ਵਿੱਤ ਮੰਤਰਾਲਾ

ਸ਼੍ਰੀਮਤੀ ਨਿਰਮਲਾ ਸੀਤਾਰਾਮਨ ਨੇ ਅੱਜ ਵੀਡੀਓ ਕਾਨਫ਼ਰੰਸ ਦੇ ਮਾਧਿਅਮ ਨਾਲ ਏਸ਼ੀਅਨ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਦੇ ਸੰਚਾਲਕ ਮੰਡਲ ਦੀ 7ਵੀਂ ਸਾਲਾਨਾ ਬੈਠਕ ਵਿੱਚ ਹਿੱਸਾ ਲਿਆ

Posted On: 26 OCT 2022 5:28PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਾਮਨ ਨੇ ਅੱਜ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਏਸ਼ੀਅਨ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਦੇ ਸੰਚਾਲਕ ਮੰਡਲ (ਬੋਰਡ ਆਵ੍ ਗਵਰਨਰਜ਼) ਦੀ 7ਵੀਂ ਸਾਲਾਨਾ ਬੈਠਕ ਵਿੱਚ ਹਿੱਸਾ ਲਿਆ।

ਹਰ ਸਾਲ ਸਾਲਾਨਾ ਬੈਠਕ ਵਿੱਚ ਏਆਈਆਈਬੀ ਨਾਲ ਸਬੰਧਿਤ ਮਹੱਤਵਪੂਰਨ ਮੁੱਦਿਆਂ ਅਤੇ ਇਸਦੇ  ਭਵਿੱਖ ਦੇ ਵਿਜਨ ’ਤੇ ਮਹੱਤਵਪੂਰਨ ਫ਼ੈਸਲੇ ਲੈਣ ਦੇ ਲਈ ਇਸ ਦੇ ਸੰਚਾਲਕ ਮੰਡਲ ਦੀ ਬੈਠਕ ਹੁੰਦੀ ਹੈ। ਭਾਰਤ ਏਆਈਆਈਬੀ ਦਾ ਇੱਕ ਸੰਸਥਾਪਕ ਮੈਂਬਰ ਅਤੇ ਇਸ ਵਿੱਚ ਦੂਸਰਾ ਸਭ ਤੋਂ ਵੱਡਾ ਸ਼ੇਅਰ ਧਾਰਕ ਹੈ। ਏਆਈਆਈਬੀ ਵਿੱਚ ਭਾਰਤ ਦੇ ਕੋਲ ਸਭ ਤੋਂ ਵੱਡਾ ਪ੍ਰੋਜੈਕਟ ਪੋਰਟਫੋਲੀਓ ਵੀ ਹੈ। ਇਸ ਸਾਲ ਦੀ ਸਾਲਾਨਾ ਬੈਠਕ ਦੀ ਥੀਮ ‘ਆਪਸ ਵਿੱਚ ਜੁੜੀ ਹੋਈ ਦੁਨੀਆਂ ਦੇ ਵੱਲ ਟਿਕਾਊ ਇਨਫ੍ਰਾਸਟ੍ਰਕਚਰ’ ਸੀ।

ਵਿੱਤ ਮੰਤਰੀ ਨੇ ‘ਸੰਕਟਗ੍ਰਸਤ ਦੁਨੀਆਂ ਵਿੱਚ ਇਨਫ੍ਰਾਸਟ੍ਰਕਚਰ ਦੀ ਫੰਡਿੰਗ ਕਰਨਾ’ ਦੇ ਵਿਸ਼ੇ ’ਤੇ ਗਵਰਨਰ ਦੀ ਗੋਲਮੇਜ ਚਰਚਾ ਦੇ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ। ਆਪਣੇ ਸੰਬੋਧਨ ਵਿੱਚ ਵਿੱਤ ਮੰਤਰੀ ਨੇ ਮੈਂਬਰ ਦੇਸ਼ਾਂ ਦੀ ਸਹਾਇਤਾ ਕਰਨ ਅਤੇ ਉੱਚ ਗੁਣਵਤਾ ਵਾਲਾ ਵਿਕਾਸ ਵਿੱਤ ਪ੍ਰਦਾਨ ਕਰਨ ਦੇ ਲਈ ਏਆਈਆਈਬੀ ਦੀ ਨਿਰੰਤਰ ਪ੍ਰਤੀਬੱਧਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਬਾਹਰੀ ਖ਼ਤਰਿਆਂ ਦੇ ਬਾਵਜੂਦ ਭਾਰਤ ਦੀਆਂ ਬਿਹਤਰੀਨ ਲਕਸ਼ਿਤ ਨੀਤੀਆਂ, ਪ੍ਰਮੁੱਖ ਢਾਂਚਾਗਤ ਸੁਧਾਰਾਂ ਅਤੇ ਮਜਬੂਤ ਬਾਹਰੀ ਬੈਲੇਂਸ ਸ਼ੀਟ ਕਰਕੇ ਭਾਰਤ ਵਿੱਚ ਆਰਥਿਕ ਵਿਕਾਸ ਦੀ ਗਤੀ ਨੂੰ ਨਿਰੰਤਰ ਮਜ਼ਬੂਤ ਬਣਾਈ ਰੱਖਣ ਵਿੱਚ ਕਾਫੀ ਸਹਾਇਤਾ ਮਿਲੀ ਹੈ। ਵਿੱਤ ਮੰਤਰੀ ਨੇ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਭਾਰਤ ਇੱਕ ਆਤਮਨਿਰਭਰ ਅਰਥਵਿਵਸਥਾ ਦੀ ਰਾਹ ’ਤੇ ਚੱਲ ਪਿਆ ਹੈ ਅਤੇ ਇਸ ਲਈ ਉਹ ਮਹਾਮਾਰੀ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਸਫ਼ਲ ਰਿਹਾ। ਸ਼੍ਰੀਮਤੀ ਸੀਤਾਰਮਨ ਨੇ ਭਾਰਤ ਦੇ ਡਿਜਟਲੀਕਰਨ ਮਿਸ਼ਨ ਦੇ ਮਾਧਿਅਮ ਨਾਲ ਭਾਰਤ ਦੁਆਰਾ ਕੀਤੀ ਗਈ ਜ਼ਿਕਰਯੋਗ ਪ੍ਰਗਤੀ ਨੂੰ ਰੇਖਾਂਕਿਤ ਕੀਤਾ ਜਿਸ ਦੇ ਤਹਿਤ ਸਮਾਜਿਕ ਸੁਰੱਖਿਆ ਨੂੰ ਸੁਵਿਧਾਜਨਕ ਬਣਾਉਣ ਅਤੇ ਵਿੱਤੀ ਸਮਾਵੇਸ਼ ਨੂੰ ਹੁਲਾਰਾ ਦੇਣ ਦੇ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਵਿੱਤ ਮੰਤਰੀ ਨੇ ਇਸ ਗੱਲ ’ਤੇ ਵੀ ਚਾਨਣਾ ਪਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ‘ਵਾਤਾਵਰਨ ਦੇ ਲਈ ਜੀਵਨ ਸ਼ੈਲੀ’ (ਜਾਂ ਲਾਈਫ) ਜਿਹੇ ਵਿਭਿੰਨ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਲਈ ਭਾਰਤ ਦੁਆਰਾ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸਰਗਰਮੀ ਦੇ ਨਾਲ ਅਗਵਾਈ ਕਰ ਰਹੇ ਹਨ।

ਵਿੱਤ ਮੰਤਰੀ ਨੇ ਸੁਝਾਅ ਦਿੱਤਾ ਕਿ ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਇਨ੍ਹਾਂ ਸਾਰਿਆਂ ਦੇ ਸਾਰਥਕ ਪ੍ਰਭਾਵ ਹੋਣ ਅਤੇ ਸੰਸਾਧਨ ਕਈ ਖੇਤਰਾਂ ਵਿੱਚ ਨਾ ਬਿਖਰ ਜਾਣ, ਏਆਈਆਈਬੀ ਨੂੰ ਪ੍ਰਾਥਮਿਕਤਾ ਵਾਲੇ ਪ੍ਰਮੁੱਖ ਖੇਤਰਾਂ ਵਿੱਚ ਨਿਵੇਸ਼ ਵਧਾਉਣ ਦੀ ਜ਼ਰੂਰਤ ਹੈ ਜਿਨ੍ਹਾਂ ਵਿੱਚ ਸਿੱਖਿਆ ਅਤੇ ਸਿਹਤ, ਅਤੇ ਡਿਜੀਟਲ  ਇਨਫ੍ਰਾਸਟ੍ਰਕਚਰ ’ਤੇ ਵਿਸ਼ੇਸ਼ ਰੂਪ ਨਾਲ ਫੋਕਸ ਕਰਨ ਦੇ ਨਾਲ-ਨਾਲ ਸਵੱਛ ਊਰਜਾ ਤੇ ਊਰਜਾ ਕੁਸ਼ਲਤਾ, ਆਪਦਾ ਰੋਧਕ ਇਨਫ੍ਰਾਸਟ੍ਰਕਚਰ ਅਤੇ ਸਮਾਜਿਕ ਇਨਫ੍ਰਾਸਟ੍ਰਕਚਰ ਸ਼ਾਮਿਲ ਹਨ।

ਕਿਉਂਕਿ ਇਕੱਲੇ ਸਰਵਜਨਿਕ ਸੰਸਾਧਨ ਹੀ ਮੈਂਬਰ ਦੇਸ਼ਾਂ ਦੀ ਵਿਸ਼ਾਲ ਇਨਫ੍ਰਾਸਟ੍ਰਕਚਰ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਢੁੱਕਵੇਂ ਨਹੀਂ ਹਨ, ਇਸ ਲਈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿੱਤ ਮੰਤਰੀ ਨੇ ਸਲਾਹ ਦਿੱਤੀ ਕਿ ਬੈਂਕਾਂ ਨੂੰ ਨਾ ਸਿਰਫ ਨਿੱਜੀ ਖੇਤਰ ਦੇ ਵਿਭਿੰਨ ਸਾਧਨਾਂ ਨੂੰ ਜੁਟਾਉਣ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਬਲਕਿ ਆਪਣੇ ਖੁਦ ਦੇ ਸੰਸਾਧਨਾਂ ਨੂੰ ਵਧਾਉਣ ਦੇ ਲਈ ਵਿਭਿੰਨ ਵਿਵਸਥਾਵਾਂ ਦਾ ਵੀ ਪਤਾ ਲਗਾਉਣਾ ਚਾਹੀਦਾ ਹੈ, ਜਿਨ੍ਹਾਂ ਵਿੱਚ ਐੱਮਡੀਬੀ ਦੀ ਕੈਪੀਟਲ ਏਡੀਕੁਏਸੀ ਫ੍ਰੇਮਵਰਕ (ਸੀਏਐਫ) ’ਤੇ ਜੀ 20 ਦੇ ਮਾਹਰ ਪੈਨਲ ਦੀ ਰਿਪੋਰਟ ਦੀਆਂ ਸਿਫ਼ਾਰਿਸ਼ਾਂ ’ਤੇ ਜਲਦ ਅਮਲ ਕਰਨਾ ਵੀ ਸ਼ਾਮਲ ਹੈ।

ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਹਾ ਕਿ ਆਪਣੀ ਵਿੱਤੀ ਸਹਾਇਤਾ ਤੋਂ ਪਰ੍ਹੇ ਏਆਈਆਈਬੀ ਨੂੰ ਆਪਣੀ ਮਿਡਲ-ਸਟ੍ਰੀਮ ਅਤੇ ਅੱਪ-ਸਟ੍ਰੀਮ ਸਹਿਭਾਗਤਾ ਗਤੀਵਿਧੀਆਂ ਦੇ ਦਾਇਰੇ ਦਾ ਵਿਸਤਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਆਪਣੀਆਂ ਰਣਨੀਤੀਆਂ ਨੂੰ ਨਿਵੇਸ਼ ਯੋਜਨਾਵਾਂ ਵਿੱਚ ਤਬਦੀਲ ਕਰਨ ਵਿੱਚ ਮਦਦ ਕਰਨ ਦੇ ਲਈ ਗਾਹਕਾਂ ਨੂੰ ਜ਼ਿਆਦਾ ਤਕਨੀਕੀ ਸਹਾਇਤਾ ਦੇਣਾ ਵੀ ਸ਼ਾਮਲ ਹੈ। ਅਖੀਰ ਵਿੱਚ ਸ਼੍ਰੀਮਤੀ ਸੀਤਾਰਮਨ ਨੇ ਸੁਝਾਅ ਦਿੱਤਾ ਕਿ ਬੈਂਕ ਨੂੰ ਮੈਂਬਰ ਦੇਸ਼ਾਂ ਵਿੱਚ ਪੂਰਨਕਾਲਿਕ ਦੇਸ਼ ਦਫ਼ਤਰ ਖੋਲ੍ਹਣੇ ਚਾਹੀਦੇ ਹਨ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਵਿੱਤ ਮੰਤਰੀ ਨੇ ਏਆਈਆਈਬੀ ਨੂੰ ਆਪਣੇ ਲਾਜ਼ਮੀ ਮਿਸ਼ਨ ਨੂੰ ਹਾਸਲ ਕਰਨ ਵਿੱਚ ਭਾਰਤ ਦੇ ਵੱਲੋਂ ਨਿਰੰਤਰ ਸਹਿਯੋਗ ਦੇਣ ਦਾ ਭਰੋਸਾ ਜਤਾਇਆ।

****

ਆਰਐੱਮ/ ਪੀਪੀਜੀ/ ਕੇਐੱਮਐੱਨ



(Release ID: 1871273) Visitor Counter : 148