ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਾਵੜਾ ਤੋਂ ਨਿਊ ਜਲਪਾਈਗੁੜੀ ਨੂੰ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ


ਕੋਲਕਾਤਾ ਮੈਟਰੋ ਦੀ ਪਰਪਲ ਲਾਈਨ ਦੇ ਜੋਕਾ-ਤਾਰਾਤਲਾ ਸਟ੍ਰੈਚ ਦਾ ਉਦਘਾਟਨ ਕੀਤਾ

ਚਾਰ ਰੇਲਵੇ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕੀਤੇ

ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ

"ਉਹ ਧਰਤੀ ਜਿੱਥੋਂ ਵੰਦੇ ਮਾਤਰਮ ਦਾ ਸੱਦਾ ਆਇਆ ਸੀ, ਉਥੋਂ ਅੱਜ ਵੰਦੇ ਭਾਰਤ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ"

"ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਧੁਨਿਕ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਕਸਿਤ ਕੀਤੇ ਜਾ ਰਹੇ ਹਨ"

"ਭਾਰਤੀ ਰੇਲਵੇ ਦੀ ਕਾਇਆਕਲਪ ਕਰਨ ਲਈ ਦੇਸ਼ ਵਿਆਪੀ ਮੁਹਿੰਮ ਚਲ ਰਹੀ ਹੈ"

“21ਵੀਂ ਸਦੀ ਵਿੱਚ ਦੇਸ਼ ਦੇ ਤੇਜ਼ ਵਿਕਾਸ ਲਈ ਰੇਲਵੇ ਦਾ ਤੇਜ਼ ਵਿਕਾਸ ਅਤੇ ਸੁਧਾਰ ਜ਼ਰੂਰੀ ਹੈ”

"ਮੈਟਰੋ ਰੇਲ ਪ੍ਰਣਾਲੀ ਅੱਜ ਭਾਰਤ ਦੀ ਸਪੀਡ ਅਤੇ ਸਕੇਲ ਦੀ ਇੱਕ ਉਦਾਹਰਣ ਹੈ"

"ਨਾਗਰਿਕਾਂ ਲਈ ਨਿਰਵਿਘਨ ਕਨੈਕਟੀਵਿਟੀ ਨੂੰ ਸੁਨਿਸ਼ਚਿਤ ਬਣਾਉਣ ਲਈ ਨਵੇਂ ਹਵਾਈ ਅੱਡਿਆਂ, ਜਲ ਮਾਰਗਾਂ, ਬੰਦਰਗਾਹਾਂ ਅਤੇ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ"

"ਭਾਰਤ ਅੱਜ ਆਪਣੀ ਜਲ ਸ਼ਕਤੀ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ"

“13 ਜਨਵਰੀ ਨੂੰ ਇੱਕ ਕਰੂਜ਼ ਬੰਗਲਾਦੇਸ਼ ਹੁੰਦੇ ਹੋਏ ਕਾਸ਼ੀ ਤੋਂ ਡਿਬਰੂਗੜ੍ਹ ਲਈ ਰਵਾਨਾ ਹੋਵੇਗਾ। 3200 ਕਿਲੋਮੀਟਰ ਲੰਬੀ ਯਾਤਰਾ ਪੂਰੀ ਦੁਨੀਆ ਵਿੱਚ ਆਪਣੀ ਕਿਸਮ ਦੀ ਪਹਿਲੀ ਯਾਤਰਾ ਹੈ ਅਤੇ ਦੇਸ਼ ਵਿ

Posted On: 30 DEC 2022 1:20PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਾਵੜਾ ਤੋਂ ਨਿਊ ਜਲਪਾਈਗੁੜੀ ਨੂੰ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਜੋਕਾ-ਏਸਪਲੇਨੇਡ ਮੈਟਰੋ ਪ੍ਰੋਜੈਕਟ (ਪਰਪਲ ਲਾਈਨ) ਦੇ ਜੋਕਾ-ਤਾਰਾਤਲਾ ਸਟ੍ਰੈਚ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਰਾਸ਼ਟਰ ਨੂੰ ਚਾਰ ਰੇਲਵੇ ਪ੍ਰੋਜੈਕਟ ਵੀ ਸਮਰਪਿਤ ਕੀਤੇ, ਜਿਨ੍ਹਾਂ ਵਿੱਚ ਬੋਇੰਚੀ - ਸ਼ਕਤੀਗੜ੍ਹ ਤੀਸਰੀ ਲਾਈਨ, ਡਾਨਕੁਨੀ - ਚੰਦਨਪੁਰ ਚੌਥੀ ਲਾਈਨ ਪ੍ਰੋਜੈਕਟ, ਨਿਮਤਿਤਾ - ਨਵੀਂ ਫਰੱਕਾ ਡਬਲ ਲਾਈਨ ਅਤੇ ਅੰਬਰੀ ਫਲਕਾਟਾ - ਨਿਊ ਮਾਇਨਾਗੁੜੀ - ਗੁਮਾਨੀਹਾਟ ਡਬਲਿੰਗ ਪ੍ਰੋਜੈਕਟ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਵੀ ਰੱਖਿਆ। 

 

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅੱਜ ਸਰੀਰਕ ਤੌਰ 'ਤੇ ਹਾਜ਼ਰ ਨਾ ਹੋਣ ਲਈ ਮੁਫੀ ਮੰਗੀ ਕਿਉਂਕਿ ਉਨ੍ਹਾਂ ਲਈ ਇਹ ਬੰਗਾਲ ਦੀ ਧਰਤੀ ਨੂੰ ਸਿਰ ਝੁਕਾਉਣ ਦਾ ਦਿਨ ਹੈ ਕਿਉਂਕਿ ਆਜ਼ਾਦੀ ਸੰਗ੍ਰਾਮ ਦਾ ਇਤਿਹਾਸ ਬੰਗਾਲ ਦੇ ਹਰ ਕਣ ਵਿੱਚ ਸਮਾਇਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਉਹ ਧਰਤੀ ਜਿੱਥੋਂ ਵੰਦੇ ਮਾਤਰਮ ਦਾ ਸੱਦਾ ਆਇਆ ਸੀ, ਉਥੋਂ ਅੱਜ ਵੰਦੇ ਭਾਰਤ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।” ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ 30 ਦਸੰਬਰ, 1943 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਤਿਰੰਗਾ ਲਹਿਰਾਇਆ ਸੀ ਅਤੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਦੀ ਸ਼ੁਰੂਆਤ ਕੀਤੀ ਸੀ। ਇਸ ਇਤਿਹਾਸਕ ਦਿਨ ਦੀ 75ਵੀਂ ਵਰ੍ਹੇਗੰਢ 'ਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਨੇਤਾ ਜੀ ਦੇ ਸਨਮਾਨ ਵਿੱਚ ਇਕ ਟਾਪੂ ਦਾ ਨਾ ਰੱਖਣ ਲਈ ਅੰਡੇਮਾਨ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨਾਂ ਦੌਰਾਨ 475 ਵੰਦੇ ਭਾਰਤ ਟ੍ਰੇਨਾਂ ਨੂੰ ਸ਼ੁਰੂ ਕਰਨ ਦਾ ਸੰਕਲਪ ਲਿਆ ਸੀ ਅਤੇ ਅੱਜ ਹਾਵੜਾ ਤੋਂ ਨਿਊ ਜਲਪਾਈਗੁੜੀ ਤੱਕ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਜਾ ਰਹੀ ਟ੍ਰੇਨ ਉਨ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਈ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਜਿਨ੍ਹਾਂ ਦੇ ਅੱਜ ਨੀਂਹ ਪੱਥਰ ਰੱਖੇ ਅਤੇ ਉਦਘਾਟਨ ਕੀਤੇ ਜਾ ਰਹੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਲਗਭਗ 5000 ਕਰੋੜ ਰੁਪਏ ਖਰਚ ਕਰ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਬਾਅਦ ਵਿੱਚ ਪੱਛਮ ਬੰਗਾਲ ਨੂੰ ਗੰਗਾ ਦੀ ਸਫਾਈ ਅਤੇ ਪੀਣ ਵਾਲੇ ਪਾਣੀ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਨਮਾਮੀ ਗੰਗੇ ਯੋਜਨਾ ਤਹਿਤ ਪੱਛਮੀ ਬੰਗਾਲ ਵਿੱਚ 25 ਤੋਂ ਵੱਧ ਸੀਵਰੇਜ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।  ਜਿਨ੍ਹਾਂ ਵਿੱਚੋਂ 11 ਪ੍ਰੋਜੈਕਟ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਅਤੇ ਸੱਤ ਅੱਜ ਮੁਕੰਮਲ ਹੋ ਰਹੇ ਹਨ।  1500 ਕਰੋੜ ਰੁਪਏ ਦੀ ਲਾਗਤ ਨਾਲ 5 ਨਵੀਆਂ ਯੋਜਨਾਵਾਂ 'ਤੇ ਕੰਮ ਅੱਜ ਸ਼ੁਰੂ ਹੋ ਰਿਹਾ ਹੈ।  ਪ੍ਰਧਾਨ ਮੰਤਰੀ ਨੇ ਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਆਦਿ ਗੰਗਾ ਪ੍ਰੋਜੈਕਟ ਦਾ ਜ਼ਿਕਰ ਕੀਤਾ ਜਿਸ ਦੀ ਸਫਾਈ ਲਈ 600 ਕਰੋੜ ਰੁਪਏ ਦਾ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਦੀਆਂ ਦੀ ਸਫਾਈ ਦੇ ਨਾਲ-ਨਾਲ ਕੇਂਦਰ ਸਰਕਾਰ ਨੇ ਰੋਕਥਾਮ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ ਜੋ ਬੜੀ ਗਿਣਤੀ ਵਿੱਚ ਆਧੁਨਿਕ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਉਣ ਦੇ ਆਸ-ਪਾਸ ਘੁੰਮਦਾ ਹੈ। ਅਜਿਹਾ ਅਗਲੇ 10-15 ਵਰ੍ਹਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਭਾਰਤੀ ਰੇਲਵੇ ਦੇ ਸੁਧਾਰਾਂ ਅਤੇ ਵਿਕਾਸ ਨੂੰ ਦੇਸ਼ ਦੇ ਵਿਕਾਸ ਨਾਲ ਜੋੜਿਆ। ਉਨ੍ਹਾਂ ਕਿਹਾ ਇਸੇ ਲਈ ਕੇਂਦਰ ਸਰਕਾਰ ਆਧੁਨਿਕ ਰੇਲਵੇ ਬੁਨਿਆਦੀ ਢਾਂਚੇ ਵਿੱਚ ਰਿਕਾਰਡ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੂੰ ਬਿਹਤਰ ਬਣਾਉਣ ਲਈ ਦੇਸ਼ ਵਿਆਪੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਵੰਦੇ ਭਾਰਤ, ਤੇਜਸ ਹਮ ਸਫਰ ਅਤੇ ਵਿਸਟਾਡੋਮ ਕੋਚ ਜਿਹੀਆਂ ਆਧੁਨਿਕ ਟ੍ਰੇਨਾਂ ਅਤੇ ਨਿਊ ਜਲਪਾਈਗੁੜੀ ਸਮੇਤ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਣ, ਰੇਲਵੇ ਲਾਈਨਾਂ ਦੀ ਡਬਲਿੰਗ ਅਤੇ ਬਿਜਲੀਕਰਣ ਨੂੰ ਇਸ ਆਧੁਨਿਕੀਕਰਣ ਦੀਆਂ ਉਦਾਹਰਣਾਂ ਵਜੋਂ ਸੂਚੀਬੱਧ ਕੀਤਾ। ਉਨ੍ਹਾਂ ਪ੍ਰੋਜੈਕਟਾਂ ਵਜੋਂ ਪੂਰਬੀ ਅਤੇ ਪੱਛਮੀ ਸਮਰਪਿਤ ਮਾਲ ਭਾੜੇ ਦੇ ਗਲਿਆਰਿਆਂ ਦਾ ਵੀ ਜ਼ਿਕਰ ਕੀਤਾ ਜੋ ਲੌਜਿਸਟਿਕਸ ਸੈਕਟਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣਗੇ। ਪ੍ਰਧਾਨ ਮੰਤਰੀ ਨੇ ਰੇਲਵੇ ਸੁਰੱਖਿਆ, ਸਫਾਈ, ਤਾਲਮੇਲ, ਸਮਰੱਥਾ, ਸਮੇਂ ਦੀ ਪਾਬੰਦੀ ਅਤੇ ਸੁਵਿਧਾਵਾਂ ਦੇ ਖੇਤਰਾਂ ਵਿੱਚ ਕੀਤੀਆਂ ਗਈਆਂ ਪ੍ਰਗਤੀਆਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ, ਭਾਰਤੀ ਰੇਲਵੇ ਨੇ ਆਧੁਨਿਕਤਾ ਦੀ ਬੁਨਿਆਦ 'ਤੇ ਕੰਮ ਕੀਤਾ ਹੈ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤੀ ਰੇਲਵੇ ਆਧੁਨਿਕੀਕਰਣ ਦੀ ਇੱਕ ਨਵੀਂ ਯਾਤਰਾ ਸ਼ੁਰੂ ਕਰੇਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਿੱਥੇ ਆਜ਼ਾਦੀ ਦੇ ਪਹਿਲੇ 70 ਵਰ੍ਹਿਆਂ ਵਿੱਚ 20 ਹਜ਼ਾਰ ਰੂਟ ਕਿਲੋਮੀਟਰ ਰੇਲ ਲਾਈਨਾਂ ਦਾ ਬਿਜਲੀਕਰਣ ਕੀਤਾ ਗਿਆ ਸੀ, ਉੱਥੇ ਹੀ 2014 ਤੋਂ ਹੁਣ ਤੱਕ 32 ਹਜ਼ਾਰ ਤੋਂ ਵੱਧ ਰੂਟ ਕਿਲੋਮੀਟਰਾਂ ਦਾ ਬਿਜਲੀਕਰਣ ਕੀਤਾ ਜਾ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਟਰੋ ਰੇਲ ਪ੍ਰਣਾਲੀ ਅੱਜ ਭਾਰਤ ਦੀ ਗਤੀ ਅਤੇ ਸਕੇਲ ਦੀ ਇੱਕ ਉਦਾਹਰਣ ਹੈ। ਮੈਟਰੋ ਨੈੱਟਵਰਕ ਜੋ ਕਿ 2014 ਤੋਂ ਪਹਿਲਾਂ 250 ਕਿਲੋਮੀਟਰ ਤੋਂ ਘੱਟ ਸੀ, ਦਾ ਦਿੱਲੀ-ਐੱਨਸੀਆਰ ਵਿੱਚ ਸਭ ਤੋਂ ਵੱਧ ਹਿੱਸਾ ਸੀ। ਪਿਛਲੇ 7-8 ਵਰ੍ਹਿਆਂ ਵਿੱਚ ਮੈਟਰੋ 2 ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਫੈਲ ਚੁੱਕੀ ਹੈ। ਉਨ੍ਹਾਂ ਕਿਹਾ “ਅੱਜ ਦੇਸ਼ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ ਲਗਭਗ 800 ਕਿਲੋਮੀਟਰ ਲੰਬੇ ਮੈਟਰੋ ਟ੍ਰੈਕ 'ਤੇ ਮੈਟਰੋ ਚਲ ਰਹੀ ਹੈ।  1000 ਕਿਲੋਮੀਟਰ ਤੋਂ ਵੱਧ ਦੇ ਮੈਟਰੋ ਰੂਟਾਂ 'ਤੇ ਕੰਮ ਚਲ ਰਿਹਾ ਹੈ।”

 

ਪਿਛਲੇ ਵਰ੍ਹਿਆਂ ਵਿੱਚ ਭਾਰਤ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਦਾ ਭਾਰਤ ਦੇ ਵਿਕਾਸ 'ਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ। ਮੁੱਖ ਚੁਣੌਤੀਆਂ ਵਿੱਚੋਂ ਇੱਕ 'ਤੇ ਰੋਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸ਼ਾਮਲ ਵਿਭਿੰਨ ਏਜੰਸੀਆਂ ਦਰਮਿਆਨ ਤਾਲਮੇਲ ਦੀ ਕਮੀ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਵਿਭਿੰਨ ਟ੍ਰਾਂਸਪੋਰਟ ਏਜੰਸੀਆਂ ਵਿੱਚ ਤਾਲਮੇਲ ਦੀ ਘਾਟ ਦਾ ਵੀ ਜ਼ਿਕਰ ਕੀਤਾ ਅਤੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਨਤੀਜੇ ਵਜੋਂ, ਇੱਕ ਸਰਕਾਰੀ ਏਜੰਸੀ ਨੂੰ ਦੂਸਰੀਆਂ ਏਜੰਸੀਆਂ ਦੁਆਰਾ ਕੀਤੇ ਜਾ ਰਹੇ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ "ਇਸ ਦਾ ਪ੍ਰਤੱਖ ਅਸਰ ਦੇਸ਼ ਦੇ ਇਮਾਨਦਾਰ ਟੈਕਸਪੇਅਰਸ 'ਤੇ ਪਿਆ।”  

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਮਿਹਨਤ ਦੀ ਕਮਾਈ  ਗ਼ਰੀਬਾਂ ਦੀ ਬਜਾਏ ਭ੍ਰਿਸ਼ਟਾਂ ਦੀਆਂ ਜੇਬਾਂ ਭਰਨ ਵਿੱਚ ਵਰਤੀ ਜਾਂਦੀ ਹੈ, ਤਾਂ ਅਸੰਤੁਸ਼ਟ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ "ਸਰਕਾਰ ਨੇ ਏਜੰਸੀਆਂ ਦੇ ਤਾਲਮੇਲ ਵਿੱਚ ਪਾੜੇ ਨੂੰ ਭਰਨ ਲਈ ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ ਦੀ ਸ਼ੁਰੂਆਤ ਕੀਤੀ", ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, "ਭਾਵੇਂ ਇਹ ਵਿਭਿੰਨ ਰਾਜ ਸਰਕਾਰਾਂ ਹੋਣ, ਉਸਾਰੀ ਏਜੰਸੀਆਂ ਜਾਂ ਉਦਯੋਗ ਮਾਹਿਰ, ਹਰ ਕੋਈ ਗਤੀ ਸ਼ਕਤੀ ਪਲੈਟਫਾਰਮ 'ਤੇ ਇਕੱਠੇ ਹੋ ਰਿਹਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇਸ਼ ਵਿੱਚ ਆਵਾਜਾਈ ਦੇ ਵਿਭਿੰਨ ਮਾਧਿਅਮਾਂ ਨੂੰ ਜੋੜਨ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਮਲਟੀਮੋਡਲ ਪ੍ਰੋਜੈਕਟਾਂ ਨੂੰ ਵੀ ਗਤੀ ਪ੍ਰਦਾਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਨਾਗਰਿਕਾਂ ਲਈ ਨਿਰਵਿਘਨ ਕਨੈਕਟੀਵਿਟੀ ਨੂੰ ਸੁਨਿਸ਼ਚਿਤ ਬਣਾਉਣ ਲਈ ਨਵੇਂ ਹਵਾਈ ਅੱਡਿਆਂ, ਜਲ ਮਾਰਗਾਂ, ਬੰਦਰਗਾਹਾਂ ਅਤੇ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਸਾਨੂੰ 21ਵੀਂ ਸਦੀ ਵਿੱਚ ਅੱਗੇ ਵਧਣ ਲਈ ਰਾਸ਼ਟਰ ਦੀ ਸਮਰੱਥਾ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।  ਦੇਸ਼ ਵਿੱਚ ਜਲ ਮਾਰਗਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਭਾਰਤ ਵਿੱਚ ਕੰਮ, ਕਾਰੋਬਾਰ ਅਤੇ ਟੂਰਿਜ਼ਮ ਲਈ ਜਲ ਮਾਰਗਾਂ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਂਦੀ ਸੀ ਪਰ ਬਾਅਦ ਵਿੱਚ ਗ਼ੁਲਾਮੀ ਦੇ ਵਰ੍ਹਿਆਂ ਦੌਰਾਨ ਇਹ ਬਰਬਾਦ ਹੋ ਗਏ ਸਨ। ਉਨ੍ਹਾਂ ਨੇ ਦੇਸ਼ ਵਿੱਚ ਜਲ ਮਾਰਗਾਂ ਨੂੰ ਪੁਨਰ ਸੁਰਜੀਤ ਕਰਨ ਵਿੱਚ ਪਿਛਲੀਆਂ ਸਰਕਾਰਾਂ ਦੁਆਰਾ ਪ੍ਰਯਤਨਾਂ ਦੀ ਕਮੀ ਵੱਲ ਵੀ ਧਿਆਨ ਦਿੱਤਾ। ਸ਼੍ਰੀ ਮੋਦੀ ਨੇ ਕਿਹਾ "ਭਾਰਤ ਅੱਜ ਆਪਣੀ ਜਲ ਸ਼ਕਤੀ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ।” ਉਨ੍ਹਾਂ ਦੱਸਿਆ ਕਿ ਅੱਜ 100 ਤੋਂ ਵੱਧ ਜਲ ਮਾਰਗ ਵਿਕਸਿਤ ਕੀਤੇ ਜਾ ਰਹੇ ਹਨ ਅਤੇ ਵਪਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਦਿੰਦੇ ਹੋਏ ਦਰਿਆਵਾਂ ਵਿੱਚ ਉੱਨਤ ਕਰੂਜ਼ ਜਹਾਜ਼ਾਂ ਦੀ ਸ਼ੁਰੂਆਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।  ਪ੍ਰਧਾਨ ਮੰਤਰੀ ਨੇ ਗੰਗਾ-ਬ੍ਰਹਮਪੁੱਤਰ ਪਰਿਯੋਜਨਾ ਨੂੰ ਵੀ ਉਜਾਗਰ ਕੀਤਾ ਜੋ ਕਿ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਦੋ ਦਰਿਆਵਾਂ ਵਿਚਕਾਰ ਜਲ ਮਾਰਗ ਕਨੈਕਟੀਵਿਟੀ ਸਥਾਪਿਤ ਕਰਨ ਲਈ ਚਲਾਇਆ ਜਾ ਰਿਹਾ ਹੈ। 13 ਜਨਵਰੀ 2023 ਨੂੰ ਕਾਸ਼ੀ ਤੋਂ ਬੰਗਲਾਦੇਸ਼ ਦੇ ਰਸਤੇ ਹੁੰਦੇ ਹੋਏ ਡਿਬਰੂਗੜ੍ਹ ਜਾਣ ਵਾਲੇ ਕਰੂਜ਼ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 3200 ਕਿਲੋਮੀਟਰ ਲੰਬੀ ਯਾਤਰਾ ਪੂਰੀ ਦੁਨੀਆ ਵਿੱਚ ਆਪਣੀ ਕਿਸਮ ਦੀ ਪਹਿਲੀ ਯਾਤਰਾ ਹੈ ਅਤੇ ਇਹ ਦੇਸ਼ ਵਿੱਚ ਵਧ ਰਹੇ ਕਰੂਜ਼ ਟੂਰਿਜ਼ਮ ਦਾ ਇੱਕ ਪ੍ਰਤੀਬਿੰਬ ਹੋਵੇਗੀ। 

 

ਪੱਛਮ ਬੰਗਾਲ ਦੇ ਲੋਕਾਂ ਵਿੱਚ ਆਪਣੀ ਭੂਮੀ ਪ੍ਰਤੀ ਪਿਆਰ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸੱਭਿਆਚਾਰਕ ਵਿਰਾਸਤ ਦੇ ਵੱਖੋ-ਵੱਖ ਸਥਾਨਾਂ ਦਾ ਦੌਰਾ ਕਰਨ ਅਤੇ ਇਸ ਤੋਂ ਸਿੱਖਣ ਵਿੱਚ ਦਿਖਾਈ ਦੇਣ ਵਾਲੇ ਉਨ੍ਹਾਂ ਦੇ ਉਤਸ਼ਾਹ 'ਤੇ ਟਿੱਪਣੀ ਕੀਤੀ। ਉਨ੍ਹਾਂ ਅੱਗੇ ਕਿਹਾ “ਬੰਗਾਲ ਦੇ ਲੋਕ ਟੂਰਿਜ਼ਮ ਵਿੱਚ ਵੀ, ਨੇਸ਼ਨ ਫਸਟ ਦੀ ਭਾਵਨਾ ਰੱਖਦੇ ਹਨ”, ਸ਼੍ਰੀ ਮੋਦੀ ਨੇ ਕਿਹਾ, “ਜਦੋਂ ਦੇਸ਼ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਮਿਲਦਾ ਹੈ, ਅਤੇ ਰੇਲਵੇ, ਜਲ ਮਾਰਗ ਅਤੇ ਰਾਜਮਾਰਗ ਵਧੇਰੇ ਉੱਨਤ ਹੋ ਰਹੇ ਹਨ, ਤਾਂ ਨਤੀਜੇ ਵਜੋਂ ਯਾਤਰਾ ਵਿੱਚ ਅਸਾਨੀ ਹੋਈ ਹੈ ਅਤੇ  ਬੰਗਾਲ ਦੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਹੋਇਆ ਹੈ।”

 

ਪ੍ਰਧਾਨ ਮੰਤਰੀ ਨੇ ਗੁਰੂ ਰਬਿੰਦਰਨਾਥ ਟੈਗੋਰ ਦੀਆਂ ਕੁਝ ਸਤਰਾਂ ਸੁਣਾ ਕੇ ਸੰਬੋਧਨ ਦੀ ਸਮਾਪਤੀ ਕੀਤੀ ਜਿਸ ਦਾ ਅਨੁਵਾਦ ਹੈ “ਮੇਰੇ ਦੇਸ਼ ਦੀ ਮਿੱਟੀ, ਮੈਂ ਤੈਨੂੰ ਸੀਸ ਝੁਕਾਉਂਦਾ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਸਭਨਾਂ ਨੂੰ ਆਪਣੀ ਮਾਤ ਭੂਮੀ ਨੂੰ ਸਭ ਤੋਂ ਵੱਧ ਪਹਿਲ ਦੇ ਕੇ ਕੰਮ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ “ਪੂਰੀ ਦੁਨੀਆ ਆਸਾਂ ਅਤੇ ਉਮੀਦਾਂ ਦੀਆਂ ਨਜ਼ਰਾਂ ਨਾਲ ਭਾਰਤ ਵੱਲ ਦੇਖ ਰਹੀ ਹੈ। ਦੇਸ਼ ਦੇ ਹਰੇਕ ਨਾਗਰਿਕ ਨੂੰ ਦੇਸ਼ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ।”

 

ਪੱਛਮ ਬੰਗਾਲ ਦੀ ਮੁੱਖ ਮੰਤਰੀ, ਸੁਸ਼੍ਰੀ ਮਮਤਾ ਬੈਨਰਜੀ, ਪੱਛਮ ਬੰਗਾਲ ਦੇ ਰਾਜਪਾਲ, ਡਾ. ਸੀਵੀ ਆਨੰਦ ਬੋਸ, ਭਾਰਤ ਦੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਰਾਜ ਮੰਤਰੀ ਸ਼੍ਰੀ ਜੌਹਨ ਬਾਰਲਾ, ਡਾ. ਸੁਭਾਸ ਸਰਕਾਰ ਅਤੇ ਸ਼੍ਰੀ ਨਿਸਿਥ ਪਰਮਾਣਿਕ ​​ਅਤੇ ਮੈਂਬਰ  ਸੰਸਦ, ਸ਼੍ਰੀ ਪ੍ਰਸੂਨ ਬੈਨਰਜੀ ਵੀ ਇਸ ਮੌਕੇ 'ਤੇ ਮੌਜੂਦ ਸਨ।

 

ਪਿਛੋਕੜ

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਵੜਾ ਰੇਲਵੇ ਸਟੇਸ਼ਨ 'ਤੇ ਹਾਵੜਾ ਤੋਂ ਨਿਊ ਜਲਪਾਈਗੁੜੀ ਨੂੰ ਜੋੜਨ ਵਾਲੀ 7ਵੀਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅਤਿ-ਆਧੁਨਿਕ ਸੈਮੀ ਹਾਈ-ਸਪੀਡ ਟ੍ਰੇਨ ਅਤਿ-ਆਧੁਨਿਕ ਯਾਤਰੀ ਸੁਵਿਧਾਵਾਂ ਨਾਲ ਲੈਸ ਹੈ। ਇਹ ਟ੍ਰੇਨ ਮਾਲਦਾ ਟਾਊਨ, ਬਰਸੋਈ ਅਤੇ ਕਿਸ਼ਨਗੰਜ ਸਟੇਸ਼ਨਾਂ 'ਤੇ ਦੋਵੇਂ ਦਿਸ਼ਾਵਾਂ ਵਿੱਚ ਰੁਕੇਗੀ।

 

ਪ੍ਰਧਾਨ ਮੰਤਰੀ ਨੇ ਜੋਕਾ-ਏਸਪਲੇਨੇਡ ਮੈਟਰੋ ਪ੍ਰੋਜੈਕਟ (ਪਰਪਲ ਲਾਈਨ) ਦੇ ਜੋਕਾ-ਤਾਰਾਤਲਾ ਸਟ੍ਰੈਚ ਦਾ ਵੀ ਉਦਘਾਟਨ ਕੀਤਾ। ਜੋਕਾ, ਠਾਕੁਰਪੁਕੁਰ, ਸਾਖਰ ਬਜ਼ਾਰ, ਬੇਹਾਲਾ ਚੌਰਸਤਾ, ਬੇਹਾਲਾ ਬਜ਼ਾਰ ਅਤੇ ਤਾਰਾਤਲਾ ਨਾਮ ਦੇ 6 ਸਟੇਸ਼ਨਾਂ ਵਾਲੇ 6.5 ਕਿਲੋਮੀਟਰ ਦੇ ਹਿੱਸੇ ਦਾ ਨਿਰਮਾਣ 2475 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ। ਕੋਲਕਾਤਾ ਸ਼ਹਿਰ ਦੇ ਦੱਖਣੀ ਹਿੱਸਿਆਂ ਜਿਵੇਂ ਸਰਸੁਨਾ, ਡਾਕਘਰ, ਮੁਚੀਪਾੜਾ ਅਤੇ ਦੱਖਣੀ 24 ਪਰਗਨਾ ਦੇ ਯਾਤਰੀਆਂ ਨੂੰ ਇਸ ਪ੍ਰੋਜੈਕਟ ਦੇ ਉਦਘਾਟਨ ਤੋਂ ਬਹੁਤ ਫਾਇਦਾ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਚਾਰ ਰੇਲਵੇ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਵਿੱਚ 405 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਬੋਇੰਚੀ-ਸ਼ਕਤੀਗੜ੍ਹ ਤੀਸਰੀ ਲਾਈਨ;  565 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਦਾਨਕੁਨੀ - ਚੰਦਨਪੁਰ ਚੌਥੀ ਲਾਈਨ ਪ੍ਰੋਜੈਕਟ;  254 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਨਿਮਤਿਤਾ - ਨਿਊ ਫਰੱਕਾ ਡਬਲ ਲਾਈਨ;  ਅਤੇ 1080 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਅੰਬਰੀ ਫਲਕਾਟਾ - ਨਿਊ ਮਾਇਨਾਗੁੜੀ - ਗੁਮਾਨੀਹਾਟ ਡਬਲਿੰਗ ਪ੍ਰੋਜੈਕਟ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ 335 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ।


 

 

 

 

 

 

 

 

 

 

 **********

 

ਡੀਐੱਸ/ਟੀਐੱਸ



(Release ID: 1887558) Visitor Counter : 126