ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤ ਦੇ ਜੀ20 ਪ੍ਰੈਜ਼ੀਡੈਂਸੀ ਦੇ ਲੋਗੋ, ਥੀਮ ਅਤੇ ਵੈੱਬਸਾਈਟ ਤੋਂ ਪਰਦਾ ਹਟਾਇਆ
“ਸਰਬ ਵਿਆਪਕ ਭਾਈਚਾਰੇ ਦੀ ਧਾਰਨਾ ਜੀ20 ਲੋਗੋ ਰਾਹੀਂ ਪ੍ਰਤੀਬਿੰਬਤ ਹੋ ਰਹੀ ਹੈ”
"ਜੀ20 ਦੇ ਲੋਗੋ ਵਿੱਚ ਕਮਲ ਇਸ ਕਠਿਨ ਸਮੇਂ ਵਿੱਚ ਉਮੀਦ ਦਾ ਪ੍ਰਤੀਕ ਹੈ"
"ਜੀ20 ਪ੍ਰੈਜ਼ੀਡੈਂਸੀ ਭਾਰਤ ਲਈ ਸਿਰਫ਼ ਇੱਕ ਕੂਟਨੀਤਕ ਬੈਠਕ ਨਹੀਂ ਹੈ, ਇਹ ਇੱਕ ਨਵੀਂ ਜ਼ਿੰਮੇਦਾਰੀ ਹੈ ਅਤੇ ਭਾਰਤ ਵਿੱਚ ਦੁਨੀਆ ਦੇ ਭਰੋਸੇ ਦਾ ਇੱਕ ਪੈਮਾਨਾ ਹੈ"
"ਜਦੋਂ ਅਸੀਂ ਆਪਣੀ ਪ੍ਰਗਤੀ ਲਈ ਕੋਸ਼ਿਸ਼ ਕਰਦੇ ਹਾਂ, ਅਸੀਂ ਆਲਮੀ ਤਰੱਕੀ ਦੀ ਕਲਪਨਾ ਵੀ ਕਰਦੇ ਹਾਂ"
"ਵਾਤਾਵਰਣ ਸਾਡੇ ਲਈ ਇੱਕ ਗਲੋਬਲ ਕਾਰਜ ਦੇ ਨਾਲ-ਨਾਲ ਇੱਕ ਨਿਜੀ ਜ਼ਿੰਮੇਦਾਰੀ ਵੀ ਹੈ”
"ਸਾਡੀ ਕੋਸ਼ਿਸ਼ ਰਹੇਗੀ ਕਿ ਪਹਿਲੀ ਦੁਨੀਆ ਜਾਂ ਤੀਸਰੀ ਦੁਨੀਆ ਨਾ ਹੋਵੇ, ਬਲਕਿ ਇੱਕ ਹੀ ਦੁਨੀਆ ਹੋਵੇ"
"ਸਾਡਾ ਜੀ20 ਮੰਤਰ ਹੈ - ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ"
“ਜੀ20 ਦਿੱਲੀ ਜਾਂ ਕੁਝ ਥਾਵਾਂ ਤੱਕ ਸੀਮਿਤ ਨਹੀਂ ਰਹੇਗਾ। ਹਰੇਕ ਨਾਗਰਿਕ, ਰਾਜ ਸਰਕਾਰ ਅਤੇ ਰਾਜਨੀਤਕ ਪਾਰਟੀ ਨੂੰ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ”
Posted On:
08 NOV 2022 6:12PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਲਈ ਲੋਗੋ, ਥੀਮ ਅਤੇ ਵੈੱਬਸਾਈਟ ਤੋਂ ਪਰਦਾ ਹਟਾਇਆ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ 1 ਦਸੰਬਰ 2022 ਤੋਂ ਭਾਰਤ ਜੀ20 ਸਮਿਟ ਦੀ ਪ੍ਰਧਾਨਗੀ ਕਰੇਗਾ ਅਤੇ ਕਿਹਾ ਕਿ ਇਹ ਦੇਸ਼ ਲਈ ਇਤਿਹਾਸਕ ਅਵਸਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ20 ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਪ੍ਰਮੁੱਖ ਫੋਰਮ ਹੈ ਜੋ ਦੁਨੀਆ ਦੇ ਜੀਡੀਪੀ ਦੇ ਲਗਭਗ 85%, ਆਲਮੀ ਵਪਾਰ ਦੇ 75% ਤੋਂ ਵੱਧ, ਅਤੇ ਦੁਨੀਆ ਦੀ ਲਗਭਗ ਦੋ ਤਿਹਾਈ ਆਬਾਦੀ ਦੀ ਨੁਮਾਇੰਦਗੀ ਕਰਦਾ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਮਹੱਤਵਪੂਰਨ ਮੌਕਾ ਦੱਸਦਿਆਂ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਰ੍ਹੇ ਦੌਰਾਨ ਜੀ20 ਦੀ ਪ੍ਰਧਾਨਗੀ ਹਰੇਕ ਭਾਰਤੀ ਲਈ ਮਾਣ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਨੇ ਜੀ20 ਅਤੇ ਸਬੰਧਿਤ ਸਮਾਗਮਾਂ ਬਾਰੇ ਵਧਦੀ ਦਿਲਚਸਪੀ ਅਤੇ ਗਤੀਵਿਧੀਆਂ 'ਤੇ ਖੁਸ਼ੀ ਪ੍ਰਗਟਾਈ।
ਜੀ20 ਲੋਗੋ ਦੇ ਲਾਂਚ ਵਿੱਚ ਨਾਗਰਿਕਾਂ ਦੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਲੋਗੋ ਲਈ ਹਜ਼ਾਰਾਂ ਰਚਨਾਤਮਕ ਵਿਚਾਰ ਪ੍ਰਾਪਤ ਹੋਏ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੁਝਾਅ ਆਲਮੀ ਸਮਾਗਮ ਦਾ ਚਿਹਰਾ ਬਣ ਰਹੇ ਹਨ। ਇਹ ਟਿੱਪਣੀ ਕਰਦਿਆਂ ਕਿ ਜੀ20 ਲੋਗੋ ਸਿਰਫ਼ ਕੋਈ ਲੋਗੋ ਨਹੀਂ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਸੰਦੇਸ਼ ਹੈ, ਇੱਕ ਭਾਵਨਾ ਹੈ ਜੋ ਭਾਰਤ ਦੀਆਂ ਰਗਾਂ ਵਿੱਚ ਦੌੜਦੀ ਹੈ। ਉਨ੍ਹਾਂ ਕਿਹਾ, “ਇਹ ਇੱਕ ਸੰਕਲਪ ਹੈ ਜੋ ‘ਵਸੁਧੈਵ ਕੁਟੁੰਬਕਮ’ ਰਾਹੀਂ ਸਾਡੇ ਵਿਚਾਰਾਂ ਵਿੱਚ ਸਰਬ ਵਿਆਪਕ ਹੈ। ਉਨ੍ਹਾਂ ਅੱਗੇ ਕਿਹਾ ਕਿ ਜੀ20 ਲੋਗੋ ਰਾਹੀਂ ਸਰਬ ਵਿਆਪਕ ਭਾਈਚਾਰੇ ਦਾ ਵਿਚਾਰ ਪ੍ਰਗਟ ਕੀਤਾ ਜਾ ਰਿਹਾ ਹੈ।
ਲੋਗੋ ਵਿੱਚ ਕਮਲ ਭਾਰਤ ਦੀ ਪ੍ਰਾਚੀਨ ਵਿਰਾਸਤ, ਵਿਸ਼ਵਾਸ ਅਤੇ ਵਿਚਾਰ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਦਵੈਤ ਦਾ ਫਲਸਫਾ ਸਾਰੇ ਪ੍ਰਾਣੀਆਂ ਦੀ ਏਕਤਾ 'ਤੇ ਜ਼ੋਰ ਦਿੰਦਾ ਹੈ ਅਤੇ ਇਹ ਫਲਸਫਾ ਅੱਜ ਦੇ ਸੰਘਰਸ਼ਾਂ ਦੇ ਸਮਾਧਾਨ ਦਾ ਮਾਧਿਅਮ ਹੋਵੇਗਾ। ਇਹ ਲੋਗੋ ਅਤੇ ਥੀਮ ਭਾਰਤ ਦੇ ਕਈ ਮੁੱਖ ਸੰਦੇਸ਼ਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ "ਯੁੱਧ ਤੋਂ ਮੁਕਤੀ ਲਈ ਬੁੱਧ ਦਾ ਸੰਦੇਸ਼, ਹਿੰਸਾ ਦੀ ਸਥਿਤੀ ਵਿੱਚ ਮਹਾਤਮਾ ਗਾਂਧੀ ਦੇ ਸਮਾਧਾਨ, ਜੀ20 ਦੇ ਜ਼ਰੀਏ, ਭਾਰਤ ਉਨ੍ਹਾਂ ਨੂੰ ਇੱਕ ਨਵੀਂ ਉਚਾਈ ਪ੍ਰਦਾਨ ਕਰ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਦੀ ਜੀ20 ਪ੍ਰਧਾਨਗੀ ਸੰਕਟ ਅਤੇ ਗੜਬੜੀ ਦੇ ਸਮੇਂ ਆ ਰਹੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਦੁਨੀਆ ਇੱਕ ਸਦੀ ਵਿੱਚ ਇੱਕ ਵਾਰ ਵਿਘਨਕਾਰੀ ਗਲੋਬਲ ਮਹਾਮਾਰੀ, ਟਕਰਾਅ ਅਤੇ ਬਹੁਤ ਸਾਰੀਆਂ ਆਰਥਿਕ ਅਨਿਸ਼ਚਿਤਤਾਵਾਂ ਦੇ ਪ੍ਰਭਾਵਾਂ ਨਾਲ ਨਜਿੱਠ ਰਿਹਾ ਹੈ। ਉਨ੍ਹਾਂ ਨੇ ਕਿਹਾ “ਜੀ20 ਦੇ ਲੋਗੋ ਵਿੱਚ ਕਮਲ ਅਜਿਹੇ ਕਠਿਨ ਸਮੇਂ ਵਿੱਚ ਉਮੀਦ ਦਾ ਪ੍ਰਤੀਕ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਦੁਨੀਆ ਗਹਿਰੇ ਸੰਕਟ ਵਿੱਚ ਹੈ, ਅਸੀਂ ਇਸ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਅਜੇ ਵੀ ਤਰੱਕੀ ਕਰ ਸਕਦੇ ਹਾਂ। ਭਾਰਤ ਦੀ ਸੰਸਕ੍ਰਿਤੀ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਿਆਨ ਅਤੇ ਸਮ੍ਰਿੱਧੀ ਦੀਆਂ ਦੋਵੇਂ ਦੇਵੀਆਂ ਇੱਕ ਕਮਲ 'ਤੇ ਬਿਰਾਜਮਾਨ ਹਨ। ਪ੍ਰਧਾਨ ਮੰਤਰੀ ਨੇ ਜੀ20 ਦੇ ਲੋਗੋ ਵਿੱਚ ਕਮਲ ਉੱਤੇ ਰੱਖੀ ਧਰਤੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਸਾਂਝਾ ਗਿਆਨ ਕਠਿਨ ਹਾਲਾਤਾਂ ਨੂੰ ਪਾਰ ਕਰਨ ਵਿੱਚ ਸਾਡੀ ਮਦਦ ਕਰਦਾ ਹੈ ਜਦੋਂ ਕਿ ਸਾਂਝੀ ਸਮ੍ਰਿੱਧੀ ਸਾਨੂੰ ਆਖਰੀ ਸਿਰੇ ਤੱਕ ਪਹੁੰਚਣ ਦੇ ਸਮਰੱਥ ਬਣਾਉਂਦੀ ਹੈ। ਉਨ੍ਹਾਂ ਕਮਲ ਦੀਆਂ ਸੱਤ ਪੱਤੀਆਂ ਦੀ ਮਹੱਤਤਾ ਬਾਰੇ ਅੱਗੇ ਦੱਸਿਆ ਜੋ ਸੱਤ ਮਹਾਂਦੀਪਾਂ ਅਤੇ ਸੱਤ ਯੂਨੀਵਰਸਲ ਸੰਗੀਤਕ ਨੋਟਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਅੱਗੇ ਕਿਹਾ, "ਜਦੋਂ ਸੱਤ ਸੰਗੀਤਕ ਨੋਟ ਇਕੱਠੇ ਹੁੰਦੇ ਹਨ, ਤਾਂ ਉਹ ਸੰਪੂਰਨ ਇਕਸੁਰਤਾ ਪੈਦਾ ਕਰਦੇ ਹਨ।" ਸ਼੍ਰੀ ਮੋਦੀ ਨੇ ਕਿਹਾ ਕਿ ਜੀ20 ਦਾ ਉਦੇਸ਼ ਵਿਵਿਧਤਾ ਦਾ ਸਨਮਾਨ ਕਰਦੇ ਹੋਏ ਦੁਨੀਆ ਨੂੰ ਇਕਸੁਰਤਾ ਵਿੱਚ ਲਿਆਉਣਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਿਟ ਮਹਿਜ਼ ਕੂਟਨੀਤਕ ਬੈਠਕ ਨਹੀਂ ਹੈ। ਭਾਰਤ ਇਸ ਨੂੰ ਇੱਕ ਨਵੀਂ ਜ਼ਿੰਮੇਦਾਰੀ ਅਤੇ ਇਸ 'ਤੇ ਦੁਨੀਆ ਦੇ ਭਰੋਸੇ ਵਜੋਂ ਲੈਂਦਾ ਹੈ। ਉਨ੍ਹਾਂ ਨੇ ਕਿਹਾ “ਅੱਜ, ਭਾਰਤ ਨੂੰ ਜਾਣਨ ਅਤੇ ਸਮਝਣ ਲਈ ਦੁਨੀਆ ਵਿੱਚ ਇੱਕ ਬੇਮਿਸਾਲ ਉਤਸੁਕਤਾ ਹੈ। ਅੱਜ ਭਾਰਤ ਨੂੰ ਜਾਣਨ ਬਾਰੇ ਇੱਕ ਨਵੀਂ ਰੋਸ਼ਨੀ ਵਿੱਚ ਅਧਿਐਨ ਕੀਤਾ ਜਾ ਰਿਹਾ ਹੈ। ਸਾਡੀਆਂ ਮੌਜੂਦਾ ਸਫ਼ਲਤਾਵਾਂ ਦਾ ਮੁੱਲਾਂਕਣ ਕੀਤਾ ਜਾ ਰਿਹਾ ਹੈ ਅਤੇ ਸਾਡੇ ਭਵਿੱਖ ਬਾਰੇ ਬੇਮਿਸਾਲ ਉਮੀਦਾਂ ਪ੍ਰਗਟਾਈਆਂ ਜਾ ਰਹੀਆਂ ਹਨ।” ਉਨ੍ਹਾਂ ਗੱਲ ਜਾਰੀ ਰੱਖਦਿਆਂ ਕਿਹਾ, "ਅਜਿਹੇ ਮਾਹੌਲ ਵਿੱਚ ਨਾਗਰਿਕਾਂ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਇਨ੍ਹਾਂ ਉਮੀਦਾਂ ਤੋਂ ਹੋਰ ਅੱਗੇ ਜਾਣ ਅਤੇ ਭਾਰਤ ਦੀਆਂ ਸਮਰੱਥਾਵਾਂ, ਫਿਲਾਸਫੀ, ਸਮਾਜਿਕ ਅਤੇ ਬੌਧਿਕ ਸ਼ਕਤੀ ਤੋਂ ਦੁਨੀਆ ਨੂੰ ਜਾਣੂ ਕਰਵਾਉਣ।" ਉਨ੍ਹਾਂ ਅੱਗੇ ਕਿਹਾ "ਸਾਨੂੰ ਸਾਰਿਆਂ ਨੂੰ ਇਕਜੁੱਟ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਸੰਸਾਰ ਪ੍ਰਤੀ ਆਪਣੀ ਜ਼ਿੰਮੇਦਾਰੀ ਲਈ ਉਤਸ਼ਾਹਿਤ ਕਰਨਾ ਹੋਵੇਗਾ।”
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਨੂੰ ਇਸ ਮੁਕਾਮ 'ਤੇ ਪਹੁੰਚਣ ਦੇ ਪਿਛੇ ਹਜ਼ਾਰਾਂ ਵਰ੍ਹਿਆਂ ਦਾ ਸਫ਼ਰ ਹੈ। “ਅਸੀਂ ਸਮ੍ਰਿੱਧੀ ਦੀਆਂ ਉੱਚਾਈਆਂ ਦੇਖੀਆਂ ਹਨ ਅਤੇ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਕਾਲਾ ਦੌਰ ਵੀ ਦੇਖਿਆ ਹੈ। ਭਾਰਤ ਕਈ ਹਮਲਾਵਰਾਂ ਅਤੇ ਉਨ੍ਹਾਂ ਦੇ ਜ਼ੁਲਮਾਂ ਦੇ ਇਤਿਹਾਸ ਦੇ ਨਾਲ ਇੱਥੇ ਪਹੁੰਚਿਆ ਹੈ। ਉਹ ਅਨੁਭਵ ਹੀ ਅੱਜ ਭਾਰਤ ਦੀ ਵਿਕਾਸ ਯਾਤਰਾ ਦੀ ਸਭ ਤੋਂ ਵੱਡੀ ਤਾਕਤ ਹਨ। ਆਜ਼ਾਦੀ ਤੋਂ ਬਾਅਦ ਅਸੀਂ ਸਿਫ਼ਰ ਤੋਂ ਸ਼ੁਰੂ ਹੋ ਕੇ ਸਿਖਰ ਨੂੰ ਲੈ ਕੇ ਇੱਕ ਵੱਡਾ ਸਫ਼ਰ ਸ਼ੁਰੂ ਕੀਤਾ। ਇਸ ਵਿੱਚ ਪਿਛਲੇ 75 ਵਰ੍ਹਿਆਂ ਦੀਆਂ ਸਾਰੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਸਾਰੀਆਂ ਸਰਕਾਰਾਂ ਅਤੇ ਨਾਗਰਿਕਾਂ ਨੇ ਮਿਲ ਕੇ ਆਪਣੇ ਤਰੀਕੇ ਨਾਲ ਭਾਰਤ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ। ਸਾਨੂੰ ਅੱਜ ਇਸ ਭਾਵਨਾ ਨਾਲ ਪੂਰੀ ਦੁਨੀਆ ਨੂੰ ਨਾਲ ਲੈ ਕੇ ਨਵੀਂ ਊਰਜਾ ਨਾਲ ਅੱਗੇ ਵਧਣਾ ਹੈ।”
ਪ੍ਰਧਾਨ ਮੰਤਰੀ ਨੇ ਭਾਰਤ ਦੀ ਸੰਸਕ੍ਰਿਤੀ ਦੇ ਇੱਕ ਮੁੱਖ ਸਬਕ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ "ਜਦੋਂ ਅਸੀਂ ਆਪਣੀ ਪ੍ਰਗਤੀ ਲਈ ਕੋਸ਼ਿਸ਼ ਕਰਦੇ ਹਾਂ, ਅਸੀਂ ਗਲੋਬਲ ਤਰੱਕੀ ਦੀ ਕਲਪਨਾ ਵੀ ਕਰਦੇ ਹਾਂ।” ਉਨ੍ਹਾਂ ਨੇ ਭਾਰਤੀ ਸੱਭਿਅਤਾ ਦੀ ਜਮਹੂਰੀ ਵਿਰਾਸਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, “ਭਾਰਤ ਦੁਨੀਆ ਦਾ ਅਜਿਹਾ ਇੱਕ ਸਮ੍ਰਿੱਧ ਅਤੇ ਜੀਵੰਤ ਲੋਕਤੰਤਰ ਹੈ। ਸਾਡੇ ਕੋਲ ਲੋਕਤੰਤਰ ਦੀ ਮਾਂ ਦੇ ਰੂਪ ਵਿੱਚ ਕਦਰਾਂ-ਕੀਮਤਾਂ ਅਤੇ ਇੱਕ ਮਾਣਮੱਤੀ ਪਰੰਪਰਾ ਹੈ। ਭਾਰਤ ਦੀ ਜਿੰਨੀ ਵਿਵਿਧਤਾ ਹੈ, ਉਤਨੀ ਹੀ ਵਿਲੱਖਣਤਾ ਵੀ ਹੈ। ਉਨ੍ਹਾਂ ਨੇ ਕਿਹਾ "ਲੋਕਤੰਤਰ, ਵਿਵਿਧਤਾ, ਸਵਦੇਸ਼ੀ ਪਹੁੰਚ, ਸਮਾਵੇਸ਼ੀ ਸੋਚ, ਸਥਾਨਕ ਜੀਵਨ ਸ਼ੈਲੀ ਅਤੇ ਗਲੋਬਲ ਵਿਚਾਰ, ਅੱਜ ਦੁਨੀਆ ਇਨ੍ਹਾਂ ਵਿਚਾਰਾਂ ਵਿੱਚ ਆਪਣੀਆਂ ਸਾਰੀਆਂ ਚੁਣੌਤੀਆਂ ਦਾ ਸਮਾਧਾਨ ਦੇਖ ਰਹੀ ਹੈ।”
ਲੋਕਤੰਤਰ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਭਾਰਤ ਦੇ ਪ੍ਰਯਤਨਾਂ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ “ਸਾਨੂੰ ਟਿਕਾਊ ਵਿਕਾਸ ਨੂੰ ਸਿਰਫ਼ ਸਰਕਾਰਾਂ ਦੀ ਇੱਕ ਪ੍ਰਣਾਲੀ ਦੀ ਬਜਾਏ ਵਿਅਕਤੀਗਤ ਜੀਵਨ (ਲਾਈਫ - LiFE) ਦਾ ਇੱਕ ਹਿੱਸਾ ਬਣਾਉਣਾ ਹੋਵੇਗਾ। ਵਾਤਾਵਰਣ ਸਾਡੇ ਲਈ ਇੱਕ ਗਲੋਬਲ ਕਾਰਜ ਹੈ ਅਤੇ ਨਾਲ ਹੀ ਨਿਜੀ ਜ਼ਿੰਮੇਦਾਰੀ ਵੀ ਹੈ।” ਉਨ੍ਹਾਂ ਆਯੁਰਵੇਦ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ ਅਤੇ ਯੋਗ ਅਤੇ ਮੋਟੇ ਅਨਾਜ ਲਈ ਆਲਮੀ ਉਤਸ਼ਾਹ ਨੂੰ ਨੋਟ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਨੂੰ ਦੁਨੀਆ ਦੇ ਦੂਸਰੇ ਦੇਸ਼ ਵਰਤ ਸਕਦੇ ਹਨ। ਵਿਕਾਸ ਵਿੱਚ ਡਿਜੀਟਲ ਟੈਕਨੋਲੋਜੀ ਦੀ ਵਰਤੋਂ, ਸਮਾਵੇਸ਼, ਭ੍ਰਿਸ਼ਟਾਚਾਰ ਨੂੰ ਹਟਾਉਣਾ, ਈਜ਼ ਆਵ੍ ਡੂਇੰਗ ਬਿਜ਼ਨਸ (ਕਾਰੋਬਾਰ ਕਰਨ ਵਿੱਚ ਅਸਾਨੀ) ਅਤੇ ਈਜ਼ ਆਵ੍ ਲਿਵਿੰਗ (ਰਹਿਣ ਦੀ ਅਸਾਨੀ) ਵਿੱਚ ਸੁਧਾਰ ਕਰਨਾ, ਬਹੁਤ ਸਾਰੇ ਦੇਸ਼ਾਂ ਲਈ ਨਮੂਨੇ ਹੋ ਸਕਦੇ ਹਨ। ਪ੍ਰਧਾਨ ਮੰਤਰੀ ਨੇ ਜਨ-ਧਨ ਖਾਤੇ ਰਾਹੀਂ ਭਾਰਤ ਦੇ ਮਹਿਲਾ ਸਸ਼ਕਤੀਕਰਣ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਵਿੱਤੀ ਸਮਾਵੇਸ਼ ਨੂੰ ਵੀ ਉਜਾਗਰ ਕੀਤਾ ਜੋ ਜੀ20 ਦੀ ਪ੍ਰਧਾਨਗੀ ਦੇ ਮੌਕੇ ਰਾਹੀਂ ਦੁਨੀਆ ਤੱਕ ਪਹੁੰਚੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਸਮੂਹਿਕ ਅਗਵਾਈ ਵੱਲ ਉਮੀਦ ਨਾਲ ਦੇਖ ਰਹੀ ਹੈ ਭਾਵੇਂ ਉਹ ਜੀ7, ਜੀ77 ਜਾਂ ਯੂਐੱਨਜੀਏ ਹੋਵੇ। ਅਜਿਹੀ ਸਥਿਤੀ ਵਿੱਚ ਜੀ20 ਦੀ ਭਾਰਤ ਦੀ ਪ੍ਰਧਾਨਗੀ ਇੱਕ ਨਵਾਂ ਮਹੱਤਵ ਗ੍ਰਹਿਣ ਕਰਦੀ ਹੈ। ਉਨ੍ਹਾਂ ਨੇ ਵਿਸਤਾਰ ਨਾਲ ਕਿਹਾ ਕਿ ਭਾਰਤ ਇੱਕ ਪਾਸੇ ਵਿਕਸਿਤ ਦੇਸ਼ਾਂ ਨਾਲ ਨਜ਼ਦੀਕੀ ਸਬੰਧ ਰੱਖਦਾ ਹੈ ਅਤੇ ਨਾਲ ਹੀ ਵਿਕਾਸਸ਼ੀਲ ਦੇਸ਼ਾਂ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝਦਾ ਅਤੇ ਪ੍ਰਗਟ ਕਰਦਾ ਹੈ। ਉਨ੍ਹਾਂ ਨੇ ਕਿਹਾ "ਇਹ ਇਸ ਅਧਾਰ 'ਤੇ ਹੈ ਕਿ ਅਸੀਂ 'ਗਲੋਬਲ ਸਾਊਥ' ਦੇ ਸਾਰੇ ਦੋਸਤਾਂ ਨਾਲ ਮਿਲ ਕੇ ਆਪਣੀ ਜੀ20 ਪ੍ਰੈਜ਼ੀਡੈਂਸੀ ਦਾ ਬਲੂਪ੍ਰਿੰਟ ਬਣਾਵਾਂਗੇ ਜੋ ਦਹਾਕਿਆਂ ਤੋਂ ਵਿਕਾਸ ਦੇ ਮਾਰਗ 'ਤੇ ਭਾਰਤ ਦੇ ਸਹਿ-ਯਾਤਰੀ ਰਹੇ ਹਨ।" ਪ੍ਰਧਾਨ ਮੰਤਰੀ ਨੇ ਭਾਰਤ ਦੇ ਇਸ ਪ੍ਰਯਤਨ ਨੂੰ ਉਜਾਗਰ ਕੀਤਾ ਕਿ ਦੁਨੀਆ ਵਿੱਚ ਕੋਈ ਪਹਿਲੀ ਜਾਂ ਤੀਸਰੀ ਦੁਨੀਆ ਨਹੀਂ ਹੋਣੀ ਚਾਹੀਦੀ, ਬਲਕਿ ਸਿਰਫ਼ ਇੱਕ ਸੰਸਾਰ ਹੋਣਾ ਚਾਹੀਦਾ ਹੈ।
ਭਾਰਤ ਦੇ ਵਿਜ਼ਨ ਅਤੇ ਇੱਕ ਬਿਹਤਰ ਭਵਿੱਖ ਲਈ ਪੂਰੀ ਦੁਨੀਆ ਨੂੰ ਇਕੱਠੇ ਲਿਆਉਣ ਦੇ ਸਾਂਝੇ ਉਦੇਸ਼ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਸੂਰਜ, ਇੱਕ ਦੁਨੀਆ, ਇੱਕ ਗਰਿੱਡ, ਜੋ ਅਖੁੱਟ ਊਰਜਾ ਦੀ ਦੁਨੀਆ ਵਿੱਚ ਇੱਕ ਕ੍ਰਾਂਤੀ ਲਈ ਭਾਰਤ ਦਾ ਜੋਸ਼ੀਲਾ ਸੱਦਾ ਹੈ, ਅਤੇ ਇੱਕ ਪ੍ਰਿਥਵੀ, ਇੱਕ ਸਿਹਤ ਦੀ ਗਲੋਬਲ ਹੈਲਥ ਮੁਹਿੰਮ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਅੱਗੇ ਕਿਹਾ ਕਿ ਜੀ20 ਦਾ ਮੰਤਰ ਹੈ - ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ। ਉਨ੍ਹਾਂ ਨੇ ਕਿਹਾ “ਇਹ ਭਾਰਤ ਦੇ ਵਿਚਾਰ ਅਤੇ ਕਦਰਾਂ-ਕੀਮਤਾਂ ਹਨ ਜੋ ਦੁਨੀਆ ਦੀ ਭਲਾਈ ਲਈ ਰਾਹ ਪੱਧਰਾ ਕਰਦੀਆਂ ਹਨ।” ਉਨ੍ਹਾਂ ਨੇ ਅੱਗੇ ਕਿਹਾ, “ਮੈਨੂੰ ਯਕੀਨ ਹੈ ਕਿ ਇਹ ਈਵੈਂਟ ਨਾ ਸਿਰਫ਼ ਭਾਰਤ ਲਈ ਯਾਦਗਾਰੀ ਹੋਵੇਗੀ, ਬਲਕਿ ਭਵਿੱਖ ਵੀ ਇਸ ਦਾ ਦੁਨੀਆ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੌਕੇ ਵਜੋਂ ਮੁੱਲਾਂਕਣ ਕਰੇਗਾ।”
ਇਹ ਦੱਸਦੇ ਹੋਏ ਕਿ ਜੀ20 ਸਿਰਫ਼ ਕੇਂਦਰ ਸਰਕਾਰ ਦਾ ਈਵੈਂਟ ਨਹੀਂ ਹੈ, ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਦੇ ਨਾਲ-ਨਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਕੋਸ਼ਿਸ਼ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਈਵੈਂਟ ਦਾ ਆਯੋਜਨ ਭਾਰਤੀਆਂ ਦੁਆਰਾ ਕੀਤਾ ਗਿਆ ਹੈ ਅਤੇ ਜੀ20 ਸਾਡੇ ਲਈ ‘ਮਹਿਮਾਨ ਰੱਬ ਹੈ’ ਦੀ ਸਾਡੀ ਪਰੰਪਰਾ ਦੀ ਝਲਕ ਦਿਖਾਉਣ ਦਾ ਵਧੀਆ ਮੌਕਾ ਹੈ। ਉਨ੍ਹਾਂ ਦੱਸਿਆ ਕਿ ਜੀ20 ਨਾਲ ਸਬੰਧਿਤ ਸਮਾਗਮ ਦਿੱਲੀ ਜਾਂ ਕੁਝ ਥਾਵਾਂ ਤੱਕ ਸੀਮਿਤ ਨਹੀਂ ਰਹਿਣਗੇ ਬਲਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ। ਸ਼੍ਰੀ ਮੋਦੀ ਨੇ ਕਿਹਾ, “ਸਾਡੇ ਹਰੇਕ ਰਾਜ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ, ਵਿਰਾਸਤ, ਸੱਭਿਆਚਾਰ, ਸੁੰਦਰਤਾ, ਆਭਾ ਅਤੇ ਪਰਾਹੁਣਚਾਰੀ ਹੈ।” ਪ੍ਰਧਾਨ ਮੰਤਰੀ ਨੇ ਰਾਜਸਥਾਨ, ਗੁਜਰਾਤ, ਕੇਰਲ, ਮੱਧ ਪ੍ਰਦੇਸ਼, ਪੱਛਮ ਬੰਗਾਲ, ਤਮਿਲ ਨਾਡੂ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀ ਮਹਿਮਾਨਨਿਵਾਜ਼ੀ ਦੀਆਂ ਉਦਾਹਰਣਾਂ ਦਿੱਤੀਆਂ ਅਤੇ ਟਿੱਪਣੀ ਕੀਤੀ ਕਿ ਇਹ ਪਰਾਹੁਣਚਾਰੀ ਅਤੇ ਵਿਵਿਧਤਾ ਦੁਨੀਆ ਨੂੰ ਹੈਰਾਨ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਰਸਮੀ ਐਲਾਨ ਲਈ ਅਗਲੇ ਹਫ਼ਤੇ ਇੰਡੋਨੇਸ਼ੀਆ ਜਾ ਰਹੇ ਹਨ ਅਤੇ ਭਾਰਤ ਦੇ ਸਾਰੇ ਰਾਜਾਂ ਅਤੇ ਰਾਜ ਸਰਕਾਰਾਂ ਨੂੰ ਇਸ ਸਬੰਧ ਵਿੱਚ ਆਪਣੀ ਭੂਮਿਕਾ ਨੂੰ ਵੱਧ ਤੋਂ ਵੱਧ ਅੱਗੇ ਵਧਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕਾਂ ਅਤੇ ਬੁੱਧੀਜੀਵੀਆਂ ਨੂੰ ਵੀ ਇਸ ਸਮਾਗਮ ਦਾ ਹਿੱਸਾ ਬਣਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਸੁਝਾਅ ਭੇਜਣ ਅਤੇ ਨਵੀਂ ਲਾਂਚ ਕੀਤੀ ਜੀ20 ਵੈੱਬਸਾਈਟ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਤਾਕੀਦ ਕੀਤੀ ਕਿ ਕਿਵੇਂ ਭਾਰਤ ਵਿਸ਼ਵ ਦੇ ਕਲਿਆਣ ਵਿੱਚ ਆਪਣੀ ਭੂਮਿਕਾ ਨੂੰ ਹੋਰ ਵੱਧਾ ਸਕਦਾ ਹੈ। “ਇਹ ਜੀ20 ਜਿਹੇ ਈਵੈਂਟ ਦੀ ਸਫ਼ਲਤਾ ਨੂੰ ਨਵੀਆਂ ਉਚਾਈਆਂ ਪ੍ਰਦਾਨ ਕਰੇਗਾ,” ਉਨ੍ਹਾਂ ਇਹ ਕੇ ਸਮਾਪਤੀ ਕੀਤੀ, “ਮੈਨੂੰ ਯਕੀਨ ਹੈ ਕਿ ਇਹ ਈਵੈਂਟ ਨਾ ਸਿਰਫ਼ ਭਾਰਤ ਲਈ ਯਾਦਗਾਰੀ ਹੋਵੇਗੀ, ਬਲਕਿ ਭਵਿੱਖ ਵੀ ਇਸ ਦਾ ਦੁਨੀਆ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੌਕੇ ਵਜੋਂ ਮੁੱਲਾਂਕਣ ਕਰੇਗਾ।
ਪਿਛੋਕੜ
ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਸੇਧ ਲੈ ਕੇ, ਭਾਰਤ ਦੀ ਵਿਦੇਸ਼ ਨੀਤੀ ਆਲਮੀ ਪੱਧਰ 'ਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ ਲਈ ਵਿਕਸਿਤ ਹੋ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਿੱਚ, ਭਾਰਤ 1 ਦਸੰਬਰ 2022 ਨੂੰ ਜੀ20 ਦੀ ਪ੍ਰਧਾਨਗੀ ਸੰਭਾਲ਼ੇਗਾ। ਜੀ20 ਪ੍ਰੈਜ਼ੀਡੈਂਸੀ ਭਾਰਤ ਨੂੰ ਅੰਤਰਰਾਸ਼ਟਰੀ ਮਹੱਤਵ ਦੇ ਪ੍ਰਮੁੱਖ ਮੁੱਦਿਆਂ 'ਤੇ ਗਲੋਬਲ ਏਜੰਡਾ ਵਿੱਚ ਯੋਗਦਾਨ ਪਾਉਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ। ਸਾਡੀ ਜੀ20 ਪ੍ਰੈਜ਼ੀਡੈਂਸੀ ਦਾ ਲੋਗੋ, ਥੀਮ ਅਤੇ ਵੈੱਬਸਾਈਟ ਭਾਰਤ ਦੇ ਸੰਦੇਸ਼ ਅਤੇ ਦੁਨੀਆ ਲਈ ਪ੍ਰਮੁੱਖ ਤਰਜੀਹਾਂ ਨੂੰ ਦਰਸਾਏਗੀ।
ਜੀ20 ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਪ੍ਰਮੁੱਖ ਫੋਰਮ ਹੈ ਜੋ ਗਲੋਬਲ ਜੀਡੀਪੀ ਦੇ ਲਗਭਗ 85%, ਆਲਮੀ ਵਪਾਰ ਦੇ 75% ਤੋਂ ਵੱਧ, ਅਤੇ ਦੁਨੀਆ ਦੀ ਲਗਭਗ ਦੋ ਤਿਹਾਈ ਆਬਾਦੀ ਦੀ ਨੁਮਾਇੰਦਗੀ ਕਰਦਾ ਹੈ। ਜੀ20 ਪ੍ਰੈਜ਼ੀਡੈਂਸੀ ਦੌਰਾਨ, ਭਾਰਤ ਪੂਰੇ ਭਾਰਤ ਵਿੱਚ ਕਈ ਥਾਵਾਂ 'ਤੇ 32 ਵੱਖੋ-ਵੱਖ ਸੈਕਟਰਾਂ ਵਿੱਚ ਲਗਭਗ 200 ਬੈਠਕਾਂ ਕਰੇਗਾ। ਅਗਲੇ ਵਰ੍ਹੇ ਹੋਣ ਵਾਲੀ ਜੀ20 ਸਮਿਟ ਭਾਰਤ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਸਭ ਤੋਂ ਉੱਚੇ ਪੱਧਰ ਦੇ ਅੰਤਰਰਾਸ਼ਟਰੀ ਸੰਮੇਲਨਾਂ ਵਿੱਚੋਂ ਇੱਕ ਹੋਵੇਗੀ।
ਜੀ20 ਇੰਡੀਆ ਦੀ ਵੈੱਬਸਾਈਟ https://www.g20.in/en/ 'ਤੇ ਐਕਸੈੱਸ ਕੀਤੀ ਜਾ ਸਕਦੀ ਹੈ।
*********
ਡੀਐੱਸ/ਟੀਐੱਸ
(Release ID: 1874873)
Visitor Counter : 290
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam