ਰਾਸ਼ਟਰਪਤੀ ਸਕੱਤਰੇਤ

ਬਾਲ ਦਿਵਸ 'ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ


ਰਾਸ਼ਟਰਪਤੀ ਨੇ ਬੱਚਿਆਂ ਨੂੰ ਵੱਡੇ ਸੁਪਨੇ ਦੇਖਣ ਦੀ ਅਪੀਲ ਕੀਤੀ; ਅੱਜ ਦੇ ਸੁਪਨੇ ਕੱਲ੍ਹ ਹਕੀਕਤ ਬਣਨਗੇ

Posted On: 14 NOV 2022 2:05PM by PIB Chandigarh

ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਅੱਜ ਸਵੇਰੇ (14 ਨਵੰਬਰ, 2022) ਰਾਸ਼ਟਰਪਤੀ ਭਵਨ ਕਲਚਰਲ ਸੈਂਟਰ (ਆਰਬੀਸੀਸੀ) ਵਿਖੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਬਚਪਨ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪੜਾਅ ਹੁੰਦਾ ਹੈ। ਬੱਚੇ ਜਿਵੇਂ ਹਨ ਸਵੀਕਾਰ ਕੀਤੇ ਜਾਂਦੇ ਹਨ। ਇਹੋ ਉਨ੍ਹਾਂ ਨੂੰ ਏਨਾ ਜੀਵੰਤ ਬਣਾਉਂਦੀ ਹੈ। ਅੱਜ ਅਸੀਂ ਬੱਚਿਆਂ ਦੀ ਇਸ ਮਾਸੂਮੀਅਤ ਅਤੇ ਨਿਰਮਲਤਾ ਦਾ ਜਸ਼ਨ ਮਨਾ ਰਹੇ ਹਾਂ।

ਰਾਸ਼ਟਰਪਤੀ ਨੇ ਕਿਹਾ ਕਿ ਹਰ ਨਵੀਂ ਪੀੜ੍ਹੀ ਨਵੀਆਂ ਸੰਭਾਵਨਾਵਾਂ ਅਤੇ ਨਵੇਂ ਸੁਪਨੇ ਲੈ ਕੇ ਆਉਂਦੀ ਹੈ। ਇਹ ਤਕਨੀਕੀ ਅਤੇ ਸੂਚਨਾ ਕ੍ਰਾਂਤੀ ਦਾ ਨਵਾਂ ਯੁੱਗ ਹੈ। ਬੱਚੇ ਹੁਣ ਵੱਖ-ਵੱਖ ਘਰੇਲੂ, ਸਮਾਜਿਕ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਬਾਰੇ ਜਾਗਰੂਕ ਹਨ। ਟੈਕਨੋਲੋਜੀ ਦੇ ਆਉਣ ਨਾਲ, ਗਿਆਨ ਅਤੇ ਜਾਣਕਾਰੀ ਹੁਣ ਉਨ੍ਹਾਂ ਦੀਆਂ ਉਂਗਲਾਂ 'ਤੇ ਹੈ। ਇਸ ਲਈ ਇਹ ਸਭ ਤੋਂ ਵੱਧ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਨੂੰ ਸਹੀ ਕਦਰਾਂ-ਕੀਮਤਾਂ ਸਿਖਾਉਣ ਅਤੇ ਉਨ੍ਹਾਂ ਨੂੰ ਵੱਖ-ਵੱਖ ਗਤੀਵਿਧੀਆਂ ਅਤੇ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਕਰਨ ਲਈ ਵੱਧ ਤੋਂ ਵੱਧ ਯਤਨ ਕਰੀਏ। ਅਸੀਂ ਬੱਚਿਆਂ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ।

ਰਾਸ਼ਟਰਪਤੀ ਨੇ ਬੱਚਿਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਨਵੇਂ ਅਤੇ ਵਿਕਸਿਤ ਭਾਰਤ ਦੇ ਸੁਪਨੇ ਦੇਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸੁਪਨੇ ਕੱਲ੍ਹ ਨੂੰ ਹਕੀਕਤ ਬਣ ਸਕਦੇ ਹਨ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਵੱਡੇ ਹੋ ਕੇ ਕਿਸ ਤਰ੍ਹਾਂ ਦੇ ਭਾਰਤ ਵਿੱਚ ਰਹਿਣਾ ਚਾਹੁੰਦੇ ਹਨ, ਇਸ ਬਾਰੇ ਸੋਚਣ ਦੀ ਸਲਾਹ ਦਿੱਤੀ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਨਤੀਜੇ ਦੀ ਚਿੰਤਾ ਕੀਤੇ ਬਿਨਾਂ ਕਰਤੱਵ ਦੇ ਮਾਰਗ 'ਤੇ ਚੱਲਣ ਦੀ ਤਾਕੀਦ ਕੀਤੀ, ਜੋ ਅੰਤ ਵਿੱਚ ਉਨ੍ਹਾਂ ਨੂੰ ਵੱਡੀ ਸਫਲਤਾ ਵੱਲ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਅੱਜ ਜੋ ਰਾਹ ਚੁਣਦੇ ਹਨ, ਉਹ ਆਉਣ ਵਾਲੇ ਦਿਨਾਂ ਵਿੱਚ ਭਾਰਤ ਦੀ ਯਾਤਰਾ ਤੈਅ ਕਰੇਗਾ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਵੱਡੇ ਹੋਣ ਦੇ ਬਾਵਜੂਦ ਆਪਣੇ ਅੰਦਰਲੇ ਬੱਚੇ ਨੂੰ ਜਿਊਂਦਾ ਰੱਖਣ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਭਾਰਤ ਦੇ ਸੱਭਿਆਚਾਰ ਨਾਲ ਜੁੜੇ ਰਹਿਣ, ਹਮੇਸ਼ਾ ਆਪਣੇ ਮਾਤਾ-ਪਿਤਾ ਦਾ ਆਦਰ ਕਰਨ ਅਤੇ ਮਾਤ ਭੂਮੀ ਨੂੰ ਪ੍ਰੇਮ ਕਰਨ ਦੀ ਅਪੀਲ ਕੀਤੀ।

***

ਡੀਐੱਸ/ਏਕੇ (Release ID: 1875993) Visitor Counter : 73