਤਾਂ ਦੇ ਸਕੂਲ-ਤੋਂ-ਕੰਮ ਪਰਿਵਰਤਨ ਅਤੇ ਕਰੀਅਰ-ਵਿਕਾਸ ਦੇ ਮੌਕਿਆਂ ਨੂੰ ਵਜ਼ੀਫ਼ਿਆਂ, ਸਟੈੱਮ ਵਿੱਚ ਕਾਰਪੋਰੇਟ ਫੈਲੋਸ਼ਿਪਾਂ, ਕਿਸ਼ੋਰ ਲੜਕੀਆਂ ਅਤੇ ਮੁਟਿਆਰਾਂ ਲਈ ਅਪ੍ਰੈਂਟਿਸਸ਼ਿਪਾਂ ਸਮੇਤ ਗੈਰ-ਰਵਾਇਤੀ ਵੋਕੇਸ਼ਨਲ ਖੇਤਰ ਦੇ ਨਾਲ ਹੀ ਆਰਐਂਡਡੀ ਸੈਕਟਰ ਵਿੱਚ STEM ਗ੍ਰੈਜੂਏਟਾਂ ਲਈ ਅਪ੍ਰੈਂਟਿਸਸ਼ਿਪ ਜਿਹੇ ਖੇਤਰਾਂ ਵਿੱਚ ਪਰੰਪਰਾਗਤ ਖੇਤਰਾਂ ਤੋਂ ਅੱਗੇ ਵਧਾਉਣ ਲਈ ਵਚਨਬੱਧਤਾਵਾਂ ਕਰਦਾ ਹੈ। 

 

ਮਹੱਤਵਪੂਰਨ ਤੌਰ 'ਤੇ, ਜੀ20 ਐੱਮਪਾਵਰ ਇਹ ਮੰਨਦਾ ਹੈ ਕਿ ਹਰ ਪੱਧਰ 'ਤੇ ਫੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਵਿੱਚ ਔਰਤਾਂ ਦੀ ਭਾਗੀਦਾਰੀ ਅਤੇ ਪ੍ਰਤੀਨਿਧਤਾ ਔਰਤਾਂ ਦੀਆਂ ਵਿਅਕਤੀਗਤ ਲੋੜਾਂ ਅਤੇ ਸ਼ਾਸਨ ਵਿੱਚ ਮੁੱਦਿਆਂ ਦੀ ਤਰਜੀਹ ਅਤੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਸ) ਦੇ ਸਥਾਨਕੀਕਰਣ ਲਈ ਮਹੱਤਵਪੂਰਨ ਹੈ। ਇਸ ਦੀਆਂ ਪਹਿਲਾਂ, ਔਨਲਾਈਨ ਪਲੈਟਫਾਰਮਾਂ, ਪਬਲਿਕ-ਪ੍ਰਾਈਵੇਟ ਭਾਈਵਾਲੀ, ਅਤੇ ਔਰਤਾਂ ਅਤੇ ਲੜਕੀਆਂ ਲਈ ਜੀਵਨ ਭਰ ਸਿੱਖਣ ਅਤੇ ਡਿਜੀਟਲ ਪ੍ਰਵਾਹ ਲਈ ਪਹਿਲਾਂ, ਖਾਸ ਕਰਕੇ ਵਿਗਿਆਨਕ ਅਤੇ ਗੈਰ-ਰਵਾਇਤੀ ਖੇਤਰਾਂ ਵਿੱਚ, ਜ਼ਮੀਨੀ ਪੱਧਰ ਸਮੇਤ ਸਾਰੇ ਪੱਧਰਾਂ 'ਤੇ ਔਰਤਾਂ ਦੀ ਸਕਿੱਲਿੰਗ, ਰੀ-ਸਕਿੱਲਿੰਗ, ਅਤੇ ਅਪਸਕਿਲਿੰਗ ਵਿੱਚ ਪਾੜੇ ਨੂੰ ਭਰਨਗੀਆਂ।

 

ਜੀ20 ਐੱਮਪਾਵਰ ਪ੍ਰਤਿਗਿਆ ਉੱਤੇ ਵੀ ਚਰਚਾ ਕੀਤੀ ਗਈ। ਭਾਰਤ ਨੇ ਲੀਡਰਸ਼ਿਪ ਦੇ ਅਹੁਦਿਆਂ 'ਤੇ ਔਰਤਾਂ ਦੀ ਤਰੱਕੀ ਨੂੰ ਅੱਗੇ ਵਧਾਉਣ ਲਈ ਪ੍ਰਤਿਗਿਆ ਲਈ ਕੁਝ ਵਾਧੂ ਵਿਵਸਥਾਵਾਂ ਦਾ ਪ੍ਰਸਤਾਵ ਕੀਤਾ ਹੈ। ਭਾਰਤ ਦੀ ਪ੍ਰਧਾਨਗੀ ਹੇਠ, ਜੀ20 ਐੱਮਪਾਵਰ ਐਡਵੋਕੇਟਾਂ ਦੇ ਨੈੱਟਵਰਕ ਦਾ ਵਿਸਤਾਰ ਕਰਨਾ ਜਾਰੀ ਰੱਖਿਆ ਜਾਵੇਗਾ।

 

ਇਨ੍ਹਾਂ ਅਤੇ ਕਈ ਹੋਰ ਵਚਨਬੱਧਤਾਵਾਂ ਅਤੇ ਪਹਿਲਾਂ ਦੁਆਰਾ, ਜੀ20 ਐੱਮਪਾਵਰ ਪ੍ਰਸਤਾਵ ਇੱਕ ਅਜਿਹੀ ਦੁਨੀਆ ਦੀ ਸਿਰਜਣਾ ਵਿੱਚ ਤੇਜ਼ੀ ਲਿਆਉਣਗੇ ਜਿੱਥੇ ਔਰਤਾਂ ਕੋਲ ਲੋੜੀਂਦੇ ਹੁਨਰ, ਸੰਸਾਧਨਾਂ ਤੱਕ ਪਹੁੰਚ, ਸਹਾਇਕ ਬੁਨਿਆਦੀ ਢਾਂਚਾ ਅਤੇ ਵਾਤਾਵਰਣ, ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵੱਲ ਇੱਕ ਪਰਿਵਰਤਨਸ਼ੀਲ ਤਬਦੀਲੀ ਲਈ ਸਲਾਹਕਾਰ ਹੋਣ।

 

 *******


ਐੱਸਐੱਸ/ਏਕੇਐੱਸ


(Release ID: 1916695) Visitor Counter : 143