ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਪੀਐੱਫਓ ਨੇ ਦਸੰਬਰ, 2022 ਵਿੱਚ 14.93 ਲੱਖ ਸ਼ੁੱਧ ਮੈਂਬਰਾਂ ਨੂੰ ਜੋੜਿਆ
प्रविष्टि तिथि:
20 FEB 2023 5:09PM by PIB Chandigarh
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਅਸਥਾਈ ਵੇਤਨਮਾਨ ਅੰਕੜੇ ਅੱਜ ਜਾਰੀ ਕੀਤੇ ਗਏ, ਜੋ ਈਪੀਐੱਫਓ ਵਲੋਂ ਦਸੰਬਰ, 2022 ਦੇ ਮਹੀਨੇ ਵਿੱਚ 14.93 ਲੱਖ ਸ਼ੁੱਧ ਮੈਂਬਰ ਸ਼ਾਮਲ ਕੀਤੇ ਜਾਣ ਨੂੰ ਦਰਸਾਉਂਦੇ ਹਨ। ਵੇਤਨਮਾਨ ਦੇ ਅੰਕੜਿਆਂ ਦੀ ਸਾਲ-ਦਰ-ਸਾਲ ਤੁਲਨਾ ਦਸੰਬਰ, 2022 ਵਿੱਚ ਸਾਲ 2021 ਵਿੱਚ ਇਸੇ ਮਹੀਨੇ ਦੇ ਮੁਕਾਬਲੇ ਸ਼ੁੱਧ ਮੈਂਬਰਸ਼ਿਪ ਵਿੱਚ 32,635 ਦੇ ਵਾਧੇ ਨੂੰ ਦਰਸਾਉਂਦੀ ਹੈ।
ਇਸ ਮਹੀਨੇ ਦੌਰਾਨ ਸ਼ਾਮਲ ਕੀਤੇ ਗਏ 14.93 ਲੱਖ ਮੈਂਬਰਾਂ ਵਿੱਚੋਂ, ਲਗਭਗ 8.02 ਲੱਖ ਨਵੇਂ ਮੈਂਬਰ ਪਹਿਲੀ ਵਾਰ ਈਪੀਐੱਫਓ ਦੇ ਸਮਾਜਿਕ ਸੁਰੱਖਿਆ ਦਾਇਰੇ ਅਧੀਨ ਆਏ ਹਨ। ਨਵੇਂ ਸ਼ਾਮਲ ਹੋਏ ਮੈਂਬਰਾਂ ਵਿੱਚ, ਸਭ ਤੋਂ ਵੱਧ ਦਾਖਲਾ 18-21 ਸਾਲ ਦੀ ਉਮਰ-ਸਮੂਹ ਵਿੱਚ 2.39 ਲੱਖ ਮੈਂਬਰਾਂ ਦਾ ਕੀਤਾ ਗਿਆ ਹੈ, ਇਸ ਤੋਂ ਬਾਅਦ 22-25 ਸਾਲ ਉਮਰ-ਸਮੂਹ ਦੇ 2.08 ਲੱਖ ਮੈਂਬਰਾਂ ਦਾ ਦਾਖਲਾ ਹੈ। ਇਸ ਮਹੀਨੇ ਦੌਰਾਨ 18-25 ਸਾਲ ਦੇ ਉਮਰ-ਸਮੂਹ ਦਾ ਕੁੱਲ ਨਵੇਂ ਮੈਂਬਰਾਂ ਦਾ 55.64% ਹਿੱਸਾ ਬਣਦਾ ਹੈ। ਇਹ ਦਰਸਾਉਂਦਾ ਹੈ ਕਿ ਈਪੀਐੱਫਓ ਵਿੱਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਮੈਂਬਰ ਪਹਿਲੀ ਵਾਰ ਨੌਕਰੀ ਹਾਸਲ ਕਰਨ ਵਾਲੇ ਹਨ, ਜੋ ਦੇਸ਼ ਦੇ ਸੰਗਠਿਤ ਖੇਤਰ ਦੇ ਕਰਮਚਾਰੀਆਂ ਵਿੱਚ ਸ਼ਾਮਲ ਹੋ ਰਹੇ ਹਨ।
ਅੰਕੜੇ ਇਹ ਵੀ ਉਜਾਗਰ ਕਰਦੇ ਹਨ ਕਿ ਲਗਭਗ 3.84 ਲੱਖ ਮੈਂਬਰ ਬਾਹਰ ਹੋ ਗਏ, ਜਦਕਿ 10.74 ਲੱਖ ਮੈਂਬਰ ਈਪੀਐੱਫਓ ਮੈਂਬਰਸ਼ਿਪ ਤੋਂ ਬਾਹਰ ਹੋਏ ਅਤੇ ਮੁੜ ਸ਼ਾਮਲ ਹੋਏ। ਇਨ੍ਹਾਂ ਮੈਂਬਰਾਂ ਨੇ ਆਪਣੀਆਂ ਨੌਕਰੀਆਂ ਬਦਲ ਲਈਆਂ ਹਨ ਅਤੇ ਈਪੀਐੱਫਓ ਅਧੀਨ ਆਉਂਦੇ ਅਦਾਰਿਆਂ ਵਿੱਚ ਮੁੜ ਸ਼ਾਮਲ ਹੋ ਗਏ ਅਤੇ ਅੰਤਮ ਨਿਪਟਾਰੇ ਲਈ ਅਰਜ਼ੀ ਦੇਣ ਦੀ ਬਜਾਏ ਆਪਣੀ ਜਮ੍ਹਾਂ ਰਕਮ ਨੂੰ ਟ੍ਰਾਂਸਫਰ ਕਰਨ ਦੀ ਚੋਣ ਕੀਤੀ, ਇਸ ਤਰ੍ਹਾਂ ਉਨ੍ਹਾਂ ਆਪਣੀ ਸਮਾਜਿਕ ਸੁਰੱਖਿਆ ਦੇ ਦਾਇਰੇ ਨੂੰ ਵਧਾਇਆ ਹੈ।
ਵੇਤਨਮਾਨ ਅੰਕੜਿਆਂ ਦਾ ਲਿੰਗ-ਅਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਦਸੰਬਰ, 2022 ਵਿੱਚ ਨਵੀਆਂ ਮਹਿਲਾ ਮੈਂਬਰਾਂ ਦੀ ਭਰਤੀ 2.05 ਲੱਖ ਰਹੀ ਹੈ। ਕੁੱਲ ਨਵੇਂ ਸ਼ਾਮਲ ਹੋਣ ਵਾਲਿਆਂ ਵਿੱਚ ਨਵੀਂ ਮਹਿਲਾ ਮੈਂਬਰਾਂ ਦਾ ਫ਼ੀਸਦ ਨਵੰਬਰ, 2022 ਵਿੱਚ 25.14 ਤੋਂ ਵਧ ਕੇ ਚਾਲੂ ਮਹੀਨੇ ਦੌਰਾਨ 25.57 ਹੋ ਗਈ ਹੈ। ਕਰਮਚਾਰੀ ਭਵਿੱਖ ਨਿਧੀ ਅਤੇ ਫੁਟਕਲ ਵਿਵਸਥਾ ਐਕਟ, 1952 ਦੇ ਤਹਿਤ ਸਮਾਜਿਕ ਸੁਰੱਖਿਆ ਦਾਇਰਾ ਪਹਿਲੀ ਵਾਰ ਇਨ੍ਹਾਂ ਮਹਿਲਾ ਮੈਂਬਰਾਂ ਲਈ ਵਧਾਇਆ ਗਿਆ ਹੈ।
ਰਾਜ ਅਨੁਸਾਰ ਵੇਤਨਮਾਨ ਅੰਕੜੇ ਦੱਸਦੇ ਹਨ ਕਿ ਕੁੱਲ ਮੈਂਬਰ ਜੋੜਨ ਦੇ ਮਾਮਲੇ ਵਿੱਚ ਚੋਟੀ ਦੇ ਪੰਜ ਰਾਜ ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ, ਕਰਨਾਟਕ, ਹਰਿਆਣਾ ਹਨ। ਇਨ੍ਹਾਂ ਰਾਜਾਂ ਨੇ ਮਿਲ ਕੇ ਇਸ ਮਹੀਨੇ ਦੌਰਾਨ ਕੁੱਲ 60.08% ਮੈਂਬਰਾਂ ਨੂੰ ਜੋੜਿਆ ਹੈ। ਸਾਰੇ ਰਾਜਾਂ ਵਿੱਚੋਂ, ਮਹਾਰਾਸ਼ਟਰ ਸਮੁੱਚੇ ਤੌਰ 'ਤੇ ਮੈਂਬਰ ਜੋੜਨ ਵਿੱਚ 24.82% ਨਾਲ ਸਭ ਤੋਂ ਅੱਗੇ ਹੈ ਅਤੇ ਇਸ ਤੋਂ ਬਾਅਦ ਤਾਮਿਲਨਾਡੂ ਇਸ ਮਹੀਨੇ ਦੌਰਾਨ 10.08% ਦੇ ਨਾਲ ਦੂਜੇ ਸਥਾਨ 'ਤੇ ਹੈ।
ਉਦਯੋਗ ਅਨੁਸਾਰ ਵੇਤਨਮਾਨ ਅੰਕੜਿਆਂ ਦਾ ਵਰਗੀਕਰਨ ਦਰਸਾਉਂਦਾ ਹੈ ਕਿ 'ਮਾਹਿਰ ਸੇਵਾਵਾਂ' (ਮਨੁੱਖ ਸ਼ਕਤੀ ਸਪਲਾਇਰ, ਸਾਧਾਰਨ ਠੇਕੇਦਾਰ, ਸੁਰੱਖਿਆ ਸੇਵਾਵਾਂ, ਫੁਟਕਲ ਗਤੀਵਿਧੀਆਂ ਆਦਿ) ਮਹੀਨੇ ਦੌਰਾਨ ਕੁੱਲ ਮੈਂਬਰਾਂ ਦੇ ਜੋੜ ਦਾ 38.22% ਬਣਦੀਆਂ ਹਨ। ਪਿਛਲੇ ਮਹੀਨੇ ਦੇ ਉਦਯੋਗ-ਵਾਰ ਅੰਕੜਿਆਂ ਦੀ ਤੁਲਨਾ ਕਰਦੇ ਹੋਏ, ਉਦਯੋਗਾਂ ਜਿਵੇਂ ਕਿ 'ਵਿੱਤੀ ਸਥਾਪਨਾ', 'ਬੀੜੀ ਬਣਾਉਣ', 'ਕਾਰੋਬਾਰੀ-ਵਪਾਰਕ ਅਦਾਰੇ', 'ਟ੍ਰੈਵਲ ਏਜੰਸੀਆਂ' ਆਦਿ ਵਿੱਚ ਵੱਧ ਨਾਮਾਂਕਣ ਦੇਖੇ ਗਏ ਹਨ।
ਵੇਤਨਮਾਨ ਅੰਕੜੇ ਆਰਜ਼ੀ ਹਨ ਕਿਉਂਕਿ ਅੰਕੜੇ ਬਣਾਉਣਾ ਇੱਕ ਨਿਰੰਤਰ ਅਭਿਆਸ ਹੈ ਅਤੇ ਕਰਮਚਾਰੀ ਰਿਕਾਰਡ ਨੂੰ ਅਪਡੇਟ ਕਰਨਾ ਇੱਕ ਨਿਰੰਤਰ ਪ੍ਰਕਿਰਿਆ ਹੈ। ਪਿਛਲਾ ਡੇਟਾ ਹਰ ਮਹੀਨੇ ਅਪਡੇਟ ਕੀਤਾ ਜਾਂਦਾ ਹੈ। ਈਪੀਐੱਫਓ ਅਪ੍ਰੈਲ-2018 ਦੇ ਮਹੀਨੇ ਤੋਂ ਸਤੰਬਰ, 2017 ਤੋਂ ਬਾਅਦ ਦੀ ਮਿਆਦ ਨੂੰ ਕਵਰ ਕਰਦੇ ਹੋਏ ਵੇਤਨਮਾਨ ਡੇਟਾ ਜਾਰੀ ਕਰ ਰਿਹਾ ਹੈ। ਮਹੀਨਾਵਾਰ ਵੇਤਨਮਾਨ ਡੇਟਾ ਵਿੱਚ, ਆਧਾਰ ਪ੍ਰਮਾਣਿਤ ਯੂਨੀਵਰਸਲ ਅਕਾਊਂਟ ਨੰਬਰ (ਯੂਏਐੱਨ) ਰਾਹੀਂ ਪਹਿਲੀ ਵਾਰ ਈਪੀਐੱਫਓ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਗਿਣਤੀ, ਈਪੀਐੱਫਓ ਦੇ ਦਾਇਰੇ ਤੋਂ ਬਾਹਰ ਨਿਕਲਣ ਵਾਲੇ ਮੌਜੂਦਾ ਮੈਂਬਰ ਅਤੇ ਮੈਂਬਰ ਦੇ ਤੌਰ 'ਤੇ ਬਾਹਰ ਨਿਕਲਣ ਵਾਲੇ ਪਰ ਮੁੜ-ਜੁੜਨ ਵਾਲੇ ਮੈਂਬਰਾਂ ਦੀ ਗਿਣਤੀ ਨੂੰ ਸ਼ੁੱਧ ਮਹੀਨਾਵਾਰ ਵੇਤਨਮਾਨ ਦੇ ਤੌਰ 'ਤੇ ਲਿਆ ਜਾਂਦਾ ਹੈ।
ਈਪੀਐੱਫਓ ਪ੍ਰੋਵੀਡੈਂਟ, ਪੈਨਸ਼ਨ ਅਤੇ ਬੀਮਾ ਫੰਡਾਂ ਦੇ ਰੂਪ ਵਿੱਚ ਕਰਮਚਾਰੀ ਭਵਿੱਖ ਨਿਧੀ ਅਤੇ ਫੁਟਕਲ ਵਿਵਸਥਾ ਐਕਟ, 1952 ਦੇ ਦਾਇਰੇ ਵਿੱਚ ਆਉਣ ਵਾਲੇ ਦੇਸ਼ ਦੇ ਸੰਗਠਿਤ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਲਾਭ ਦੇਣ ਲਈ ਵਚਨਬੱਧ ਹੈ।
***
ਐੱਮਜੇਪੀਐੱਸ/ਐੱਸਐੱਸਵੀ
(रिलीज़ आईडी: 1901456)
आगंतुक पटल : 176