ਕਿਰਤ ਤੇ ਰੋਜ਼ਗਾਰ ਮੰਤਰਾਲਾ
ਭਾਰਤ ਦੀ ਜੀ-20 ਪ੍ਰਧਾਨਗੀ ਹੇਠ ਲੇਬਰ 20 ਦੀ ਸ਼ੁਰੂਆਤੀ ਮੀਟਿੰਗ ਲਈ 20 ਦੇਸ਼ਾਂ ਦੇ ਪ੍ਰਤੀਨਿਧ ਅਤੇ ਮਾਹਰ ਅੰਮ੍ਰਿਤਸਰ ਪਹੁੰਚੇ
Posted On:
18 MAR 2023 5:48PM by PIB Chandigarh
ਲੇਬਰ 20 (ਐੱਲ 20) ਦੇ ਸ਼ੁਰੂਆਤੀ ਸਮਾਗਮ ਲਈ ਅੱਜ 20 ਦੇਸ਼ਾਂ ਦੇ ਟਰੇਡ ਯੂਨੀਅਨ ਪ੍ਰਤੀਨਿਧ, ਮਾਹਰ ਅਤੇ ਕਿਰਤ ਆਗੂਆਂ ਤੋਂ ਇਲਾਵਾ ਭਾਰਤ ਦੇ ਟਰੇਡ ਯੂਨੀਅਨ ਆਗੂ ਅਤੇ ਕਿਰਤ ਮਾਹਰ ਅੰਮ੍ਰਿਤਸਰ ਪਹੁੰਚ ਰਹੇ ਹਨ। ਇਹ ਜੀ 20 ਦਾ ਪ੍ਰਮੁੱਖ ਵਿਚਾਰ-ਵਟਾਂਦਰਾ ਸਮੂਹ ਅਤੇ ਵਿਸ਼ਵ ਦੇ ਚੋਟੀ ਦੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦਾ ਇੱਕ ਆਲਮੀ ਸਮੂਹ ਹੈ।
ਭਾਰਤ ਦੇ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਐੱਲ 20 ਦੀ ਸ਼ੁਰੂਆਤੀ ਮੀਟਿੰਗ ਵਿੱਚ ਪ੍ਰਤੀਨਿਧਾਂ ਨਾਲ ਗੱਲਬਾਤ ਕਰਨਗੇ। 2023 ਵਿੱਚ ਜੀ-20 ਦੀ ਭਾਰਤ ਦੀ ਪ੍ਰਧਾਨਗੀ ਵਿਸ਼ਵ ਦੇ ਨਾਜ਼ੁਕ ਮੁੱਦਿਆਂ 'ਤੇ ਵਿਸ਼ਵ ਨਾਲ ਸਹਿਯੋਗ ਕਰਨ ਲਈ ਇੱਕ ਮਹੱਤਵਪੂਰਨ ਸਮਾਂ ਹੈ।
ਭਾਰਤ ਦਾ ਸਭ ਤੋਂ ਵੱਡਾ ਕਿਰਤੀ ਸੰਗਠਨ ਭਾਰਤੀ ਮਜ਼ਦੂਰ ਸੰਘ ਲੇਬਰ 20 ਸ਼ਮੂਲੀਅਤ ਸਮੂਹ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਬੀਐੱਮਐੱਸ ਦੇ ਕੌਮੀ ਪ੍ਰਧਾਨ ਸ਼੍ਰੀ ਹਰਨਮਯ ਪਾਂਡਯਾ ਐੱਲ 20 ਦੇ ਪ੍ਰਧਾਨ (ਚੇਅਰ) ਹੋਣਗੇ। ਉਹ ਸ਼ਹਿਰ ਵਿੱਚ ਸ਼ੁਰੂ ਹੋਣ ਵਾਲੇ ਸਮਾਗਮ ਦੀ ਪ੍ਰਧਾਨਗੀ ਕਰਨਗੇ। ਭਾਰਤ ਦੀਆਂ ਕਈ ਹੋਰ ਪ੍ਰਮੁੱਖ ਟਰੇਡ ਯੂਨੀਅਨਾਂ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੀਆਂ।
ਮੀਡੀਆ ਨਾਲ ਅੱਜ ਗੱਲਬਾਤ ਦੌਰਾਨ ਬੀਐੱਮਐੱਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਹਰਨਮਯ ਪੰਡਯਾ ਨੇ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਐੱਲ 20 ਮੀਟਿੰਗ ਦੇ ਵੇਰਵਿਆਂ ਦੀ ਰੂਪ ਰੇਖਾ ਦਿੱਤੀ। ਉਨ੍ਹਾਂ ਕਿਹਾ ਕਿ ਐੱਲ 20 ਦੀ ਸ਼ੁਰੂਆਤੀ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਦੇ ਵਿਸ਼ਵੀਕਰਨ ਸਮੇਤ ਟਿਕਾਊ ਆਜੀਵਿਕਾ ਅਤੇ ਰੋਜ਼ਗਾਰ ਨਾਲ ਸਬੰਧਤ ਮੁੱਖ ਵਿਸ਼ਿਆਂ 'ਤੇ ਚਰਚਾ ਹੋਵੇਗੀ। ਇਨ੍ਹਾਂ ਵਿਸ਼ਿਆਂ ਵਿੱਚ ਕਿਰਤ ਦਾ ਅੰਤਰਰਾਸ਼ਟਰੀ ਪ੍ਰਵਾਸ: ਸਮਾਜਿਕ ਸੁਰੱਖਿਆ ਫੰਡਾਂ ਦੀ ਪੋਰਟੇਬਿਲਟੀ; ਗੈਰ ਰਸਮੀ ਕਾਮਿਆਂ ਲਈ ਸਮਾਜਿਕ ਸੁਰੱਖਿਆ ਅਤੇ ਹੁਨਰ ਸਿਖਲਾਈ ਅਤੇ ਹੁਨਰ ਅਪਗ੍ਰੇਡੇਸ਼ਨ: ਰੋਜ਼ਗਾਰਦਾਤਾਵਾਂ, ਕਰਮਚਾਰੀਆਂ ਅਤੇ ਸਰਕਾਰਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਸ਼ਾਮਲ ਹਨ।
ਆਲਮੀ ਪੱਧਰ 'ਤੇ ਕਿਰਤ ਖੇਤਰ ਵਿੱਚ ਕੁਝ ਨਵੇਂ ਰੁਝਾਨ, ਜਿਵੇਂ ਕਿ ਕੰਮ ਦੀ ਦੁਨੀਆ ਬਦਲ ਰਹੀ ਹੈ: ਜੀ-20 ਦੇਸ਼ਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ; ਵਧੀਆ ਟਿਕਾਊ ਕੰਮ ਨੂੰ ਉਤਸ਼ਾਹਿਤ ਕਰਨਾ; ਤਨਖਾਹਾਂ 'ਤੇ ਦੇਸ਼ ਦੇ ਤਜ਼ਰਬਿਆਂ ਦੀ ਸਾਂਝ ਅਤੇ ਅਗਲੇ ਦੋ ਦਿਨਾਂ ਵਿੱਚ ਐੱਲ 20 ਇਨਸੈਪਸ਼ਨ ਇਵੈਂਟ ਵਿੱਚ ਵਿਚਾਰ-ਵਟਾਂਦਰੇ ਲਈ ਮਹਿਲਾਵਾਂ ਅਤੇ ਕੰਮ ਦਾ ਭਵਿੱਖ ਵੀ ਧਿਆਨ ਕੇਂਦਰਿਤ ਵਿਸ਼ੇ ਹੋਣਗੇ।
ਕਿਰਤੀ ਮੁੱਦਿਆਂ ਦੇ ਜਾਣੇ-ਪਛਾਣੇ ਮਾਹਰ ਜਿਵੇਂ ਕਿ ਪ੍ਰੋ. ਸੰਤੋਸ਼ ਮੇਹਰੋਤਰਾ, ਡਾ. ਪ੍ਰਵੀਨ ਸਿਨਹਾ, ਪ੍ਰੋ. ਰਵੀ ਸ਼੍ਰੀਵਾਸਤਵ, ਐਡਵੋਕੇਟ ਸੀ. ਕੇ. ਸਾਜੀ ਨਰਾਇਣਨ, ਡਾ. ਬੀ ਆਰ ਅੰਬੇਡਕਰ ਲਾਅ ਯੂਨੀਵਰਸਿਟੀ ਤਾਮਿਲਨਾਡੂ ਦੇ ਵਾਈਸ ਚਾਂਸਲਰ ਪ੍ਰੋ. ਐੱਨ. ਸੰਤੋਸ਼ ਕੁਮਾਰ ਅਤੇ ਬਿਲਾਸਪੁਰ ਯੂਨੀਵਰਸਿਟੀ ਦੇ ਪ੍ਰੋ. ਏ.ਡੀ.ਐੱਨ. ਵਾਜਪਾਈ ਵੀ ਭਾਗ ਲੈਣਗੇ ਅਤੇ ਵਿਚਾਰ-ਵਟਾਂਦਰੇ ਨੂੰ ਸਮ੍ਰਿੱਧ ਬਣਾਉਣਗੇ।
ਜੀ 20: 20 ਦੇਸ਼ਾਂ ਦਾ ਸਮੂਹ ਜੀ 20 ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਇੱਕ ਪ੍ਰਮੁੱਖ ਫੋਰਮ ਹੈ। ਇਹ ਸਾਰੇ ਪ੍ਰਮੁੱਖ ਅੰਤਰਰਾਸ਼ਟਰੀ ਆਰਥਿਕ ਮੁੱਦਿਆਂ 'ਤੇ ਆਲਮੀ ਢਾਂਚਾ ਅਤੇ ਸ਼ਾਸਨ ਨੂੰ ਆਕਾਰ ਦੇਣ ਅਤੇ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਭਾਰਤ ਨੇ 2023 ਵਿੱਚ ਇਸਦੀ ਪ੍ਰਧਾਨਗੀ ਸੰਭਾਲੀ ਹੈ। ਹੋਰ ਜਾਣਕਾਰੀ ਲਈ: https://www.g20.org/en/.
ਐੱਲ 20: ਲੇਬਰ 20 ਜੀ 20 ਦੇ 11 ਵਿਚਾਰ-ਵਟਾਂਦਰਾ ਸਮੂਹਾਂ ਵਿੱਚੋਂ ਇੱਕ ਹੈ, ਜਿਸਦੀ ਅਗਵਾਈ ਗੈਰ-ਸਰਕਾਰੀ ਯਤਨਾਂ ਨਾਲ ਕੀਤੀ ਜਾਂਦੀ ਹੈ। ਐੱਲ 20 ਵਿਸ਼ਵ ਪੱਧਰ 'ਤੇ ਕਿਰਤ ਦੇ ਨਵੀਨਤਮ ਰੁਝਾਨਾਂ ਦੇ ਮੱਦੇਨਜ਼ਰ, ਕਿਰਤ ਅਤੇ ਰੋਜ਼ਗਾਰ ਦੀਆਂ ਚਿੰਤਾਵਾਂ ਅਤੇ ਮੁੱਦਿਆਂ 'ਤੇ ਚਰਚਾ ਕਰਦਾ ਹੈ। ਹੋਰ ਜਾਣਕਾਰੀ ਲਈ: https://www.l20india.org/.
ਬੀਐੱਮਐੱਸ: ਭਾਰਤੀ ਮਜ਼ਦੂਰ ਸੰਘ ਭਾਰਤ ਦਾ ਸਭ ਤੋਂ ਵੱਡਾ ਕੇਂਦਰੀ ਕਿਰਤ ਸੰਗਠਨ ਹੈ ਅਤੇ ਲੇਬਰ 20 (ਐੱਲ 20) ਵਿਚਾਰ ਵਟਾਂਦਰਾ ਸਮੂਹ ਦੀ ਚੇਅਰ ਹੈ, ਜੋ ਕਿ 11 ਸਮੂਹਾਂ ਵਿੱਚੋਂ ਇੱਕ ਹੈ। ਵਧੇਰੇ ਜਾਣਕਾਰੀ ਲਈ: https://bms.org.in/.
****
ਐੱਮਜੇਪੀਐੱਸ
(Release ID: 1908666)
Visitor Counter : 160