ਰਸਾਇਣ ਤੇ ਖਾਦ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ 600 ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਭਾਰਤੀਯ ਜਨ ਉਰਵਰਕ ਪਰਿਯੋਜਨਾ – ਵਨ ਨੇਸ਼ਨ ਵਨ ਫਰਟੀਲਾਈਜ਼ਰ ਲਾਂਚ ਕੀਤੀ

ਡਾ. ਮਨਸੁਖ ਮਾਂਡਵੀਯਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਮੇਸ਼ਾ ਖੇਤੀਬਾੜੀ ਸੈਕਟਰ ਲਈ 'ਟੋਟਲ ਅਪਰੋਚ' ਨਾਲ ਕੰਮ ਕੀਤਾ ਹੈ

ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਜਿਸਨੇ ਨੈਨੋ ਯੂਰੀਆ ਦਾ ਵਪਾਰਕ ਉਤਪਾਦਨ ਸ਼ੁਰੂ ਕੀਤਾ: ਡਾ. ਮਨਸੁਖ ਮਾਂਡਵੀਯਾ

Posted On: 17 OCT 2022 3:48PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਖੇਤੀ ਖੋਜ ਸੰਸਥਾਨ ਵਿੱਚ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਸੰਮੇਲਨ 2022 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ 600 ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ (ਪੀਐੱਮਕੇਐੱਸਕੇ) ਦਾ ਉਦਘਾਟਨ ਵੀ ਕੀਤਾ।  ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਪਰਿਯੋਜਨਾ - ਵਨ ਨੇਸ਼ਨ ਵਨ ਫਰਟੀਲਾਈਜ਼ਰ ਦੀ ਵੀ ਸ਼ੁਰੂਆਤ ਕੀਤੀ।  ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਨੇ ਪ੍ਰਤੱਖ ਲਾਭ ਟ੍ਰਾਂਸਫਰ ਜ਼ਰੀਏ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ 16,000 ਕਰੋੜ ਰੁਪਏ ਦੀ 12ਵੀਂ ਕਿਸ਼ਤ ਦੀ ਰਾਸ਼ੀ ਵੀ ਰਿਲੀਜ਼ ਕੀਤੀ। ਪ੍ਰਧਾਨ ਮੰਤਰੀ ਨੇ ਐਗਰੀ ਸਟਾਰਟਅੱਪ ਕਨਕਲੇਵ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਖਾਦ 'ਤੇ ਇੱਕ ਈ-ਮੈਗਜ਼ੀਨ 'ਇੰਡੀਅਨ ਐਜ - Indian Edge' ਵੀ ਲਾਂਚ ਕੀਤਾ। ਸ਼੍ਰੀ ਮੋਦੀ ਨੇ ਸਟਾਰਟਅੱਪ ਪ੍ਰਦਰਸ਼ਨੀ ਦੇ ਥੀਮ ਪੈਵੇਲੀਅਨ ਦਾ ਦੌਰਾ ਕੀਤਾ ਅਤੇ ਪ੍ਰਦਰਸ਼ਿਤ ਉਤਪਾਦਾਂ ਦਾ ਨਿਰੀਖਣ ਕੀਤਾ।

 

ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ ਦੀ ਇੱਕੋ ਪਰਿਸਰ ਵਿੱਚ ਮੌਜੂਦਗੀ ਨੂੰ ਸਵੀਕਾਰ ਕਰਕੇ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਅੱਜ ਅਸੀਂ ਇੱਥੇ ਇਸ ਮੰਤਰ ਦਾ ਲਾਈਵ ਰੂਪ ਦੇਖ ਸਕਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਸੰਮੇਲਨ ਕਿਸਾਨਾਂ ਦੇ ਜੀਵਨ ਨੂੰ ਅਸਾਨ ਬਣਾਉਣ, ਉਨ੍ਹਾਂ ਦੀ ਸਮਰੱਥਾ ਨੂੰ ਵਧਾਉਣ ਅਤੇ ਉੱਨਤ ਖੇਤੀ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਸਾਧਨ ਹੈ।

 

ਸ਼੍ਰੀ ਮੋਦੀ ਨੇ ਕਿਹਾ, “ਅੱਜ 600 ਤੋਂ ਵੱਧ ਪ੍ਰਧਾਨ ਮੰਤਰੀ ਸਮ੍ਰਿੱਧੀ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਇਹ ਕੇਂਦਰ ਖਾਦ ਦੀ ਵਿਕਰੀ ਦੇ ਕੇਂਦਰ ਹੀ ਨਹੀਂ ਹਨ ਬਲਕਿ ਦੇਸ਼ ਦੇ ਕਿਸਾਨਾਂ ਨਾਲ ਗਹਿਰੇ ਰਿਸ਼ਤੇ ਨੂੰ ਸਥਾਪਿਤ ਕਰਨ ਲਈ ਇੱਕ ਵਿਧੀ ਹੈ। ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀਐੱਮ-ਕਿਸਾਨ) ਦੀ ਨਵੀਂ ਕਿਸ਼ਤ ਦੇ ਸਬੰਧ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੈਸਾ ਬਿਨਾਂ ਕਿਸੇ ਵਿਚੋਲੇ ਦੇ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਦਾ ਹੈ।  “ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਵਜੋਂ ਕਰੋੜਾਂ ਕਿਸਾਨ ਪਰਿਵਾਰਾਂ ਨੂੰ 16,000 ਕਰੋੜ ਰੁਪਏ ਦੀ ਇੱਕ ਹੋਰ ਕਿਸ਼ਤ ਵੀ ਰਿਲੀਜ਼ ਕੀਤੀ ਗਈ ਹੈ”, ਸ਼੍ਰੀ ਮੋਦੀ ਨੇ ਅੱਗੇ ਕਿਹਾ ਅਤੇ ਖੁਸ਼ੀ ਪ੍ਰਗਟਾਈ ਕਿ ਇਹ ਕਿਸ਼ਤ ਦਿਵਾਲੀ ਤੋਂ ਠੀਕ ਪਹਿਲਾਂ ਕਿਸਾਨਾਂ ਤੱਕ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਪਰਿਯੋਜਨਾ - ਇੱਕ ਰਾਸ਼ਟਰ ਇੱਕ ਖਾਦ ਵੀ ਲਾਂਚ ਕੀਤੀ ਗਈ ਹੈ ਜੋ ਕਿ ਕਿਸਾਨਾਂ ਨੂੰ ਭਾਰਤ ਬ੍ਰਾਂਡ ਦੀ ਕਿਫਾਇਤੀ ਗੁਣਵੱਤਾ ਵਾਲੀ ਖਾਦ ਯਕੀਨੀ ਬਣਾਉਣ ਦੀ ਇੱਕ ਯੋਜਨਾ ਹੈ।

 

ਉਨ੍ਹਾਂ ਉਪਾਵਾਂ ਨੂੰ ਉਜਾਗਰ ਕਰਦੇ ਹੋਏ ਜਿਨ੍ਹਾਂ ਨੇ ਮਿਹਨਤੀ ਕਿਸਾਨਾਂ ਨੂੰ ਬਹੁਤ ਲਾਭ ਪਹੁੰਚਾਇਆ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਤਰਲ ਨੈਨੋ ਯੂਰੀਆ ਉਤਪਾਦਨ ਵਿੱਚ ਸਵੈ-ਨਿਰਭਰਤਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, "ਨੈਨੋ ਯੂਰੀਆ ਘੱਟ ਲਾਗਤ ਨਾਲ ਵੱਧ ਉਤਪਾਦਨ ਕਰਨ ਦਾ ਇੱਕ ਮਾਧਿਅਮ ਹੈ।"  ਇਸ ਦੇ ਫਾਇਦੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਰੀਆ ਨਾਲ ਭਰੀ ਬੋਰੀ ਨੂੰ ਹੁਣ ਨੈਨੋ ਯੂਰੀਆ ਦੀ ਇੱਕ ਬੋਤਲ ਨਾਲ ਬਦਲਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂਰੀਆ ਦੀ ਟਰਾਂਸਪੋਰਟੇਸ਼ਨ ਦੀ ਲਾਗਤ ਕਾਫੀ ਘੱਟ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਭਾਰਤ ਦੀ ਖਾਦ ਸੁਧਾਰ ਕਹਾਣੀ ਵਿੱਚ ਦੋ ਨਵੇਂ ਉਪਾਵਾਂ ਦਾ ਜ਼ਿਕਰ ਕੀਤਾ। ਸਭ ਤੋਂ ਪਹਿਲਾਂ, ਅੱਜ ਦੇਸ਼ ਭਰ ਵਿੱਚ ਖਾਦ ਦੀਆਂ 3.25 ਲੱਖ ਤੋਂ ਵੱਧ ਦੁਕਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ ਵਜੋਂ ਵਿਕਸਿਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਹ ਅਜਿਹੇ ਕੇਂਦਰ ਹੋਣਗੇ ਜਿੱਥੇ ਕਿਸਾਨ ਨਾ ਸਿਰਫ਼ ਖਾਦਾਂ ਅਤੇ ਬੀਜ ਖਰੀਦ ਸਕਦੇ ਹਨ, ਬਲਕਿ ਮਿੱਟੀ ਦੀ ਪਰਖ ਕਰ ਸਕਦੇ ਹਨ ਅਤੇ ਖੇਤੀ ਤਕਨੀਕਾਂ ਬਾਰੇ ਲਾਭਦਾਇਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।  ਦੂਸਰਾ, ਵਨ ਨੇਸ਼ਨ, ਵਨ ਫਰਟੀਲਾਈਜ਼ਰ ਨਾਲ ਕਿਸਾਨ ਨੂੰ ਖਾਦ ਦੀ ਗੁਣਵੱਤਾ ਅਤੇ ਇਸ ਦੀ ਉਪਲਬਧਤਾ ਬਾਰੇ ਹਰ ਤਰ੍ਹਾਂ ਦੇ ਭੰਬਲਭੂਸੇ ਤੋਂ ਛੁਟਕਾਰਾ ਮਿਲੇਗਾ। ਸ਼੍ਰੀ ਮੋਦੀ ਨੇ ਕਿਹਾ “ਹੁਣ ਦੇਸ਼ ਵਿੱਚ ਵਿਕਣ ਵਾਲਾ ਯੂਰੀਆ ਇੱਕੋ ਨਾਮ, ਇੱਕੋ ਬ੍ਰਾਂਡ ਅਤੇ ਇੱਕੋ ਕੁਆਲਿਟੀ ਦਾ ਹੋਵੇਗਾ ਅਤੇ ਇਹ ਬ੍ਰਾਂਡ ਹੈ ਭਾਰਤ!  ਹੁਣ ਯੂਰੀਆ ਪੂਰੇ ਦੇਸ਼ ਵਿੱਚ ਸਿਰਫ਼ ‘ਭਾਰਤ’ ਬ੍ਰਾਂਡ ਨਾਮ ਹੇਠ ਹੀ ਉਪਲਬਧ ਹੋਵੇਗਾ।” ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਖਾਦਾਂ ਦੀ ਲਾਗਤ ਘਟੇਗੀ ਅਤੇ ਇਨ੍ਹਾਂ ਦੀ ਉਪਲਬਧਤਾ ਵਧੇਗੀ।

 

ਸਭਾ ਨੂੰ ਸੰਬੋਧਨ ਕਰਦਿਆਂ, ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਡਾ. ਮਨਸੁਖ ਮੰਡਾਵੀਆ ਨੇ ਕਿਹਾ ਕਿ ਇਸ ਮੌਕੇ 'ਤੇ ਪ੍ਰਧਾਨ ਮੰਤਰੀ ਦੀ ਮੌਜੂਦਗੀ ਕਿਸਾਨਾਂ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ ਵਿੱਚ ਨਵੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਡਾ. ਮਾਂਡਵੀਯਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਮੇਸ਼ਾ ਖੇਤੀ ਖੇਤਰ ਲਈ 'ਟੋਟਲ ਅਪ੍ਰੋਚ' ਨਾਲ ਕੰਮ ਕੀਤਾ ਹੈ ਅਤੇ ਸਰਕਾਰ ਦੁਆਰਾ ਕਿਸਾਨਾਂ ਨੂੰ ਮਜ਼ਬੂਤ ​​ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਭਾਵੇਂ ਖੇਤੀਬਾੜੀ ਵਿੱਚ ਨਵੀਂ ਤਕਨੀਕ ਅਪਣਾਉਣੀ ਹੋਵੇ, 'ਸਮਾਰਟ ਟੈਕਨੋਲੋਜੀ' ਨੂੰ ਉਤਸ਼ਾਹਿਤ ਕਰਨਾ ਹੋਵੇ ਜਾਂ ਕਿਸਾਨਾਂ ਦੀਆਂ ਉਪਜਾਂ ਲਈ ਬਿਹਤਰ ਬਜ਼ਾਰ ਪ੍ਰਦਾਨ ਕਰਨਾ ਹੋਵੇ, ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਬਹੁਤ ਕੁਝ ਹਾਸਲ ਕੀਤਾ ਗਿਆ ਹੈ।

 

ਡਾ. ਮਨਸੁਖ ਮਾਂਡਵੀਯਾ ਨੇ ਅੱਗੇ ਕਿਹਾ ਕਿ ਖੇਤੀਬਾੜੀ ਵਿੱਚ ਖੋਜ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ ਅਤੇ ਇਸ ਕਾਰਨ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸਨੇ ਨੈਨੋ ਯੂਰੀਆ ਦਾ ਵਪਾਰਕ ਉਤਪਾਦਨ ਸ਼ੁਰੂ ਕੀਤਾ ਹੈ। ਮੰਤਰੀ ਨੇ ਕਿਹਾ ਕਿ 600 ਕਿਸਾਨ ਸਮ੍ਰਿਧੀ ਕੇਂਦਰ ਕਿਸਾਨਾਂ ਨੂੰ ਕਈ ਤਰੀਕਿਆਂ ਨਾਲ ਮਜ਼ਬੂਤ ​​ਕਰਨਗੇ।

ਮੰਤਰੀ ਨੇ ਇਹ ਵੀ ਦੱਸਿਆ ਕਿ ਪ੍ਰਧਾਨਮੰਤਰੀ ਕਿਸਾਨ ਸਮ੍ਰਿਧੀ ਕੇਂਦਰ (ਪੀਐੱਮਕੇਐੱਸਕੇ) ਦੇਸ਼ ਵਿੱਚ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ ਅਤੇ ਮਿੱਟੀ, ਬੀਜਾਂ ਅਤੇ ਖਾਦਾਂ ਲਈ ਟੈਸਟਿੰਗ ਸੁਵਿਧਾਵਾਂ ਸਮੇਤ ਖੇਤੀ ਸਮੱਗਰੀ (ਖਾਦ, ਬੀਜ, ਸੰਦ) ਮੁਹੱਈਆ ਕਰਵਾਏਗਾ। ਇਹ ਕੇਂਦਰ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਮਦਦ ਕਰਨਗੇ

 

ਪਿਛੋਕੜ

ਇਸ ਇਵੈਂਟ ਵਿੱਚ ਦੇਸ਼ ਭਰ ਦੇ 13,500 ਤੋਂ ਵੱਧ ਕਿਸਾਨ ਅਤੇ ਲਗਭਗ 1500 ਐਗਰੀ ਸਟਾਰਟਅੱਪਸ ਇਕੱਠੇ ਹੋਣਗੇ। ਵਿਭਿੰਨ ਸੰਸਥਾਵਾਂ ਦੇ 1 ਕਰੋੜ ਤੋਂ ਵੱਧ ਕਿਸਾਨਾਂ ਦੇ ਇਸ ਸਮਾਗਮ ਵਿੱਚ ਵਰਚੁਅਲੀ ਸ਼ਾਮਲ ਹੋਣ ਦੀ ਉਮੀਦ ਹੈ। ਸੰਮੇਲਨ ਵਿੱਚ ਰਿਸਰਚਰਾਂ, ਨੀਤੀ ਨਿਰਮਾਤਾਵਾਂ ਅਤੇ ਹੋਰ ਹਿਤਧਾਰਕਾਂ ਦੀ ਭਾਗੀਦਾਰੀ ਦੀ ਵੀ ਉਮੀਦ ਹੈ।

 

ਪ੍ਰਧਾਨ ਮੰਤਰੀ ਨੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ 600 ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ (ਪੀਐੱਮਕੇਐੱਸਕੇ) ਦਾ ਉਦਘਾਟਨ ਕੀਤਾ।  ਯੋਜਨਾ ਦੇ ਤਹਿਤ, ਦੇਸ਼ ਵਿੱਚ ਪਰਚੂਨ ਖਾਦ ਦੀਆਂ ਦੁਕਾਨਾਂ ਨੂੰ ਪੜਾਅਵਾਰ ਪੀਐੱਮਕੇਐੱਸਕੇ ਵਿੱਚ ਤਬਦੀਲ ਕੀਤਾ ਜਾਵੇਗਾ। ਪੀਐੱਮਕੇਐੱਸਕੇ ਕਿਸਾਨਾਂ ਦੀਆਂ ਕਈ ਤਰ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ ਅਤੇ ਖੇਤੀ ਸਮੱਗਰੀ (ਖਾਦ, ਬੀਜ, ਸੰਦ), ਮਿੱਟੀ, ਬੀਜ ਅਤੇ ਖਾਦਾਂ ਲਈ ਟੈਸਟਿੰਗ ਸੁਵਿਧਾਵਾਂ ਪ੍ਰਦਾਨ ਕਰਨਗੇ;  ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਗੇ;  ਵਿਭਿੰਨ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ ਅਤੇ ਬਲਾਕ/ਜ਼ਿਲ੍ਹਾ ਪੱਧਰੀ ਦੁਕਾਨਾਂ 'ਤੇ ਪ੍ਰਚੂਨ ਵਿਕਰੇਤਾਵਾਂ ਦੀ ਨਿਯਮਿਤ ਸਮਰੱਥਾ ਨਿਰਮਾਣ ਨੂੰ ਯਕੀਨੀ ਬਣਾਉਣਗੇ। 3.3 ਲੱਖ ਤੋਂ ਵੱਧ ਪ੍ਰਚੂਨ ਖਾਦ ਦੀਆਂ ਦੁਕਾਨਾਂ ਨੂੰ ਪੀਐੱਮਕੇਐੱਸਕੇ ਵਿੱਚ ਤਬਦੀਲ ਕਰਨ ਦੀ ਯੋਜਨਾ ਹੈ।

 

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਪਰਿਯੋਜਨਾ - ਵਨ ਨੇਸ਼ਨ ਵਨ ਫਰਟੀਲਾਈਜ਼ਰ ਦੀ ਵੀ ਸ਼ੁਰੂਆਤ ਕੀਤੀ। ਯੋਜਨਾ ਦੇ ਤਹਿਤ, ਪ੍ਰਧਾਨ ਮੰਤਰੀ ਭਾਰਤ ਯੂਰੀਆ ਬੈਗ ਲਾਂਚ ਕਰਨਗੇ, ਜਿਸ ਨਾਲ ਕੰਪਨੀਆਂ ਨੂੰ ਸਿੰਗਲ ਬ੍ਰਾਂਡ ਨਾਮ 'ਭਾਰਤ' ਦੇ ਤਹਿਤ ਖਾਦਾਂ ਦੀ ਮਾਰਕੀਟਿੰਗ ਕਰਨ ਵਿੱਚ ਮਦਦ ਮਿਲੇਗੀ।

****

ਐੱਮਵੀ/ਐੱਸਕੇ 


(Release ID: 1868825) Visitor Counter : 233