ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਪੀਐੱਮਈਜੀਪੀ ਯੋਜਨਾ ਦੇ ਤਹਿਤ ਪੱਛਮੀ ਜ਼ੋਨ ਵਿੱਚ 304.65 ਕਰੋੜ ਰੁਪਏ ਦਾ ਕਰਜ਼ਾ ਅਤੇ 100.55 ਕਰੋੜ ਰੁਪਏ ਦੀ ਲਾਭ ਰਕਮ ਸਬਸਿਡੀ ਵੰਡੀ ਗਈ
ਉੱਦਮ ਦੀ ਸਥਾਪਨਾ ਰਾਹੀਂ ਸਵੈ-ਰੋਜ਼ਗਾਰ ਅਤੇ ਆਤਮਨਿਰਭਰਤਾ ਵੱਲ ਵਧਦੇ ਕਦਮ
Posted On:
08 FEB 2023 10:17AM by PIB Chandigarh
ਆਤਮਨਿਰਭਰ ਭਾਰਤ ਵੱਲ ਇੱਕ ਹੋਰ ਪੁਲਾਂਘ ਪੁੱਟਦਿਆਂ ਹੋਇਆਂ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਪੱਛਮੀ ਖੇਤਰ (ਗੋਆ, ਮਹਾਰਾਸ਼ਟਰ, ਗੁਜਰਾਤ, ਦਮਨ ਅਤੇ ਦੀਉ, ਦਾਦਰਾ-ਨਗਰ ਹਵੇਲੀ) ਦੇ 1463 ਲਾਭਪਾਤਰੀਆਂ ਨੂੰ 304.65 ਕਰੋੜ ਰੁਪਏ ਦੇ ਪ੍ਰਵਾਨਿਤ ਕਰਜ਼ੇ ਦੇ ਤਹਿਤ 100.55 ਕਰੋੜ ਰੁਪਏ ਦੀ ਲਾਭ ਰਕਮ ਸਬਸਿਡੀ ਵੰਡੀ, ਜਿਸ ਵਿੱਚ ਕੇਵੀਆਈਸੀ ਵਲੋਂ ਲਾਗੂ ਭਾਰਤ ਸਰਕਾਰ ਦੀ ਇੱਕ ਰੋਜ਼ਗਾਰ-ਮੁਖੀ ਫਲੈਗਸ਼ਿਪ ਯੋਜਨਾ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਦੇ ਤਹਿਤ ਮਹਾਰਾਸ਼ਟਰ ਦੇ 654 ਲਾਭਪਾਤਰੀਆਂ ਨੂੰ 24.38 ਕਰੋੜ ਰੁਪਏ ਦੀ ਲਾਭ ਧਨ ਗ੍ਰਾਂਟ ਰਕਮ ਵੰਡੀ ਗਈ।
ਇਸ ਮੌਕੇ 'ਤੇ ਸੰਬੋਧਨ ਕਰਦਿਆਂ ਕੇਵੀਆਈਸੀ ਦੇ ਚੇਅਰਮੈਨ ਨੇ ਕਿਹਾ ਕਿ ਪੀਐੱਮ ਰੋਜ਼ਗਾਰ ਸਿਰਜਣ ਪ੍ਰੋਗਰਾਮ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਆਪਣੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਕਾਰੀਗਰਾਂ ਲਈ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਬਹੁਤ ਘੱਟ ਲਾਗਤ 'ਤੇ ਉਨ੍ਹਾਂ ਦੇ ਦਰਵਾਜ਼ੇ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ। ਸ਼੍ਰੀ ਮਨੋਜ ਕੁਮਾਰ ਨੇ ਕਿਹਾ, "ਕੇਵੀਆਈਸੀ ਦੀ ਗ੍ਰਾਮੋਦਯੋਗ ਵਿਕਾਸ ਯੋਜਨਾ ਦੇ ਤਹਿਤ ਕੁਮਹਾਰ ਸਸ਼ਕਤੀਕਰਨ ਯੋਜਨਾ, ਹਨੀ ਮਿਸ਼ਨ, ਚਰਮ ਕਾਰੀਗਰ ਸਸ਼ਕਤੀਕਰਨ ਯੋਜਨਾ, ਧੂਪ ਬੱਤੀਆਂ ਬਣਾਉਣ, ਹੱਥ ਨਿਰਮਿਤ ਕਾਗਜ਼ ਅਤੇ ਹੋਰ ਯੋਜਨਾਵਾਂ ਰਾਹੀਂ ਉੱਨਤ ਸਿਖਲਾਈ ਅਤੇ ਟੂਲ ਕਿੱਟਾਂ ਪ੍ਰਦਾਨ ਕਰਕੇ ਵੱਧ ਤੋਂ ਵੱਧ ਕਾਰੀਗਰਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਸੁਧਾਰਨ ਦੇ ਯਤਨ ਕੀਤੇ ਜਾ ਰਹੇ ਹਨ।"
ਇੱਕ ਖੁਸ਼ਹਾਲ, ਮਜ਼ਬੂਤ, ਆਤਮਨਿਰਭਰ ਅਤੇ ਖੁਸ਼ਹਾਲ ਰਾਸ਼ਟਰ ਬਣਾਉਣ ਲਈ, ਕੇਵੀਆਈਸੀ ਦੇ ਚੇਅਰਮੈਨ ਨੇ ਲਾਭਪਾਤਰੀਆਂ ਨੂੰ ਆਪਣੇ ਯੂਨਿਟਾਂ ਨੂੰ ਸਫਲਤਾਪੂਰਵਕ ਚਲਾਉਣ ਲਈ ਪ੍ਰੇਰਿਤ ਕੀਤਾ। ਇਹ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਆਤਮਨਿਰਭਰ ਭਾਰਤ ਦੇ ਮਨੋਰਥ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰੇਗਾ, ਜਿਸ ਲਈ ਉਨ੍ਹਾਂ "ਨੌਕਰੀ ਭਾਲਣ ਵਾਲੇ ਦੀ ਬਜਾਏ, ਨੌਕਰੀ ਪ੍ਰਦਾਨ ਕਰਨ ਵਾਲੇ ਬਣਨ" ਲਈ ਆਖਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦਾ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਸਕੀਮ ਤਹਿਤ ਕੋਈ ਵੀ ਉਦਯੋਗਪਤੀ ਨਿਰਮਾਣ ਖੇਤਰ ਵਿੱਚ 50 ਲੱਖ ਰੁਪਏ ਅਤੇ ਸੇਵਾ ਖੇਤਰ ਵਿੱਚ 20 ਲੱਖ ਰੁਪਏ ਤੱਕ ਦੀ ਇਕਾਈ ਸਥਾਪਤ ਕਰ ਸਕਦਾ ਹੈ। ਇਨ੍ਹਾਂ ਯੂਨਿਟਾਂ ਦੀ ਸਥਾਪਨਾ ਲਈ, ਭਾਰਤ ਸਰਕਾਰ ਵਲੋਂ ਗ੍ਰਾਂਟ ਵਜੋਂ ਸ਼ਹਿਰੀ ਖੇਤਰਾਂ ਵਿੱਚ ਲਾਭਪਾਤਰੀਆਂ ਨੂੰ ਪੂਰੀ ਪ੍ਰੋਜੈਕਟ ਲਾਗਤ ਦਾ 15% ਤੋਂ 25% ਤੱਕ ਅਤੇ ਪੇਂਡੂ ਖੇਤਰਾਂ ਵਿੱਚ 25% ਤੋਂ 35% ਤੱਕ ਹਿੱਸਾ ਪ੍ਰਦਾਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਲਾਭਪਾਤਰੀਆਂ ਨੂੰ ਸਥਾਪਿਤ ਉੱਦਮੀ ਬਣਾਉਣ ਲਈ ਕਰਜ਼ੇ ਦੀ ਪ੍ਰਵਾਨਗੀ ਤੋਂ ਬਾਅਦ ਮੁਫ਼ਤ ਉੱਦਮੀ ਵਿਕਾਸ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਪ੍ਰੋਗਰਾਮ ਦੌਰਾਨ, ਕੇਵੀਆਈਸੀ ਦੇ ਚੇਅਰਮੈਨ ਨੇ ਖਾਦੀ ਅਤੇ ਪੇਂਡੂ ਉਦਯੋਗ ਦੇ ਕਾਰੀਗਰਾਂ, ਸੰਗਠਨ ਦੇ ਪ੍ਰਤੀਨਿਧੀਆਂ ਅਤੇ ਉੱਦਮੀਆਂ ਨਾਲ ਖੇਤਰ ਵਿੱਚ ਚੱਲ ਰਹੀਆਂ ਖਾਦੀ ਅਤੇ ਪੇਂਡੂ ਉਦਯੋਗ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਇੱਕ ਚਰਚਾ "ਖਾਦੀ ਸੰਵਾਦ" ਦੌਰਾਨ ਇੱਕ ਉਤਸ਼ਾਹੀ ਮਾਹੌਲ ਵਿੱਚ ਗੱਲਬਾਤ ਕੀਤੀ ਅਤੇ ਦੁਪਹਿਰ ਦਾ ਭੋਜਨ ਕੀਤਾ।
ਇਸ ਮੌਕੇ 'ਤੇ ਰਾਜ ਦੇ ਪਤਵੰਤੇ, ਪੀਐੱਮਈਜੀਪੀ ਲਾਭਪਾਤਰੀ, ਖਾਦੀ ਅਤੇ ਪੇਂਡੂ ਉਦਯੋਗ ਸੰਸਥਾਵਾਂ ਦੇ ਨੁਮਾਇੰਦੇ ਅਤੇ ਕੇਵੀਆਈਸੀ ਅਧਿਕਾਰੀ ਮੌਜੂਦ ਸਨ।
*** *** *** ***
ਐੱਮਜੇਪੀਐੱਸ
(Release ID: 1897360)
Visitor Counter : 127