ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਿਕੰਦਰਾਬਾਦ ਨੂੰ ਵਿਸ਼ਾਖਾਪਟਨਮ ਨਾਲ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਰੀ ਝੰਡੀ ਦਿਖਾਈ


“ਵੰਦੇ ਭਾਰਤ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੀ ਸਾਂਝੀ ਵਿਰਾਸਤ ਨੂੰ ਆਪਸ ਵਿੱਚ ਜੋੜੇਗੀ”

"ਵੰਦੇ ਭਾਰਤ ਐਕਸਪ੍ਰੈੱਸ ਦਾ ਮਤਲਬ ਹੈ ਕਿ ਭਾਰਤ ਹਰ ਚੀਜ਼ ਵਿੱਚ ਸਰਵੋਤਮ ਚਾਹੁੰਦਾ ਹੈ"

"ਵੰਦੇ ਭਾਰਤ ਨਵੇਂ ਭਾਰਤ ਦੀ ਸਮਰੱਥਾ ਅਤੇ ਸੰਕਲਪ ਦੀ ਪ੍ਰਤੀਕ ਹੈ"

"ਕਨੈਕਟੀਵਿਟੀ ਨਾਲ ਸਬੰਧਿਤ ਬੁਨਿਆਦੀ ਢਾਂਚਾ ਨਾ ਸਿਰਫ਼ ਦੋ ਸਥਾਨਾਂ ਨੂੰ ਜੋੜਦਾ ਹੈ, ਬਲਕਿ ਸੁਪਨਿਆਂ ਨੂੰ ਹਕੀਕਤ ਨਾਲ ਜੋੜਦਾ ਹੈ ਅਤੇ ਸਬਕਾ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ"

“ਜਿੱਥੇ ਵੀ ਗਤੀ ਹੈ, ਉੱਥੇ ਪ੍ਰਗਤੀ ਹੈ। ਜਦੋਂ ਵੀ ਪ੍ਰਗਤੀ ਹੁੰਦੀ ਹੈ ਸਮ੍ਰਿਧੀ ਯਕੀਨੀ ਹੁੰਦੀ ਹੈ"

"ਪਿਛਲੇ 7-8 ਵਰ੍ਹਿਆਂ ਵਿੱਚ ਕੀਤੇ ਗਏ ਕੰਮ ਆਉਣ ਵਾਲੇ 7-8 ਵਰ੍ਹਿਆਂ ਵਿੱਚ ਭਾਰਤੀ ਰੇਲਵੇ ਨੂੰ ਬਦਲ ਦੇਣਗੇ"

Posted On: 15 JAN 2023 12:05PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਕੰਦਰਾਬਾਦ ਨੂੰ ਵਿਸ਼ਾਖਾਪਟਨਮ ਨਾਲ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਭਾਰਤੀ ਰੇਲਵੇ ਦੁਆਰਾ ਸ਼ੁਰੂ ਕੀਤੀ ਜਾਣ ਵਾਲੀ ਅੱਠਵੀਂ ਵੰਦੇ ਭਾਰਤ ਐਕਸਪ੍ਰੈੱਸ ਹੋਵੇਗੀ ਅਤੇ ਇਹ ਲਗਭਗ 700 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੇ ਹੋਏ ਤੇਲੁਗੂ ਬੋਲਣ ਵਾਲੇ ਦੋ ਰਾਜਾਂ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਨੂੰ ਜੋੜਨ ਵਾਲੀ ਪਹਿਲੀ ਟ੍ਰੇਨ ਹੋਵੇਗੀ। ਇਹ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ, ਰਾਜਾਮੁੰਦਰੀ ਅਤੇ ਵਿਜੈਵਾੜਾ ਸਟੇਸ਼ਨਾਂ ਅਤੇ ਤੇਲੰਗਾਨਾ ਦੇ ਖੰਮਮ, ਵਾਰੰਗਲ ਅਤੇ ਸਿਕੰਦਰਾਬਾਦ ਸਟੇਸ਼ਨਾਂ 'ਤੇ ਰੁਕੇਗੀ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਤਿਉਹਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸ਼ੁਭ ਮਾਹੌਲ ਵਿੱਚ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਨੂੰ ਇੱਕ ਸ਼ਾਨਦਾਰ ਤੋਹਫ਼ਾ ਮਿਲ ਰਿਹਾ ਹੈ ਜੋ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੀ ਸਾਂਝੀ ਵਿਰਾਸਤ ਨੂੰ ਜੋੜੇਗਾ। ਉਨ੍ਹਾਂ ਇਸ ਮੌਕੇ ਦੋਵਾਂ ਰਾਜਾਂ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਸੈਨਾ ਦਿਵਸ 'ਤੇ ਹਥਿਆਰਬੰਦ ਬਲਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਭਾਰਤੀ ਫ਼ੌਜ ਆਪਣੀ ਬਹਾਦਰੀ ਅਤੇ ਪ੍ਰੋਫੈਸ਼ਨਾਲਿਜ਼ਮ ਲਈ ਜਾਣੀ ਜਾਂਦੀ ਹੈ।

 

ਦੇਸ਼ ਦੇ ਸਾਰੇ ਹਿੱਸਿਆਂ ਨੂੰ ਜੋੜਨ ਵਾਲੇ ਤਿਉਹਾਰਾਂ ਦੇ ਸੰਦਰਭ ਨੂੰ ਜਾਰੀ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਲੰਬਾਈ ਅਤੇ ਚੌੜਾਈ ਨੂੰ ਪਾਰ ਕਰਦੇ ਹੋਏ ਭਾਰਤੀ ਰੇਲਵੇ ਵੀ ਦੇਸ਼ ਦੇ ਵਿਭਿੰਨ ਹਿੱਸਿਆਂ ਨੂੰ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨਾਲ ਸਮਝਣ, ਜਾਣਨ ਅਤੇ ਜੋੜਨ ਦਾ ਮੌਕਾ ਪ੍ਰਦਾਨ ਕਰਦੇ ਹੋਏ ਆਪਸ ਵਿੱਚ ਜੋੜਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਸ਼ਰਧਾਲੂਆਂ ਅਤੇ ਸੈਲਾਨੀਆਂ ਦੋਵਾਂ ਨੂੰ ਬਹੁਤ ਲਾਭ ਪਹੁੰਚਾਏਗੀ ਅਤੇ ਦੱਸਿਆ ਕਿ ਸਿਕੰਦਰਾਬਾਦ ਅਤੇ ਵਿਸ਼ਾਖਾਪਟਨਮ ਦੇ ਦਰਮਿਆਨ ਯਾਤਰਾ ਦਾ ਸਮਾਂ ਹੋਰ ਘੱਟ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ "ਵੰਦੇ ਭਾਰਤ ਨਵੇਂ ਭਾਰਤ ਦੀ ਸਮਰੱਥਾ ਅਤੇ ਸੰਕਲਪ ਦਾ ਪ੍ਰਤੀਕ ਹੈ", ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਇਹ ਉਸ ਭਾਰਤ ਦਾ ਪ੍ਰਤੀਕ ਹੈ ਜਿਸ ਨੇ ਤੇਜ਼ੀ ਨਾਲ ਵਿਕਾਸ ਦਾ ਰਾਹ ਚੁਣਿਆ ਹੈ।" ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਇਹ ਟ੍ਰੇਨ ਇੱਕ ਅਜਿਹੇ ਭਾਰਤ ਨੂੰ ਦਰਸਾਉਂਦੀ ਹੈ ਜੋ ਆਪਣੇ ਸੁਪਨਿਆਂ ਅਤੇ ਉਮੀਦਾਂ ਲਈ ਉਤਸੁਕ ਹੈ, ਇੱਕ ਭਾਰਤ ਜੋ ਆਪਣੇ ਲਕਸ਼ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਇੱਕ ਭਾਰਤ ਜੋ ਉਤਕ੍ਰਿਸ਼ਟਤਾ ਲਈ ਯਤਨਸ਼ੀਲ ਹੈ, ਇੱਕ ਭਾਰਤ ਜੋ ਆਪਣੇ ਨਾਗਰਿਕਾਂ ਨੂੰ ਸਰਵੋਤਮ ਚੀਜ਼ਾਂ ਪ੍ਰਦਾਨ ਕਰਨਾ ਚਾਹੁੰਦਾ ਹੈ, ਅਤੇ ਇੱਕ ਭਾਰਤ ਜੋ ਗ਼ੁਲਾਮੀ ਦੀ ਮਾਨਸਿਕਤਾ ਦੀਆਂ ਜੰਜੀਰਾਂ ਤੋੜ ਕੇ ਆਤਮਨਿਰਭਰਤਾ ਵੱਲ ਵਧ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਟ੍ਰੇਨਾਂ ਦੇ ਸਬੰਧ ਵਿੱਚ ਹੋ ਰਹੀ ਕੰਮ ਦੀ ਗਤੀ ਨੂੰ ਵੀ ਰੇਖਾਂਕਿਤ ਕੀਤਾ।  ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ 15 ਦਿਨਾਂ ਦੇ ਅੰਦਰ ਦੂਸਰੀ ਵੰਦੇ ਭਾਰਤ ਅਪਰੇਸ਼ਨਲ ਹੋਈ ਹੈ ਅਤੇ ਇਹ ਜ਼ਮੀਨੀ ਤਬਦੀਲੀ ਦੀ ਗਤੀ ਨੂੰ ਦਰਸਾਉਂਦੀ ਹੈ। ਉਨ੍ਹਾਂ ਵੰਦੇ ਭਾਰਤ ਟ੍ਰੇਨਾਂ ਦੇ ਸਵਦੇਸ਼ੀ ਚਰਿੱਤਰ ਅਤੇ ਲੋਕਾਂ ਦੇ ਮਨਾਂ ਵਿੱਚ ਉਨ੍ਹਾਂ ਦੇ ਪ੍ਰਭਾਵ ਅਤੇ ਮਾਣ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ 7 ਵੰਦੇ ਭਾਰਤ ਟਰੇਨਾਂ ਨੇ ਧਰਤੀ ਦੇ 58 ਗੇੜਾਂ ਦੇ ਬਰਾਬਰ 23 ਲੱਖ ਕਿਲੋਮੀਟਰ ਦੀ ਸੰਚਿਤ ਦੂਰੀ ਤੈਅ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵੰਦੇ ਭਾਰਤ ਟ੍ਰੇਨਾਂ ਵਿੱਚ ਹੁਣ ਤੱਕ 40 ਲੱਖ ਤੋਂ ਅਧਿਕ ਯਾਤਰੀ ਸਫ਼ਰ ਕਰ ਚੁੱਕੇ ਹਨ।

 

ਪ੍ਰਧਾਨ ਮੰਤਰੀ ਨੇ ਕਨੈਕਟੀਵਿਟੀ ਅਤੇ ਸਪੀਡ ਦੇ ਦਰਮਿਆਨ ਸਿੱਧੇ ਸਬੰਧ ਅਤੇ ‘ਸਬਕਾ ਵਿਕਾਸ’ ਨਾਲ ਉਨ੍ਹਾਂ ਦੇ ਸਬੰਧ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ “ਕਨੈਕਟੀਵਿਟੀ ਨਾਲ ਸਬੰਧਿਤ ਬੁਨਿਆਦੀ ਢਾਂਚਾ ਨਾ ਸਿਰਫ਼ ਦੋ ਸਥਾਨਾਂ ਨੂੰ ਜੋੜਦਾ ਹੈ, ਬਲਕਿ ਸੁਪਨਿਆਂ ਨੂੰ ਹਕੀਕਤ ਨਾਲ, ਮੈਨੂਫੈਕਚਰਿੰਗ ਨੂੰ ਮਾਰਕੀਟ ਨਾਲ, ਪ੍ਰਤਿਭਾ ਨੂੰ ਸਹੀ ਪਲੈਟਫਾਰਮ ਨਾਲ ਜੋੜਦਾ ਹੈ। ਕਨੈਕਟੀਵਿਟੀ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੀ ਹੈ।” ਉਨ੍ਹਾਂ ਅੱਗੇ ਕਿਹਾ “ਜਿੱਥੇ ਵੀ ਗਤੀ ਹੈ, ਉੱਥੇ ਪ੍ਰਗਤੀ ਹੈ। ਜਦੋਂ ਵੀ ਤਰੱਕੀ ਹੁੰਦੀ ਹੈ ਤਾਂ ਸਮ੍ਰਿਧੀ ਯਕੀਨੀ ਹੁੰਦੀ ਹੈ।”

 

ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਆਧੁਨਿਕ ਕਨੈਕਟੀਵਿਟੀ ਦੇ ਲਾਭ ਕੁਝ ਚੋਣਵੇਂ ਲੋਕਾਂ ਤੱਕ ਸੀਮਿਤ ਸਨ ਅਤੇ ਆਬਾਦੀ ਦਾ ਵੱਡਾ ਹਿੱਸਾ ਮਹਿੰਗੀ ਟ੍ਰਾਂਸਪੋਰਟੇਸ਼ਨ ਨਾਲ ਬਹੁਤ ਸਮਾਂ ਬਰਬਾਦ ਕਰ ਰਿਹਾ ਸੀ। ਵੰਦੇ ਭਾਰਤ ਟ੍ਰੇਨ ਉਸ ਸੋਚ ਨੂੰ ਪਿੱਛੇ ਛੱਡਣ ਅਤੇ ਹਰ ਕਿਸੇ ਨੂੰ ਗਤੀ ਅਤੇ ਤਰੱਕੀ ਨਾਲ ਜੋੜਨ ਦੇ ਵਿਜ਼ਨ ਦੇ ਰੂਪਾਂਤਰਣ ਦੀ ਉਦਾਹਰਣ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਰੇਲਵੇ ਦੀ ਮਾੜੀ ਤਸਵੀਰ ਅਤੇ ਨਿਰਾਸ਼ਾਜਨਕ ਸਥਿਤੀ ਪ੍ਰਤੀ ਘਾਤਕ ਪਹੁੰਚ ਦਾ ਸਮਾਂ ਬਦਲਿਆ ਜਦੋਂ ਚੰਗੇ ਅਤੇ ਇਮਾਨਦਾਰ ਇਰਾਦਿਆਂ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕੀਤਾ ਗਿਆ ਅਤੇ ਪਿਛਲੇ ਅੱਠ ਵਰ੍ਹਿਆਂ ਵਿੱਚ, ਇਹ ਉਹ ਮੰਤਰ ਹੈ ਜਿਸ ਨੇ ਭਾਰਤੀ ਰੇਲਵੇ ਨੂੰ ਬਦਲ ਦਿੱਤਾ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤੀ ਰੇਲਵੇ ਦੁਆਰਾ ਯਾਤਰਾ ਕਰਨਾ ਇੱਕ ਸੁਖਦ ਅਨੁਭਵ ਬਣ ਰਿਹਾ ਹੈ। ਬਹੁਤ ਸਾਰੇ ਰੇਲਵੇ ਸਟੇਸ਼ਨ ਆਧੁਨਿਕ ਭਾਰਤ ਦੀ ਤਸਵੀਰ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ "ਪਿਛਲੇ 7-8 ਵਰ੍ਹਿਆਂ ਵਿੱਚ ਕੀਤਾ ਗਿਆ ਕੰਮ ਆਉਣ ਵਾਲੇ 7-8 ਵਰ੍ਹਿਆਂ ਵਿੱਚ ਭਾਰਤੀ ਰੇਲਵੇ ਨੂੰ ਬਦਲ ਦੇਵੇਗਾ।”  ਸ਼੍ਰੀ ਮੋਦੀ ਨੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਵਿਸਟਾਡੋਮ ਕੋਚਾਂ ਅਤੇ ਵਿਰਾਸਤੀ ਟ੍ਰੇਨਾਂ, ਦੂਰ-ਦਰਾਜ਼ ਦੇ ਬਜ਼ਾਰਾਂ ਤੱਕ ਖੇਤੀਬਾੜੀ ਉਤਪਾਦਾਂ ਨੂੰ ਲਿਜਾਣ ਲਈ ਕਿਸਾਨ ਰੇਲ, 2 ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਮੈਟਰੋ ਨੈੱਟਵਰਕ ਅਤੇ ਤੇਜ਼ੀ ਨਾਲ ਉੱਭਰ ਰਹੀ ਇੱਕ ਭਵਿੱਖੀ ਤੇਜ਼ ਰੇਲ ਆਵਾਜਾਈ ਪ੍ਰਣਾਲੀ ਜਿਹੇ ਉਪਾਵਾਂ ਬਾਰੇ ਵਿਸਤਾਰ ਨਾਲ ਦੱਸਿਆ।

 

ਪ੍ਰਧਾਨ ਮੰਤਰੀ ਨੇ ਪਿਛਲੇ 8 ਵਰ੍ਹਿਆਂ ਵਿੱਚ ਤੇਲੰਗਾਨਾ ਵਿੱਚ ਰੇਲਵੇ ਦੇ ਸਬੰਧ ਵਿੱਚ ਕੀਤੇ ਗਏ ਬੇਮਿਸਾਲ ਕੰਮ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ 2014 ਤੋਂ 8 ਵਰ੍ਹੇ ਪਹਿਲਾਂ ਤੇਲੰਗਾਨਾ ਦਾ ਰੇਲਵੇ ਲਈ 250 ਕਰੋੜ ਰੁਪਏ ਤੋਂ ਘੱਟ ਦਾ ਬਜਟ ਸੀ ਪਰ ਅੱਜ ਇਹ ਵਧ ਕੇ 3000 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਤੇਲੰਗਾਨਾ ਦੇ ਕਈ ਖੇਤਰ ਜਿਵੇਂ ਮੇਡਕ ਹੁਣ ਪਹਿਲੀ ਵਾਰ ਰੇਲ ਸੇਵਾ ਨਾਲ ਜੁੜੇ ਹਨ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਤੇਲੰਗਾਨਾ ਵਿੱਚ 2014 ਤੋਂ ਪਹਿਲਾਂ 8 ਵਰ੍ਹਿਆਂ ਵਿੱਚ 125 ਕਿਲੋਮੀਟਰ ਤੋਂ ਵੀ ਘੱਟ ਨਵੀਆਂ ਰੇਲ ਲਾਈਨਾਂ ਬਣਾਈਆਂ ਗਈਆਂ ਸਨ, ਜਦੋਂ ਕਿ ਪਿਛਲੇ ਵਰ੍ਹਿਆਂ ਵਿੱਚ ਤੇਲੰਗਾਨਾ ਵਿੱਚ ਲਗਭਗ 325 ਕਿਲੋਮੀਟਰ ਨਵੀਆਂ ਰੇਲ ਲਾਈਨਾਂ ਬਣੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਤੇਲੰਗਾਨਾ ਵਿੱਚ 250 ਕਿਲੋਮੀਟਰ ਤੋਂ ਵੱਧ ਦੀ ‘ਟਰੈਕ ਮਲਟੀ-ਟ੍ਰੈਕਿੰਗ’ ਦਾ ਕੰਮ ਵੀ ਕੀਤਾ ਗਿਆ ਹੈ ਅਤੇ ਕਿਹਾ ਕਿ ਇਸ ਬਿਜਲੀਕਰਣ ਸਮੇਂ ਦੌਰਾਨ ਰਾਜ ਵਿੱਚ ਰੇਲਵੇ ਟ੍ਰੈਕਾਂ ਦਾ ਬਿਜਲੀਕਰਣ 3 ਗੁਣਾ ਵੱਧ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ "ਬਹੁਤ ਜਲਦੀ ਹੀ ਅਸੀਂ ਤੇਲੰਗਾਨਾ ਵਿੱਚ ਸਾਰੇ ਬ੍ਰੌਡ ਗੇਜ ਰੂਟਾਂ 'ਤੇ ਬਿਜਲੀਕਰਣ ਦਾ ਕੰਮ ਪੂਰਾ ਕਰਨ ਜਾ ਰਹੇ ਹਾਂ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਦੇ ਭਾਰਤ ਇੱਕ ਸਿਰੇ ਤੋਂ ਆਂਧਰ ਪ੍ਰਦੇਸ਼ ਨਾਲ ਵੀ ਜੁੜਿਆ ਹੋਇਆ ਹੈ ਅਤੇ ਦੱਸਿਆ ਕਿ ਕੇਂਦਰ ਸਰਕਾਰ ਆਂਧਰ ਪ੍ਰਦੇਸ਼ ਵਿੱਚ ਰੇਲ ਨੈੱਟਵਰਕ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਈਜ਼ ਆਵ੍ ਲਿਵਿੰਗ ਦੇ ਨਾਲ-ਨਾਲ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਹੁਲਾਰਾ ਦੇਣ ਲਈ ਕੇਂਦਰ ਸਰਕਾਰ ਦੇ ਪ੍ਰਯਤਨਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਪਿਛਲੇ ਵਰ੍ਹਿਆਂ ਵਿੱਚ, ਆਂਧਰ ਪ੍ਰਦੇਸ਼ ਵਿੱਚ 350 ਕਿਲੋਮੀਟਰ ਨਵੀਆਂ ਰੇਲਵੇ ਲਾਈਨਾਂ ਅਤੇ ਲਗਭਗ 800 ਕਿਲੋਮੀਟਰ ਮਲਟੀ-ਟ੍ਰੈਕਿੰਗ ਦਾ ਨਿਰਮਾਣ ਪੂਰਾ ਕੀਤਾ ਗਿਆ ਹੈ।  ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਪਿਛਲੀ ਸਰਕਾਰ ਦੌਰਾਨ ਆਂਧਰ ਪ੍ਰਦੇਸ਼ ਵਿੱਚ ਸਲਾਨਾ ਸਿਰਫ਼ 60 ਕਿਲੋਮੀਟਰ ਰੇਲ ਪਟੜੀਆਂ ਦਾ ਬਿਜਲੀਕਰਣ ਕੀਤਾ ਜਾਂਦਾ ਸੀ ਅਤੇ ਹੁਣ ਇਹ ਗਤੀ 220 ਕਿਲੋਮੀਟਰ ਸਲਾਨਾ ਤੋਂ ਵੱਧ ਹੋ ਗਈ ਹੈ।

  

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਗਤੀ ਅਤੇ ਪ੍ਰਗਤੀ ਦੀ ਇਹ ਪ੍ਰਕਿਰਿਆ ਇਸੇ ਤਰ੍ਹਾਂ ਜਾਰੀ ਰਹੇਗੀ” ਅਤੇ ਉਨ੍ਹਾਂ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਲਈ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਲਈ ਸਾਰਿਆਂ ਨੂੰ ਵਧਾਈਆਂ ਦਿੱਤੀਆਂ।

 

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਰਾਜਪਾਲ ਸੁਸ਼੍ਰੀ ਤਮਿਲੀਸਾਈ ਸੁੰਦਰਰਾਜਨ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਸ਼੍ਰੀ ਜੀ ਕਿਸ਼ਨ ਰੈੱਡੀ, ਰਾਜ ਮੰਤਰੀ ਅਤੇ ਸਾਂਸਦ ਵੀ ਮੌਜੂਦ ਸਨ।

 

ਪਿਛੋਕੜ

 

ਇਹ ਅੱਠਵੀਂ ਵੰਦੇ ਭਾਰਤ ਐਕਸਪ੍ਰੈੱਸ ਹੈ ਜੋ ਭਾਰਤੀ ਰੇਲਵੇ ਦੁਆਰਾ ਪੇਸ਼ ਕੀਤੀ ਗਈ ਹੈ ਅਤੇ ਇਹ ਪਹਿਲੀ ਹੈ ਜੋ ਦੋ ਤੇਲੁਗੂ ਬੋਲਣ ਵਾਲੇ ਰਾਜਾਂ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਨੂੰ ਜੋੜਦੀ ਹੈ, ਅਤੇ ਲਗਭਗ 700 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੀ ਹੈ। ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਦੀ ਯਾਤਰਾ ਦਾ ਸਮਾਂ ਸਾਢੇ 12 ਘੰਟੇ ਤੋਂ ਘੱਟ ਕੇ ਸਾਢੇ ਅੱਠ ਘੰਟੇ ਰਹਿ ਜਾਵੇਗਾ। ਇਹ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ, ਰਾਜਾਮੁੰਦਰੀ ਅਤੇ ਵਿਜੇਵਾੜਾ ਸਟੇਸ਼ਨਾਂ ਅਤੇ ਤੇਲੰਗਾਨਾ ਦੇ ਖੰਮਮ, ਵਾਰੰਗਲ ਅਤੇ ਸਿਕੰਦਰਾਬਾਦ ਸਟੇਸ਼ਨਾਂ 'ਤੇ ਰੁਕੇਗੀ।

 

ਵੰਦੇ ਭਾਰਤ ਐਕਸਪ੍ਰੈੱਸ ਦਾ ਸਵਦੇਸ਼ੀ ਤੌਰ 'ਤੇ ਤਿਆਰ ਕੀਤਾ ਗਿਆ ਰੇਲ ਸੈੱਟ ਅਤਿ-ਆਧੁਨਿਕ ਯਾਤਰੀ ਸੁਵਿਧਾਵਾਂ ਨਾਲ ਲੈਸ ਹੈ। ਇਹ ਰੇਲ ਉਪਭੋਗਤਾਵਾਂ ਨੂੰ ਇੱਕ ਤੇਜ਼, ਵਧੇਰੇ ਅਰਾਮਦਾਇਕ ਅਤੇ ਵਧੇਰੇ ਸੁਵਿਧਾਜਨਕ ਯਾਤਰਾ ਅਨੁਭਵ ਪ੍ਰਦਾਨ ਕਰੇਗਾ।

 

ਇਸ ਟ੍ਰੇਨ ਦੀ ਸ਼ੁਰੂਆਤ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ ਅਤੇ ਯਾਤਰਾ ਦਾ ਇੱਕ ਅਰਾਮਦਾਇਕ ਅਤੇ ਤੇਜ਼ ਮੋਡ ਪ੍ਰਦਾਨ ਕਰੇਗੀ।  ਇਹ ਦੇਸ਼ ਵਿੱਚ ਪੇਸ਼ ਕੀਤੀ ਜਾਣ ਵਾਲੀ ਅੱਠਵੀਂ ਵੰਦੇ ਭਾਰਤ ਟ੍ਰੇਨ ਹੋਵੇਗੀ ਅਤੇ ਇਹ ਪਹਿਲਾਂ ਦੀ ਤੁਲਨਾ ਵਿੱਚ ਇੱਕ ਉੱਨਤ ਸੰਸਕਰਣ ਹੈ, ਜੋ ਬਹੁਤ ਹਲਕੀ ਅਤੇ ਥੋੜ੍ਹੇ ਸਮੇਂ ਵਿੱਚ ਉੱਚ ਰਫ਼ਤਾਰ ਤੱਕ ਪਹੁੰਚਣ ਦੇ ਸਮਰੱਥ ਹੈ। ਵੰਦੇ ਭਾਰਤ 2.0 ਵਧੇਰੇ ਉੱਨਤ ਅਤੇ ਬਿਹਤਰ ਵਿਸ਼ੇਸ਼ਤਾਵਾਂ ਨਾਲ ਲੈਸ ਹੈ, ਜਿਵੇਂ ਕਿ ਸਿਰਫ਼ 52 ਸਕਿੰਟਾਂ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਅਤੇ 180 ਕਿਲੋਮੀਟਰ ਪ੍ਰਤੀ ਘੰਟਾ ਦੀ ਉੱਚ ਰਫ਼ਤਾਰ ਤੱਕ ਪਹੁੰਚਣਾ। ਅੱਪਗ੍ਰੇਡ ਕੀਤੀ ਵੰਦੇ ਭਾਰਤ ਐਕਸਪ੍ਰੈੱਸ ਦਾ ਵਜ਼ਨ 392 ਟਨ ਹੋਵੇਗਾ ਜਦਕਿ ਪਿਛਲੀ ਵੰਦੇ ਭਾਰਤ ਟ੍ਰੇਨ 430 ਟਨ ਦੀ ਸੀ। ਇਸ ਵਿੱਚ ਵਾਈ-ਫਾਈ ਸਮੱਗਰੀ ਔਨ ਡਿਮਾਂਡ ਸੁਵਿਧਾ ਵੀ ਹੋਵੇਗੀ। ਹਰੇਕ ਕੋਚ ਵਿੱਚ ਪਿਛਲੀ ਟ੍ਰੇਨ ਵਿੱਚਲੀਆਂ 24” ਦੇ ਮੁਕਾਬਲੇ 32” ਸਕਰੀਨਾਂ ਹਨ ਜੋ ਕਿ ਯਾਤਰੀਆਂ ਨੂੰ ਜਾਣਕਾਰੀ ਅਤੇ ਇਨਫੋਟੇਨਮੈਂਟ ਪ੍ਰਦਾਨ ਕਰਦੀਆਂ ਹਨ। ਵੰਦੇ ਭਾਰਤ ਐਕਸਪ੍ਰੈੱਸ ਵੀ ਵਾਤਾਵਰਣ ਅਨੁਕੂਲ ਹੋਵੇਗੀ ਕਿਉਂਕਿ ਏਸੀ ਵਿੱਚ ਬਿਜਲੀ ਦੀ ਖਪਤ ਵਿੱਚ 15 ਪ੍ਰਤੀਸ਼ਤ ਦੀ ਕਮੀ ਆਵੇਗੀ। ਟ੍ਰੈਕਸ਼ਨ ਮੋਟਰ ਦੀ ਧੂੜ-ਮੁਕਤ ਸਵੱਛ ਹਵਾ ਕੂਲਿੰਗ ਨਾਲ, ਯਾਤਰਾ ਵਧੇਰੇ ਅਰਾਮਦਾਇਕ ਹੋ ਜਾਵੇਗੀ।  ਸਾਈਡ ਰੀਕਲਾਈਨਰ ਸੀਟ ਦੀ ਸੁਵਿਧਾ, ਜੋ ਪਹਿਲਾਂ ਸਿਰਫ਼ ਐਗਜ਼ੀਕਿਊਟਿਵ ਕਲਾਸ ਦੇ ਯਾਤਰੀਆਂ ਨੂੰ ਦਿੱਤੀ ਜਾਂਦੀ ਸੀ, ਹੁਣ ਸਾਰੀਆਂ ਕਲਾਸਾਂ ਲਈ ਉਪਲਬਧ ਕਰਵਾਈ ਜਾਵੇਗੀ।  ਐਗਜ਼ੀਕਿਊਟਿਵ ਕੋਚਾਂ ਵਿੱਚ 180 ਡਿਗਰੀ ਘੁੰਮਣ ਵਾਲੀਆਂ ਸੀਟਾਂ ਦੀ ਇੱਕ ਅਤਿਰਿਕਤ ਵਿਸ਼ੇਸ਼ਤਾ ਹੈ।

 

ਵੰਦੇ ਭਾਰਤ ਐਕਸਪ੍ਰੈੱਸ ਦੇ ਨਵੇਂ ਡਿਜ਼ਾਇਨ ਵਿੱਚ, ਹਵਾ ਸ਼ੁੱਧੀਕਰਨ ਲਈ ਰੂਫ-ਮਾਉਂਟੇਡ ਪੈਕੇਜ ਯੂਨਿਟ (ਆਰਐੱਮਪੀਯੂ) ਵਿੱਚ ਇੱਕ ਫੋਟੋ-ਕੈਟਾਲੀਟਿਕ ਅਲਟਰਾਵਾਇਲਟ ਹਵਾ ਸ਼ੁੱਧੀਕਰਨ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਸੈਂਟਰਲ ਸਾਇੰਟਿਫਿਕ ਇੰਸਟਰੂਮੈਂਟਸ ਓਰਗੇਨਾਈਜੇਸ਼ਨ (ਸੀਐੱਸਆਈਓ), ਚੰਡੀਗੜ੍ਹ ਦੁਆਰਾ ਸਿਫ਼ਾਰਿਸ਼ ਕੀਤੇ ਅਨੁਸਾਰ, ਇਹ ਸਿਸਟਮ ਆਰਐੱਮਪੀਯੂ ਦੇ ਦੋਵਾਂ ਸਿਰਿਆਂ 'ਤੇ ਤਾਜ਼ੀ ਹਵਾ ਅਤੇ ਵਾਪਿਸ ਹਵਾ ਰਾਹੀਂ ਆਉਣ ਵਾਲੇ ਕੀਟਾਣੂਆਂ, ਬੈਕਟੀਰੀਆ, ਵਾਇਰਸਾਂ ਆਦਿ ਤੋਂ ਮੁਕਤ ਕਰਨ ਲਈ ਫਿਲਟਰ ਅਤੇ ਸਾਫ਼ ਕਰਨ ਲਈ ਡਿਜ਼ਾਇਨ ਅਤੇ ਸਥਾਪਿਤ ਕੀਤਾ ਗਿਆ ਹੈ।

 

ਵੰਦੇ ਭਾਰਤ ਐਕਸਪ੍ਰੈੱਸ 2.0 ਵਿਭਿੰਨ ਉੱਤਮ ਅਤੇ ਏਅਰਕ੍ਰਾਫਟ-ਜਿਹੇ ਯਾਤਰਾ ਅਨੁਭਵ ਪੇਸ਼ ਕਰਦੀ ਹੈ। ਇਹ ਉੱਨਤ ਅਤਿ-ਆਧੁਨਿਕ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਹੈ, ਜਿਸ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਟ੍ਰੇਨ ਟੱਕਰ ਤੋਂ ਬਚਣ ਵਾਲੀ ਪ੍ਰਣਾਲੀ - ਕਵਚ (KAVACH) ਸ਼ਾਮਲ ਹੈ।

 

 

 

 

 

 

 

 

 

 

 *********

 

ਡੀਐੱਸ/ਟੀਐੱਸ



(Release ID: 1891498) Visitor Counter : 152