ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 29-30 ਸਤੰਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸੂਰਤ, ਭਾਵਨਗਰ, ਅਹਿਮਦਾਬਾਦ ਅਤੇ ਅੰਬਾਜੀ ਵਿੱਚ ਪ੍ਰੋਗਰਾਮਾਂ ਦੇ ਦੌਰਾਨ ਲਗਭਗ 29,000 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ



ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਵਿਸ਼ਵ-ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰਨਾ, ਗਤੀਸ਼ੀਲਤਾ ਨੂੰ ਵਧਾਉਣਾ ਅਤੇ ਈਜ਼ ਆਵ੍ ਲਿਵਿੰਗ ਵਿੱਚ ਮਹੱਤਵਪੂਰਨ ਸੁਧਾਰ ਕਰਨਾ ਹੈ



ਪ੍ਰਧਾਨ ਮੰਤਰੀ ਅਹਿਮਦਾਬਾਦ ਮੈਟਰੋ ਪ੍ਰੋਜੈਕਟ ਦੇ ਪੜਾਅ-1 ਦਾ ਉਦਘਾਟਨ ਕਰਨਗੇ ਅਤੇ ਗਾਂਧੀਨਗਰ-ਮੁੰਬਈ ਸੈਂਟਰਲ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ



ਪ੍ਰਧਾਨ ਮੰਤਰੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਅਹਿਮਦਾਬਾਦ ਮੈਟਰੋ ਵਿੱਚ ਸਵਾਰੀ ਵੀ ਕਰਨਗੇ



ਪ੍ਰਧਾਨ ਮੰਤਰੀ ਭਾਵਨਗਰ ਵਿਖੇ ਵਿਸ਼ਵ ਦੇ ਪਹਿਲੇ ਸੀਐੱਨਜੀ ਟਰਮੀਨਲ ਦਾ ਨੀਂਹ ਪੱਥਰ ਰੱਖਣਗੇ



ਪ੍ਰਧਾਨ ਮੰਤਰੀ 36ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ; ਗੁਜਰਾਤ ਵਿੱਚ ਪਹਿਲੀ ਵਾਰ ਆਯੋਜਿਤ ਕੀਤੀਆਂ ਜਾ ਰਹੀਆਂ ਹਨ



ਪ੍ਰਧਾਨ ਮੰਤਰੀ ਡ੍ਰੀਮ ਸਿਟੀ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ - ਪ੍ਰੋਜੈਕਟ ਦਾ ਉਦੇਸ਼ ਸੂਰਤ ਵਿੱਚ ਹੀਰਿਆਂ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨਾ ਹੈ



ਪ੍ਰਧਾਨ ਮੰਤਰੀ ਅੰਬਾਜੀ ਦੀ ਯਾਤਰਾ ਨੂੰ ਸ਼ਰਧਾਲੂਆਂ ਲਈ ਅਸਾਨ ਬਣਾਉਣ ਲਈ ਨਵੀਂ ਬ੍ਰੌਡ ਗੇਜ਼ ਲਾਈਨ ਦਾ ਨੀਂਹ ਪੱਥਰ ਰੱਖਣਗੇ



ਪ੍ਰਧਾਨ ਮੰਤਰੀ ਅੰਬਾਜੀ ਮੰਦਿਰ ਦੇ ਦਰਸ਼ਨ ਅਤੇ

Posted On: 27 SEP 2022 12:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਤੇ 30 ਸਤੰਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ। 29 ਸਤੰਬਰ ਨੂੰ ਸਵੇਰੇ 11 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਸੂਰਤ ਵਿੱਚ 3400 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਭਾਵਨਗਰ ਦੀ ਯਾਤਰਾ ਕਰਨਗੇ। ਪ੍ਰਧਾਨ ਮੰਤਰੀ ਉਥੇ ਦੁਪਹਿਰ ਕਰੀਬ 2 ਵਜੇ 5200 ਕਰੋੜ ਰੁਪਏ ਤੋਂ ਵੱਧ ਦੀਆਂ ਕਈ ਵਿਕਾਸ ਪਹਿਲਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ਼ਾਮ ਕਰੀਬ 7 ਵਜੇ ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ 36ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ। ਰਾਤ ਕਰੀਬ 9 ਵਜੇ ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਜੀਐੱਮਡੀਸੀ ਮੈਦਾਨ ਵਿੱਚ ਨਵਰਾਤਰੀ ਫੈਸਟੀਵਲ ਵਿੱਚ ਸ਼ਾਮਲ ਹੋਣਗੇ।

30 ਸਤੰਬਰ ਨੂੰ ਸਵੇਰੇ ਕਰੀਬ 10:30 ਵਜੇ ਪ੍ਰਧਾਨ ਮੰਤਰੀ ਗਾਂਧੀਨਗਰ ਸਟੇਸ਼ਨ 'ਤੇ ਗਾਂਧੀਨਗਰ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਉੱਥੋਂ ਕਾਲੂਪੁਰ ਰੇਲਵੇ ਸਟੇਸ਼ਨ ਤੱਕ ਟ੍ਰੇਨ ਦੀ ਯਾਤਰਾ ਕਰਨਗੇ। ਕਰੀਬ 11:30 ਵਜੇ, ਪ੍ਰਧਾਨ ਮੰਤਰੀ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਕਾਲੂਪੁਰ ਸਟੇਸ਼ਨ ਤੋਂ ਦੂਰਦਰਸ਼ਨ ਕੇਂਦਰ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਸਵਾਰੀ ਕਰਨਗੇ। ਦੁਪਹਿਰ ਕਰੀਬ 12 ਵਜੇ ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ ਅਹਿਮਦਾਬਾਦ ਐਜੂਕੇਸ਼ਨ ਸੋਸਾਇਟੀ ਵਿੱਚ ਇੱਕ ਜਨਤਕ ਸਮਾਗਮ ਵਿੱਚ ਅਹਿਮਦਾਬਾਦ ਮੈਟਰੋ ਪ੍ਰੋਜੈਕਟ ਦੇ ਫੇਜ਼-1 ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਸ਼ਾਮ ਕਰੀਬ 5:45 ਵਜੇ ਪ੍ਰਧਾਨ ਮੰਤਰੀ ਅੰਬਾਜੀ ਵਿੱਚ 7200 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਸ਼ਾਮ ਕਰੀਬ 7 ਵਜੇ ਪ੍ਰਧਾਨ ਮੰਤਰੀ ਅੰਬਾਜੀ ਮੰਦਿਰ ਦੇ ਦਰਸ਼ਨ ਕਰਨਗੇ ਅਤੇ ਪੂਜਾ-ਅਰਚਨਾ ਕਰਨਗੇ। ਇਸ ਤੋਂ ਬਾਅਦ ਸ਼ਾਮ 7.45 ਵਜੇ ਦੇ ਕਰੀਬ ਗੱਬਰ ਤੀਰਥ ਵਿਖੇ ਮਹਾ ਆਰਤੀ ਵਿੱਚ ਸ਼ਾਮਲ ਹੋਣਗੇ।

ਇਨ੍ਹਾਂ ਵਿਆਪਕ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਵਿਸ਼ਵ-ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰਨ, ਸ਼ਹਿਰੀ ਗਤੀਸ਼ੀਲਤਾ ਨੂੰ ਵਧਾਉਣ ਅਤੇ ਬਹੁ-ਮਾਡਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਹ ਆਮ ਆਦਮੀ ਦੇ ਰਹਿਣ-ਸਹਿਣ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੇ ਲਗਾਤਾਰ ਫੋਕਸ ਨੂੰ ਵੀ ਦਰਸਾਉਂਦਾ ਹਨ।

ਪ੍ਰਧਾਨ ਮੰਤਰੀ ਸੂਰਤ ਵਿੱਚ

ਪ੍ਰਧਾਨ ਮੰਤਰੀ ਸੂਰਤ ਵਿੱਚ 3400 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਜਲ ਸਪਲਾਈ, ਡਰੇਨੇਜ ਪ੍ਰੋਜੈਕਟ, ਡ੍ਰੀਮ ਸਿਟੀ, ਬਾਇਓਡਾਇਵਰਸਿਟੀ ਪਾਰਕ ਅਤੇ ਹੋਰ ਵਿਕਾਸ ਕਾਰਜ ਜਿਵੇਂ ਕਿ ਜਨਤਕ ਬੁਨਿਆਦੀ ਢਾਂਚਾ, ਵਿਰਾਸਤ ਬਹਾਲੀ, ਸਿਟੀ ਬੱਸ/ਬੀਆਰਟੀਐੱਸ ਢਾਂਚਾ, ਇਲੈਕਟ੍ਰਿਕ ਵਾਹਨ ਢਾਂਚੇ ਦੇ ਨਾਲ-ਨਾਲ ਕੇਂਦਰ ਅਤੇ ਰਾਜ ਸਰਕਾਰ ਵਲੋਂ ਸਾਂਝੇ ਵਿਕਾਸ ਕਾਰਜ ਸ਼ਾਮਲ ਹਨ।

ਪ੍ਰਧਾਨ ਮੰਤਰੀ ਸੜਕੀ ਬੁਨਿਆਦੀ ਢਾਂਚੇ ਦੇ ਕੰਮਾਂ ਦੇ ਪੜਾਅ -1 ਅਤੇ ਡਾਇਮੰਡ ਰਿਸਰਚ ਐਂਡ ਮਰਕੈਂਟਾਈਲ (ਡ੍ਰੀਮ) ਸਿਟੀ ਦੇ ਮੁੱਖ ਪ੍ਰਵੇਸ਼ ਦੁਆਰ ਦਾ ਉਦਘਾਟਨ ਕਰਨਗੇ। ਡ੍ਰੀਮ ਸਿਟੀ ਪ੍ਰੋਜੈਕਟ ਸੂਰਤ ਵਿੱਚ ਹੀਰਾ ਵਪਾਰ ਦੇ ਕਾਰੋਬਾਰ ਦੇ ਤੇਜ਼ੀ ਨਾਲ ਵਿਕਾਸ ਨੂੰ ਪੂਰਕ ਕਰਨ ਲਈ ਵਪਾਰਕ ਅਤੇ ਰਿਹਾਇਸ਼ੀ ਥਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਦੇ ਦ੍ਰਿਸ਼ਟੀਕੋਣ ਨਾਲ ਸ਼ੁਰੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਪ੍ਰੋਜੈਕਟ ਦੇ ਪੜਾਅ -2 ਦਾ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਬਾਇਓਡਾਇਵਰਸਿਟੀ ਪਾਰਕ ਦਾ ਨੀਂਹ ਪੱਥਰ ਰੱਖਣਗੇ, ਜੋ ਡਾ. ਹੇਡਗੇਵਾਰ ਪੁਲ ਤੋਂ ਭੀਮਰਾੜ-ਬਮਰੌਲੀ ਪੁਲ ਤੱਕ 87 ਹੈਕਟੇਅਰ ਤੋਂ ਵੱਧ ਖੇਤਰ ਵਿੱਚ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸੂਰਤ ਵਿੱਚ ਵਿਗਿਆਨ ਕੇਂਦਰ ਵਿੱਚ ਖੋਜ ਮਿਊਜ਼ੀਅਮ ਦਾ ਵੀ ਉਦਘਾਟਨ ਕਰਨਗੇ। ਬੱਚਿਆਂ ਲਈ ਬਣਾਏ ਗਏ ਇਸ ਅਜਾਇਬ ਘਰ ਵਿੱਚ ਇੰਟਰਐਕਟਿਵ ਡਿਸਪਲੇਅ, ਪੁੱਛਗਿੱਛ-ਅਧਾਰਤ ਗਤੀਵਿਧੀਆਂ ਅਤੇ ਪੁੱਛਗਿੱਛ-ਅਧਾਰਤ ਖੋਜਾਂ ਹੋਣਗੀਆਂ।

ਪ੍ਰਧਾਨ ਮੰਤਰੀ ਭਾਵਨਗਰ ਵਿੱਚ

ਪ੍ਰਧਾਨ ਮੰਤਰੀ ਭਾਵਨਗਰ ਵਿੱਚ 5200 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਭਾਵਨਗਰ ਵਿਖੇ ਵਿਸ਼ਵ ਦੇ ਪਹਿਲੇ ਸੀਐੱਨਜੀ ਟਰਮੀਨਲ ਅਤੇ ਬ੍ਰਾਊਨਫੀਲਡ ਬੰਦਰਗਾਹ ਦਾ ਨੀਂਹ ਪੱਥਰ ਰੱਖਣਗੇ। ਇਸ ਬੰਦਰਗਾਹ ਨੂੰ 4000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਇਸ ਵਿੱਚ ਦੁਨੀਆ ਦੇ ਪਹਿਲੇ ਸੀਐੱਨਜੀ ਟਰਮੀਨਲ ਦੇ ਨਾਲ-ਨਾਲ ਦੁਨੀਆ ਦੇ ਚੌਥੇ ਸਭ ਤੋਂ ਵੱਡੇ ਲੌਕ ਗੇਟ ਸਿਸਟਮ ਲਈ ਅਤਿ ਆਧੁਨਿਕ ਬੁਨਿਆਦੀ ਢਾਂਚਾ ਉਪਲੱਭਧ ਹੋਵੇਗਾ। ਸੀਐੱਨਜੀ ਟਰਮੀਨਲ ਤੋਂ ਇਲਾਵਾ, ਇਹ ਬੰਦਰਗਾਹ ਖੇਤਰ ਵਿੱਚ ਆਉਣ ਵਾਲੇ ਵਿਭਿੰਨ ਪ੍ਰੋਜੈਕਟਾਂ ਦੀਆਂ ਭਵਿੱਖ ਦੀਆਂ ਲੋੜਾਂ ਅਤੇ ਮੰਗਾਂ ਨੂੰ ਵੀ ਪੂਰਾ ਕਰੇਗੀ। ਬੰਦਰਗਾਹ ਵਿੱਚ ਅਤਿ-ਆਧੁਨਿਕ ਕੰਟੇਨਰ ਟਰਮੀਨਲ, ਬਹੁ-ਮੰਤਵੀ ਟਰਮੀਨਲ ਅਤੇ ਤਰਲ ਟਰਮੀਨਲ ਹੋਵੇਗਾ, ਜਿਸ ਵਿੱਚ ਮੌਜੂਦਾ ਰੋਡਵੇਅ ਅਤੇ ਰੇਲਵੇ ਨੈੱਟਵਰਕ ਨਾਲ ਸਿੱਧੀ ਡੋਰ-ਸਟੈਪ ਕਨੈਕਟੀਵਿਟੀ ਹੋਵੇਗੀ। ਇਹ ਨਾ ਸਿਰਫ਼ ਮਾਲ ਦੀ ਸੰਭਾਲ ਵਿੱਚ ਲਾਗਤ ਦੀ ਬੱਚਤ ਦੇ ਰੂਪ ਵਿੱਚ ਆਰਥਿਕ ਲਾਭ ਦੀ ਅਗਵਾਈ ਕਰੇਗਾ, ਬਲਕਿ ਇਸ ਖੇਤਰ ਵਿੱਚ ਲੋਕਾਂ ਲਈ ਰੋਜ਼ਗਾਰ ਵੀ ਪੈਦਾ ਕਰੇਗਾ। ਨਾਲ ਹੀ, ਸੀਐੱਨਜੀ ਦਰਾਮਦ ਟਰਮੀਨਲ ਸਵੱਛ ਊਰਜਾ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਊਰਜਾ ਦਾ ਇੱਕ ਅਤਿਰਿਕਤ ਵਿਕਲਪਕ ਸਰੋਤ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਭਾਵਨਗਰ ਵਿੱਚ ਖੇਤਰੀ ਵਿਗਿਆਨ ਕੇਂਦਰ ਦਾ ਉਦਘਾਟਨ ਵੀ ਕਰਨਗੇ, ਜੋ ਕਿ 20 ਏਕੜ ਵਿੱਚ ਫੈਲਿਆ ਹੈ ਅਤੇ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਕੇਂਦਰ ਵਿੱਚ ਕਈ ਵਿਸ਼ਾ ਆਧਾਰਿਤ ਗੈਲਰੀਆਂ ਹਨ, ਜਿਨ੍ਹਾਂ ਵਿੱਚ ਮਰੀਨ ਐਕੁਆਟਿਕ ਗੈਲਰੀ, ਆਟੋਮੋਬਾਈਲ ਗੈਲਰੀ, ਨੋਬਲ ਪੁਰਸਕਾਰ ਗੈਲਰੀ - ਫਿਜ਼ੀਓਲੋਜੀ ਅਤੇ ਮੈਡੀਸਿਨ, ਇਲੈਕਟ੍ਰੋ ਮਕੈਨਿਕਸ ਗੈਲਰੀ, ਜੀਵ ਵਿਗਿਆਨ ਗੈਲਰੀ ਸ਼ਾਮਲ ਹਨ। ਇਹ ਕੇਂਦਰ ਐਨੀਮੇਟ੍ਰੋਨਿਕ ਡਾਇਨੋਸੌਰਸ, ਸਾਇੰਸ ਥੀਮ-ਅਧਾਰਿਤ ਖਿਡੌਣਾ ਟ੍ਰੇਨ, ਕੁਦਰਤ ਖੋਜ ਟੂਰ, ਮੋਸ਼ਨ ਸਿਮੂਲੇਟਰ, ਪੋਰਟੇਬਲ ਸੋਲਰ ਆਬਜ਼ਰਵੇਟਰੀ ਆਦਿ ਵਰਗੀਆਂ ਬਾਹਰੀ ਸਥਾਪਨਾਵਾਂ ਰਾਹੀਂ ਬੱਚਿਆਂ ਲਈ ਖੋਜ ਅਤੇ ਖੋਜ ਲਈ ਇੱਕ ਰਚਨਾਤਮਕ ਮੰਚ ਵੀ ਪ੍ਰਦਾਨ ਕਰੇਗਾ।

ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਸੌਨੀ ਯੋਜਨਾ ਲਿੰਕ 2 ਦੇ ਪੈਕੇਜ 7, 25 ਮੈਗਾਵਾਟ ਪਾਲੀਟਾਨਾ ਸੋਲਰ ਪੀਵੀ ਪ੍ਰੋਜੈਕਟ, ਏਪੀਪੀਐੱਲ ਕੰਟੇਨਰ (ਅਵਦਕਰੂਪਾ ਪਲਾਸਟੋਮੈੱਕ ਪ੍ਰਾਈਵੇਟ ਲਿਮਿਟਿਡ) ਪ੍ਰੋਜੈਕਟ ਸਮੇਤ ਕਈ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ; ਅਤੇ ਸੌਨੀ ਯੋਹਨਾ ਲਿੰਕ 2 ਦੇ ਪੈਕੇਜ 9, ਚੋਰਵਡਲਾ ਜ਼ੋਨ ਜਲ ਸਪਲਾਈ ਪ੍ਰੋਜੈਕਟ ਸਮੇਤ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ

ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਆਯੋਜਿਤ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਵਿੱਚ 36ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈ ਰਹੇ ਦੇਸ਼ ਭਰ ਦੇ ਐਥਲੀਟਾਂ ਨੂੰ ਸੰਬੋਧਨ ਵੀ ਕਰਨਗੇ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇਸਰ ਵਿੱਚ ਵਿਸ਼ਵ-ਪੱਧਰੀ ਸਵਰਣਿਮ ਗੁਜਰਾਤ ਖੇਡ ਯੂਨੀਵਰਸਿਟੀਦਾ ਉਦਘਾਟਨ ਵੀ ਕਰਨਗੇ। ਇਸ ਮਹੱਤਵਪੂਰਨ ਪ੍ਰੋਜੈਕਟ ਨਾਲ ਦੇਸ਼ ਦੇ ਖੇਡ ਸਿੱਖਿਆ ਦ੍ਰਿਸ਼ ਦੇ ਬਦਲਣ ਦੀ ਉਮੀਦ ਹੈ।

ਗੁਜਰਾਤ ਰਾਜ ਵਿੱਚ ਪਹਿਲੀ ਵਾਰ ਰਾਸ਼ਟਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹ 29 ਸਤੰਬਰ ਤੋਂ 12 ਅਕਤੂਬਰ, 2022 ਤੱਕ ਆਯੋਜਿਤ ਕੀਤੀਆਂ ਜਾਣਗੀਆਂ। ਦੇਸ਼ ਭਰ ਦੇ ਲਗਭਗ 15,000 ਖਿਡਾਰੀ, ਕੋਚ ਅਤੇ ਅਧਿਕਾਰੀ 36 ਖੇਡਾਂ ਵਿੱਚ ਭਾਗ ਲੈਣਗੇ, ਜੋ ਇਸਨੂੰ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਰਾਸ਼ਟਰੀ ਖੇਡਾਂ ਬਣਾਉਂਦੇ ਹਨ। ਇਹ ਖੇਡ ਮੁਕਾਬਲੇ ਛੇ ਸ਼ਹਿਰਾਂ ਅਹਿਮਦਾਬਾਦ, ਗਾਂਧੀਨਗਰ, ਸੂਰਤ, ਵਡੋਦਰਾ, ਰਾਜਕੋਟ ਅਤੇ ਭਾਵਨਗਰ ਵਿੱਚ ਕਰਵਾਏ ਜਾਣਗੇ। ਉਸ ਸਮੇਂ ਦੇ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਗੁਜਰਾਤ ਨੇ ਅੰਤਰਰਾਸ਼ਟਰੀ ਪੱਧਰ ਦਾ ਇੱਕ ਮਜ਼ਬੂਤ ਖੇਡ ਬੁਨਿਆਦੀ ਢਾਂਚਾ ਬਣਾਉਣ ਲਈ ਯਾਤਰਾ ਸ਼ੁਰੂ ਕੀਤੀ, ਜਿਸ ਨੇ ਰਾਜ ਨੂੰ ਬਹੁਤ ਘੱਟ ਸਮੇਂ ਵਿੱਚ ਖੇਡਾਂ ਲਈ ਤਿਆਰ ਕਰਨ ਵਿੱਚ ਮਦਦ ਕੀਤੀ।

ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ ਇੱਕ ਜਨਤਕ ਸਮਾਗਮ ਵਿੱਚ ਅਹਿਮਦਾਬਾਦ ਮੈਟਰੋ ਪ੍ਰੋਜੈਕਟ ਦੇ ਪੜਾਅ-1 ਦਾ ਉਦਘਾਟਨ ਕਰਨਗੇ। ਇਸ ਵਿੱਚ ਐਪਰਲ ਪਾਰਕ ਤੋਂ ਥਲਤੇਜ ਤੱਕ ਲਗਭਗ 32 ਕਿਲੋਮੀਟਰ ਪੂਰਬ-ਪੱਛਮੀ ਕੌਰੀਡੋਰ ਅਤੇ ਮੋਟੇਰਾ ਤੋਂ ਗਿਆਸਪੁਰ ਦੇ ਵਿਚਕਾਰ ਉੱਤਰ-ਦੱਖਣੀ ਕੌਰੀਡੋਰ ਸ਼ਾਮਲ ਹੈ। ਪੂਰਬ-ਪੱਛਮੀ ਕੌਰੀਡੋਰ ਵਿੱਚ ਥਲਤੇਜ-ਵਸਤਰਾਲ ਮਾਰਗ ਵਿੱਚ 17 ਸਟੇਸ਼ਨ ਹਨ। ਇਸ ਕੌਰੀਡੋਰ ਵਿੱਚ ਚਾਰ ਸਟੇਸ਼ਨਾਂ ਵਾਲਾ 6.6 ਕਿਲੋਮੀਟਰ ਭੂਮੀਗਤ ਸੈਕਸ਼ਨ ਵੀ ਹੈ। 19 ਕਿਲੋਮੀਟਰ ਉੱਤਰ-ਦੱਖਣ ਕੌਰੀਡੋਰ ਜੋ ਗਿਆਸਪੁਰ ਨੂੰ ਮੋਟੇਰਾ ਸਟੇਡੀਅਮ ਨਾਲ ਜੋੜਦਾ ਹੈ, ਵਿੱਚ 15 ਸਟੇਸ਼ਨ ਹਨ। ਪ੍ਰੋਜੈਕਟ ਦਾ ਇਹ ਪੂਰਾ ਪੜਾਅ-1 12,900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਅਹਿਮਦਾਬਾਦ ਮੈਟਰੋ ਇੱਕ ਵਿਸ਼ਾਲ ਆਧੁਨਿਕ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ, ਜਿਸ ਵਿੱਚ ਭੂਮੀਗਤ ਸੁਰੰਗਾਂ, ਵਾਇਆਡਕਟ ਅਤੇ ਪੁਲ, ਉੱਚੇ ਅਤੇ ਭੂਮੀਗਤ ਸਟੇਸ਼ਨ ਦੀਆਂ ਇਮਾਰਤਾਂ, ਬਲਾਸਟਲੈੱਸ ਰੇਲ ਟ੍ਰੈਕ ਅਤੇ ਡਰਾਈਵਰ ਰਹਿਤ ਟ੍ਰੇਨ ਸੰਚਾਲਨ ਅਨੁਕੂਲ ਰੋਲਿੰਗ ਸਟੌਕ ਆਦਿ ਸ਼ਾਮਲ ਹਨ। ਮੈਟਰੋ ਟਰੇਨ ਸੈੱਟ ਇੱਕ ਊਰਜਾ ਕੁਸ਼ਲ ਪ੍ਰੋਪਲਸ਼ਨ ਪ੍ਰਣਾਲੀ ਨਾਲ ਲੈਸ ਹੈ। ਊਰਜਾ ਖਪਤ ਦਾ ਲਗਭਗ 30-35% ਬਚਾਉਂਦਾ ਹੈ। ਟ੍ਰੇਨ ਵਿੱਚ ਇੱਕ ਅਤਿ-ਆਧੁਨਿਕ ਸਸਪੈਂਸ਼ਨ ਸਿਸਟਮ ਹੈ ਜੋ ਯਾਤਰੀਆਂ ਨੂੰ ਇੱਕ ਬਹੁਤ ਹੀ ਆਰਾਮਦਾਇਕ ਸਵਾਰੀ ਦਾ ਅਨੁਭਵ ਪ੍ਰਦਾਨ ਕਰਦਾ ਹੈ। ਅਹਿਮਦਾਬਾਦ ਪੜਾਅ -1 ਮੈਟਰੋ ਪ੍ਰੋਜੈਕਟ ਦਾ ਉਦਘਾਟਨ ਸ਼ਹਿਰ ਦੇ ਲੋਕਾਂ ਨੂੰ ਵਿਸ਼ਵ-ਪੱਧਰੀ ਮਲਟੀ ਮਾਡਲ ਕਨੈਕਟੀਵਿਟੀ ਪ੍ਰਦਾਨ ਕਰੇਗਾ। ਭਾਰਤੀ ਰੇਲਵੇ ਅਤੇ ਬੱਸ ਪ੍ਰਣਾਲੀ (ਬੀਆਰਟੀਐੱਸ, ਜੀਐੱਸਆਰਟੀਐੱਸ ਅਤੇ ਸਿਟੀ ਬੱਸ ਸੇਵਾ) ਨਾਲ ਮਲਟੀ ਮਾਡਲ ਕਨੈਕਟੀਵਿਟੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਵਿੱਚ ਰੈਨੀਪ, ਵਦਜ, ਏਈਸੀ ਸਟੇਸ਼ਨ ਆਦਿ 'ਤੇ ਬੀਆਰਟੀਐੱਸ ਅਤੇ ਗਾਂਧੀਧਾਮ, ਕਾਲੂਪੁਰ ਅਤੇ ਸਾਬਰਮਤੀ ਸਟੇਸ਼ਨ 'ਤੇ ਭਾਰਤੀ ਰੇਲਵੇ ਨਾਲ ਕਨੈਕਟੀਵਿਟੀ ਸ਼ਾਮਲ ਹੈ। ਕਾਲੂਪੁਰ ਵਿਖੇ, ਮੈਟਰੋ ਲਾਈਨ ਨੂੰ ਮੁੰਬਈ ਅਤੇ ਅਹਿਮਦਾਬਾਦ ਨੂੰ ਜੋੜਨ ਵਾਲੀ ਹਾਈ ਸਪੀਡ ਰੇਲ ਪ੍ਰਣਾਲੀ ਨਾਲ ਜੋੜਿਆ ਜਾਵੇਗਾ।

ਪ੍ਰਧਾਨ ਮੰਤਰੀ ਗਾਂਧੀਨਗਰ ਅਤੇ ਮੁੰਬਈ ਵਿਚਕਾਰ ਵੰਦੇ ਭਾਰਤ ਐਕਸਪ੍ਰੈੱਸ ਦੇ ਨਵੇਂ ਅਤੇ ਅਪਗ੍ਰੇਡ ਕੀਤੇ ਐਡੀਸ਼ਨ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਵੰਦੇ ਭਾਰਤ ਐਕਸਪ੍ਰੈੱਸ ਉੱਤਮ ਦਰਜੇ ਦਾ ਅਤੇ ਏਅਰਕ੍ਰਾਫਟ ਵਰਗਾ ਸਫਰ ਕਰਨ ਦਾ ਅਨੁਭਵ ਪ੍ਰਦਾਨ ਕਰਦੀ ਹੈ। ਇਹ ਉੱਨਤ ਅਤਿ-ਆਧੁਨਿਕ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਹੈ, ਜਿਸ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਟ੍ਰੇਨ ਟੱਕਰ ਤੋਂ ਬਚਣ ਵਾਲੀ ਪ੍ਰਣਾਲੀ - ਕਵਚ (Train Collision Avoidance System - KAVACH) ਸ਼ਾਮਲ ਹੈ। ਸਾਰੀਆਂ ਸ਼੍ਰੇਣੀਆਂ ਵਿੱਚ ਬੈਠਣ ਵਾਲੀਆਂ ਸੀਟਾਂ ਹਨ, ਜਦਕਿ ਐਗਜ਼ੀਕਿਊਟਿਵ ਕੋਚਾਂ ਵਿੱਚ 180 ਡਿਗਰੀ ਘੁੰਮਣ ਵਾਲੀਆਂ ਸੀਟਾਂ ਦੀ ਅਤਿਰਿਕਤ ਵਿਸ਼ੇਸ਼ਤਾ ਹੈ। ਹਰੇਕ ਕੋਚ 32” ਸਕਰੀਨਾਂ ਨਾਲ ਲੈਸ ਹੈ, ਜੋ ਯਾਤਰੀਆਂ ਨੂੰ ਜਾਣਕਾਰੀ ਅਤੇ ਮਨੋਰੰਜਨ ਪ੍ਰਦਾਨ ਕਰਦਾ ਹੈ।

ਪ੍ਰਧਾਨ ਮੰਤਰੀ ਅੰਬਾਜੀ ਵਿੱਚ

ਪ੍ਰਧਾਨ ਮੰਤਰੀ ਅੰਬਾਜੀ ਵਿੱਚ 7200 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ 45,000 ਤੋਂ ਵੱਧ ਘਰਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ । ਪ੍ਰਧਾਨ ਮੰਤਰੀ ਪ੍ਰਸਾਦ ਯੋਜਨਾ ਦੇ ਤਹਿਤ ਤਰੰਗਾ ਹਿੱਲ - ਅੰਬਾਜੀ - ਆਬੂ ਰੋਡ ਨਵੀਂ ਬ੍ਰੌਡ ਗੇਜ਼ ਲਾਈਨ ਅਤੇ ਅੰਬਾਜੀ ਮੰਦਿਰ ਵਿੱਚ ਤੀਰਥ ਯਾਤਰਾ ਸੁਵਿਧਾਵਾਂ ਦੇ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਹ ਨਵੀਂ ਰੇਲ ਲਾਈਨ 51 ਸ਼ਕਤੀ ਪੀਠਾਂ ਵਿੱਚੋਂ ਇੱਕ, ਅੰਬਾਜੀ ਦੇ ਦਰਸ਼ਨ ਕਰਨ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਲਾਭ ਪਹੁੰਚਾਏਗੀ ਅਤੇ ਇਨ੍ਹਾਂ ਸਾਰੇ ਤੀਰਥ ਸਥਾਨਾਂ 'ਤੇ ਸ਼ਰਧਾਲੂਆਂ ਦੇ ਦਰਸ਼ਨ ਅਨੁਭਵ ਨੂੰ ਭਰਪੂਰ ਕਰੇਗੀ। ਹੋਰ ਪ੍ਰਾਜੈਕਟ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਏਅਰਫੋਰਸ ਸਟੇਸ਼ਨ, ਡੀਸਾ ਵਿਖੇ ਰਨਵੇਅ ਅਤੇ ਸਬੰਧਤ ਬੁਨਿਆਦੀ ਢਾਂਚੇ ਦਾ ਨਿਰਮਾਣ; ਅੰਬਾਜੀ ਬਾਈਪਾਸ ਰੋਡ ਸ਼ਾਮਲ ਹਨ।

ਪ੍ਰਧਾਨ ਮੰਤਰੀ ਪੱਛਮੀ ਮਾਲ ਸਮਰਪਿਤ ਕੌਰੀਡੋਰ ਦੇ 62 ਕਿਲੋਮੀਟਰ ਲੰਬੇ ਨਿਊ ਪਾਲਨਪੁਰ-ਨਿਊ ਮਹਿਸਾਣਾ ਸੈਕਸ਼ਨ ਅਤੇ 13 ਕਿਲੋਮੀਟਰ ਲੰਬੇ ਨਿਊ ਪਾਲਨਪੁਰ-ਨਿਊ ਚਟੋਦਰ ਸੈਕਸ਼ਨ (ਪਾਲਨਪੁਰ ਬਾਈਪਾਸ ਲਾਈਨ) ਦੀ ਵੀ ਸ਼ੁਰੂਆਤ ਕਰਨਗੇ। ਇਹ ਪੀਪਾਵਾਵ, ਦੀਨਦਿਆਲ ਪੋਰਟ ਅਥਾਰਿਟੀ (ਕਾਂਡਲਾ), ਮੁੰਦਰਾ ਅਤੇ ਗੁਜਰਾਤ ਦੀਆਂ ਹੋਰ ਬੰਦਰਗਾਹਾਂ ਨਾਲ ਸੰਪਰਕ ਵਧਾਏਗਾ। ਇਨ੍ਹਾਂ ਸੈਕਸ਼ਨਾਂ ਦੇ ਚੱਲਣ ਨਾਲ, ਪੱਛਮੀ ਮਾਲ ਸਮਰਪਿਤ ਕੌਰੀਡੋਰ ਦਾ 734 ਕਿਲੋਮੀਟਰ ਹਿੱਸਾ ਕਾਰਜਸ਼ੀਲ ਹੋ ਜਾਵੇਗਾ। ਇਸ ਹਿੱਸੇ ਦੇ ਚੱਲਣ ਨਾਲ ਗੁਜਰਾਤ ਦੇ ਮਹਿਸਾਣਾ-ਪਾਲਨਪੁਰ; ਰਾਜਸਥਾਨ ਵਿੱਚ ਸਵਰੂਪਗੰਜ, ਕੇਸ਼ਵਗੰਜ, ਕਿਸ਼ਨਗੜ੍ਹ; ਹਰਿਆਣਾ ਵਿੱਚ ਰੇਵਾੜੀ-ਮਾਨੇਸਰ ਅਤੇ ਨਾਰਨੌਲ ਦੇ ਉਦਯੋਗਾਂ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਮਿੱਠਾ - ਥਰੜ - ਡੀਸਾ ਮਾਰਗ ਨੂੰ ਚੌੜਾ ਕਰਨ ਸਮੇਤ ਕਈ ਸੜਕ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

 

 

********

ਡੀਐੱਸ/ਐੱਸਐੱਚ


(Release ID: 1863054) Visitor Counter : 155