ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਜ ਸਭਾ ਵਿੱਚ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਦਾ ਸੁਆਗਤ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 07 DEC 2022 12:54PM by PIB Chandigarh

ਆਦਰਯੋਗ ਸਭਾਪਤੀ ਜੀ,

ਆਦਰਯੋਗ ਸਾਰੇ ਸਨਮਾਨਯੋਗ ਵਰਿਸ਼ਠ (ਸੀਨੀਅਰ) ਸਾਂਸਦਗਣ,

ਸਭ ਤੋਂ ਪਹਿਲਾਂ ਮੈਂ ਆਦਰਯੋਗ ਸਭਾਪਤੀ ਜੀ, ਤੁਹਾਨੂੰ ਇਸ ਸਦਨ ਦੀ ਤਰਫ਼ੋਂ ਅਤੇ ਪੂਰੇ ਦੇਸ਼ ਦੀ ਤਰਫ਼ੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਇੱਕ ਸਾਧਾਰਣ ਪਰਿਵਾਰ ਤੋਂ ਆ ਕੇ ਸੰਘਰਸ਼ਾਂ ਦੇ ਦਰਮਿਆਨ ਜੀਵਨ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਆਪ ਜਿਸ ਸਥਾਨ 'ਤੇ ਪਹੁੰਚੇ ਹੋ, ਉਹ ਦੇਸ਼ ਦੇ ਕਈ ਲੋਕਾਂ ਦੇ ਲਈ ਆਪਣੇ-ਆਪ ਵਿੱਚ ਇੱਕ ਪ੍ਰੇਰਣਾ ਦਾ ਕਾਰਨ ਹੈ। ਇਸ ਉੱਚ ਸਦਨ ਵਿੱਚ, ਇਸ ਗਰਿਮਾਮਈ ਆਸਣ ਨੂੰ ਆਪ ਸੁਸ਼ੋਭਿਤ ਕਰ ਰਹੇ ਹੋ ਅਤੇ ਮੈਂ ਕਹਾਂਗਾ ਕਿ ਕਿਠਾਣਾ ਕੇ ਲਾਲ, ਉਨ੍ਹਾਂ ਦੀਆਂ ਜੋ ਉਪਲਬਧੀਆਂ ਦੇਸ਼ ਦੇਖ ਰਿਹਾ ਹੈ ਤਾਂ ਦੇਸ਼ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ।

ਆਦਰਯੋਗ ਸਭਾਪਤੀ ਜੀ,

ਇਹ ਸੁਖਦ ਅਵਸਰ ਹੈ ਕਿ ਅੱਜ Armed Forces Flag Day ਵੀ ਹੈ।

ਆਦਰਯੋਗ ਸਭਾਪਤੀ ਜੀ,

ਤੁਸੀਂ ਤਾਂ ਝੁੰਝੁਨੂ ਤੋਂ ਆਉਂਦੇ ਹੋ, ਝੁੰਝੁਨੂ ਵੀਰਾਂ ਦੀ ਭੂਮੀ ਹੈ। ਸ਼ਾਇਦ ਹੀ ਕੋਈ ਪਰਿਵਾਰ ਐਸਾ ਹੋਵੇਗਾ, ਜਿਸ ਨੇ ਦੇਸ਼ ਦੀ ਸੇਵਾ ਵਿੱਚ ਅਗ੍ਰਿਮ (ਮੋਹਰੀ) ਭੂਮਿਕਾ ਨਾ ਨਿਭਾਈ ਹੋਵੇ। ਅਤੇ ਇਹ ਵੀ ਸੋਨੇ ਵਿੱਚ ਸੁਹਾਗਾ ਹੈ ਕਿ ਤੁਸੀਂ ਖ਼ੁਦ ਵੀ ਸੈਨਿਕ ਸਕੂਲ ਦੇ ਵਿਦਿਆਰਥੀ ਰਹੇ ਹੋ। ਤਾਂ ਕਿਸਾਨ ਦੇ ਪੁੱਤਰ ਅਤੇ ਸੈਨਿਕ ਸਕੂਲ ਦੇ ਵਿਦਿਆਰਥੀ ਦੇ ਰੂਪ ਵਿੱਚ ਮੈਂ ਦੇਖਦਾ ਹਾਂ ਕਿ ਤੁਹਾਡੇ ਵਿੱਚ ਕਿਸਾਨ ਅਤੇ ਜਵਾਨ, ਦੋਨੋਂ ਸਮਾਹਿਤ ਹਨ।

ਮੈਂ ਤੁਹਾਡੀ ਪ੍ਰਧਾਨਗੀ(ਚੇਅਰਮੈਨਸ਼ਿਪ) ਵਿੱਚ ਇਸ ਸਦਨ ਤੋਂ ਸਾਰੇ ਦੇਸ਼ਵਾਸੀਆਂ ਨੂੰ Armed Forces Flag Day ਦੀਆਂ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਇਸ ਸਦਨ ਦੇ ਸਾਰੇ ਆਦਰਯੋਗ ਮੈਂਬਰਾਂ ਦੀ ਤਰਫ਼ੋਂ ਦੇਸ਼ ਦੇ, Armed Forces ਨੂੰ ਸੈਲਿਊਟ ਕਰਦਾ ਹਾਂ।

ਸਭਾਪਤੀ ਮਹੋਦਯ(ਸਾਹਿਬ),

ਅੱਜ ਸੰਸਦ ਦਾ ਇਹ ਉੱਚ ਸਦਨ ਇੱਕ ਐਸੇ ਸਮੇਂ ਵਿੱਚ ਤੁਹਾਡਾ ਸੁਆਗਤ ਕਰ ਰਿਹਾ ਹੈ, ਜਦੋਂ ਦੇਸ਼ ਦੋ ਮਹੱਤਵਪੂਰਨ ਅਵਸਰਾਂ ਦਾ ਸਾਖੀ ਬਣਿਆ ਹੈ। ਹੁਣੇ ਕੁਝ ਹੀ ਦਿਨ ਪਹਿਲਾਂ ਦੁਨੀਆ ਨੇ ਭਾਰਤ ਨੂੰ ਜੀ-20 ਸਮੂਹ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸੌਂਪੀ ਹੈ। ਨਾਲ ਹੀ, ਇਹ ਸਮਾਂ ਅੰਮ੍ਰਿਤਕਾਲ ਦੇ ਅਰੰਭ ਦਾ ਸਮਾਂ ਹੈ। ਇਹ ਅੰਮ੍ਰਿਤਕਾਲ ਇੱਕ ਨਵੇਂ ਵਿਕਸਿਤ ਭਾਰਤ ਦੇ ਨਿਰਮਾਣ ਦਾ ਕਾਲਖੰਡ ਤਾਂ ਹੋਵੇਗਾ ਹੀ, ਨਾਲ ਹੀ ਭਾਰਤ ਇਸ ਦੌਰਾਨ ਵਿਸ਼ਵ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ’ਤੇ ਵੀ ਬਹੁਤ ਅਹਿਮ ਭੂਮਿਕਾ ਨਿਭਾਏਗਾ।

ਆਦਰਯੋਗ ਸਭਾਪਤੀ ਜੀ,

ਭਾਰਤ ਦੀ ਇਸ ਯਾਤਰਾ ਵਿੱਚ ਸਾਡਾ ਲੋਕਤੰਤਰ, ਸਾਡੀ ਸੰਸਦ, ਸਾਡੀ ਸੰਸਦੀ ਵਿਵਸਥਾ, ਉਸ ਦੀ ਵੀ ਇੱਕ  ਬਹੁਤ ਮਹੱਤਵਪੂਰਨ ਭੂਮਿਕਾ ਰਹੇਗੀ। ਮੈਨੂੰ ਖੁਸ਼ੀ ਹੈ ਕਿ ਇਸ ਮਹੱਤਵਪੂਰਨ ਕਾਲਖੰਡ ਵਿੱਚ ਉੱਚ ਸਦਨ ਨੂੰ ਤੁਹਾਡੇ ਜਿਹੀ ਸਮਰੱਥ ਅਤੇ ਪ੍ਰਭਾਵੀ ਅਗਵਾਈ ਮਿਲੀ ਹੈ। ਤੁਹਾਡੇ ਮਾਰਗਦਰਸ਼ਨ ਵਿੱਚ ਸਾਡੇ ਸਾਰੇ ਮੈਂਬਰਗਣ ਆਪਣੇ ਕਰਤੱਵਾਂ ਦਾ ਪ੍ਰਭਾਵੀ ਪਾਲਨ ਕਰਨਗੇ, ਇਹ ਸਦਨ ਦੇਸ਼ ਦੇ ਸੰਕਲਪਾਂ ਨੂੰ ਪੂਰਾ ਕਰਨ ਦਾ ਪ੍ਰਭਾਵੀ ਮੰਚ ਬਣੇਗਾ।

ਆਦਰਯੋਗ ਸਭਾਪਤੀ ਮਹੋਦਯ(ਸਾਹਿਬ),

ਅੱਜ ਤੁਸੀਂ ਸੰਸਦ ਦੇ ਉੱਚ ਸਦਨ ਦੇ ਮੁਖੀਆ ਦੇ ਰੂਪ ਵਿੱਚ ਆਪਣੀ ਨਵੀਂ ਜ਼ਿੰਮੇਦਾਰੀ ਦਾ ਰਸਮੀ ਅਰੰਭ ਕਰ ਰਹੇ ਹੋ। ਇਸ ਉੱਚ ਸਦਨ ਦੇ ਮੋਢਿਆਂ 'ਤੇ ਵੀ ਜੋ ਜ਼ਿੰਮੇਦਾਰੀ ਹੈ, ਉਸ ਦਾ ਵੀ ਸਭ ਤੋਂ ਪਹਿਲਾ ਸਰੋਕਾਰ ਦੇਸ਼ ਦੇ ਸਭ ਤੋਂ ਹੇਠਲੇ ਪਾਏਦਾਨ 'ਤੇ ਖੜ੍ਹੇ ਸਾਧਾਰਣ ਮਾਨਵੀ ਦੇ ਹਿਤਾਂ ਨਾਲ ਹੀ ਜੁੜਿਆ ਹੈ। ਇਸ ਕਾਲਖੰਡ ਵਿੱਚ ਦੇਸ਼ ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝ ਰਿਹਾ ਹੈ ਅਤੇ ਉਸ ਦਾ ਪੂਰੀ ਜ਼ਿੰਮੇਦਾਰੀ ਨਾਲ ਪਾਲਨ ਕਰ ਰਿਹਾ ਹੈ।

ਅੱਜ ਪਹਿਲੀ ਵਾਰ ਮਹਾਮਹਿਮ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਰੂਪ ਵਿੱਚ ਦੇਸ਼ ਦੀ ਗੌਰਵਸ਼ਾਲੀ ਆਦਿਵਾਸੀ ਵਿਰਾਸਤ ਸਾਡਾ ਮਾਰਗਦਰਸ਼ਨ ਕਰ ਰਹੀ ਹੈ। ਇਸ ਦੇ ਪਹਿਲਾਂ ਵੀ ਸ਼੍ਰੀ ਰਾਮਨਾਥ ਕੋਵਿੰਦ ਜੀ ਐਸੇ ਹੀ ਵੰਚਿਤ ਸਮਾਜ ਤੋਂ ਨਿਕਲ ਕੇ ਦੇਸ਼ ਦੇ ਸਰਬਉੱਚ ਪਦ 'ਤੇ ਪਹੁੰਚੇ ਸਨ। ਅਤੇ ਹੁਣ ਇੱਕ ਕਿਸਾਨ ਦੇ ਬੇਟੇ ਦੇ ਰੂਪ ਵਿੱਚ ਆਪ ਵੀ ਕਰੋੜਾਂ ਦੇਸ਼ਵਾਸੀਆਂ ਦੀ, ਪਿੰਡ-ਗ਼ਰੀਬ ਅਤੇ ਕਿਸਾਨ ਦੀ ਊਰਜਾ ਦੀ ਪ੍ਰਤੀਨਿਧਤਾ ਕਰ ਰਹੇ ਹੋ।

ਆਦਰਯੋਗ ਸਭਾਪਤੀ ਜੀ,

ਤੁਹਾਡਾ ਜੀਵਨ ਇਸ ਬਾਤ ਦਾ ਪ੍ਰਮਾਣ ਹੈ ਕਿ ਸਿੱਧੀ ਸਿਰਫ਼ ਸਾਧਨਾਂ ਤੋਂ ਨਹੀਂ, ਸਾਧਨਾ ਤੋਂ ਮਿਲਦੀ ਹੈ। ਤੁਸੀਂ ਉਹ ਸਮਾਂ ਵੀ ਦੇਖਿਆ ਹੈ, ਜਦੋਂ ਤੁਸੀਂ ਕਈ ਕਿਲੋਮੀਟਰ ਪੈਦਲ ਚਲ ਕੇ ਸਕੂਲ ਜਾਇਆ ਕਰਦੇ ਸੀ। ਪਿੰਡ, ਗ਼ਰੀਬ, ਕਿਸਾਨ ਦੇ ਲਈ ਤੁਸੀਂ ਜੋ ਕੀਤਾ ਉਹ ਸਮਾਜਿਕ ਜੀਵਨ ਵਿੱਚ ਰਹਿ ਰਹੇ ਹਰ ਵਿਅਕਤੀ ਦੇ ਲਈ ਇੱਕ ਉਦਾਹਰਣ ਹੈ।

ਆਦਰਯੋਗ ਸਭਾਪਤੀ ਜੀ,

ਤੁਹਾਡੇ ਪਾਸ ਸੀਨੀਅਰ ਐਡਵੋਕੇਟ ਦੇ ਰੂਪ ਵਿੱਚ ਤਿੰਨ ਦਹਾਕਿਆਂ ਤੋਂ ਜ਼ਿਆਦਾ ਦਾ ਅਨੁਭਵ ਹੈ। ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਸਦਨ ਵਿੱਚ ਤੁਸੀਂ ਕੋਰਟ ਦੀ ਕਮੀ ਮਹਿਸੂਸ ਨਹੀਂ ਕਰੋਗੇ, ਕਿਉਂਕਿ ਰਾਜ ਸਭਾ ਵਿੱਚ ਬਹੁਤ ਬੜੀ ਮਾਤਰਾ ਵਿੱਚ ਉਹ ਲੋਕ ਜ਼ਿਆਦਾ ਹਨ, ਜੋ ਤੁਹਾਨੂੰ ਸੁਪਰੀਮ ਕੋਰਟ ਵਿੱਚ ਮਿਲਿਆ ਕਰਦੇ ਸਨ ਅਤੇ ਇਸ ਲਈ ਉਹ ਮੂਡ ਅਤੇ ਮਿਜ਼ਾਜ ਵੀ ਤੁਹਾਨੂੰ ਇੱਥੇ ਜ਼ਰੂਰ ਅਦਾਲਤ ਦੀ ਯਾਦ ਦਿਵਾਉਂਦਾ ਰਹੇਗਾ।

ਤੁਸੀਂ ਵਿਧਾਇਕ ਤੋਂ ਲੈ ਕੇ ਸਾਂਸਦ, ਕੇਂਦਰੀ ਮੰਤਰੀ, ਗਵਰਨਰ ਤੱਕ ਦੀ ਭੂਮਿਕਾ ਵਿੱਚ ਵੀ ਕੰਮ ਕੀਤਾ ਹੈ। ਇਨ੍ਹਾਂ ਸਾਰੀਆਂ ਭੂਮਿਕਾਵਾਂ ਵਿੱਚ ਜੋ ਇੱਕ ਬਾਤ ਕਾਮਨ ਰਹੀ , ਉਹ ਹੈ ਦੇਸ਼ ਦੇ ਵਿਕਾਸ ਅਤੇ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਦੇ ਲਈ ਤੁਹਾਡੀ ਨਿਸ਼ਠਾ। ਨਿਸ਼ਚਿਤ ਤੌਰ ’ਤੇ ਤੁਹਾਡੇ ਅਨੁਭਵ ਦੇਸ਼ ਅਤੇ ਲੋਕਤੰਤਰ ਦੇ ਲਈ ਬਹੁਤ ਹੀ ਮਹੱਤਵਪੂਰਨ ਹਨ।

ਆਦਰਯੋਗ ਸਭਾਪਤੀ ਜੀ,

ਤੁਸੀਂ ਰਾਜਨੀਤੀ ਵਿੱਚ ਰਹਿ ਕੇ ਵੀ ਦਲਗਤ ਸੀਮਾਵਾਂ ਤੋਂ ਉੱਪਰ ਉੱਠ ਕੇ ਸਭ ਨੂੰ ਨਾਲ ਜੋੜ ਕੇ ਕੰਮ ਕਰਦੇ ਰਹੇ ਹੋ। ਉਪ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਵੀ ਤੁਹਾਡੇ ਲਈ ਸਭ ਦਾ ਉਹ ਆਪਣਾਪਣ ਅਸੀਂ ਸਪਸ਼ਟ ਰੂਪ ਨਾਲ ਦੇਖਿਆ। ਮਤਦਾਨ ਦੇ 75 ਪਰਸੈਂਟ ਵੋਟ ਪ੍ਰਾਪਤ ਕਰਕੇ ਜਿੱਤ ਹਾਸਲ ਕਰਨਾ ਆਪਣੇ-ਆਪ ਵਿੱਚ ਅਹਿਮ ਰਿਹਾ ਹੈ।

ਆਦਰਯੋਗ ਸਭਾਪਤੀ ਜੀ,

ਸਾਡੇ ਇੱਥੇ ਕਿਹਾ ਜਾਂਦਾ ਹੈ- ਨਯਤਿ ਇਤਿ ਨਾਯਕ: -( नयति इति नायक: -) ਅਰਥਾਤ ਜੋ ਸਾਨੂੰ ਅੱਗੇ ਲੈ ਜਾਵੇ, ਉਹੀ ਨਾਇਕ ਹੈ। ਅੱਗੇ ਲੈ ਕੇ ਜਾਣਾ ਹੀ ਅਗਵਾਈ ਦੀ ਵਾਸਤਵਿਕ ਪਰਿਭਾਸ਼ਾ ਹੈ। ਰਾਜ ਸਭਾ ਦੇ ਸੰਦਰਭ ਵਿੱਚ ਇਹ ਬਾਤ ਹੋਰ ਮਹੱਤਵਪੂਰਨ ਹੋ ਜਾਂਦੀ ਹੈ, ਕਿਉਂਕਿ ਸਦਨ ’ਤੇ ਲੋਕਤਾਂਤ੍ਰਿਕ ਨਿਰਣਿਆਂ ਨੂੰ ਹੋਰ ਵੀ ਰਿਫਾਇੰਡ ਤਰੀਕੇ ਨਾਲ ਅੱਗੇ ਵਧਾਉਣ ਦੀ ਜ਼ਿਮੇਦਾਰੀ ਹੈ। ਇਸ ਲਈ ਜਦੋਂ ਤੁਹਾਡੇ ਜਿਹੀ ਜ਼ਮੀਨ ਨਾਲ ਜੁੜੀ ਅਗਵਾਈ ਇਸ ਸਦਨ ਨੂੰ ਮਿਲਦੀ ਹੈ, ਤਾਂ ਮੈਂ ਮੰਨਦਾ ਹਾਂ ਕਿ ਇਹ ਸਦਨ ਦੇ ਹਰ ਮੈਂਬਰ ਦੇ ਲਈ ਸੁਭਾਗ ਹੈ।

ਆਦਰਯੋਗ ਸਭਾਪਤੀ ਜੀ,

ਰਾਜ ਸਭਾ ਦੇਸ਼ ਦੀ ਮਹਾਨ ਲੋਕਤਾਂਤ੍ਰਿਕ ਵਿਰਾਸਤ ਦੀ ਇੱਕ ਸੰਵਾਹਕ ਵੀ ਰਹੀ ਹੈ ਅਤੇ ਉਸ ਦੀ ਸ਼ਕਤੀ ਵੀ ਰਹੀ ਹੈ। ਸਾਡੇ ਕਈ ਪ੍ਰਧਾਨ ਮੰਤਰੀ ਐਸੇ ਹੋਏ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰਾਜ ਸਭਾ ਮੈਂਬਰ ਦੇ ਰੂਪ ਕਾਰਜ ਕੀਤਾ ਹੈ। ਅਨੇਕ ਉਤਕ੍ਰਿਸ਼ਟ (ਸ਼ਾਨਦਾਰ) ਨੇਤਾਵਾਂ ਦੀ ਸੰਸਦੀ ਯਾਤਰਾ ਰਾਜ ਸਭਾ ਤੋਂ ਸ਼ੁਰੂ ਹੋਈ ਸੀ। ਇਸ ਲਈ, ਇਸ ਸਦਨ ਦੀ ਗਰਿਮਾ ਨੂੰ ਬਣਾਈ ਰੱਖਣ ਅਤੇ ਅੱਗੇ ਵਧਾਉਣ ਦੇ ਲਈ ਇੱਕ ਮਜ਼ਬੂਤ ਜ਼ਿੰਮੇਦਾਰੀ ਅਸੀਂ ਸਾਰਿਆਂ ਦੇ ਉੱਪਰ ਹੈ।

ਆਦਰਯੋਗ ਸਭਾਪਤੀ ਜੀ,

ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਮਾਰਗਦਰਸ਼ਨ ਵਿੱਚ ਇਹ ਸਦਨ ਆਪਣੀ ਇਸ ਵਿਰਾਸਤ ਨੂੰ, ਆਪਣੀ ਇਸ ਗਰਿਮਾ ਨੂੰ ਅੱਗੇ ਵਧਾਏਗਾ, ਨਵੀਆਂ ਉਚਾਈਆਂ ਦੇਵੇਗਾ। ਸਦਨ ਦੀਆਂ ਗੰਭੀਰ ਚਰਚਾਵਾਂ, ਲੋਕਤਾਂਤ੍ਰਿਕ ਵਿਮਰਸ਼, ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਸਾਡੇ ਗੌਰਵ ਨੂੰ ਹੋਰ ਅਧਿਕ ਤਾਕਤ ਦੇਣਗੇ।

ਆਦਰਯੋਗ ਸਭਾਪਤੀ ਮਹੋਦਯ (ਸਾਹਿਬ) ਜੀ,

ਪਿਛਲੇ ਸੈਸ਼ਨ ਤੱਕ ਸਾਡੇ ਸਾਬਕਾ ਉਪ ਰਾਸ਼ਟਰਪਤੀ ਜੀ ਅਤੇ ਸਾਬਕਾ ਸਭਾਪਤੀ ਜੀ ਇਸ ਸਦਨ ਦਾ ਮਾਰਗਦਰਸ਼ਨ ਕਰਦੇ ਸਨ ਅਤੇ ਉਨ੍ਹਾਂ ਦੀਆਂ ਸ਼ਬਦ ਰਚਨਾਵਾਂ, ਉਨ੍ਹਾਂ ਦੀ ਤੁਕਬੰਦੀ ਸਦਨ ਨੂੰ ਹਮੇਸ਼ਾ ਪ੍ਰਸੰਨ ਰੱਖਦੀ ਸੀ, ਠਹਾਕੇ ਲੈਣ ਦੇ ਲਈ ਬੜਾ ਅਵਸਰ ਮਿਲਦਾ ਸੀ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡਾ ਜੋ ਹਾਜ਼ਿਰ ਜਵਾਬੀ ਸੁਭਾਅ ਹੈ ਉਹ ਉਸ ਕਮੀ ਨੂੰ ਕਦੇ ਖਲਣ ਨਹੀਂ ਦੇਵੇਗਾ ਅਤੇ ਆਪ ਸਦਨ ਨੂੰ ਉਹ ਲਾਭ ਵੀ ਦਿੰਦੇ ਰਹੋਗੇ।

ਇਸੇ ਦੇ ਨਾਲ ਮੈਂ ਪੂਰੇ ਸਦਨ ਦੀ ਤਰਫ਼ੋਂ, ਦੇਸ਼ ਦੀ ਤਰਫ਼ੋਂ, ਮੇਰੀ ਤਰਫ਼ੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ।

*****

 

ਡੀਐੱਸ/ਐੱਸਟੀ/ਐੱਨਐੱਸ


(Release ID: 1881648) Visitor Counter : 130