ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਜੰਬੂਘੋੜਾ ਵਿੱਚ ਲਗਭਗ 860 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


"ਸਾਡੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਨੇ ਤਬਦੀਲੀ ਦੀ ਜ਼ਿੰਮੇਵਾਰੀ ਸੰਭਾਲ਼ੀ ਅਤੇ ਸਰਕਾਰ ਨੇ ਹਰ ਸੰਭਵ ਮਦਦ ਕੀਤੀ"



"ਗੋਧਰਾ ਵਿੱਚ ਗੋਵਿੰਦ ਗੁਰੂ ਯੂਨੀਵਰਸਿਟੀ ਅਤੇ ਨਰਮਦਾ ਵਿੱਚ ਬਿਰਸਾ ਮੁੰਡਾ ਯੂਨੀਵਰਸਿਟੀ ਉੱਚ ਸਿੱਖਿਆ ਦੇ ਉੱਤਮ ਅਦਾਰੇ ਹਨ"



"ਪਹਿਲੀ ਵਾਰ, ਆਦਿਵਾਸੀ ਸਮਾਜ ਨੇ ਵਿਕਾਸ ਅਤੇ ਨੀਤੀ-ਨਿਰਮਾਣ ਵਿੱਚ ਵਧਦੀ ਭਾਗੀਦਾਰੀ ਦੀ ਭਾਵਨਾ ਮਹਿਸੂਸ ਕੀਤੀ ਹੈ"



"ਆਦਿਵਾਸੀਆਂ ਲਈ ਗੌਰਵ ਅਤੇ ਆਸਥਾ ਦੇ ਸਥਾਨਾਂ ਦਾ ਵਿਕਾਸ ਟੂਰਿਜ਼ਮ ਨੂੰ ਬਹੁਤ ਹੁਲਾਰਾ ਦੇਵੇਗਾ"

Posted On: 01 NOV 2022 3:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਪੰਚਮਹਲ ਦੇ ਜੰਬੂਘੋੜਾ ਵਿੱਚ ਲਗਭਗ 860 ਕਰੋੜ ਰੁਪਏ ਲਾਗਤ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਗੁਜਰਾਤ ਦੇ ਆਦਿਵਾਸੀਆਂ ਅਤੇ ਆਦਿਵਾਸੀ ਭਾਈਚਾਰਿਆਂ ਲਈ ਮਹੱਤਵਪੂਰਨ ਦਿਨ ਹੈ। ਪ੍ਰਧਾਨ ਮੰਤਰੀ ਨੇ ਦਿਨ ਦੀ ਸ਼ੁਰੂਆਤ ਵਿੱਚ ਮਾਨਗੜ੍ਹ ਦਾ ਦੌਰਾ ਕਰਨ ਅਤੇ ਗੋਵਿੰਦ ਗੁਰੂ ਤੇ ਹਜ਼ਾਰਾਂ ਆਦਿਵਾਸੀ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਨੂੰ ਯਾਦ ਕੀਤਾ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

ਇਸ ਖੇਤਰ ਨਾਲ ਆਪਣੇ ਲੰਬੇ ਸਬੰਧਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜੰਬੂਘੋੜਾ ਵਿਖੇ ਮੌਜੂਦ ਹੋਣ 'ਤੇ ਬਹੁਤ ਮਾਣ ਪ੍ਰਗਟ ਕੀਤਾ ਜੋ ਕਿ ਭਾਰਤ ਦੇ ਆਦਿਵਾਸੀ ਭਾਈਚਾਰੇ ਦੇ ਮਹਾਨ ਬਲੀਦਾਨ ਦਾ ਗਵਾਹ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਅਸੀਂ ਸਾਰੇ ਮਾਣ ਨਾਲ ਭਰੇ ਹੋਏ ਹਾਂ ਕਿਉਂਕਿ ਅਸੀਂ ਸ਼ਹੀਦ ਜੋਰੀਆ ਪਰਮੇਸ਼ਰ, ਰੂਪ ਸਿੰਘ ਨਾਇਕ, ਗਲਾਲੀਆ ਨਾਇਕ, ਰਵਜੀਦਾ ਨਾਇਕ ਅਤੇ ਬਾਬਰੀਆ ਗਲਮਾ ਨਾਇਕ ਵਰਗੇ ਅਮਰ ਯੋਧਿਆਂ ਨੂੰ ਸਲਾਮ ਕਰਦੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ, "ਪੂਰੇ ਖੇਤਰ ਵਿੱਚ ਸਿਹਤ, ਸਿੱਖਿਆ ਅਤੇ ਹੁਨਰ ਵਿਕਾਸ ਨਾਲ ਸਬੰਧਿਤ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਗੋਵਿੰਦ ਗੁਰੂ ਯੂਨੀਵਰਸਿਟੀ ਅਤੇ ਕੇਂਦਰੀ ਵਿਦਿਆਲਿਆ ਦੇ ਨਵੇਂ ਪ੍ਰਸ਼ਾਸਕੀ ਕੈਂਪਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸਾਡੇ ਆਦਿਵਾਸੀ ਬੱਚਿਆਂ ਦੀ ਬਹੁਤ ਮਦਦ ਕਰਨਗੇ।

ਜੰਬੂਘੋੜਾ ਦੀ ਤੁਲਨਾ ਪਵਿੱਤਰ ਸਥਾਨ ਨਾਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਦਿਵਾਸੀਆਂ ਦੀ ਬਹਾਦਰੀ ਅਤੇ ਆਜ਼ਾਦੀ ਦੀ ਲੜਾਈ ਦੇ ਸ਼ਾਨਦਾਰ ਇਤਿਹਾਸ ਨੂੰ ਯਾਦ ਕੀਤਾ। ਉਨ੍ਹਾਂ 1857 ਦੀ ਕ੍ਰਾਂਤੀ ਨੂੰ ਹੁਲਾਰਾ ਦੇਣ ਵਾਲੀ ਨਾਇਕੜਾ ਲਹਿਰ ਦੀ ਗੱਲ ਕੀਤੀ। ਪਰਮੇਸ਼ਵਰ ਜੋਰੀਆ ਨੇ ਇਸ ਲਹਿਰ ਦਾ ਵਿਸਤਾਰ ਕੀਤਾ ਅਤੇ ਰੂਪ ਸਿੰਘ ਨਾਇਕ ਵੀ ਇਸ ਨਾਲ ਜੁੜ ਗਿਆ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਉਹ ਤਾਤਿਆ ਟੋਪੇ ਨਾਲ ਮਿਲ ਕੇ ਲੜੇ ਸਨ, ਜਿਨ੍ਹਾਂ ਨੇ 1857 ਦੇ ਵਿਦਰੋਹ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ। ਪ੍ਰਧਾਨ ਮੰਤਰੀ ਨੇ ਉਸ ਮੌਕੇ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੂੰ ਉਸ ਰੁੱਖ ਅੱਗੇ ਸਿਜਦਾ ਕਰਨ ਦਾ ਮੌਕਾ ਮਿਲਿਆ ਜਿੱਥੇ ਅੰਗਰੇਜ਼ਾਂ ਦੁਆਰਾ ਇਨ੍ਹਾਂ ਸੂਰਮਿਆਂ ਨੂੰ ਫਾਂਸੀ ਦਿੱਤੀ ਗਈ ਸੀ। 2012 ਵਿੱਚ ਉੱਥੇ ਇੱਕ ਕਿਤਾਬ ਵੀ ਰਿਲੀਜ਼ ਹੋਈ ਸੀ।

ਪ੍ਰਧਾਨ ਮੰਤਰੀ ਨੇ ਸ਼ਹੀਦਾਂ ਦੇ ਨਾਂ 'ਤੇ ਸਕੂਲਾਂ ਦਾ ਨਾਮ ਰੱਖਣ ਦੀ ਗੁਜਰਾਤ ਵਿੱਚ ਬਹੁਤ ਪਹਿਲਾਂ ਸ਼ੁਰੂ ਹੋਈ ਪ੍ਰੰਪਰਾ ਨੂੰ ਯਾਦ ਕੀਤਾ। ਵਾਡੇਕ ਅਤੇ ਡਾਂਡੀਆਪੁਰਾ ਦੇ ਪ੍ਰਾਇਮਰੀ ਸਕੂਲਾਂ ਦਾ ਨਾਮ ਸੰਤ ਜੋਰੀਆ ਪਰਮੇਸ਼ਵਰ ਅਤੇ ਰੂਪ ਸਿੰਘ ਨਾਇਕ ਦੇ ਨਾਮ 'ਤੇ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਨੇ ਬਿਲਕੁਲ ਨਵਾਂ ਰੂਪ ਧਾਰਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਦੋਵਾਂ ਆਦਿਵਾਸੀ ਨਾਇਕਾਂ ਦੇ ਇੱਕ ਸ਼ਾਨਦਾਰ ਬੁੱਤ ਦਾ ਉਦਘਾਟਨ ਕੀਤਾ ਗਿਆ ਹੈ ਜੋ ਹੁਣ ਸਿੱਖਿਆ ਅਤੇ ਆਜ਼ਾਦੀ ਸੰਘਰਸ਼ ਵਿੱਚ ਆਦਿਵਾਸੀ ਸਮਾਜ ਦੇ ਯੋਗਦਾਨ ਦੇ ਮਹੱਤਵਪੂਰਨ ਕੇਂਦਰ ਬਣ ਗਏ ਹਨ।

ਪ੍ਰਧਾਨ ਮੰਤਰੀ ਨੇ ਪਿਛਲੀ ਸਰਕਾਰ ਦੁਆਰਾ ਪੈਦਾ ਕੀਤੇ ਵਿਕਾਸ ਦੇ ਪਾੜੇ ਨੂੰ ਯਾਦ ਕੀਤਾ, ਜੋ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲਿਆ ਸੀ ਜਦੋਂ ਉਨ੍ਹਾਂ ਨੂੰ ਦੋ ਦਹਾਕੇ ਪਹਿਲਾਂ ਗੁਜਰਾਤ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਸੀ। ਆਦਿਵਾਸੀ ਖੇਤਰਾਂ ਵਿੱਚ ਸਿੱਖਿਆ, ਪੋਸ਼ਣ ਅਤੇ ਪਾਣੀ ਦੀਆਂ ਬੁਨਿਆਦੀ ਸੁਵਿਧਾਵਾਂ ਦੀ ਵੱਡੀ ਘਾਟ ਸੀ। ਉਨ੍ਹਾਂ ਕਿਹਾ, “ਇਸ ਸਥਿਤੀ ਨਾਲ ਨਜਿੱਠਣ ਲਈ, ਅਸੀਂ ਸਬਕਾ ਪ੍ਰਯਾਸ ਦੀ ਭਾਵਨਾ ਨਾਲ ਕੰਮ ਕੀਤਾ, ਸਾਡੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਨੇ ਤਬਦੀਲੀ ਦੀ ਜ਼ਿੰਮੇਵਾਰੀ ਸੰਭਾਲ਼ੀ ਅਤੇ ਸਰਕਾਰ ਨੇ ਦੋਸਤ ਬਣ ਕੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ।ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਇਹ ਬਦਲਾਅ ਇੱਕ ਦਿਨ ਦੇ ਕੰਮ ਦਾ ਨਤੀਜਾ ਨਹੀਂ ਹੈ, ਸਗੋਂ ਇਹ ਲੱਖਾਂ ਆਦਿਵਾਸੀ ਪਰਿਵਾਰਾਂ ਦੇ 24 ਘੰਟੇ ਦੇ ਯਤਨਾਂ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਨੇ ਆਦਿਵਾਸੀ ਪੱਟੀ ਵਿੱਚ ਸ਼ੁਰੂ ਹੋਏ ਪ੍ਰਾਇਮਰੀ ਤੋਂ ਸੈਕੰਡਰੀ ਪੱਧਰ ਤੱਕ ਦੇ 10 ਹਜ਼ਾਰ ਨਵੇਂ ਸਕੂਲਾਂ, ਦਰਜਨਾਂ ਏਕਲਵਯ ਮਾਡਲ ਸਕੂਲ, ਬੇਟੀਆਂ ਲਈ ਵਿਸ਼ੇਸ਼ ਰਿਹਾਇਸ਼ੀ ਸਕੂਲ ਅਤੇ ਆਸ਼ਰਮ ਸ਼ਾਲਾ ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਬੇਟੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸੁਵਿਧਾ ਅਤੇ ਸਕੂਲਾਂ ਵਿੱਚ ਪੌਸ਼ਟਿਕ ਭੋਜਨ ਦੀ ਉਪਲਬਧਤਾ ਦਾ ਵੀ ਜ਼ਿਕਰ ਕੀਤਾ।

ਕੰਨਿਆ ਸਿੱਖਿਆ ਰੱਥ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੀਆਂ ਬੇਟੀਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਸਕੂਲ ਵਿੱਚ ਵਿਗਿਆਨਕ ਸਿੱਖਿਆ ਦੀ ਅਣਹੋਂਦ ਨੂੰ ਵੀ ਕਬਾਇਲੀ ਪੱਟੀ ਵਿੱਚ ਇੱਕ ਹੋਰ ਚੁਣੌਤੀ ਵਜੋਂ ਦਰਸਾਇਆ ਅਤੇ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਵਿੱਚ ਕਬਾਇਲੀ ਜ਼ਿਲ੍ਹਿਆਂ ਵਿੱਚ 11 ਸਾਇੰਸ ਕਾਲਜ, 11 ਕਾਮਰਸ ਕਾਲਜ, 23 ਆਰਟਸ ਕਾਲਜ ਅਤੇ ਸੈਂਕੜੇ ਹੋਸਟਲ ਖੋਲ੍ਹੇ ਗਏ ਹਨ।

ਪ੍ਰਧਾਨ ਮੰਤਰੀ ਨੇ 20-25 ਸਾਲ ਪਹਿਲਾਂ ਕਬਾਇਲੀ ਖੇਤਰਾਂ ਵਿੱਚ ਸਕੂਲਾਂ ਦੀ ਭਾਰੀ ਘਾਟ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ, "ਅੱਜ ਇੱਥੇ 2 ਕਬਾਇਲੀ ਯੂਨੀਵਰਸਿਟੀਆਂ, ਗੋਧਰਾ ਵਿੱਚ ਗੋਵਿੰਦ ਗੁਰੂ ਯੂਨੀਵਰਸਿਟੀ ਅਤੇ ਨਰਮਦਾ ਵਿੱਚ ਬਿਰਸਾ ਮੁੰਡਾ ਯੂਨੀਵਰਸਿਟੀ ਉੱਚ ਸਿੱਖਿਆ ਦੇ ਬਿਹਤਰੀਨ ਅਦਾਰੇ ਹਨ।" ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਨਵੇਂ ਕੈਂਪਸ ਦੇ ਉਦਘਾਟਨ ਤੋਂ ਬਾਅਦ ਗੋਵਿੰਦ ਗੁਰੂ ਯੂਨੀਵਰਸਿਟੀ ਦੀਆਂ ਸੁਵਿਧਾਵਾਂ ਦਾ ਹੋਰ ਵਿਸਤਾਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਅਹਿਮਦਾਬਾਦ ਦੀ ਸਕਿੱਲ ਯੂਨੀਵਰਸਿਟੀ ਦੇ ਨਵੇਂ ਕੈਂਪਸ ਨਾਲ ਪੰਚਮਹਲ ਸਮੇਤ ਸਾਰੇ ਕਬਾਇਲੀ ਖੇਤਰਾਂ ਦੇ ਨੌਜਵਾਨਾਂ ਨੂੰ ਵੀ ਫਾਇਦਾ ਹੋਵੇਗਾ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ, "ਇਹ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ, ਜਿਸ ਨੂੰ ਡਰੋਨ ਪਾਇਲਟ ਲਾਇਸੈਂਸ ਦੇਣ ਲਈ ਮਾਨਤਾ ਮਿਲੀ ਹੈ।

ਵਨਬੰਧੂ ਕਲਿਆਣ ਯੋਜਨਾ ਨੇ ਪਿਛਲੇ ਦਹਾਕਿਆਂ ਵਿੱਚ ਆਦਿਵਾਸੀ ਜ਼ਿਲ੍ਹਿਆਂ ਦੇ ਸਰਵਪੱਖੀ ਵਿਕਾਸ ਵਿੱਚ ਨਿਭਾਈ ਗਈ ਵੱਡੀ ਭੂਮਿਕਾ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 14-15 ਸਾਲਾਂ ਵਿੱਚ ਆਦਿਵਾਸੀ ਖੇਤਰਾਂ ਵਿੱਚ ਇਸ ਯੋਜਨਾ ਤਹਿਤ 1 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗੁਜਰਾਤ ਸਰਕਾਰ ਨੇ ਆਉਣ ਵਾਲੇ ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਹੋਰ ਖਰਚਣ ਦਾ ਫੈਸਲਾ ਕੀਤਾ ਹੈ।

ਖੇਤਰ ਦੇ ਸਮੁੱਚੇ ਵਿਕਾਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਆਦਿਵਾਸੀ ਖੇਤਰਾਂ ਵਿੱਚ ਪਾਈਪ ਰਾਹੀਂ ਪਾਣੀ ਦੀਆਂ ਸੁਵਿਧਾਵਾਂ, ਸੂਖਮ ਸਿੰਚਾਈ ਅਤੇ ਡੇਅਰੀ ਖੇਤਰ 'ਤੇ ਜ਼ੋਰ ਦੇਣ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਆਦਿਵਾਸੀ ਭੈਣਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਸਖੀ ਮੰਡਲਾਂ ਦਾ ਗਠਨ ਕੀਤਾ ਗਿਆ। ਆਦਿਵਾਸੀ ਨੌਜਵਾਨਾਂ ਨੂੰ ਗੁਜਰਾਤ ਵਿੱਚ ਤੇਜ਼ੀ ਨਾਲ ਉਦਯੋਗੀਕਰਨ ਦੇ ਲਾਭ ਮਿਲਣ ਦੀ ਗੱਲ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਈ ਆਧੁਨਿਕ ਟ੍ਰੇਨਿੰਗ ਕੇਂਦਰਾਂ ਜਿਵੇਂ ਕਿ ਵੋਕੇਸ਼ਨਲ ਸੈਂਟਰ, ਆਈਟੀਆਈ ਅਤੇ ਕਿਸਾਨ ਵਿਕਾਸ ਕੇਂਦਰ ਖੋਲ੍ਹਣ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਲਗਭਗ 18 ਲੱਖ ਆਦਿਵਾਸੀ ਨੌਜਵਾਨਾਂ ਨੂੰ ਟ੍ਰੇਨਿੰਗ ਪ੍ਰਾਪਤ ਕਰਨ ਅਤੇ ਨੌਕਰੀ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ।

20-25 ਸਾਲ ਪਹਿਲਾਂ ਸਿੱਕਲ ਸੈੱਲ ਦੀ ਬਿਮਾਰੀ ਦੇ ਖਤਰੇ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਦਿਵਾਸੀ ਜ਼ਿਲ੍ਹਿਆਂ ਵਿੱਚ ਡਿਸਪੈਂਸਰੀਆਂ ਦੀ ਘਾਟ ਸੀ ਅਤੇ ਵੱਡੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਲਈ ਬਹੁਤ ਘੱਟ ਸੁਵਿਧਾਵਾਂ ਸਨ।ਉਨ੍ਹਾਂ ਕਿਹਾ, “ਡਬਲ ਇੰਜਣ ਵਾਲੀ ਸਰਕਾਰ ਨੇ ਪਿੰਡ ਪੱਧਰ ਤੇ ਸੈਂਕੜੇ ਛੋਟੇ ਹਸਪਤਾਲ ਸਥਾਪਿਤ ਕੀਤੇ ਹਨ ਅਤੇ ਆਦਿਵਾਸੀ ਖੇਤਰਾਂ ਵਿੱਚ 1400 ਤੋਂ ਵੱਧ ਹੈੱਲਥ ਅਤੇ ਵੈੱਲਨੈੱਸ ਕੇਂਦਰ ਖੋਲ੍ਹੇ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਗੋਧਰਾ ਮੈਡੀਕਲ ਕਾਲਜ ਦੀ ਨਵੀਂ ਇਮਾਰਤ ਨਾਲ ਦਾਹੋਦ, ਬਨਾਸਕਾਂਠਾ ਅਤੇ ਵਲਸਾੜ ਵਿੱਚ ਬਣੇ ਮੈਡੀਕਲ ਕਾਲਜਾਂ 'ਤੇ ਬੋਝ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ, "ਸਬਕਾ ਪ੍ਰਯਾਸ ਦੇ ਕਾਰਨ 24 ਘੰਟੇ ਬਿਜਲੀ ਨਾਲ ਆਦਿਵਾਸੀ ਜ਼ਿਲ੍ਹਿਆਂ ਦੇ ਹਰ ਪਿੰਡ ਵਿੱਚ ਚੰਗੀਆਂ ਸੜਕਾਂ ਪਹੁੰਚ ਗਈਆਂ ਹਨ।" ਉਨ੍ਹਾਂ ਦੱਸਿਆ ਕਿ ਡਾਂਗ ਦਾ ਆਦਿਵਾਸੀ ਜ਼ਿਲ੍ਹਾ ਗੁਜਰਾਤ ਦਾ ਪਹਿਲਾ ਜ਼ਿਲ੍ਹਾ ਹੈ, ਜਿੱਥੇ 24 ਘੰਟੇ ਬਿਜਲੀ ਹੈ, ਜਿਸ ਦੇ ਨਤੀਜੇ ਵਜੋਂ ਆਦਿਵਾਸੀ ਖੇਤਰਾਂ ਵਿੱਚ ਉਦਯੋਗਾਂ ਦਾ ਵਿਸਤਾਰ ਹੋਇਆ ਹੈ। "ਗੁਜਰਾਤ ਦੇ ਗੋਲਡਨ ਕੌਰੀਡੋਰ ਦੇ ਨਾਲ, ਜੁੜਵਾ ਸ਼ਹਿਰਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਕਲੋਲ ਵਿੱਚ ਉਦਯੋਗਿਕ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ।

ਭਾਰਤ ਵਿੱਚ ਆਦਿਵਾਸੀ ਭਾਈਚਾਰਿਆਂ ਦੇ ਉਥਾਨ ਵਿੱਚ ਕੇਂਦਰ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਭਾਜਪਾ ਸਰਕਾਰ ਸੀ, ਜਿਸ ਨੇ ਪਹਿਲੀ ਵਾਰ ਆਦਿਵਾਸੀ ਸਮਾਜ ਲਈ ਇੱਕ ਵੱਖਰਾ ਮੰਤਰਾਲਾ ਬਣਾਇਆ ਅਤੇ ਵਨ ਧਨ ਜਿਹੀ ਸਫ਼ਲ ਯੋਜਨਾ ਲਾਗੂ ਕੀਤੀ। ਆਪਣੀ ਗੱਲ ਨੂੰ ਅੱਗੇ ਤੋਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰ ਦੁਆਰਾ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੇ ਆ ਰਹੇ ਬਾਂਸ ਦੀ ਕਾਸ਼ਤ ਅਤੇ ਵਿਕਰੀ 'ਤੇ ਪਾਬੰਦੀ ਵਾਲੇ ਕਾਨੂੰਨ ਨੂੰ ਖ਼ਤਮ ਕਰਨ, ਜੰਗਲੀ ਉਪਜਾਂ ਦੀ ਲਗਾਤਾਰ ਅਣਦੇਖੀ ਨੂੰ ਖ਼ਤਮ ਕਰਨ, ਆਦਿਵਾਸੀਆਂ ਨੂੰ 80 ਤੋਂ ਵੱਧ ਵੱਖ-ਵੱਖ ਜੰਗਲ ਉਪਜਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਦੇਣ ਅਤੇ ਆਦਿਵਾਸੀਆਂ ਦੇ ਮਾਣ ਨੂੰ ਵਧਾਉਣ ਲਈ ਕੰਮ ਕਰਦੇ ਹੋਏ ਉਨ੍ਹਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ, "ਪਹਿਲੀ ਵਾਰ, ਆਦਿਵਾਸੀ ਸਮਾਜ ਵਿਕਾਸ ਅਤੇ ਨੀਤੀ ਨਿਰਧਾਰਨ ਵਿੱਚ ਵਧਦੀ ਭਾਗੀਦਾਰੀ ਦੀ ਭਾਵਨਾ ਮਹਿਸੂਸ ਕਰ ਰਿਹਾ ਹੈ"। ਉਨ੍ਹਾਂ ਨੇ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਨ ਨੂੰ ਜਨਜਾਤੀ ਗੌਰਵ ਦਿਵਸ ਵਜੋਂ ਮਨਾਉਣ ਦੇ ਸਰਕਾਰ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ।

ਪ੍ਰਧਾਨ ਮੰਤਰੀ ਨੇ ਗਰੀਬ, ਦੱਬੇ-ਕੁਚਲੇ, ਪਛੜੇ ਅਤੇ ਆਦਿਵਾਸੀ ਭਾਈਚਾਰਿਆਂ ਪ੍ਰਤੀ ਡਬਲ-ਇੰਜਨ ਵਾਲੀ ਸਰਕਾਰ ਦੇ ਨਿਰੰਤਰ ਯਤਨਾਂ ਨੂੰ ਵੀ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਮੁਫਤ ਰਾਸ਼ਨ ਯੋਜਨਾ, ਮੁਫਤ ਕੋਵਿਡ ਵੈਕਸੀਨ, ਗ਼ਰੀਬਾਂ ਲਈ 5 ਲੱਖ ਰੁਪਏ ਤੱਕ ਦਾ ਇਲਾਜ, ਗਰਭਵਤੀ ਔਰਤਾਂ ਦੀ ਸਹਾਇਤਾ ਕਰਨਾ ਤਾਂ ਜੋ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਮਿਲ ਸਕੇ ਅਤੇ ਛੋਟੇ ਕਿਸਾਨਾਂ ਲਈ ਖਾਦਾਂ ਲਈ ਕਰਜ਼ਾ ਲੈਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਬੀਜ, ਬਿਜਲੀ ਦੇ ਬਿੱਲ ਆਦਿ ਦੀ ਉਦਾਹਰਣ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, "ਭਾਵੇਂ ਇਹ ਸਿੱਧੀ ਮਦਦ ਹੋਵੇ ਜਾਂ ਪੱਕੇ ਮਕਾਨ, ਪਖਾਨੇ, ਗੈਸ ਕਨੈਕਸ਼ਨ, ਅਤੇ ਪਾਣੀ ਦੇ ਕਨੈਕਸ਼ਨ ਦੀ ਸੁਵਿਧਾ, ਇਨ੍ਹਾਂ ਦੇ ਸਭ ਤੋਂ ਵੱਧ ਲਾਭਾਰਥੀ ਆਦਿਵਾਸੀ, ਦਲਿਤ ਅਤੇ ਪਿਛੜੇ ਪਰਿਵਾਰ ਹਨ।"

ਭਾਰਤ ਦੀ ਸੰਸਕ੍ਰਿਤੀ ਅਤੇ ਵਿਸ਼ਵਾਸ ਨੂੰ ਬਚਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਆਦਿਵਾਸੀ ਨਾਇਕਾਂ ਦੇ ਇਤਿਹਾਸ 'ਤੇ ਰੋਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਚੰਪਾਨੇਰ, ਪਾਵਾਗੜ੍ਹ, ਸੋਮਨਾਥ ਅਤੇ ਹਲਦੀਘਾਟੀ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਟਿੱਪਣੀ ਕੀਤੀ, “ਹੁਣ ਪਾਵਾਗੜ੍ਹ ਮੰਦਿਰ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਝੰਡਾ ਪੂਰੀ ਸ਼ਾਨ ਨਾਲ ਲਹਿਰਾਇਆ ਗਿਆ ਹੈ। ਇਸੇ ਤਰ੍ਹਾਂ ਅੰਬਾਜੀ ਮਾਤਾ ਦਾ ਧਾਮ ਹੋਵੇ ਅਤੇ ਦੇਵਮੋਗਰਾ ਮਾਂ ਦਾ ਮੰਦਿਰ, ਇਨ੍ਹਾਂ ਦੇ ਵਿਕਾਸ ਲਈ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਰੋਜ਼ਗਾਰ ਨੂੰ ਹੁਲਾਰਾ ਦੇਣ ਲਈ ਟੂਰਿਜ਼ਮ ਦੀ ਅਹਿਮ ਭੂਮਿਕਾ ਨੂੰ ਮਾਨਤਾ ਦਿੱਤੀ। ਉਨ੍ਹਾਂ ਪੰਚਮਹਲ ਜਿਹੀਆਂ ਥਾਵਾਂ, ਜੋ ਟੂਰਿਜ਼ਮ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਸਮ੍ਰਿਧ ਹੈ, ਚੰਪਾਨੇਰ-ਪਾਵਾਗੜ੍ਹ ਜੋ ਕਿ ਪੁਰਾਤਨ ਵਾਸਤੂ ਕਲਾ ਲਈ ਮਸ਼ਹੂਰ ਹੈ, ਜੰਬੂਘੋੜਾ ਵਿੱਚ ਜੰਗਲੀ ਜੀਵ, ਹਥਨੀ ਮਾਤਾ ਝਰਨਾ, ਧਨਪੁਰੀ ਵਿੱਚ ਈਕੋ-ਟੂਰਿਜ਼ਮ ਥਾਵਾਂ, ਕੜਾ ਡੈਮ, ਧਨੇਸ਼ਵਰੀ ਮਾਤਾ ਮੰਦਿਰ ਅਤੇ ਜੰਡ ਹਨੂੰਮਾਨ ਜੀ ਦਾ ਜ਼ਿਕਰ ਕੀਤਾ। ਅਤੇ ਰੇਖਾਂਕਿਤ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਸਥਾਨਾਂ ਨੂੰ ਸੈਰ ਸਪਾਟਾ ਸਰਕਟ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਅੱਗੇ ਕਿਹਾ, "ਆਦਿਵਾਸੀਆਂ ਲਈ ਮਾਣ ਵਾਲੇ ਅਤੇ ਆਸਥਾ ਦੇ ਸਥਾਨਾਂ ਦਾ ਵਿਕਾਸ ਟੂਰਿਜ਼ਮ ਨੂੰ ਬਹੁਤ ਹੁਲਾਰਾ ਦੇਵੇਗਾ।"

ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਡਬਲ ਇੰਜਣ ਵਾਲੀ ਸਰਕਾਰ ਦੇ ਵਿਕਾਸ ਦੇ ਵਿਆਪਕ ਦਾਇਰੇ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਵਿਕਾਸ ਦੇ ਲਾਭ ਹਰ ਕਿਸੇ ਤੱਕ ਪਹੁੰਚਦੇ ਹਨ। ਉਨ੍ਹਾਂ ਅੰਤ ਵਿੱਚ ਕਿਹਾ, “ਸਾਡਾ ਸਖ਼ਤ ਮਿਹਨਤ ਅਤੇ ਲਗਨ ਨਾਲ ਜ਼ਮੀਨੀ ਬਦਲਾਅ ਲਿਆਉਣ ਦਾ ਇਰਾਦਾ ਸਪੱਸ਼ਟ ਹੈ। ਅਸੀਂ ਮਿਲ ਕੇ ਇੱਕ ਵਿਕਸਿਤ ਗੁਜਰਾਤ ਅਤੇ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਾਂਗੇ।"

ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਅਤੇ ਗੁਜਰਾਤ ਸਰਕਾਰ ਦੇ ਮੰਤਰੀ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਜੰਬੂਘੋੜਾ ਵਿੱਚ ਲਗਭਗ 860 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ ਸ੍ਰੀ ਗੋਵਿੰਦ ਗੁਰੂ ਯੂਨੀਵਰਸਿਟੀ, ਗੋਧਰਾ ਦੇ ਨਵੇਂ ਕੈਂਪਸ, ਪਿੰਡ ਵਾਡੇਕ ਵਿਖੇ ਸਥਿਤ ਸੰਤ ਜੋਰੀਆ ਪਰਮੇਸ਼ਵਰ ਪ੍ਰਾਇਮਰੀ ਸਕੂਲ ਅਤੇ ਮੈਮੋਰੀਅਲ ਅਤੇ ਪਿੰਡ ਡਾਂਡੀਆਪੁਰਾ ਸਥਿਤ ਰਾਜਾ ਰੂਪ ਸਿੰਘ ਨਾਇਕ ਪ੍ਰਾਇਮਰੀ ਸਕੂਲ ਅਤੇ ਮੈਮੋਰੀਅਲ ਰਾਸ਼ਟਰ ਨੂੰ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਨੇ ਕੇਂਦਰੀ ਵਿਦਿਆਲਿਆ, ਗੋਧਰਾ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਗੋਧਰਾ ਮੈਡੀਕਲ ਕਾਲਜ ਦੇ ਵਿਕਾਸ ਅਤੇ 680 ਕਰੋੜ ਰੁਪਏ ਦੀ ਲਾਗਤ ਨਾਲ ਕੌਸ਼ਲਯ - ਦ ਸਕਿੱਲ ਯੂਨੀਵਰਸਿਟੀ ਦੇ ਵਿਸਤਾਰ ਲਈ ਵੀ ਨੀਂਹ ਪੱਥਰ ਰੱਖਿਆ।

https://youtu.be/osFNvbVeX6o

 

*********

ਡੀਐੱਸ/ਟੀਐੱਸ



(Release ID: 1872999) Visitor Counter : 109