ਰੱਖਿਆ ਮੰਤਰਾਲਾ
ਭਾਰਤੀ ਫੌਜ ਨੇ ਮੋਟੇ ਅਨਾਜ ਨਾਲ ਬਣੀ ਰੋਜ਼ਾਨਾ ਖੁਰਾਕ ਦੁਬਾਰਾ ਸ਼ੁਰੂ ਕੀਤੀ
Posted On:
22 MAR 2023 1:19PM by PIB Chandigarh
ਸੰਯੁਕਤ ਰਾਸ਼ਟਰ ਦੁਆਰਾ 2023 ਨੂੰ ਇੰਟਰਨੈਸ਼ਨਲ ਈਅਰ ਆਵੑ ਮਿਲਟਸ (ਬਾਜਰੇ ਦੇ ਅੰਤਰਰਾਸ਼ਟਰੀ ਸਾਲ) ਵਜੋਂ ਘੋਸ਼ਿਤ ਕਰਨ ਦੇ ਮੱਦੇਨਜ਼ਰ ਮੋਟੇ ਅਨਾਜ ਦੀ ਖਪਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਭਾਰਤੀ ਫੌਜ ਨੇ ਫ਼ੌਜੀਆਂ ਦੇ ਰਾਸ਼ਨ ਵਿੱਚ ਮੋਟੇ ਅਨਾਜ ਦੇ ਆਟੇ ਦੀ ਸ਼ੁਰੂਆਤ ਕੀਤੀ ਹੈ। ਇਹ ਇਤਿਹਾਸਕ ਫੈਸਲਾ ਲਗਭਗ ਅੱਧੀ ਸਦੀ ਤੋਂ ਬਾਅਦ ਫੌਜਾਂ ਨੂੰ ਦੇਸੀ ਅਤੇ ਰਵਾਇਤੀ ਅਨਾਜ ਦੀ ਸਪਲਾਈ ਯਕੀਨੀ ਬਣਾਏਗਾ, ਜਦੋਂ ਇਹ ਕਣਕ ਦੇ ਆਟੇ ਨੂੰ ਉਤਸ਼ਾਹਿਤ ਕਰਨ ਲਈ ਬੰਦ ਕਰ ਦਿੱਤੇ ਗਏ ਸਨ।
ਇਹ ਸਾਬਤ ਹੋ ਚੁੱਕਾ ਹੈ ਕਿ ਖੁਰਾਕ ਵਿੱਚ ਰਵਾਇਤੀ ਮੋਟੇ ਅਨਾਜ ਦੀ ਵਰਤੋਂ ਕਰਨ ਨਾਲ ਬਹੁਤ ਸਾਰੇ ਸਿਹਤ ਲਾਭ ਹੁੰਦੇ ਹਨ। ਇਸ ਤੋਂ ਇਲਾਵਾ ਸਾਡੇ ਭੂਗੋਲਿਕ ਅਤੇ ਜਲਵਾਯੂ ਦੇ ਅਨੁਕੂਲ ਮੋਟੇ ਅਨਾਜਾਂ ਤੋਂ ਤਿਆਰ ਭੋਜਨ ਪਦਾਰਥ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਨ ਅਤੇ ਸੈਨਿਕਾਂ ਦੀ ਸੰਤੁਸ਼ਟੀ ਅਤੇ ਮਨੋਬਲ ਨੂੰ ਵਧਾਉਣ ਲਈ ਮਹੱਤਵਪੂਰਨ ਕਦਮ ਸਾਬਤ ਹੋਣਗੇ। ਮੋਟਾ ਅਨਾਜ ਹੁਣ ਫੌਜ ਦੇ ਸਾਰੇ ਰੈਂਕਾਂ ਲਈ ਰੋਜ਼ਾਨਾ ਭੋਜਨ ਦਾ ਅਭਿੰਨ ਅੰਗ ਬਣ ਜਾਵੇਗਾ।
ਸਾਲ 2023-24 ਤੋਂ ਸੈਨਿਕਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਵਿੱਚ ਅਨਾਜ (ਚਾਵਲ ਅਤੇ ਕਣਕ ਦਾ ਆਟਾ) ਦੇ ਅਧਿਕਾਰਿਤ ਅਧਿਕਾਰ ਦੇ 25 ਪ੍ਰਤੀਸ਼ਤ ਤੋਂ ਵੱਧ ਨਾ ਹੋਣ ਵਾਲੇ ਮੋਟੇ ਅਨਾਜਾਂ ਤੋਂ ਤਿਆਰ ਆਟੇ ਦੀ ਖਰੀਦ ਲਈ ਸਰਕਾਰ ਤੋਂ ਆਗਿਆ ਮੰਗੀ ਗਈ ਹੈ। ਮੋਟੇ ਅਨਾਜ ਦੀ ਸਰਕਾਰੀ ਖਰੀਦ ਅਤੇ ਇਸ ਦੀ ਵੰਡ ਵਰਤੇ ਗਏ ਅਨਾਜ ਦੀ ਚੋਣ ਅਤੇ ਇਸ ਦੀ ਮੰਗ 'ਤੇ ਨਿਰਧਾਰਿਤ ਮਾਤਰਾ 'ਤੇ ਅਧਾਰਿਤ ਹੋਵੇਗੀ। ਮੋਟੇ ਅਨਾਜ ਦੇ ਆਟੇ ਦੀਆਂ ਤਿੰਨ ਪ੍ਰਸਿੱਧ ਕਿਸਮਾਂ ਜਿਵੇਂ ਬਾਜਰਾ, ਜਵਾਰ ਅਤੇ ਰਾਗੀ ਫੌਜਾਂ ਨੂੰ ਤਰਜੀਹ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਲਬਧ ਕਰਵਾਈਆਂ ਜਾਣਗੀਆਂ। ਬਾਜਰੇ ਵਿੱਚ ਪ੍ਰੋਟੀਨ, ਸੂਖਮ ਪੌਸ਼ਟਿਕ ਤੱਤਾਂ ਅਤੇ ਫਾਈਟੋ-ਕੈਮੀਕਲਸ ਦਾ ਇੱਕ ਚੰਗਾ ਸਰੋਤ ਹੋਣ ਦਾ ਫਾਇਦਾ ਹੁੰਦਾ ਹੈ, ਜਿਸ ਨਾਲ ਸੈਨਿਕਾਂ ਦੀ ਖੁਰਾਕ ਦੇ ਪੋਸ਼ਣ ਸੰਬੰਧੀ ਪ੍ਰੋਫਾਈਲ ਨੂੰ ਹੁਲਾਰਾ ਮਿਲਦਾ ਹੈ।
ਇਸ ਤੋਂ ਇਲਾਵਾ, ਵੱਡੇ ਪੱਧਰ 'ਤੇ ਹੋਣ ਵਾਲੇ ਸਮਾਗਮਾਂ, ਬੜਾਖਾਨਾਂ, ਕੰਟੀਨਾਂ ਅਤੇ ਘਰ ਦੀ ਰਸੋਈ ਵਿੱਚ ਖਾਣਾ ਪਕਾਉਣ ਦੇ ਦੌਰਾਨ ਮੋਟੇ ਅਨਾਜ ਦੀ ਵਿਆਪਕ ਵਰਤੋਂ ਲਈ ਸਲਾਹ ਜਾਰੀ ਕੀਤੀ ਗਈ ਹੈ। ਮੋਟੇ ਅਨਾਜ ਤੋਂ ਸੁਅਸਥ, ਸੁਆਦਲੇ ਅਤੇ ਪੌਸ਼ਟਿਕ ਪਕਵਾਨ ਤਿਆਰ ਕਰਨ ਲਈ ਰਸੋਈਏ ਕਰਮਚਾਰੀਆਂ ਨੂੰ ਕੇਂਦਰੀ ਪੱਧਰ ‘ਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਦੇਸ਼ ਦੀਆਂ ਉੱਤਰੀ ਸਰਹੱਦਾਂ 'ਤੇ ਤੈਨਾਤ ਸੈਨਿਕਾਂ ਨੂੰ ਵੈਲਯੂ ਐਡਿਡ ਮੋਟੇ ਅਨਾਜ ਦੇ ਉਤਪਾਦਾਂ ਅਤੇ ਹਲਕੇ ਸਨੈਕਸ ਦੀ ਵਿਵਸਥਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਮੋਟੇ ਅਨਾਜਾਂ ਤੋਂ ਤਿਆਰ ਭੋਜਨ ਉਤਪਾਦਾਂ ਨੂੰ ਸੀਐੱਸਡੀ ਕੰਟੀਨਾਂ ਜ਼ਰੀਏ ਪੇਸ਼ ਕੀਤਾ ਜਾ ਰਿਹਾ ਹੈ, ਨਾਲ ਹੀ ਸ਼ਾਪਿੰਗ ਕੰਪਲੈਕਸਾਂ ਵਿੱਚ ਉਨ੍ਹਾਂ ਦੀ ਵਿਕਰੀ ਲਈ ਸਮਰਪਿਤ ਕੋਨੇ ਬਣਾਏ ਜਾ ਰਹੇ ਹਨ। ਵਿੱਦਿਅਕ ਅਦਾਰਿਆਂ ਵਿੱਚ ‘ਆਪਣੇ ਮੋਟੇ ਅਨਾਜ ਨੂੰ ਜਾਣੋ’ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।
*********
ਐੱਸਸੀ/ਆਰਐੱਸਆਰ/ਜੀਕੇਏ
(Release ID: 1909796)
Visitor Counter : 128