ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਡਬਲਿਊ20 (ਮਹਿਲਾ 20) ਭਾਰਤ ਦੀ ਜੀ20 ਪ੍ਰਧਾਨਗੀ ਲਈ


ਔਰੰਗਾਬਾਦ 27 ਅਤੇ 28 ਫਰਵਰੀ, 2023 ਨੂੰ ਡਬਲਿਊ20 ਦੀ ਇਨਸੈਪਸ਼ਨ ਮੀਟਿੰਗ ਦੀ ਮੇਜ਼ਬਾਨੀ ਕਰੇਗਾ

Posted On: 25 FEB 2023 5:45PM by PIB Chandigarh

ਡਬਲਿਯੂ20 (ਮਹਿਲਾ 20) ਜੀ20 ਦੇ ਅਧੀਨ ਇੱਕ ਅਧਿਕਾਰਿਤ ਸ਼ਮੂਲੀਅਤ ਸਮੂਹ ਹੈ ਜਿਸਦੀ ਸਥਾਪਨਾ 2015 ਵਿੱਚ ਤੁਰਕੀ ਦੀ ਪ੍ਰਧਾਨਗੀ ਦੌਰਾਨ ਕੀਤੀ ਗਈ ਸੀ। ਇਸਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲਿੰਗ ਵਿਚਾਰਾਂ ਨੂੰ ਜੀ20 ਵਿਚਾਰ-ਵਟਾਂਦਰੇ ਵਿੱਚ ਮੁੱਖ ਧਾਰਾ ਵਿੱਚ ਲਿਆਂਦਾ ਜਾਵੇ ਅਤੇ ਜੀ20 ਲੀਡਰਾਂ ਦੇ ਐਲਾਨਨਾਮੇ ਵਿੱਚ ਉਨ੍ਹਾਂ ਨੀਤੀਆਂ ਅਤੇ ਵਚਨਬੱਧਤਾਵਾਂ ਵਿੱਚ ਸ਼ਾਮਲ ਕੀਤਾ ਜਾਵੇ ਜੋ ਲਿੰਗ ਸਮਾਨਤਾ ਅਤੇ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਦੇ ਹਨ।

 

ਡਬਲਿਯੂ20 ਇੰਡੀਆ ਨੇ 12 ਦਸੰਬਰ 2022 ਨੂੰ ਡਬਲਿਯੂ20 ਇੰਡੋਨੇਸ਼ੀਆ ਤੋਂ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ। ਭਾਰਤ ਦੀ ਪ੍ਰਧਾਨਗੀ ਹੇਠ, ਡਬਲਿਯੂ20, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਔਰਤਾਂ ਦੀ ਅਗਵਾਈ ਵਾਲੇ ਵਿਕਾਸ" ਦੇ ਵਿਜ਼ਨ ਨੂੰ ਸਮਾਨਤਾ ਅਤੇ ਬਰਾਬਰੀ ਦਾ ਸੰਸਾਰ ਸਿਰਜਣ ਦੀ ਦ੍ਰਿਸ਼ਟੀ ਨਾਲ ਸਾਕਾਰ ਕਰਨ 'ਤੇ ਧਿਆਨ ਕੇਂਦ੍ਰਤ ਕਰਦਾ ਹੈ, ਜਿੱਥੇ ਹਰ ਔਰਤ ਇੱਜ਼ਤ ਨਾਲ ਜਿਉਂਦੀ ਹੈ ਅਤੇ ਜਿੱਥੇ ਹਰ ਔਰਤ ਨੂੰ ਆਪਣੇ ਅਤੇ ਦੂਜਿਆਂ ਦੇ ਜੀਵਨ ਨੂੰ ਅੱਗੇ ਵਧਾਉਣ, ਪ੍ਰਫੁੱਲਿਤ ਕਰਨ ਅਤੇ ਬਦਲਣ ਦਾ ਮੌਕਾ ਮਿਲਦਾ ਹੈ। ਡਬਲਿਯੂ20, 2023 ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵਿੱਚ ਰੁਕਾਵਟਾਂ ਨੂੰ ਦੂਰ ਕਰਨ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਔਰਤਾਂ ਲਈ ਇੱਕ ਯੋਗ ਵਾਤਾਵਰਣ ਅਤੇ ਈਕੋਸਿਸਟਮ ਨੂੰ ਯਕੀਨੀ ਬਣਾਉਂਦਾ ਹੈ ਤਾਂ ਜੋ ਉਹ ਆਪਣੀ ਪੂਰੀ ਸਮਰੱਥਾ ਦਾ ਅਹਿਸਾਸ ਕਰ ਸਕਣ, ਆਪਣੀ ਜ਼ਿੰਦਗੀ ਦੇ ਨਾਲ-ਨਾਲ ਦੂਜਿਆਂ ਨੂੰ ਵੀ ਬਦਲ ਸਕਣ।

 

ਡਬਲਿਯੂ20 2023 ਦੁਆਰਾ ਨਿਰਧਾਰਿਤ ਕੀਤਾ ਗਿਆ ਟੀਚਾ ਇੱਕ ਮਜ਼ਬੂਤ ​​ਡਬਲਿਯੂ20 ਗਲੋਬਲ ਅਤੇ ਰਾਸ਼ਟਰੀ ਨੈੱਟਵਰਕ ਦੀ ਸਥਾਪਨਾ ਕਰਦੇ ਹੋਏ ਪਿਛਲੀਆਂ ਪ੍ਰੈਜ਼ੀਡੈਂਸੀਆਂ ਤੋਂ ਡਬਲਿਯੂ20 ਏਜੰਡੇ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣਾ ਹੈ। ਇਹ ਸੰਮਲਿਤ ਸਲਾਹ-ਮਸ਼ਵਰੇ ਅਤੇ ਕਾਰਵਾਈਆਂ ਡਬਲਿਯੂ20 ਕਮਿਊਨੀਕ ਅਤੇ ਜੀ20 ਲੀਡਰਾਂ ਦੇ ਐਲਾਨਨਾਮੇ ਵਿੱਚ ਸ਼ਾਮਲ ਹੋਣਗੀਆਂ। ਡਬਲਿਯੂ20, 2023 ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਡਬਲਿਯੂ20 ਸੰਚਾਰ ਪ੍ਰਤੀਨਿਧ ਅਤੇ ਵਿਆਪਕ ਹੈ ਅਤੇ ਦੁਨੀਆ ਭਰ ਵਿੱਚ ਔਰਤਾਂ ਦੀ ਸਥਿਤੀ ਨੂੰ ਵਧਾਉਣ ਲਈ ਹੱਲ ਪ੍ਰਦਾਨ ਕਰੇਗਾ।

 

ਭਾਰਤ ਦੀ ਪ੍ਰੈਜ਼ੀਡੈਂਸੀ ਦੇ ਅਧੀਨ ਡਬਲਿਯੂ20 ਦੇ ਪੰਜ ਤਰਜੀਹੀ ਖੇਤਰ ਹਨ, ਜਿਨ੍ਹਾਂ ਵਿੱਚ ਉੱਦਮਸ਼ੀਲਤਾ ਵਿੱਚ ਔਰਤਾਂ, ਜ਼ਮੀਨੀ ਪੱਧਰ 'ਤੇ ਮਹਿਲਾ ਲੀਡਰਸ਼ਿਪ, ਲਿੰਗ ਡਿਜੀਟਲ ਡਿਵਾਈਡ ਨੂੰ ਪੂਰਾ ਕਰਨਾ, ਸਿੱਖਿਆ ਅਤੇ ਹੁਨਰ ਵਿਕਾਸ ਅਤੇ ਔਰਤਾਂ ਅਤੇ ਲੜਕੀਆਂ ਨੂੰ ਤਬਦੀਲੀ ਨਿਰਮਾਤਾਵਾਂ ਦੇ ਤੌਰ 'ਤੇ ਜਲਵਾਯੂ ਲਚੀਲਾਪਣ ਐਕਸ਼ਨ ਸ਼ਾਮਲ ਹਨ।

 

ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਡਾ. ਸੰਧਿਆ ਪੁਰੇਚਾ ਡਬਲਿਯੂ20 ਦੀ ਚੇਅਰਪਰਸਨ ਹਨ। ਗਰੁੱਪ ਦੇ ਹੋਰ ਉੱਘੇ ਭਾਰਤੀ ਡੈਲੀਗੇਟਾਂ ਵਿੱਚ, ਡਾ. ਜਯੋਤੀ ਕਿਰਨ ਸ਼ੁਕਲਾ, 5ਵੇਂ ਰਾਜਸਥਾਨ ਵਿੱਤ ਕਮਿਸ਼ਨ ਦੀ ਸਾਬਕਾ ਚੇਅਰਪਰਸਨ, ਪ੍ਰੋ. ਸ਼ਮੀਕਾ ਰਵੀ, ਭਾਰਤ ਦੇ ਪ੍ਰਧਾਨ ਮੰਤਰੀ ਦੀ ਆਰਥਿਕ ਕੌਂਸਲ ਦੀ ਮੈਂਬਰ, ਸੁਸ਼੍ਰੀ ਭਾਰਤੀ ਘੋਸ਼ ਆਈਪੀਐੱਸ (ਸੇਵਾਮੁਕਤ), ਸੁਸ਼੍ਰੀ ਰਵੀਨਾ ਟੰਡਨ, ਅਭਿਨੇਤਰੀ, ਸੁਸ਼੍ਰੀ ਬੰਸੁਰੀ ਸਵਰਾਜ, ਐਡਵੋਕੇਟ, ਸੁਪਰੀਮ ਕੋਰਟ ਆਫ ਇੰਡੀਆ ਅਤੇ ਡਬਲਿਯੂ20 ਸਕੱਤਰੇਤ ਦੇ ਮੁੱਖ ਕੋਆਰਡੀਨੇਟਰ ਵਜੋਂ ਧਰਿਤਰੀ ਪਟਨਾਇਕ, ਉਦਯੋਗਪਤੀ ਅਤੇ ਪਰਉਪਕਾਰੀ ਸ਼ਾਮਲ ਹਨ। ਡਬਲਿਯੂ20 ਵਿੱਚ 19 ਦੇਸ਼ਾਂ ਅਤੇ ਈਯੂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 100 ਡੈਲੀਗੇਟ ਸ਼ਾਮਲ ਹਨ ਜੋ ਪੰਜ ਟਾਸਕ ਫੋਰਸਾਂ, ਨੀਤੀ ਦੀਆਂ ਸਿਫ਼ਾਰਸ਼ਾਂ ਅਤੇ ਕਮਿਊਨੀਕ ਦੇ ਖਰੜੇ 'ਤੇ ਸਹਿਯੋਗੀ ਅਤੇ ਤੀਬਰਤਾ ਨਾਲ ਕੰਮ ਕਰਦੇ ਹਨ। ਡਬਲਿਯੂ20 ਇੰਡੋਨੇਸ਼ੀਆ ਤੋਂ ਅਹੁਦਾ ਸੰਭਾਲਣ ਤੋਂ ਬਾਅਦ, ਡਬਲਿਯੂ20 ਇੰਡੀਆ ਨੇ ਗਿਆਨ ਅਤੇ ਨੈੱਟਵਰਕ ਭਾਈਵਾਲਾਂ ਦੇ ਤੌਰ 'ਤੇ ਵੱਖ-ਵੱਖ ਸੰਸਥਾਵਾਂ ਨਾਲ 15 ਤੋਂ ਵੱਧ ਐੱਮਓਯੂ’ਸ ਦਸਤਖਤ ਕੀਤੇ ਹਨ, ਭਾਰਤ ਦੇ 10 ਰਾਜਾਂ ਵਿੱਚ ਹਜ਼ਾਰਾਂ ਔਰਤਾਂ ਨਾਲ 40 ਜਨ ਭਾਗੀਦਾਰੀ ਪ੍ਰੋਗਰਾਮ ਕਰਵਾਏ ਹਨ।

 

ਔਰੰਗਾਬਾਦ, ਮਹਾਰਾਸ਼ਟਰ ਵਿਖੇ ਇਨਸੈਪਸ਼ਨ ਮੀਟਿੰਗ 27-28 ਫਰਵਰੀ, 2023 ਨੂੰ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਬਾਅਦ 13-14 ਅਪ੍ਰੈਲ ਨੂੰ ਜੈਪੁਰ, ਰਾਜਸਥਾਨ ਵਿੱਚ ਦੋ ਹੋਰ ਡਬਲਿਯੂ20 ਅੰਤਰਰਾਸ਼ਟਰੀ ਮੀਟਿੰਗਾਂ ਅਤੇ 15-16 ਜੂਨ ਨੂੰ ਮਹਾਬਲੀਪੁਰਮ, ਤਾਮਿਲਨਾਡੂ ਵਿੱਚ ਡਬਲਿਯੂ20 ਸੰਮੇਲਨ ਹੋਵੇਗਾ।

 

ਔਰੰਗਾਬਾਦ ਸ਼ਹਿਰ ਡਬਲਿਯੂ20 ਦੀ ਇਨਸੈਪਸ਼ਨ ਮੀਟਿੰਗ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਨਸੈਪਸ਼ਨ ਮੀਟਿੰਗ ਦਾ ਥੀਮ 'ਔਰਤਾਂ ਦੀ ਅਗਵਾਈ ਵਾਲੇ ਵਿਕਾਸ ਲਈ ਲਿੰਗ ਸਮਾਨਤਾ, ਬਰਾਬਰੀ ਅਤੇ ਸਨਮਾਨ ਦਾ ਅਨੁਸਰਣ ਕਰਨਾ' ਹੈ ਅਤੇ ਇਸ ਵਿੱਚ ਲਿੰਗ ਸੰਬੰਧੀ ਮੁੱਦਿਆਂ ਨੂੰ ਟਾਰਗੇਟ ਕਰਨ ਲਈ ਇੱਕ ਠੋਸ ਰਣਨੀਤੀ ਦੀ ਚਰਚਾ, ਵਿਚਾਰ-ਵਟਾਂਦਰੇ ਅਤੇ ਵਿਕਾਸ ਦੀ ਕਲਪਨਾ ਕੀਤੀ ਗਈ ਹੈ। ਮੀਟਿੰਗ ਵਿੱਚ ਜੀ20 ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਅੰਤਰਰਾਸ਼ਟਰੀ ਡੈਲੀਗੇਟਾਂ ਦਾ ਸਵਾਗਤ ਕੀਤਾ ਜਾਵੇਗਾ।

 

ਡਬਲਿਯੂ20 ਦੀ ਇਨਸੈਪਸ਼ਨ ਮੀਟਿੰਗ ਵਿੱਚ ਮਹਿਲਾ ਅਤੇ ਬਾਲ ਵਿਕਾਸ ਅਤੇ ਘੱਟ ਗਿਣਤੀ ਮਾਮਲਿਆਂ ਦੇ ਮਾਣਯੋਗ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਵੀ ਮੌਜੂਦ ਰਹਿਣਗੇ, ਜੋ ਲਿੰਗ ਸਮਾਨਤਾ ਅਤੇ ਔਰਤਾਂ ਦੇ ਸਸ਼ਕਤੀਕਰਨ 'ਤੇ ਆਪਣੇ ਕੀਮਤੀ ਵਿਚਾਰਾਂ ਨੂੰ ਇਕੱਠ ਨਾਲ ਸਾਂਝਾ ਕਰਨਗੇ। ਬੈਠਕ ਵਿੱਚ ਡਾ. ਭਗਤ ਕਿਸ਼ਨ ਰਾਓ ਕਰਾੜ, ਰਾਜ ਮੰਤਰੀ, ਵਿੱਤ ਮੰਤਰਾਲਾ, ਭਾਰਤ ਸਰਕਾਰ ਅਤੇ ਸ਼੍ਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ, ਮਹਾਰਾਸ਼ਟਰ ਸਰਕਾਰ ਵੀ ਸ਼ਿਰਕਤ ਕਰਨਗੇ। ਇਨ੍ਹਾਂ ਤੋਂ ਇਲਾਵਾ, ਮੀਟਿੰਗ ਵਿੱਚ ਸ਼੍ਰੀ ਅਮਿਤਾਭ ਕਾਂਤ, ਭਾਰਤ ਦੇ ਜੀ20 ਸ਼ੇਰਪਾ, ਡਾ. ਗੁਲਡੇਨ ਤੁਰਕਤਾਨ, ਡਬਲਿਯੂ20 ਦੇ ਸੰਸਥਾਪਕ ਚੇਅਰ ਅਤੇ ਸੁਸ਼੍ਰੀ ਉਲੀ ਸਿਲਾਹੀ, ਡਬਲਿਯੂ20 ਇੰਡੋਨੇਸ਼ੀਆ 2022 ਦੀ ਚੇਅਰ ਵੀ ਮੌਜੂਦ ਹੋਣਗੇ।

 

ਇਨਸੈਪਸ਼ਨ ਮੀਟਿੰਗ ਦੌਰਾਨ ਵੱਖ-ਵੱਖ ਪੈਨਲ ਵਿਚਾਰ-ਵਟਾਂਦਰਿਆਂ ਵਿੱਚ ਨੈਨੋ, ਮਾਈਕ੍ਰੋ ਅਤੇ ਸਟਾਰਟ ਅੱਪ ਉੱਦਮਾਂ ਵਿੱਚ ਔਰਤਾਂ ਦੇ ਸਸ਼ਕਤੀਕਰਨ;  ਜਲਵਾਯੂ ਲਚੀਲੇਪਨ ਦੀ ਕਾਰਵਾਈ ਵਿੱਚ ਬਦਲਾਅ ਨਿਰਮਾਤਾਵਾਂ ਵਜੋਂ ਔਰਤਾਂ ਦੀ ਭੂਮਿਕਾ; ਜ਼ਮੀਨੀ ਪੱਧਰ 'ਤੇ ਮਹਿਲਾ ਲੀਡਰਾਂ ਲਈ ਇੱਕ ਸਮਰੱਥ ਈਕੋਸਿਸਟਮ ਬਣਾਉਣ; ਲਿੰਗ ਡਿਜੀਟਲ ਪਾੜੇ ਨੂੰ ਪੂਰਾ ਕਰਨ ਲਈ ਬੁਨਿਆਦੀ ਢਾਂਚੇ ਅਤੇ ਹੁਨਰ ਦੁਆਰਾ ਪਹੁੰਚ ਵਿੱਚ ਸੁਧਾਰ ਕਰਨ; ਸਿੱਖਿਆ, ਹੁਨਰ ਵਿਕਾਸ ਅਤੇ ਉੱਦਮਤਾ ਲਈ ਮਾਰਗ ਬਣਾਉਣ;  ਅਤੇ ਭਾਰਤ ਵਿੱਚ ਔਰਤਾਂ ਦੀ ਅਗਵਾਈ ਵਿੱਚ ਵਿਕਾਸ 'ਤੇ ਚਰਚਾ ਹੋਵੇਗੀ। ਭਾਰਤੀ ਜਲ ਸੈਨਾ, ਜ਼ਮੀਨੀ ਪੱਧਰ 'ਤੇ ਉੱਦਮਸ਼ੀਲਤਾ ਆਦਿ ਸਮੇਤ ਵੱਖ-ਵੱਖ ਖੇਤਰਾਂ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਵਾਲੀਆਂ ਭਾਰਤ ਦੀਆਂ ਗੈਰ-ਪਰੰਪਰਾਗਤ ਔਰਤਾਂ ਦੀਆਂ ਕਹਾਣੀਆਂ ਵੀ ਡੈਲੀਗੇਟਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।

 

ਇਸ ਤੋਂ ਇਲਾਵਾ, ਇਨਸੈਪਸ਼ਨ ਮੀਟਿੰਗ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਣਗੇ ਅਤੇ ਮਹਾਰਾਸ਼ਟਰ ਦੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਔਰੰਗਾਬਾਦ, ਪ੍ਰਾਚੀਨ ਐਲੋਰਾ ਗੁਫਾਵਾਂ ਦੇ ਵਿਰਾਸਤੀ ਸਥਾਨਾਂ ਦਾ ਦੌਰਾ ਕੀਤਾ ਜਾਵੇਗਾ।

 

ਅੱਜ ਭਾਰਤ ਔਰਤਾਂ ਦੇ ਵਿਕਾਸ ਤੋਂ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵੱਲ ਤੇਜ਼ੀ ਨਾਲ ਤਬਦੀਲੀ ਦੇਖ ਰਿਹਾ ਹੈ। ਦੇਸ਼, ਮਾਣਯੋਗ ਪ੍ਰਧਾਨ ਮੰਤਰੀ ਦੇ ਇੱਕ ਨਵੇਂ ਭਾਰਤ ਦੇ ਵਿਜ਼ਨ ਦੇ ਨਾਲ ਅੱਗੇ ਵਧ ਰਿਹਾ ਹੈ ਜਿੱਥੇ ਔਰਤਾਂ ਦੇਸ਼ ਦੇ ਟਿਕਾਊ ਵਿਕਾਸ ਵਿੱਚ ਬਰਾਬਰ ਦੀਆਂ ਭਾਈਵਾਲ ਹਨ।  ਭਾਰਤ ਇੱਕ ਅਜਿਹੇ ਸਮਾਜ ਦਾ ਪੋਸ਼ਣ ਕਰਨ ਲਈ ਵਚਨਬੱਧ ਹੈ ਜਿੱਥੇ ਸਸ਼ਕਤ ਔਰਤਾਂ ਸਨਮਾਨ ਨਾਲ ਰਹਿੰਦੀਆਂ ਹਨ ਅਤੇ ਬਰਾਬਰ ਭਾਗੀਦਾਰਾਂ ਵਜੋਂ ਯੋਗਦਾਨ ਪਾਉਂਦੀਆਂ ਹਨ। ਡਬਲਿਯੂ20 ਮੀਟਿੰਗਾਂ ਨੂੰ ਸਹਿਯੋਗ ਵਧਾਉਣ ਅਤੇ ਲਿੰਗ ਸਮਾਨਤਾ ਅਤੇ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਕਲਪਨਾ ਕੀਤੀ ਗਈ ਹੈ।


 

 ***********


ਐੱਸਵੀਐੱਸ/ਐੱਸਸੀ/ਪੀਕੇ



(Release ID: 1902480) Visitor Counter : 130