ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਦਿ ਮਹੋਤਸਵ ਦਾ ਉਦਘਾਟਨ ਕੀਤਾ


"ਆਦਿ ਮਹੋਤਸਵ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ ਭਾਰਤ ਦੀ ਆਦਿਵਾਸੀ ਵਿਰਾਸਤ ਦੀ ਸ਼ਾਨਦਾਰ ਤਸਵੀਰ ਪੇਸ਼ ਕਰ ਰਿਹਾ ਹੈ"

21ਵੀਂ ਸਦੀ ਦਾ ਭਾਰਤ 'ਸਬਕਾ ਸਾਥ ਸਬਕਾ ਵਿਕਾਸ' ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ”

"ਆਦਿਵਾਸੀ ਸਮਾਜ ਦੀ ਭਲਾਈ ਵੀ ਮੇਰੇ ਲਈ ਵਿਅਕਤੀਗਤ ਸਬੰਧਾਂ ਅਤੇ ਭਾਵਨਾਵਾਂ ਦਾ ਮਾਮਲਾ ਹੈ"

"ਮੈਂ ਆਦਿਵਾਸੀ ਪਰੰਪਰਾਵਾਂ ਨੂੰ ਨਜ਼ਦੀਕ ਤੋਂ ਦੇਖਿਆ ਹੈ, ਉਨ੍ਹਾਂ ਨੂੰ ਜੀਵਿਆ ਹੈ ਅਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ"

"ਦੇਸ਼ ਆਪਣੀ ਕਬਾਇਲੀ ਸ਼ਾਨ ਦੇ ਸਬੰਧ ਵਿੱਚ ਬੇਮਿਸਾਲ ਮਾਣ ਨਾਲ ਅੱਗੇ ਵਧ ਰਿਹਾ ਹੈ"

"ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਆਦਿਵਾਸੀ ਬੱਚਿਆਂ ਦੀ ਸਿੱਖਿਆ ਮੇਰੀ ਪ੍ਰਾਥਮਿਕਤਾ ਹੈ"

"ਦੇਸ਼ ਨਵੀਆਂ ਉਚਾਈਆਂ ਵੱਲ ਵਧ ਰਿਹਾ ਹੈ ਕਿਉਂਕਿ ਸਰਕਾਰ ਗ਼ਰੀਬਾਂ ਦੇ ਵਿਕਾਸ ਨੂੰ ਪਹਿਲ ਦੇ ਰਹੀ ਹੈ"

Posted On: 16 FEB 2023 1:21PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਮੈਗਾ ਰਾਸ਼ਟਰੀ ਆਦਿਵਾਸੀ ਉਤਸਵ ਆਦਿ ਮਹੋਤਸਵ ਦਾ ਉਦਘਾਟਨ ਕੀਤਾ। ਆਦਿ ਮਹੋਤਸਵ ਰਾਸ਼ਟਰੀ ਮੰਚ 'ਤੇ ਕਬਾਇਲੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਹੈ ਅਤੇ ਇਹ ਆਦਿਵਾਸੀ ਸੱਭਿਆਚਾਰ, ਸ਼ਿਲਪਕਾਰੀ, ਪਕਵਾਨ, ਵਪਾਰ ਅਤੇ ਰਵਾਇਤੀ ਕਲਾ ਦੀ ਭਾਵਨਾ ਦਾ ਜਸ਼ਨ ਮਨਾਉਂਦਾ ਹੈ। ਇਹ ਕਬਾਇਲੀ ਮਾਮਲੇ ਮੰਤਰਾਲੇ ਦੇ ਅਧੀਨ ਕਬਾਇਲੀ ਕੋਆਪਰੇਟਿਵ ਮਾਰਕਿਟਿੰਗ ਡਿਵੈਲਪਮੈਂਟ ਫੈਡਰੇਸ਼ਨ ਲਿਮਿਟਿਡ (ਟ੍ਰਾਈਫੈੱਡ) ਦੀ ਸਾਲਾਨਾ ਪਹਿਲ ਹੈ।

 

ਸਮਾਗਮ ਵਾਲੀ ਥਾਂ 'ਤੇ ਪਹੁੰਚਣ 'ਤੇ, ਪ੍ਰਧਾਨ ਮੰਤਰੀ ਨੇ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ ਅਤੇ ਪ੍ਰਦਰਸ਼ਨੀ ਦੇ ਸਟਾਲਾਂ ਦਾ ਦੌਰਾ ਕੀਤਾ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਦਿ ਮਹੋਤਸਵ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ ਭਾਰਤ ਦੀ ਕਬਾਇਲੀ ਵਿਰਾਸਤ ਦੀ ਸ਼ਾਨਦਾਰ ਤਸਵੀਰ ਪੇਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਆਦਿਵਾਸੀ ਸਮਾਜਾਂ ਦੀ ਪ੍ਰਤੀਕ ਝਾਂਕੀ ਨੂੰ ਉਜਾਗਰ ਕੀਤਾ ਅਤੇ ਵਿਭਿੰਨ ਸਵਾਦਾਂ, ਰੰਗਾਂ, ਸ਼ਿੰਗਾਰ, ਪਰੰਪਰਾਵਾਂ, ਕਲਾ ਅਤੇ ਕਲਾ ਦੇ ਰੂਪਾਂ, ਪਕਵਾਨਾਂ ਅਤੇ ਸੰਗੀਤ ਨੂੰ ਦੇਖਣ ਦਾ ਮੌਕਾ ਮਿਲਣ 'ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਆਦਿ ਮਹੋਤਸਵ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਭਾਰਤ ਦੀ ਵਿਭਿੰਨਤਾ ਅਤੇ ਮਹਿਮਾ ਦੀ ਤਸਵੀਰ ਪੇਸ਼ ਕਰਦਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਆਦਿ ਮਹੋਤਸਵ ਇੱਕ ਅਨੰਤ ਅਸਮਾਨ ਵਰਗਾ ਹੈ ਜਿੱਥੇ ਭਾਰਤ ਦੀ ਵਿਵਿਧਤਾ ਨੂੰ ਸਤਰੰਗੀ ਪੀਂਘ ਦੇ ਰੰਗਾਂ ਵਾਂਗ ਪੇਸ਼ ਕੀਤਾ ਜਾਂਦਾ ਹੈ।” ਸਤਰੰਗੀ ਪੀਂਘ ਦੇ ਰੰਗਾਂ ਦੀ ਸਮਾਨਤਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਦੀ ਸ਼ਾਨ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਇਸ ਦੀਆਂ ਬੇਅੰਤ ਵਿਭਿੰਨਤਾਵਾਂ ਨੂੰ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੀ ਤਾਰ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਭਾਰਤ ਸਮੁੱਚੀ ਦੁਨੀਆ ਦੇ ਲੋਕਾਂ ਦਾ ਪਥਪ੍ਰਦਰਸ਼ਨ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਦਿ ਮਹੋਤਸਵ ਵਿਰਾਸਤ ਦੇ ਨਾਲ ਵਿਕਾਸ ਦੇ ਵਿਚਾਰ ਨੂੰ ਹੁਲਾਰਾ ਦਿੰਦੇ ਹੋਏ ਭਾਰਤ ਦੀ ਵਿਭਿੰਨਤਾ ਵਿੱਚ ਏਕਤਾ ਨੂੰ ਬਲ ਪ੍ਰਦਾਨ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ‘ਸਬਕਾ ਸਾਥ ਸਬਕਾ ਵਿਕਾਸ’ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਜਿਸਨੂੰ ਰਿਮੋਟ ਸਮਝਿਆ ਜਾਂਦਾ ਸੀ, ਹੁਣ ਸਰਕਾਰ ਉੱਥੇ ਆਪਣੇ ਦਮ 'ਤੇ ਜਾ ਰਹੀ ਹੈ ਅਤੇ ਦੂਰ-ਦਰਾਜ਼ ਅਤੇ ਅਣਗੌਲੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਆਦਿ ਮਹੋਉਤਸਵ ਜਿਹੇ ਸਮਾਗਮ ਦੇਸ਼ ਵਿੱਚ ਇੱਕ ਅੰਦੋਲਨ ਬਣ ਚੁੱਕੇ ਹਨ ਅਤੇ ਉਹ ਖੁਦ ਵੀ ਅਜਿਹੇ  ਕਈ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ।

 

ਪ੍ਰਧਾਨ ਮੰਤਰੀ ਨੇ ਇੱਕ ਸਮਾਜ ਸੇਵਕ ਵਜੋਂ ਆਪਣੇ ਦਿਨਾਂ ਦੌਰਾਨ ਆਦਿਵਾਸੀ ਭਾਈਚਾਰਿਆਂ ਨਾਲ ਆਪਣੇ ਨਜ਼ਦੀਕੀ ਸਬੰਧਾਂ ਨੂੰ ਯਾਦ ਕਰਦਿਆਂ ਕਿਹਾ, “ਆਦਿਵਾਸੀ ਸਮਾਜ ਦੀ ਭਲਾਈ ਮੇਰੇ ਲਈ ਵਿਅਕਤੀਗਤ ਸਬੰਧਾਂ ਅਤੇ ਭਾਵਨਾਵਾਂ ਦਾ ਵੀ ਮਾਮਲਾ ਹੈ।” ਪ੍ਰਧਾਨ ਮੰਤਰੀ ਨੇ ਉਮਰਗਾਮ ਤੋਂ ਅੰਬਾਜੀ ਦੀ ਕਬਾਇਲੀ ਪੱਟੀ ਵਿੱਚ ਆਪਣੇ ਜੀਵਨ ਦੇ ਮਹੱਤਵਪੂਰਨ ਵਰ੍ਹਿਆਂ ਨੂੰ ਯਾਦ ਕਰਦਿਆਂ ਕਿਹਾ, “ਮੈਂ ਤੁਹਾਡੀਆਂ ਪਰੰਪਰਾਵਾਂ ਨੂੰ ਨਜ਼ਦੀਕ ਤੋਂ ਦੇਖਿਆ ਹੈ, ਉਨ੍ਹਾਂ ਨੂੰ ਜੀਵਿਆ ਹੈ ਅਤੇ ਉਨ੍ਹਾਂ ਤੋਂ ਸਿੱਖਿਆ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਕਬਾਇਲੀ ਜੀਵਨ ਨੇ ਮੈਨੂੰ ਦੇਸ਼ ਅਤੇ ਇਸ ਦੀਆਂ ਪਰੰਪਰਾਵਾਂ ਬਾਰੇ ਬਹੁਤ ਕੁਝ ਸਿਖਾਇਆ ਹੈ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਆਪਣੀ ਕਬਾਇਲੀ ਸ਼ਾਨ ਦੇ ਸਬੰਧ ਵਿੱਚ ਬੇਮਿਸਾਲ ਮਾਣ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਬਾਇਲੀ ਉਤਪਾਦਾਂ ਨੂੰ ਵਿਦੇਸ਼ੀ ਪਤਵੰਤਿਆਂ ਨੂੰ ਦਿੱਤੇ ਜਾਂਦੇ ਤੋਹਫ਼ਿਆਂ ਵਿੱਚ ਮਾਣ ਵਾਲੀ ਥਾਂ ਮਿਲਦੀ ਹੈ। ਕਬਾਇਲੀ ਪਰੰਪਰਾ ਨੂੰ ਭਾਰਤ ਦੁਆਰਾ ਗਲੋਬਲ ਪਲੈਟਫਾਰਮਾਂ 'ਤੇ ਭਾਰਤੀ ਮਾਣ ਅਤੇ ਵਿਰਾਸਤ ਦੇ ਇੱਕ ਅਭਿੰਨ ਹਿੱਸੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਕਬਾਇਲੀ ਜੀਵਨ ਢੰਗ ਵਿੱਚ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਜਿਹੀਆਂ ਸਮੱਸਿਆਵਾਂ ਦਾ ਸਮਾਧਾਨ ਦੱਸਦਾ ਹੈ।  ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਭਾਰਤ ਦੇ ਕਬਾਇਲੀ ਭਾਈਚਾਰੇ ਕੋਲ ਟਿਕਾਊ ਵਿਕਾਸ ਦੇ ਸਬੰਧ ਵਿੱਚ ਪ੍ਰੇਰਨਾ ਅਤੇ ਸਿਖਾਉਣ ਲਈ ਬਹੁਤ ਕੁਝ ਹੈ।

 

ਪ੍ਰਧਾਨ ਮੰਤਰੀ ਨੇ ਕਬਾਇਲੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਪ੍ਰਯਾਸਾਂ ਨੂੰ ਉਜਾਗਰ ਕੀਤਾ। ਉਨ੍ਹਾਂ ਰੇਖਾਂਕਿਤ ਕੀਤਾ ਕਿ ਕਬਾਇਲੀ ਉਤਪਾਦਾਂ ਨੂੰ ਵੱਧ ਤੋਂ ਵੱਧ ਬਜ਼ਾਰਾਂ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਾਨਤਾ ਅਤੇ ਮੰਗ ਵਧਣੀ ਚਾਹੀਦੀ ਹੈ। ਬਾਂਸ ਦੀ ਉਦਾਹਰਣ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਬਾਂਸ ਦੀ ਕਟਾਈ ਅਤੇ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਮੌਜੂਦਾ ਸਰਕਾਰ ਨੇ ਬਾਂਸ ਨੂੰ ਘਾਹ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਅਤੇ ਮਨਾਹੀ ਨੂੰ ਖ਼ਤਮ ਕਰ ਦਿੱਤਾ। ਵਨ-ਧਨ ਮਿਸ਼ਨ ਬਾਰੇ ਵਿਸਤਾਰ ਵਿੱਚ ਦੱਸਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿਭਿੰਨ ਰਾਜਾਂ ਵਿੱਚ 3000 ਤੋਂ ਵੱਧ ਵਨ ਧਨ ਕੇਂਦਰ ਸਥਾਪਿਤ ਕੀਤੇ ਗਏ ਹਨ।  ਲਗਭਗ 90 ਛੋਟੇ ਜੰਗਲੀ ਉਤਪਾਦਾਂ ਨੂੰ ਐੱਮਐੱਸਪੀ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ, ਜੋ ਕਿ 2014 ਦੀ ਸੰਖਿਆ ਨਾਲੋਂ 7 ਗੁਣਾ ਵੱਧ ਹੈ।

 

ਉਨ੍ਹਾਂ ਕਿਹਾ ਇਸੇ ਤਰ੍ਹਾਂ, ਦੇਸ਼ ਵਿੱਚ ਸਵੈ-ਸਹਾਇਤਾ ਸਮੂਹਾਂ ਦੇ ਵਧ ਰਹੇ ਨੈੱਟਵਰਕ ਦਾ ਕਬਾਇਲੀ ਸਮਾਜ ਨੂੰ ਲਾਭ ਹੋ ਰਿਹਾ ਹੈ। ਦੇਸ਼ ਵਿੱਚ ਕੰਮ ਕਰ ਰਹੇ 80 ਲੱਖ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਵਿੱਚ 1.25 ਕਰੋੜ ਆਦਿਵਾਸੀ ਮੈਂਬਰ ਹਨ।

 

ਪ੍ਰਧਾਨ ਮੰਤਰੀ ਨੇ ਆਦਿਵਾਸੀ ਨੌਜਵਾਨਾਂ ਲਈ ਕਬਾਇਲੀ ਕਲਾਵਾਂ ਅਤੇ ਕੌਸ਼ਲ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਪ੍ਰਯਾਸਾਂ 'ਤੇ ਜ਼ੋਰ ਦਿੱਤਾ। ਇਸ ਸਾਲ ਦੇ ਬਜਟ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਰਵਾਇਤੀ ਕਾਰੀਗਰਾਂ ਲਈ ਪੇਸ਼ ਕੀਤੀ ਗਈ ਹੈ ਜਿੱਥੇ ਉਨ੍ਹਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਵਿੱਚ ਕੌਸ਼ਲ ਵਿਕਾਸ ਅਤੇ ਸਹਾਇਤਾ ਤੋਂ ਇਲਾਵਾ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ, "ਆਦਿਵਾਸੀ ਬੱਚੇ, ਭਾਵੇਂ ਉਹ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਹੋਣ, ਉਨ੍ਹਾਂ ਦੀ ਸਿੱਖਿਆ ਅਤੇ ਉਨ੍ਹਾਂ ਦਾ ਭਵਿੱਖ ਮੇਰੀ ਪ੍ਰਾਥਮਿਕਤਾ ਹੈ।"  ਉਨ੍ਹਾਂ ਦੱਸਿਆ ਕਿ ਏਕਲਵਯ ਮੋਡਲ ਰਿਹਾਇਸ਼ੀ ਸਕੂਲਾਂ ਦੀ ਸੰਖਿਆ 2004-2014 ਦਰਮਿਆਨ 80 ਸਕੂਲਾਂ ਤੋਂ 5 ਗੁਣਾ ਵੱਧ ਕੇ 2014 ਤੋਂ 2022 ਤੱਕ 500 ਸਕੂਲਾਂ ਤੱਕ ਪਹੁੰਚ ਗਈ ਹੈ। 400 ਤੋਂ ਵੱਧ ਸਕੂਲ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ, ਜੋ ਲਗਭਗ 1 ਲੱਖ ਬੱਚਿਆਂ ਨੂੰ ਪੜ੍ਹਾ ਰਹੇ ਹਨ।  ਇਸ ਸਾਲ ਦੇ ਬਜਟ ਵਿੱਚ ਇਨ੍ਹਾਂ ਸਕੂਲਾਂ ਲਈ 38 ਹਜ਼ਾਰ ਅਧਿਆਪਕਾਂ ਅਤੇ ਸਟਾਫ਼ ਦਾ ਐਲਾਨ ਕੀਤਾ ਗਿਆ ਹੈ। ਆਦਿਵਾਸੀ ਵਿਦਿਆਰਥੀਆਂ ਲਈ ਵਜ਼ੀਫੇ ਦੁੱਗਣੇ ਕੀਤੇ ਗਏ ਹਨ।

 

ਭਾਸ਼ਾ ਦੀ ਰੁਕਾਵਟ ਕਾਰਨ ਆਦਿਵਾਸੀ ਨੌਜਵਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਵੀਂ ਵਿਦਿਅਕ ਨੀਤੀ 'ਤੇ ਚਾਨਣਾ ਪਾਇਆ ਜਿੱਥੇ ਨੌਜਵਾਨ ਆਪਣੀ ਮਾਤ ਭਾਸ਼ਾ ਵਿੱਚ ਪੜ੍ਹਾਈ ਕਰਨ ਦੀ ਚੋਣ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਕਬਾਇਲੀ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਭਾਸ਼ਾ ਵਿੱਚ ਪੜ੍ਹਨਾ ਅਤੇ ਵਧਣਾ ਹੁਣ ਇੱਕ ਹਕੀਕਤ ਬਣ ਗਈ ਹੈ।”

 

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਦੇਸ਼ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਕਿਉਂਕਿ ਸਰਕਾਰ ਵੰਚਿਤ ਲੋਕਾਂ ਦੇ ਵਿਕਾਸ ਨੂੰ ਪਹਿਲ ਦੇ ਰਹੀ ਹੈ।  ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਆਖਰੀ ਮੁਕਾਮ ’ਤੇ ਖੜ੍ਹੇ ਵਿਅਕਤੀ ਨੂੰ ਪਹਿਲ ਦਿੰਦਾ ਹੈ ਤਾਂ ਪ੍ਰਗਤੀ ਦਾ ਰਸਤਾ ਆਪਣੇ ਆਪ ਖੁੱਲ੍ਹ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਖਾਹਿਸ਼ੀ ਜ਼ਿਲ੍ਹੇ ਅਤੇ ਬਲਾਕ ਸਕੀਮ ਦਾ ਹਵਾਲਾ ਦੇ ਕੇ ਦਰਸਾਇਆ ਜਿੱਥੇ ਜ਼ਿਆਦਾਤਰ ਲਕਸ਼ਿਤ ਖੇਤਰਾਂ ਵਿੱਚ ਕਬਾਇਲੀ ਬਹੁਗਿਣਤੀ ਹੈ। ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ “ਇਸ ਸਾਲ ਦੇ ਬਜਟ ਵਿੱਚ, ਅਨੁਸੂਚਿਤ ਕਬੀਲਿਆਂ ਲਈ ਦਿੱਤੇ ਗਏ ਬਜਟ ਵਿੱਚ ਵੀ 2014 ਦੇ ਮੁਕਾਬਲੇ 5 ਗੁਣਾ ਵਾਧਾ ਕੀਤਾ ਗਿਆ ਹੈ”, ਅਤੇ ਅੱਗੇ ਕਿਹਾ, “ਉਹ ਨੌਜਵਾਨ ਜੋ ਅਲਗਾਵ ਅਤੇ ਅਣਗਹਿਲੀ ਕਾਰਨ ਵੱਖਵਾਦ ਦੇ ਜਾਲ ਵਿੱਚ ਫਸ ਜਾਂਦੇ ਸਨ, ਹੁਣ ਇੰਟਰਨੈੱਟ ਅਤੇ ਇਨਫਰਾ ਜ਼ਰੀਏ ਮੁੱਖ ਧਾਰਾ ਨਾਲ ਜੁੜ ਰਹੇ ਹਨ। ਇਹ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ' ਦੀ ਸਟ੍ਰੀਮ ਹੈ ਜੋ ਦੇਸ਼ ਦੇ ਦੂਰ-ਦਰਾਜ ਦੇ ਹਰ ਨਾਗਰਿਕ ਤੱਕ ਪਹੁੰਚ ਰਹੀ ਹੈ। ਇਹ ਆਦੀ ਅਤੇ ਅਧੁਨਿਕਤਾ ਦੇ ਸੰਗਮ ਦੀ ਆਵਾਜ਼ ਹੈ, ਜਿਸ 'ਤੇ ਨਵੇਂ ਭਾਰਤ ਦੀ ਉੱਚੀ ਇਮਾਰਤ ਖੜ੍ਹੀ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਕਬਾਇਲੀ ਸਮਾਜ ਦੇ ਪਿਛਲੇ 8-9 ਵਰ੍ਹਿਆਂ ਦੀ ਯਾਤਰਾ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਇਸ ਬਦਲਾਅ ਦੀ ਗਵਾਹ ਹੈ, ਜਿੱਥੇ ਦੇਸ਼ ਬਰਾਬਰੀ ਅਤੇ ਸਦਭਾਵਨਾ ਨੂੰ ਪਹਿਲ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 75 ਵਰ੍ਹਿਆਂ ਵਿੱਚ ਇਹ ਪਹਿਲੀ ਵਾਰ ਹੈ ਕਿ ਦੇਸ਼ ਦੀ ਅਗਵਾਈ ਇੱਕ ਕਬਾਇਲੀ ਮਹਿਲਾ ਦੇ ਹੱਥ ਵਿੱਚ ਹੈ ਜੋ ਰਾਸ਼ਟਰਪਤੀ ਦੇ ਰੂਪ ਵਿੱਚ ਸਰਵਉੱਚ ਅਹੁਦੇ 'ਤੇ ਭਾਰਤ ਦਾ ਮਾਣ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਕਬਾਇਲੀ ਇਤਿਹਾਸ ਨੂੰ ਦੇਸ਼ ਵਿੱਚ ਪਹਿਲੀ ਵਾਰ ਮਾਨਤਾ ਮਿਲ ਰਹੀ ਹੈ।

 

ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਦਿਵਾਸੀ ਸਮਾਜ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਤਿਹਾਸ ਦੇ ਪੰਨਿਆਂ ਵਿੱਚ ਬਲਿਦਾਨ ਅਤੇ ਬਹਾਦਰੀ ਦੇ ਸ਼ਾਨਦਾਰ ਅਧਿਆਏ ਨੂੰ ਛੁਪਾਉਣ ਲਈ ਦਹਾਕਿਆਂ ਤੋਂ ਪਰਦਾਪੇਸ਼ ਕੋਸ਼ਿਸ਼ਾਂ 'ਤੇ ਅਫਸੋਸ ਜਤਾਇਆ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਰਾਸ਼ਟਰ ਨੇ ਅਤੀਤ ਦੇ ਭੁੱਲੇ ਹੋਏ ਅਧਿਆਵਾਂ ਨੂੰ ਸਾਹਮਣੇ ਲਿਆਉਣ ਲਈ ਅੰਤ ਵਿੱਚ ਅੰਮ੍ਰਿਤ ਮਹੋਤਸਵ ਵਿੱਚ ਕਦਮ ਚੁੱਕਿਆ ਹੈ ਅਤੇ ਕਿਹਾ, “ਪਹਿਲੀ ਵਾਰ, ਦੇਸ਼ ਨੇ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ 'ਤੇ ਜਨਜਾਤੀ ਗੌਰਵ ਦਿਵਸ ਮਨਾਉਣਾ ਸ਼ੁਰੂ ਕੀਤਾ ਹੈ।"  ਰਾਂਚੀ, ਝਾਰਖੰਡ ਵਿੱਚ ਭਗਵਾਨ ਬਿਰਸਾ ਮੁੰਡਾ ਨੂੰ ਸਮਰਪਿਤ ਅਜਾਇਬ ਘਰ ਦਾ ਉਦਘਾਟਨ ਕਰਨ ਦੇ ਮੌਕੇ ਨੂੰ ਯਾਦ ਕਰਦਿਆਂ, ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਭਿੰਨ ਰਾਜਾਂ ਵਿੱਚ ਆਦਿਵਾਸੀ ਸੁਤੰਤਰਤਾ ਸੰਗਰਾਮੀਆਂ ਨਾਲ ਸਬੰਧਿਤ ਅਜਾਇਬ ਘਰ ਬਣ ਰਹੇ ਹਨ। ਭਾਵੇਂ ਇਹ ਪਹਿਲੀ ਵਾਰ ਹੋ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੀ ਛਾਪ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਦਿਖਾਈ ਦੇਵੇਗੀ ਅਤੇ ਕਈ ਸਦੀਆਂ ਤੱਕ ਦੇਸ਼ ਨੂੰ ਪ੍ਰੇਰਨਾ ਅਤੇ ਦਿਸ਼ਾ ਪ੍ਰਦਾਨ ਕਰੇਗੀ।

 

ਉਨ੍ਹਾਂ ਕਿਹਾ “ਸਾਨੂੰ ਆਪਣੇ ਅਤੀਤ ਦੀ ਰੱਖਿਆ ਕਰਨੀ ਹੈ, ਵਰਤਮਾਨ ਵਿੱਚ ਆਪਣੇ ਕਰਤਵ ਦੀ ਭਾਵਨਾ ਨੂੰ ਸਿਖਰ 'ਤੇ ਪਹੁੰਚਾਉਣਾ ਹੈ, ਅਤੇ ਭਵਿੱਖ ਲਈ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ।” ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਆਦਿ ਮਹੋਤਸਵ ਜਿਹੀਆਂ ਈਵੈਂਟਸ ਇਸ ਸੰਕਲਪ ਨੂੰ ਅੱਗੇ ਲੈ ਕੇ ਜਾਣ ਦਾ ਇੱਕ ਮਜ਼ਬੂਤ ​​ਮਾਧਿਅਮ ਹਨ। ਉਨ੍ਹਾਂ ਇਸ ਮੁਹਿੰਮ ਨੂੰ ਲੋਕ ਲਹਿਰ ਬਣਨ 'ਤੇ ਜ਼ੋਰ ਦਿੰਦਿਆਂ ਵਿਭਿੰਨ ਰਾਜਾਂ ਵਿੱਚ ਅਜਿਹੀਆਂ ਈਵੈਂਟਸ ਕਰਵਾਉਣ 'ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਇੰਟਰਨੈਸ਼ਨਲ ਈਅਰ ਆਵੑ ਮਿਲਟਸ (ਬਾਜਰੇ ਦੇ ਅੰਤਰਰਾਸ਼ਟਰੀ ਸਾਲ) ਵਜੋਂ ਮਨਾਏ ਜਾ ਰਹੇ ਸਾਲ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਮੋਟੇ ਅਨਾਜ ਸਦੀਆਂ ਤੋਂ ਆਦਿਵਾਸੀਆਂ ਦੀ ਖੁਰਾਕ ਦਾ ਹਿੱਸਾ ਰਹੇ ਹਨ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਇੱਥੇ ਮੇਲੇ ਦੇ ਫੂਡ ਸਟਾਲਾਂ 'ਤੇ ਸ਼੍ਰੀ ਅੰਨ ਦਾ ਸੁਆਦ ਅਤੇ ਮਹਿਕ ਮੌਜੂਦ ਹੈ। ਉਨ੍ਹਾਂ ਨੇ ਕਬਾਇਲੀ ਖੇਤਰਾਂ ਦੇ ਭੋਜਨ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਕਿਉਂਕਿ ਇਸ ਨਾਲ ਨਾ ਸਿਰਫ਼ ਲੋਕਾਂ ਦੀ ਸਿਹਤ ਨੂੰ ਲਾਭ ਹੋਵੇਗਾ ਬਲਕਿ ਕਬਾਇਲੀ ਕਿਸਾਨਾਂ ਦੀ ਆਮਦਨ ਵੀ ਵਧੇਗੀ। ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇੱਕ ਵਿਕਸਿਤ ਭਾਰਤ ਦਾ ਸੁਪਨਾ ਸਾਰਿਆਂ ਦੇ ਮਿਲ ਕੇ ਪ੍ਰਯਾਸਾਂ ਨਾਲ ਸਾਕਾਰ ਹੋਵੇਗਾ।

 

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਕਬਾਇਲੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਅਰਜੁਨ ਮੁੰਡਾ, ਕਬਾਇਲੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਰੇਣੂਕ ਸਿੰਘ ਸੁਰੂਤਾ ਅਤੇ ਸ਼੍ਰੀ ਬਿਸ਼ਵੇਸ਼ਵਰ ਟੁਡੂ, ਕੇਂਦਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਅਤੇ ਟ੍ਰਾਈਫੈੱਡ ਦੇ ਚੇਅਰਮੈਨ ਸ਼੍ਰੀ ਰਾਮ ਸਿੰਘ ਰਾਠਵਾ ਵੀ ਮੌਜੂਦ ਸਨ।

 

ਪਿਛੋਕੜ

 

ਪ੍ਰਧਾਨ ਮੰਤਰੀ ਦੇਸ਼ ਦੀ ਕਬਾਇਲੀ ਆਬਾਦੀ ਦੀ ਭਲਾਈ ਲਈ ਕਦਮ ਚੁੱਕਣ ਵਿੱਚ ਸਭ ਤੋਂ ਅੱਗੇ ਰਹੇ ਹਨ ਅਤੇ ਦੇਸ਼ ਦੀ ਪ੍ਰਗਤੀ ਅਤੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਬਣਦਾ ਸਨਮਾਨ ਦਿੰਦੇ ਰਹੇ ਹਨ। ਰਾਸ਼ਟਰੀ ਮੰਚ 'ਤੇ ਕਬਾਇਲੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਵਿੱਚ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ 'ਆਦਿ ਮਹੋਤਸਵ', ਮੈਗਾ ਰਾਸ਼ਟਰੀ ਕਬਾਇਲੀ ਉਤਸਵ ਦਾ ਉਦਘਾਟਨ ਕੀਤਾ।

 

ਆਦਿ ਮਹੋਤਸਵ, ਜੋ ਆਦਿਵਾਸੀ ਸੱਭਿਆਚਾਰ, ਸ਼ਿਲਪਕਾਰੀ, ਪਕਵਾਨ, ਵਣਜ ਅਤੇ ਰਵਾਇਤੀ ਕਲਾ ਦੀ ਭਾਵਨਾ ਦਾ ਜਸ਼ਨ ਮਨਾਉਂਦਾ ਹੈ, ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਅਧੀਨ ਕਬਾਇਲੀ ਕੋਔਪਰੇਟਿਵ ਮਾਰਕਿਟਿੰਗ ਡਿਵੈਲਪਮੈਂਟ ਫੈਡਰੇਸ਼ਨ ਲਿਮਿਟਿਡ (ਟ੍ਰਾਈਫੈੱਡ) ਦੀ ਸਾਲਾਨਾ ਪਹਿਲ ਹੈ। ਇਸ ਦਾ ਆਯੋਜਨ 16 ਤੋਂ 27 ਫਰਵਰੀ ਤੱਕ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਕੀਤਾ ਜਾ ਰਿਹਾ ਹੈ।

 

ਪ੍ਰੋਗਰਾਮ ਦੌਰਾਨ ਇਸ ਸਥਾਨ 'ਤੇ 200 ਤੋਂ ਵੱਧ ਸਟਾਲਾਂ ਵਿੱਚ ਦੇਸ਼ ਭਰ ਦੇ ਕਬੀਲਿਆਂ ਦੀ ਸਮ੍ਰਿੱਧ ਅਤੇ ਵਿਵਿਧ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਮਹਾਉਤਸਵ ਵਿੱਚ ਲਗਭਗ 1000 ਆਦਿਵਾਸੀ ਕਾਰੀਗਰ ਹਿੱਸਾ ਲੈਣਗੇ। ਕਿਉਂਕਿ 2023 ਨੂੰ ਇੰਟਰਨੈਸ਼ਨਲ ਈਅਰ ਆਵੑ ਮਿਲਟਸ (ਬਾਜਰੇ ਦੇ ਅੰਤਰਰਾਸ਼ਟਰੀ ਸਾਲ) ਵਜੋਂ ਮਨਾਇਆ ਜਾ ਰਿਹਾ ਹੈ, ਆਮ ਆਕਰਸ਼ਣ ਜਿਵੇਂ ਕਿ ਦਸਤਕਾਰੀ, ਹੈਂਡਲੂਮ, ਬਰਤਨ, ਗਹਿਣੇ ਆਦਿ ਦੇ ਨਾਲ-ਨਾਲ ਮਹੋਤਸਵ ਵਿੱਚ ਵਿਸ਼ੇਸ਼ ਧਿਆਨ ਆਦਿਵਾਸੀਆਂ ਦੁਆਰਾ ਉਗਾਏ ਗਏ ਸ਼੍ਰੀ ਅੰਨ ਨੂੰ ਦਿਖਾਉਣ 'ਤੇ ਹੋਵੇਗਾ।

 

 

 

 

 

 

 

 

 

 

 

PM Modi's address at inauguration of "Aadi Mahotsav" at Major Dhyan Chand National Stadium

 

 **********

ਡੀਐੱਸ/ਟੀਐੱਸ



(Release ID: 1899873) Visitor Counter : 100