ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ


ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਨਵੇਂ ਭਰਤੀ ਹੋਏ ਲਗਭਗ 71,000 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ

"ਅੱਜ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ"

“ਅੱਜ ਦਾ ਨਿਊ ਇੰਡੀਆ ਉਨ੍ਹਾਂ ਨੀਤੀਆਂ ਅਤੇ ਰਣਨੀਤੀਆਂ ਨਾਲ ਅੱਗੇ ਵਧ ਰਿਹਾ ਹੈ, ਜਿਨ੍ਹਾਂ ਨੇ ਨਵੀਆਂ ਸੰਭਾਵਨਾਵਾਂ ਲਈ ਦਰਵਾਜ਼ੇ ਖੋਲ੍ਹੇ ਹਨ”

"2014 ਤੋਂ ਬਾਅਦ ਭਾਰਤ ਨੇ ਪਹਿਲੇ ਸਮਿਆਂ ਦੇ ਪ੍ਰਤੀਕਿਰਿਆਤਮਕ ਰੁਖ ਦੇ ਉਲਟ ਇੱਕ ਕਿਰਿਆਸ਼ੀਲ ਪਹੁੰਚ ਅਪਣਾਈ ਹੈ"

"21ਵੀਂ ਸਦੀ ਦੇ ਤੀਜੇ ਦਹਾਕੇ ਭਾਰਤ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਅਜਿਹੇ ਮੌਕੇ ਮਿਲ ਰਹੇ ਹਨ ਜੋ ਪਹਿਲਾਂ ਕਲਪਣਾਯੋਗ ਨਹੀਂ ਸਨ"

"ਆਤਮਨਿਰਭਰ ਭਾਰਤ ਅਭਿਯਾਨ ਦੀ ਸੋਚ ਅਤੇ ਪਹੁੰਚ ਸਵਦੇਸ਼ੀ ਅਤੇ 'ਲੋਕਲ ਲਈ ਵੋਕਲ' ਨੂੰ ਅਪਣਾਉਣ ਤੋਂ ਪਰ੍ਹੇ ਹੈ। ਆਤਮਨਿਰਭਰ ਭਾਰਤ ਅਭਿਯਾਨ ਪਿੰਡਾਂ ਤੋਂ ਸ਼ਹਿਰਾਂ ਤੱਕ ਰੋਜ਼ਗਾਰ ਦੇ ਕਰੋੜਾਂ ਮੌਕੇ ਪੈਦਾ ਕਰਨ ਵਾਲਾ ਇੱਕ 'ਅਭਿਯਾਨ' ਹੈ"

"ਜਦੋਂ ਸੜਕਾਂ ਪਿੰਡਾਂ ਤੱਕ ਪਹੁੰਚਦੀਆਂ ਹਨ, ਤਾਂ ਇਹ ਪੂਰੇ ਈਕੋਸਿਸਟਮ ਵਿੱਚ ਤੇਜ਼ੀ ਨਾਲ ਰੋਜ਼ਗਾਰ ਪੈਦਾ ਹੁੰਦਾ ਹੈ"

"ਸਰਕਾਰੀ ਕਰਮਚਾਰੀ ਹੋਣ ਦੇ ਨਾਤੇ, ਤੁਹਾਨੂੰ ਉਹ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ ਜੋ ਤੁਸੀਂ ਇੱਕ ਆਮ ਨਾਗਰਿਕ ਵਜੋਂ ਮਹਿਸੂਸ ਕਰਦੇ ਸੀ"

Posted On: 13 APR 2023 12:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਨਵੇਂ ਭਰਤੀ ਹੋਏ ਕਰੀਬ 71,000 ਕਰਮਚਾਰੀਆਂ ਨੂੰ ਨਿਯੁਕਤੀ ਪੱਤਰਾਂ ਵੰਡੇ। ਦੇਸ਼ ਭਰ ਵਿੱਚੋਂ ਚੁਣੇ ਗਏ ਨਵੇਂ ਭਰਤੀ ਕਰਮਚਾਰੀ ਭਾਰਤ ਸਰਕਾਰ ਦੇ ਅਧੀਨ ਵੱਖ-ਵੱਖ ਅਸਾਮੀਆਂ/ਅਹੁਦਿਆਂ ਜਿਵੇਂ ਕਿ ਟ੍ਰੇਨ ਮੈਨੇਜਰ, ਸਟੇਸ਼ਨ ਮਾਸਟਰ, ਸੀਨੀਅਰ ਕਮਰਸ਼ੀਅਲ ਕਮ ਟਿਕਟ ਕਲਰਕ, ਇੰਸਪੈਕਟਰ, ਸਬ-ਇੰਸਪੈਕਟਰ, ਕਾਂਸਟੇਬਲ, ਸਟੈਨੋਗ੍ਰਾਫਰ, ਜੂਨੀਅਰ ਲੇਖਾਕਾਰ, ਡਾਕ ਸਹਾਇਕ, ਇਨਕਮ ਟੈਕਸ ਇੰਸਪੈਕਟਰ, ਟੈਕਸ ਸਹਾਇਕ, ਸੀਨੀਅਰ ਡਰਾਫਟਸਮੈਨ, ਜੇਈ/ਸੁਪਰਵਾਈਜ਼ਰ, ਸਹਾਇਕ ਪ੍ਰੋਫੈਸਰ, ਅਧਿਆਪਕ, ਲਾਇਬ੍ਰੇਰੀਅਨ, ਨਰਸ, ਪ੍ਰੋਬੇਸ਼ਨਰੀ ਅਫਸਰ, ਪੀਏ, ਐੱਮਟੀਐੱਸ ਅਤੇ ਹੋਰ 'ਤੇ ਤੈਨਾਤ ਹੋਣਗੇ। ਨਵੇਂ ਭਰਤੀ ਕੀਤੇ ਗਏ ਕਰਮਚਾਰੀ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨਵੀਆਂ ਨਿਯੁਕਤੀਆਂ ਲਈ ਇੱਕ ਔਨਲਾਈਨ ਓਰੀਐਂਟੇਸ਼ਨ ਕੋਰਸ, ਕਰਮਯੋਗੀ ਪ੍ਰਰੰਭ ਰਾਹੀਂ ਖ਼ੁਦ ਨੂੰ ਸਿਖਲਾਈ ਲੈਣ ਦੇ ਯੋਗ ਹੋਣਗੇ। ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ 45 ਸਥਾਨਾਂ ਨੂੰ ਵਰਚੁਅਲ ਮਾਧਿਅਮ ਰਾਹੀਂ ਮੇਲੇ ਨਾਲ ਜੋੜਿਆ ਗਿਆ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਸਾਖੀ ਦੇ ਸ਼ੁਭ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਪ੍ਰਾਪਤ ਕਰਨ ਲਈ ਨੌਜਵਾਨਾਂ ਦੀ ਪ੍ਰਤਿਭਾ ਅਤੇ ਊਰਜਾ ਲਈ ਸਹੀ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਗੁਜਰਾਤ ਤੋਂ ਅਸਾਮ ਅਤੇ ਉੱਤਰ ਪ੍ਰਦੇਸ਼ ਤੋਂ ਮਹਾਰਾਸ਼ਟਰ ਤੱਕ ਐੱਨਡੀਏ ਸ਼ਾਸਿਤ ਰਾਜਾਂ ਵਿੱਚ ਸਰਕਾਰੀ ਭਰਤੀ ਦੀ ਪ੍ਰਕਿਰਿਆ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਮੱਧ ਪ੍ਰਦੇਸ਼ ਵਿੱਚ ਕੱਲ੍ਹ ਹੀ 22,000 ਤੋਂ ਵੱਧ ਅਧਿਆਪਕਾਂ ਨੂੰ ਭਰਤੀ ਪੱਤਰ ਸੌਂਪੇ ਗਏ ਸਨ। "ਇਹ ਰੋਜ਼ਗਾਰ ਮੇਲਾ ਦੇਸ਼ ਦੇ ਨੌਜਵਾਨਾਂ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਸਬੂਤ ਹੈ।"

ਇਹ ਜ਼ਿਕਰ ਕਰਦੇ ਹੋਏ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਮੰਦੀ ਅਤੇ ਮਹਾਮਾਰੀ ਦੀਆਂ ਆਲਮੀ ਚੁਣੌਤੀਆਂ ਦਰਮਿਆਨ ਭਾਰਤ ਨੂੰ ਇੱਕ ਰੌਸ਼ਨ ਸਥਾਨ ਵਜੋਂ ਦੇਖ ਰਿਹਾ ਹੈ। ਉਨ੍ਹਾਂ ਕਿਹਾ, “ਅੱਜ ਦਾ ਨਿਊ ਇੰਡੀਆ ਉਨ੍ਹਾਂ ਨੀਤੀਆਂ ਅਤੇ ਰਣਨੀਤੀਆਂ ਨਾਲ ਅੱਗੇ ਵਧ ਰਿਹਾ ਹੈ, ਜਿਨ੍ਹਾਂ ਨੇ ਨਵੀਆਂ ਸੰਭਾਵਨਾਵਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ।" ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਭਾਰਤ ਨੇ ਪਹਿਲੇ ਸਮਿਆਂ ਦੇ ਪ੍ਰਤੀਕਿਰਿਆਤਮਕ ਰੁਖ ਦੇ ਉਲਟ ਇੱਕ ਸਰਗਰਮ ਰਵੱਈਆ ਅਪਣਾਇਆ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਦੇ ਨਤੀਜੇ ਵਜੋਂ ਅਜਿਹੀ ਸਥਿਤੀ ਪੈਦਾ ਹੋਈ ਹੈ ਕਿ ਜਿੱਥੇ 21ਵੀਂ ਸਦੀ ਦੇ ਇਸ ਤੀਜੇ ਦਹਾਕੇ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਅਜਿਹੇ ਮੌਕੇ ਮਿਲ ਰਹੇ ਹਨ ਜੋ ਪਹਿਲਾਂ ਕਲਪਣਾਯੋਗ ਨਹੀਂ ਸਨ। ਨੌਜਵਾਨ ਅਜਿਹੇ ਖੇਤਰਾਂ ਨੂੰ ਖੋਜ ਰਹੇ ਹਨ ਜੋ ਦਸ ਸਾਲ ਪਹਿਲਾਂ ਵੀ ਮੌਜੂਦ ਨਹੀਂ ਸਨ।" ਸਟਾਰਟਅੱਪਸ ਅਤੇ ਭਾਰਤੀ ਨੌਜਵਾਨਾਂ ਦੇ ਉਤਸ਼ਾਹ ਦੀ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਸਟਾਰਟਅੱਪਸ ਨੇ 40 ਲੱਖ ਤੋਂ ਵੱਧ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੋਜ਼ਗਾਰ ਪੈਦਾ ਕੀਤੇ ਹਨ। ਉਨ੍ਹਾਂ ਡਰੋਨ ਅਤੇ ਖੇਡ ਖੇਤਰ ਦਾ ਰੋਜ਼ਗਾਰ ਦੇ ਨਵੇਂ ਮੌਕਿਆਂ ਵਜੋਂ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ, "ਆਤਮਨਿਰਭਰ ਭਾਰਤ ਅਭਿਯਾਨ ਦੀ ਸੋਚ ਅਤੇ ਪਹੁੰਚ ਸਵਦੇਸ਼ੀ ਅਤੇ 'ਲੋਕਲ ਲਈ ਵੋਕਲ' ਨੂੰ ਅਪਣਾਉਣ ਤੋਂ ਪਰ੍ਹੇ ਹੈ। ਆਤਮਨਿਰਭਰ ਭਾਰਤ ਅਭਿਯਾਨ ਪਿੰਡਾਂ ਤੋਂ ਸ਼ਹਿਰਾਂ ਤੱਕ ਰੋਜ਼ਗਾਰ ਦੇ ਕਰੋੜਾਂ ਮੌਕੇ ਪੈਦਾ ਕਰਨ ਦਾ ‘ਅਭਿਯਾਨ’ ਹੈ।” ਉਨ੍ਹਾਂ ਨੇ ਸਵਦੇਸ਼ੀ ਤੌਰ 'ਤੇ ਬਣਾਏ ਆਧੁਨਿਕ ਉਪਗ੍ਰਹਿ ਅਤੇ ਅਰਧ-ਹਾਈ-ਸਪੀਡ ਰੇਲਗੱਡੀਆਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਿਛਲੇ 8-9 ਸਾਲਾਂ ਵਿੱਚ ਭਾਰਤ ਵਿੱਚ 30000 ਤੋਂ ਵੱਧ ਐੱਲਐੱਚਬੀ ਕੋਚਾਂ ਦਾ ਨਿਰਮਾਣ ਕੀਤਾ ਗਿਆ ਹੈ। ਇਨ੍ਹਾਂ ਕੋਚਾਂ ਲਈ ਟੈਕਨੋਲੋਜੀ ਅਤੇ ਕੱਚੇ ਮਾਲ ਨੇ ਭਾਰਤ ਵਿੱਚ ਹਜ਼ਾਰਾਂ ਨੌਕਰੀਆਂ ਪੈਦਾ ਕੀਤੀਆਂ ਹਨ।

ਭਾਰਤ ਦੇ ਖਿਡੌਣਾ ਉਦਯੋਗ ਦੀ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੇ ਬੱਚੇ ਦਹਾਕਿਆਂ ਤੋਂ ਸਿਰਫ ਆਯਾਤ ਕੀਤੇ ਖਿਡੌਣਿਆਂ ਨਾਲ ਖੇਡਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖਿਡੌਣੇ ਨਾ ਤਾਂ ਚੰਗੀ ਗੁਣਵੱਤਾ ਦੇ ਸਨ ਅਤੇ ਨਾ ਹੀ ਭਾਰਤੀ ਬੱਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਆਯਾਤ ਕੀਤੇ ਖਿਡੌਣਿਆਂ ਦੀ ਗੁਣਵੱਤਾ ਦੇ ਮਾਪਦੰਡਾਂ ਲਈ ਬੈਂਚਮਾਰਕ ਰੱਖਿਆ ਹੈ ਅਤੇ ਸਵਦੇਸ਼ੀ ਖਿਡੌਣਾ ਉਦਯੋਗ ਨੂੰ ਵੀ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਤੀਜੇ ਵਜੋਂ ਭਾਰਤ ਵਿੱਚ ਖਿਡੌਣਾ ਉਦਯੋਗ ਦਾ ਸਰੂਪ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਨੌਕਰੀ ਦੇ ਕਈ ਮੌਕੇ ਪੈਦਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਦਹਾਕਿਆਂ ਪੁਰਾਣੀ ਮਾਨਸਿਕਤਾ ਦਾ ਵਿਰੋਧ ਕਰਦੇ ਹੋਏ ਕਿ ਭਾਰਤ ਵਿੱਚ ਰੱਖਿਆ ਉਪਕਰਣ ਸਿਰਫ਼ ਆਯਾਤ ਕੀਤੇ ਜਾ ਸਕਦੇ ਹਨ, ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਸਰਕਾਰ ਨੇ ਸਵਦੇਸ਼ੀ ਨਿਰਮਾਤਾਵਾਂ 'ਤੇ ਭਰੋਸਾ ਕਰਕੇ ਇਸ ਪਹੁੰਚ ਨੂੰ ਬਦਲਿਆ ਹੈ, ਜਿਸ ਦੇ ਨਤੀਜੇ ਵਜੋਂ ਹਥਿਆਰਬੰਦ ਬਲਾਂ ਨੇ 300 ਤੋਂ ਵੱਧ ਉਪਕਰਣਾਂ ਅਤੇ ਹਥਿਆਰਾਂ ਦੀ ਸੂਚੀ ਤਿਆਰ ਕੀਤੀ, ਜੋ ਸਿਰਫ਼ ਭਾਰਤ ਵਿੱਚ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿੱਚ 15,000 ਕਰੋੜ ਰੁਪਏ ਦੇ ਰੱਖਿਆ ਉਪਕਰਣਾਂ ਦੀ ਬਰਾਮਦ ਕੀਤੀ ਜਾ ਰਹੀ ਹੈ।

ਸ਼੍ਰੀ ਮੋਦੀ ਨੇ ਪਿਛਲੇ ਕੁਝ ਸਾਲਾਂ ਵਿੱਚ ਮੋਬਾਈਲ ਫੋਨ ਨਿਰਮਾਣ ਦੇ ਖੇਤਰ ਵਿੱਚ ਕੀਤੀਆਂ ਤਰੱਕੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਥਾਨਕ ਨਿਰਮਾਣ ਨੂੰ ਉਤਸ਼ਾਹਿਤ ਕਰਕੇ ਅਤੇ ਇਸ ਲਈ ਪ੍ਰੋਤਸਾਹਨ ਪ੍ਰਦਾਨ ਕਰਕੇ ਭਾਰਤ ਨੇ ਬਹੁਤ ਸਾਰੀ ਵਿਦੇਸ਼ੀ ਮੁਦਰਾ ਬਚਾਈ ਹੈ ਕਿਉਂਕਿ ਭਾਰਤ ਹੁਣ ਸਥਾਨਕ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਮੋਬਾਈਲ ਹੈਂਡਸੈੱਟਾਂ ਦਾ ਨਿਰਯਾਤ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਰੋਜ਼ਗਾਰ ਸਿਰਜਣ ਵਿੱਚ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪੂੰਜੀਗਤ ਖਰਚਿਆਂ 'ਤੇ ਜ਼ੋਰ ਦੇਣ ਨਾਲ ਸੜਕਾਂ, ਰੇਲਵੇ, ਬੰਦਰਗਾਹਾਂ ਅਤੇ ਇਮਾਰਤਾਂ ਵਰਗੇ ਬੁਨਿਆਦੀ ਢਾਂਚੇ ਦੀ ਉਸਾਰੀ ਕੀਤੀ ਜਾ ਰਹੀ ਹੈ। ਬੁਨਿਆਦੀ ਢਾਂਚੇ ਦੀਆਂ ਰੋਜ਼ਗਾਰ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਪੂੰਜੀਗਤ ਖਰਚ ਚਾਰ ਗੁਣਾ ਵਧਿਆ ਹੈ।

2014 ਤੋਂ ਪਹਿਲਾਂ ਅਤੇ ਬਾਅਦ ਦੇ ਵਿਕਾਸ ਦੀ ਉਦਾਹਰਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤੀ ਰੇਲਵੇ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ 2014 ਤੋਂ ਪਹਿਲਾਂ ਪਿਛਲੇ ਸੱਤ ਦਹਾਕਿਆਂ ਵਿੱਚ, ਸਿਰਫ 20,000 ਕਿਲੋਮੀਟਰ ਰੇਲਵੇ ਪਟੜੀਆਂ ਦਾ ਬਿਜਲੀਕਰਣ ਹੋਇਆ ਸੀ, ਜਦ ਕਿ ਪਿਛਲੇ 9 ਸਾਲਾਂ ਵਿੱਚ 40,000 ਕਿਲੋਮੀਟਰ ਰੇਲ ਪਟੜੀਆਂ ਦਾ ਬਿਜਲੀਕਰਣ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਮੈਟਰੋ ਰੇਲ ਲਾਈਨ ਵਿਛਾਉਣ ਦਾ ਸਮਾਂ 2014 ਤੋਂ ਪਹਿਲਾਂ 600 ਮੀਟਰ ਪ੍ਰਤੀ ਮਹੀਨਾ ਤੋਂ ਵਧ ਕੇ ਅੱਜ 6 ਕਿਲੋਮੀਟਰ ਪ੍ਰਤੀ ਮਹੀਨਾ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਵਿੱਚ ਗੈਸ ਨੈੱਟਵਰਕ 70 ਤੋਂ ਘੱਟ ਜ਼ਿਲ੍ਹਿਆਂ ਤੱਕ ਸੀਮਤ ਸੀ, ਜਦੋਂ ਕਿ ਅੱਜ ਇਹ ਗਿਣਤੀ 630 ਜ਼ਿਲ੍ਹਿਆਂ ਤੱਕ ਪਹੁੰਚ ਗਈ ਹੈ। ਗ੍ਰਾਮੀਣ ਖੇਤਰਾਂ ਵਿੱਚ ਸੜਕਾਂ ਦੀ ਲੰਬਾਈ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ 2014 ਤੋਂ ਬਾਅਦ ਇਸ ਵਿੱਚ 4 ਲੱਖ ਕਿਲੋਮੀਟਰ ਤੋਂ 7 ਲੱਖ ਕਿਲੋਮੀਟਰ ਤੱਕ ਦਾ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ, “ਜਦੋਂ ਸੜਕਾਂ ਪਿੰਡਾਂ ਤੱਕ ਪਹੁੰਚਦੀਆਂ ਹਨ, ਤਾਂ ਇਹ ਪੂਰੇ ਈਕੋਸਿਸਟਮ ਵਿੱਚ ਤੇਜ਼ੀ ਨਾਲ ਰੋਜ਼ਗਾਰ ਪੈਦਾ ਹੁੰਦਾ ਹੈ।”

ਹਵਾਬਾਜ਼ੀ ਖੇਤਰ ਬਾਰੇ ਬੋਲਦਿਆਂ, ਸ਼੍ਰੀ ਮੋਦੀ ਨੇ ਦੱਸਿਆ ਕਿ ਹਵਾਈ ਅੱਡਿਆਂ ਦੀਆਂ ਗਿਣਤੀ 2014 ਵਿੱਚ 74 ਤੋਂ ਵਧ ਕੇ ਅੱਜ 148 ਹੋ ਗਈ ਹੈ। ਉਨ੍ਹਾਂ ਹਵਾਈ ਅੱਡੇ ਦੇ ਸੰਚਾਲਨ ਦੀਆਂ ਰੋਜ਼ਗਾਰ ਸੰਭਾਵਨਾਵਾਂ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਨੇ ਏਅਰ ਇੰਡੀਆ ਵਲੋਂ ਹਵਾਈ ਜਹਾਜ਼ਾਂ ਦੇ ਰਿਕਾਰਡ ਆਰਡਰ ਅਤੇ ਕੁਝ ਹੋਰ ਕੰਪਨੀਆਂ ਦੀਆਂ ਅਜਿਹੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬੰਦਰਗਾਹ ਖੇਤਰ ਵਿੱਚ ਵੀ ਇਸੇ ਤਰ੍ਹਾਂ ਦੀ ਤਰੱਕੀ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਕਾਰਗੋ ਹੈਂਡਲਿੰਗ ਪਹਿਲਾਂ ਦੇ ਮੁਕਾਬਲੇ ਦੁੱਗਣੀ ਹੋ ਗਈ ਹੈ ਅਤੇ ਸਮਾਂ ਘਟ ਕੇ ਅੱਧਾ ਰਹਿ ਗਿਆ ਹੈ। ਇਹ ਵਿਕਾਸ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰ ਰਿਹਾ ਹੈ।

ਸਿਹਤ ਖੇਤਰ ਵੱਲ ਧਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਵਿੱਚ 400 ਤੋਂ ਘੱਟ ਮੈਡੀਕਲ ਕਾਲਜ ਸਨ, ਪਰ ਅੱਜ 660 ਮੈਡੀਕਲ ਕਾਲਜ ਹਨ। ਇਸੇ ਤਰ੍ਹਾਂ ਅੰਡਰ ਗ੍ਰੈਜੂਏਟ ਮੈਡੀਕਲ ਸੀਟਾਂ 2014 ਵਿੱਚ 50 ਹਜ਼ਾਰ ਤੋਂ ਵੱਧ ਕੇ 1 ਲੱਖ ਤੋਂ ਵੱਧ ਹੋ ਗਈਆਂ ਹਨ ਅਤੇ ਅੱਜ ਗ੍ਰੈਜੂਏਟ ਹੋਣ ਵਾਲੇ ਡਾਕਟਰਾਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੈ।

ਪ੍ਰਧਾਨ ਮੰਤਰੀ ਨੇ ਜਾਰੀ ਰੱਖਦਿਆਂ ਕਿਹਾ ਕਿ ਗ੍ਰਾਮੀਣ ਖੇਤਰਾਂ ਵਿੱਚ ਐੱਫਪੀਓ ਅਤੇ ਐੱਸਐੱਚਜੀ ਨੂੰ ਲੱਖਾਂ ਕਰੋੜ ਰੁਪਏ ਦੀ ਸਹਾਇਤਾ ਮਿਲ ਰਹੀ ਹੈ, ਭੰਡਾਰਣ ਸਮਰੱਥਾ ਵਧਾਈ ਜਾ ਰਹੀ ਹੈ, 2014 ਤੋਂ ਬਾਅਦ 3 ਲੱਖ ਤੋਂ ਵੱਧ ਕਾਮਨ ਸਰਵਿਸ ਸੈਂਟਰ ਬਣਾਏ ਗਏ ਹਨ, ਪਿੰਡਾਂ ਵਿੱਚ 6 ਲੱਖ ਕਿਲੋਮੀਟਰ ਤੋਂ ਵੱਧ ਔਪਟੀਕਲ ਫਾਈਬਰ ਵਿਛਾਈ ਗਈ ਹੈ, ਪੀਐੱਮਏਵਾਈ ਦੇ ਤਹਿਤ 3 ਕਰੋੜ ਘਰਾਂ ਵਿੱਚੋਂ 2.5 ਕਰੋੜ ਤੋਂ ਵੱਧ ਘਰ ਪਿੰਡਾਂ ਵਿੱਚ ਬਣਾਏ ਗਏ ਹਨ, 10 ਕਰੋੜ ਤੋਂ ਵੱਧ ਪਖਾਨੇ, 1.5 ਲੱਖ ਤੋਂ ਵੱਧ ਵੈੱਲਨੈੱਸ ਕੇਂਦਰ ਬਣਾਏ ਹਨ ਅਤੇ ਖੇਤੀ ਖੇਤਰ ਵਿੱਚ ਮਸ਼ੀਨੀਕਰਣ ਵਧਿਆ ਹੈ। ਉਨ੍ਹਾਂ ਕਿਹਾ, “ਇਸ ਸਭ ਨੇ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਕੀਤੇ ਹਨ।"

ਸ਼੍ਰੀ ਮੋਦੀ ਨੇ ਵਧ ਰਹੀ ਉੱਦਮਤਾ ਅਤੇ ਛੋਟੇ ਉਦਯੋਗਾਂ ਨੂੰ ਸਹਿਯੋਗ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਜ਼ਿਕਰ ਕੀਤਾ, ਜਿਸ ਨੇ ਹਾਲ ਹੀ ਵਿੱਚ 8 ਸਾਲ ਪੂਰੇ ਕੀਤੇ ਹਨ। ਇਸ ਯੋਜਨਾ ਦੇ ਤਹਿਤ 23 ਲੱਖ ਕਰੋੜ ਰੁਪਏ ਤੋਂ ਵੱਧ ਦੇ ਬੈਂਕ ਗਰੰਟੀ-ਮੁਕਤ ਕਰਜ਼ੇ ਵੰਡੇ ਗਏ ਹਨ ਅਤੇ 70 ਪ੍ਰਤੀਸ਼ਤ ਤੋਂ ਵੱਧ ਲਾਭਪਾਤਰੀ ਮਹਿਲਾਵਾਂ ਹਨ। ਉਨ੍ਹਾਂ ਕਿਹਾ, “ਇਸ ਸਕੀਮ ਨੇ 8 ਕਰੋੜ ਨਵੇਂ ਉੱਦਮੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਮੁਦਰਾ ਯੋਜਨਾ ਦੀ ਮਦਦ ਨਾਲ ਪਹਿਲੀ ਵਾਰ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਜ਼ਮੀਨੀ ਪੱਧਰ 'ਤੇ ਅਰਥਵਿਵਸਥਾ ਨੂੰ ਊਰਜਾਵਾਨ ਬਣਾਉਣ ਲਈ ਸੂਖਮ-ਵਿੱਤ ਦੀ ਸ਼ਕਤੀ ਨੂੰ ਵੀ ਉਜਾਗਰ ਕੀਤਾ।

ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਮੌਕਾ ਹੈ, ਜਦੋਂ ਰਾਸ਼ਟਰ 2047 ਤੱਕ ਵਿਕਸਤ ਭਾਰਤ ਬਣਨ ਦੇ ਟੀਚੇ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅੱਜ ਤੁਸੀਂ ਇੱਕ ਸਰਕਾਰੀ ਨੌਕਰ ਦੇ ਤੌਰ 'ਤੇ ਆਪਣੀ ਯਾਤਰਾ ਦੀ ਸ਼ੁਰੂਆਤ ਕਰ ਰਹੇ ਹੋ ਅਤੇ ਇਸ ਸਫ਼ਰ ਵਿੱਚ ਤੁਸੀਂ ਉਨ੍ਹਾਂ ਗੱਲਾਂ ਨੂੰ ਹਮੇਸ਼ਾ ਯਾਦ ਰੱਖਣਾ ਹੈ, ਜੋ ਤੁਸੀਂ ਇੱਕ ਆਮ ਨਾਗਰਿਕ ਵਜੋਂ ਮਹਿਸੂਸ ਕਰਦੇ ਸੀ।" ਸਰਕਾਰ ਤੋਂ ਨਵੇਂ ਕਰਮਚਾਰੀਆਂ ਦੀਆਂ ਉਮੀਦਾਂ ਨੂੰ ਧਿਆਨ ਵਿਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਹੁਣ ਦੂਜਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਅੱਗੇ ਕਿਹਾ, "ਤੁਹਾਡੇ ਵਿੱਚੋਂ ਹਰ ਇੱਕ ਆਪਣੇ ਕੰਮ ਨਾਲ ਇੱਕ ਜਾਂ ਦੂਜੇ ਤਰੀਕੇ ਨਾਲ ਇੱਕ ਆਮ ਆਦਮੀ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੇਗਾ।" ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੰਮ 'ਤੇ ਸਕਾਰਾਤਮਕ ਪ੍ਰਭਾਵ ਪੈਦਾ ਕਰਨ ਅਤੇ ਆਮ ਆਦਮੀ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਵੇਂ ਨਿਯੁਕਤੀ ਕਰਮਚਾਰੀਆਂ ਨੂੰ ਆਪਣੀ ਸਿੱਖਣ ਦੀ ਪ੍ਰਕਿਰਿਆ ਨੂੰ ਨਾ ਰੋਕਣ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਕੁਝ ਨਵਾਂ ਜਾਣਨ ਜਾਂ ਸਿੱਖਣ ਦੀ ਪ੍ਰਕਿਰਤੀ ਕੰਮ ਅਤੇ ਸ਼ਖਸੀਅਤ ਦੋਵਾਂ ਵਿੱਚ ਝਲਕਦੀ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਔਨਲਾਈਨ ਲਰਨਿੰਗ ਪਲੈਟਫਾਰਮ ਆਈਜੀਓਟੀ (iGoT) ਕਰਮਯੋਗੀ ਵਿੱਚ ਸ਼ਾਮਲ ਹੋ ਕੇ ਆਪਣੇ ਹੁਨਰ ਨੂੰ ਅਪਗ੍ਰੇਡ ਕਰਨ ਦੀ ਸਲਾਹ ਦਿੱਤੀ।

ਪਿਛੋਕੜ

ਰੋਜ਼ਗਾਰ ਮੇਲਾ ਪ੍ਰਧਾਨ ਮੰਤਰੀ ਦੀ ਰੋਜ਼ਗਾਰ ਸਿਰਜਣ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਪ੍ਰਤੀਬੱਧਤਾ ਦੀ ਪੂਰਤੀ ਵੱਲ ਇੱਕ ਕਦਮ ਹੈ। ਰੋਜ਼ਗਾਰ ਮੇਲੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰੋਜ਼ਗਾਰ ਪੈਦਾ ਕਰਨ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਨ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਲਈ ਸਾਰਥਕ ਮੌਕੇ ਪ੍ਰਦਾਨ ਕਰੇਗਾ।

*****

ਡੀਐੱਸ/ਟੀਐੱਸ


(Release ID: 1916270) Visitor Counter : 164