ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਵਿੱਚ ਮੁੰਬਈ-ਸੋਲਾਪੁਰ ਵੰਦੇ ਭਾਰਤ ਅਤੇ ਮੁੰਬਈ-ਸਾਈਂਨਗਰ ਸ਼ਿਰੜੀ ਵੰਦੇ ਭਾਰਤ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
ਦੋ ਸੜਕ ਪ੍ਰੋਜੈਕਟਾਂ- ਸਾਂਤਾਕਰੂਜ਼ ਚੇਂਬੂਰ ਲਿੰਕ ਰੋਡ ਅਤੇ ਕੁਰਾਰ ਅੰਡਰਪਾਸ ਪ੍ਰੋਜੈਕਟ- ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ
“ਮਹਾਰਾਸ਼ਟਰ ਵਿੱਚ ਰੇਲਵੇ ਅਤੇ ਰੇਲ-ਕਨੈਕਟੀਵਿਟੀ ਦੇ ਲਈ ਬਹੁਤ ਮਹੱਤਵਪੂਰਨ ਦਿਨ, ਕਿਉਂਕਿ ਇੱਕ ਹੀ ਦਿਨ ਦੋ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ”
“ਇਹ ਵੰਦੇ ਭਾਰਤ ਟ੍ਰੇਨਾਂ ਆਰਥਿਕ ਕੇਂਦਰਾਂ ਨੂੰ ਆਸਥਾ ਦੇ ਕੇਂਦਰਾਂ ਨਾਲ ਜੋੜਣਗੀਆਂ”
“ਵੰਦੇ ਭਾਰਤ ਟ੍ਰੇਨ ਆਧੁਨਿਕ ਭਾਰਤ ਦੀ ਸ਼ਾਨਦਾਰ ਤਸਵੀਰ ਹੈ”
“ਵੰਦੇ ਭਾਰਤ ਟ੍ਰੇਨਾਂ ਭਾਰਤ ਦੀ ਗਤੀ ਅਤੇ ਪੈਮਾਨੇ ਦਾ ਪ੍ਰਤੀਬਿੰਬ ਹਨ”
“ਇਸ ਸਾਲ ਦੇ ਬਜਟ ਨਾਲ ਮੱਧ ਵਰਗ ਮਜ਼ਬੂਤ ਹੋਇਆ ਹੈ”
Posted On:
10 FEB 2023 4:45PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਵਿੱਚ ਦੋ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਦੋਨੋ ਟ੍ਰੇਨਾਂ ਹਨ- ਮੁੰਬਈ-ਸੋਲਾਪੁਰ ਵੰਦੇ ਭਾਰਤ ਅਤੇ ਮੁੰਬਈ-ਸਾਈਂਨਗਰ ਸ਼ਿਰੜੀ ਵੰਦੇ ਭਾਰਤ। ਉਨ੍ਹਾਂ ਨੇ ਮੁੰਬਈ ਵਿੱਚ ਸੜਕ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਕਰਨ ਦੇ ਲਈ ਦੋ ਸੜਕ ਪ੍ਰੋਜੈਕਟਾਂ- ਸਾਂਤਾਕਰੂਜ਼ ਚੇਂਬੂਰ ਲਿੰਕ ਰੋਡ ਅਤੇ ਕੁਰਾਰ ਅੰਡਰਪਾਸ ਪ੍ਰੋਜੈਕਟ- ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ।
ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਦੇ ਪਲੈਟਫਾਰਮ ਨੰ. 18 ‘ਤੇ ਆਉਣ ਦੇ ਬਾਅਦ, ਪ੍ਰਧਾਨ ਮੰਤਰੀ ਨੇ ਮੁੰਬਈ-ਸਾਈਂਨਗਰ ਸ਼ਿਰੜੀ ਵੰਦੇ ਭਾਰਤ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਟ੍ਰੇਨ ਚਾਲਕ ਦਲ ਅਤੇ ਕੋਚ ਦੇ ਅੰਦਰ ਬੈਠੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ।
ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਵਿੱਚ ਰੇਲਵੇ, ਵਿਸ਼ੇਸ਼ ਤੌਰ ‘ਤੇ ਮਹਾਰਾਸ਼ਟਰ ਵਿੱਚ ਉੱਨਤ ਰੇਲ-ਕਨੈਕਟੀਵਿਟੀ ਦੇ ਲਈ ਇੱਕ ਬਹੁਤ ਮਹੱਤਵਪੂਰਨ ਦਿਨ ਹੈ, ਕਿਉਂਕਿ ਪਹਿਲੀ ਵਾਰ ਦੋ ਵੰਦੇ ਭਾਰਤ ਟ੍ਰੇਨਾਂ ਨੂੰ ਇੱਕ ਹੀ ਦਿਨ ਹਰੀ ਝੰਡੀ ਦਿਖਾਈ ਗਈ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਵੰਦੇ ਭਾਰਤ ਟ੍ਰੇਨਾਂ ਮੁੰਬਈ ਅਤੇ ਪੁਣੇ ਜਿਹੇ ਆਰਥਿਕ ਕੇਂਦਰਾਂ ਨੂੰ ਆਸਥਾ ਦੇ ਕੇਂਦਰਾਂ ਨਾਲ ਜੋੜਣਗੀਆਂ, ਜਿਸ ਨਾਲ ਕਾਲਜ, ਦਫ਼ਤਰ, ਬਿਜ਼ਨਸ, ਤੀਰਥ ਯਾਤਰਾ ਅਤੇ ਖੇਤੀਬਾੜੀ ਉਦੇਸ਼ਾਂ ਦੇ ਲਈ ਯਾਤਰਾ ਕਰਨ ਵਾਲਿਆਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਨਵੀਆਂ ਵੰਦੇ ਭਾਰਤ ਟ੍ਰੇਨਾਂ ਨਾਲ ਸ਼ਿਰੜੀ, ਨਾਸਿਕ, ਤ੍ਰਯੰਬਕੇਸ਼ਵਰ (Trimbakeshwar) ਅਤੇ ਪੰਚਵਟੀ ਜਿਹੀਆਂ ਪਵਿੱਤਰ ਥਾਵਾਂ ਦੀ ਯਾਤਰਾ ਅਸਾਨ ਹੋ ਜਾਵੇਗੀ, ਜਿਸ ਨਾਲ ਟੂਰਿਜ਼ਮ ਦੇ ਨਾਲ-ਨਾਲ ਤੀਰਥ ਯਾਤਰਾ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ, “ਸੋਲਾਪੁਰ ਵੰਦੇ ਭਾਰਤ ਐਕਸਪ੍ਰੈੱਸ ਤੋਂ ਪੰਢਰਪੁਰ, ਸੋਲਾਪੁਰ, ਅੱਕਲਕੋਟ ਅਤੇ ਤੁਲਜਾਪੁਰ ਦੀ ਤੀਰਥ ਯਾਤਰਾ ਹੋਰ ਵੀ ਅਧਿਕ ਅਸਾਨ ਹੋ ਜਾਵੇਗੀ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਦੇ ਭਾਰਤ ਟ੍ਰੇਨ ਆਧੁਨਿਕ ਭਾਰਤ ਦੀ ਸ਼ਾਨਦਾਰ ਤਸਵੀਰ ਹੈ। “ਇਹ ਭਾਰਤ ਦੀ ਗਤੀ ਅਤੇ ਪੈਮਾਨੇ ਦਾ ਪ੍ਰਤੀਬਿੰਬ ਹੈ।” ਵੰਦੇ ਭਾਰਤ ਟ੍ਰੇਨਾਂ ਨੂੰ ਲਾਂਚ ਕਰਨ ਦੀ ਗਤੀ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੱਕ ਦੇਸ਼ ਦੇ 17 ਰਾਜਾਂ ਦੇ 108 ਜ਼ਿਲ੍ਹਿਆਂ ਨੂੰ ਜੋੜਣ ਵਾਲੀਆਂ 10 ਵੰਦੇ ਭਾਰਤ ਟ੍ਰੇਨਾਂ ਦਾ ਪਰਿਚਾਲਨ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਅੱਜ ਸ਼ੁਰੂ ਕੀਤੇ ਜਾ ਰਹੇ ਵਿਭਿੰਨ ਪ੍ਰੋਜੈਕਟ, ਜੀਵਨ ਨੂੰ ਹੋਰ ਅਸਾਨ ਬਣਾਉਣਗੀਆਂ। ਉਨ੍ਹਾਂ ਨੇ ਕਿਹਾ ਕਿ ਉੱਪਰੀ ਸੜਕਾਂ (ਐਲੀਵੇਟੇਡ ਰੋਡ) ਪੂਰਬੀ ਅਤੇ ਪੱਛਮੀ ਉਪਨਗਰ ਖੇਤਰਾਂ ਅਤੇ ਅੰਡਰਪਾਸ ਨੂੰ ਜੋੜਣਗੀਆਂ, ਜੋ ਮਹੱਤਵਪੂਰਨ ਹਨ।
ਪ੍ਰਧਾਨ ਮੰਤਰੀ ਨੇ 21ਵੀਂ ਸਦੀ ਦੇ ਭਾਰਤ ਦੇ ਲਈ ਪਬਲਿਕ ਟ੍ਰਾਂਸਪੋਰਟ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਨੂੰ ਦੋਹਰਾਇਆ ਕਿਉਂਕਿ ਇਸ ਨਾਲ ਨਾਗਰਿਕਾਂ ਦੀ ਰੋਜ਼ੀ-ਰੋਟੀ ਵਿਆਪਕ ਤੌਰ ‘ਤੇ ਅਸਾਨ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਟ੍ਰੇਨਾਂ ਦੀ ਸ਼ੁਰੂਆਤ, ਮੈਟ੍ਰੋ ਦੇ ਵਿਸਤਾਰ ਅਤੇ ਨਵੇਂ ਹਵਾਈ ਅੱਡਿਆਂ ਤੇ ਬੰਦਰਗਾਹਾਂ ਦੇ ਨਿਰਮਾਣ ਦੇ ਪਿੱਛੇ ਇਹੀ ਸੋਚ ਹੈ। ਬਜਟ ਵੀ ਇਸ ਸੋਚ ਨੂੰ ਮਜ਼ਬੂਤ ਕਰਦਾ ਹੈ ਕਿਉਂਕਿ ਪਹਿਲੀ ਵਾਰ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਵਿਸ਼ੇਸ਼ ਤੌਰ ‘ਤੇ 10 ਲੱਖ ਕਰੋੜ ਵੰਡੇ ਗਏ ਹਨ। ਇਸ ਵਿੱਚ ਰੇਲਵੇ ਦੀ ਹਿੱਸੇਦਾਰੀ 2.5 ਲੱਖ ਕਰੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲ ਬਜਟ ਵਿੱਚ ਮਹਾਰਾਸ਼ਟਰ ਦੇ ਲਈ ਵੰਡ ਵਿੱਚ ਵੀ ਬੇਮਿਸਾਲ ਵਾਧਾ ਹੋਇਆ ਹੈ ਅਤੇ ਉਮੀਦ ਜਤਾਈ ਹੈ ਕਿ ਡਬਲ ਇੰਜਣ ਦੀ ਸਰਕਾਰ ਦੇ ਪ੍ਰਯਤਨਾਂ ਨਾਲ ਮਹਾਰਾਸ਼ਟਰ ਵਿੱਚ ਕਨੈਕਟੀਵਿਟੀ ਵਿੱਚ ਹੋਰ ਤੇਜ਼ੀ ਨਾਲ ਵਿਸਤਾਰ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ, “ਇਸ ਸਾਲ ਦੇ ਬਜਟ ਨਾਲ ਮੱਧ ਵਰਗ ਮਜ਼ਬੂਤ ਹੋਇਆ ਹੈ।” ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਇਸ ਵਰ੍ਹੇ ਦੇ ਬਜਟ ਵਿੱਚ ਵੇਤਨਭੋਗੀ ਅਤੇ ਬਿਜ਼ਨਸ ਕਰਨ ਵਾਲੇ, ਦੋਨਾਂ ਵਰਗਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਦੋ ਲੱਖ ਰੁਪਏ ਤੋਂ ਅਧਿਕ ਆਮਦਨ ਵਾਲੇ ਲੋਕਾਂ ‘ਤੇ ਟੈਕਸ ਲਗਾਇਆ ਜਾਂਦਾ ਸੀ, ਲੇਕਿਨ ਇਹ ਵਰਤਮਾਨ ਸਰਕਾਰ ਹੀ ਹੈ ਜਿਸ ਨੇ ਸ਼ੁਰੂਆਤ ਵਿੱਚ ਇਸ ਸੀਮਾ ਨੂੰ ਵਧਾ ਕੇ ਪੰਜ ਲੱਖ ਰੁਪਏ ਅਤੇ ਹੁਣ ਇਸ ਸਾਲ ਦੇ ਬਜਟ ਵਿੱਚ ਸੱਤ ਲੱਖ ਰੁਪਏ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਿਨ੍ਹਾਂ ਲੋਕਾਂ ਨੂੰ ਯੂਪੀਏ ਸਰਕਾਰ ਦੇ ਦੌਰ ਵਿੱਚ 20 ਪ੍ਰਤੀਸ਼ਤ ਟੈਕਸ ਦੇਣਾ ਪੈਂਦਾ ਸੀ, ਉਨ੍ਹਾਂ ਨੂੰ ਅੱਜ ਕੋਈ ਟੈਕਸ ਨਹੀਂ ਦੇਣਾ ਪੈਂਦਾ ਹੈ।” ਉਨ੍ਹਾਂ ਨੇ ਇਸ ਤੱਥ ‘ਤੇ ਵੀ ਚਾਨਣਾ ਪਾਇਆ ਕਿ ਨਵੀਆਂ ਨੌਕਰੀਆਂ ਵਾਲੇ ਲੋਕਾਂ ਦੇ ਪਾਸ ਹੁਣ ਹੋਰ ਅਧਿਕ ਬਚਤ ਕਰਨ ਦਾ ਅਵਸਰ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਇਹ ਵਿਸ਼ਵਾਸ ਵਿਅਕਤ ਕੀਤਾ ਕਿ ‘ਸਬਕਾ ਵਿਕਾਸ ਸਬਕਾ ਪ੍ਰਯਾਸ’ ਦੀ ਭਾਵਨਾ ਨੂੰ ਹੁਲਾਰਾ ਦੇਣ ਵਾਲਾ ਇਹ ਬਜਟ ਹਰ ਪਰਿਵਾਰ ਨੂੰ ਤਾਕਤ ਦੇਵੇਗਾ ਅਤੇ ਸਾਰਿਆਂ ਨੂੰ ਇੱਕ ਵਿਕਸਤ ਭਾਰਤ ਬਣਾਉਣ ਦੇ ਲਈ ਪ੍ਰੋਤਸਾਹਿਤ ਕਰੇਗਾ।
ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਭਗਤ ਸਿੰਘ ਕੋਸ਼ਯਾਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ, ਸ਼੍ਰੀ ਦੇਵੇਂਦਰ ਫਡਣਵੀਸ, ਕੇਂਦਰੀ ਰੇਲ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ , ਕੇਂਦਰੀ ਮਾਈਕਰੋ, ਸਮਾਲ ਅਤੇ ਮੀਡੀਅਮ ਉੱਦਮ ਮੰਤਰੀ, ਸ਼੍ਰੀ ਨਾਰਾਇਣ ਰਾਣੇ, ਕੇਂਦਰੀ ਰਾਜ ਮੰਤਰੀ, ਸ਼੍ਰੀ ਰਾਮਦਾਸ ਅਠਾਵਲੇ ਅਤੇ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਅਤੇ ਮਹਾਰਾਸ਼ਟਰ ਸਰਕਾਰ ਦੇ ਮੰਤਰੀਗਣ ਸਹਿਤ ਕਈ ਪਤਵੰਤੇ ਇਸ ਅਵਸਰ ‘ਤੇ ਮੌਜੂਦ ਸਨ।
ਪਿਛੋਕੜ
ਮੁੰਬਈ-ਸੋਲਾਪੁਰ ਵੰਦੇ ਭਾਰਤ ਟ੍ਰੇਨ ਅਤੇ ਮੁੰਬਈ-ਸਾਈਂਨਗਰ ਸ਼ਿਰੜੀ ਵੰਦੇ ਭਾਰਤ ਟ੍ਰੇਨ ਦੋ ਅਜਿਹੀਆਂ ਟ੍ਰੇਨਾਂ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨੇ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਨਵੇਂ ਭਾਰਤ ਦੇ ਲਈ ਬਿਹਤਰ, ਅਧਿਕ ਕੁਸ਼ਲ ਅਤੇ ਯਾਤਰੀਆਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਟ੍ਰਾਂਸਪੋਰਟ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ।
ਮੁੰਬਈ-ਸੋਲਾਪੁਰ ਵੰਦੇ ਭਾਰਤ ਟ੍ਰੇਨ ਦੇਸ਼ ਦੀ ਨੌਵੀਂ ਵੰਦੇ ਭਾਰਤ ਟ੍ਰੇਨ ਹੋਵੇਗੀ। ਇਹ ਨਵੀਂ ਵਰਲਡ-ਕਲਾਸ ਟ੍ਰੇਨ ਮੁੰਬਈ ਅਤੇ ਸੋਲਾਪੁਰ ਦਰਮਿਆਨ ਕਨੈਕਟੀਵਿਟੀ ਨੂੰ ਬਿਹਤਰ ਕਰੇਗੀ ਅਤੇ ਸੋਲਾਪੁਰ ਵਿੱਚ ਸਿਧੇਸ਼ਵਰ, ਸੋਲਾਪੁਰ ਦੇ ਨੇੜੇ ਅੱਕਲਕੋਟ, ਤੁਲਜਾਪੁਰ, ਪੰਢਰਪੁਰ ਅਤੇ ਪੁਣੇ ਦੇ ਨੇੜੇ ਆਲੰਦੀ ਜਿਹੇ ਮਹੱਤਵਪੂਰਨ ਤੀਰਥ ਸਥਲਾਂ ਦੀ ਯਾਤਰਾ ਨੂੰ ਵੀ ਸੁਵਿਧਾਜਨਕ ਬਣਾਵੇਗੀ।
ਮੁੰਬਈ- ਸਾਈਂਨਗਰ ਸ਼ਿਰੜੀ ਵੰਦੇ ਭਾਰਤ, ਜੋ ਕਿ ਦੇਸ਼ ਦੀ ਦਸਵੀਂ ਵੰਦੇ ਭਾਰਤ ਟ੍ਰੇਨ ਹੈ, ਮਹਾਰਾਸ਼ਟਰ ਦੇ ਨਾਸਿਕ, ਤ੍ਰਯੰਬਕੇਸ਼ਵਰ (Trimbakeshwar), ਸਾਈਂਨਗਰ ਸ਼ਿਰੜੀ ਅਤੇ ਸ਼ਨੀ ਸਿੰਗਨਾਪੁਰ ਜਿਹੇ ਮਹੱਤਵਪੂਰਨ ਤੀਰਥ ਸਥਲਾਂ ਦੇ ਨਾਲ ਕਨੈਕਟੀਵਿਟੀ ਨੂੰ ਬਿਹਤਰ ਕਰੇਗੀ।
ਮੁੰਬਈ ਵਿੱਚ ਸੜਕ ਯਾਤਾਯਾਤ ਦੀ ਭੀੜ ਨੂੰ ਘੱਟ ਕਰਨ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੁਵਿਧਾਨਜਕ ਕਰਨ ਦੇ ਲਈ, ਪ੍ਰਧਾਨ ਮੰਤਰੀ ਨੇ ਸਾਂਤਾਕਰੂਜ਼ ਚੇਂਬੂਰ ਲਿੰਕ ਰੋਡ (ਐੱਸਸੀਐੱਲਆਰ) ਅਤੇ ਕੁਰਾਰ ਅੰਡਰਪਾਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਕੁਰਲਾ ਤੋਂ ਵਕੋਲਾ ਤੱਕ ਅਤੇ ਕੁਰਲਾ ਵਿੱਚ ਐੱਮਟੀਐੱਨਐੱਲ ਜੰਕਸ਼ਨ, ਬੀਕੇਸੀ ਤੋਂ ਐੱਲਬੀਐੱਸ ਫਲਾਈਓਵਰ ਤੱਕ ਜਾਣ ਵਾਲਾ ਇਹ ਨਵਨਿਰਮਿਤ ਐਲੀਵੇਟਿਡ ਕੌਰੀਡੋਰ ਸ਼ਹਿਰ ਵਿੱਚ ਪੂਰਬ-ਪੱਛਮੀ ਕਨੈਕਟੀਵਿਟੀ ਨੂੰ ਉੱਨਤ ਕਰੇਗਾ। ਇਹ ਸੜਕ ਵੈਸਟਰਨ ਐਕਸਪ੍ਰੈੱਸ ਹਾਈਵੇਅ ਨੂੰ ਈਸਟਰਨ ਐਕਸਪ੍ਰੈੱਸ ਹਾਈਵੇਅ ਨਾਲ ਜੋੜੇਗੀ ਜਿਸ ਨਾਲ ਪੂਰਬੀ ਅਤੇ ਪੱਛਮੀ ਉਪਨਗਰ ਕਾਰਗਰ ਤਰੀਕੇ ਨਾਲ ਆਪਸ ਵਿੱਚ ਜੁੜਣਗੇ। ਵੈਸਟਰਨ ਐਕਸਪ੍ਰੈੱਸ ਹਾਈਵੇਅ (ਡਬਲਿਊਐੱਚ) ‘ਤੇ ਆਵਾਜਾਈ ਨੂੰ ਅਸਾਨ ਬਣਾਉਣ ਦੀ ਦ੍ਰਿਸ਼ਟੀ ਨਾਲ ਕੁਰਾਰ ਅੰਡਰਪਾਸ ਬੇਹਦ ਮਹੱਤਵਪੂਰਨ ਹੈ, ਜੋ ਕਿ ਡਬਲਿਊਐੱਚ ਦੇ ਮਲਾਡ ਅਤੇ ਕੁਰਾਰ ਦੇ ਵੱਲ ਵਾਲੇ ਹਿੱਸੇ ਨੂੰ ਜੋੜਦਾ ਹੈ। ਇਹ ਲੋਕਾਂ ਨੂੰ ਅਸਾਨੀ ਨਾਲ ਸੜਕ ਪਾਰ ਕਰਨ ਅਤੇ ਨਾਲ ਹੀ ਵਾਹਨਾਂ ਨੂੰ ਡਬਲਿਊਐੱਚ ‘ਤੇ ਭਾਰੀ ਟ੍ਰੈਫਿਕ ਵਿੱਚ ਫਸੇ ਬਿਨਾ ਚਲਣ ਦੀ ਸੁਵਿਧਾ ਦਿੰਦਾ ਹੈ।
*****
ਡੀਐੱਸ/ਟੀਐੱਸ
(Release ID: 1900771)
Visitor Counter : 164
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam