ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਮਾਣਯੋਗ ਰਾਸ਼ਟਰਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ 76ਵੇਂ ਆਜ਼ਾਦੀ ਦਿਹਾੜੇ (ਸੁਤੰਤਰਤਾ ਦਿਵਸ) ਦੀ ਪੂਰਵ ਸੰਧਿਆ ਦੇ ਮੌਕੇ ’ਤੇ ਰਾਸ਼ਟਰ ਦੇ ਨਾਮ ਸੰਦੇਸ਼
Posted On:
14 AUG 2022 7:32PM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ,
ਨਮਸਕਾਰ।
ਛਿਹੱਤਰਵੇਂ ਆਜ਼ਾਦੀ ਦਿਹਾੜੇ (ਸੁਤੰਤਰਤਾ ਦਿਵਸ) ਦੀ ਪੂਰਵ ਸੰਧਿਆ ’ਤੇ ਦੇਸ਼ ਵਿਦੇਸ਼ ’ਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਮੈਂ ਹਾਰਦਿਕ ਵਧਾਈ ਦਿੰਦੀ ਹਾਂ। ਇਸ ਗੌਰਵਪੂਰਨ ਮੌਕੇ ’ਤੇ ਆਪ ਸਭ ਨੂੰ ਸੰਬੋਧਨ ਕਰਦਿਆਂ ਹੋਇਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇੱਕ ਆਜ਼ਾਦ ਦੇਸ਼ ਦੇ ਰੂਪ ’ਚ ਭਾਰਤ 75 ਵਰ੍ਹੇ ਪੂਰੇ ਕਰ ਰਿਹਾ ਹੈ। 14 ਅਗਸਤ ਦੇ ਦਿਨ ਨੂੰ ਵਿਭਾਜਨ-ਵਿਭੀਸ਼ਿਕਾ ਸਮ੍ਰਿਤੀ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਮ੍ਰਿਤੀ ਦਿਵਸ ਨੂੰ ਮਨਾਉਣ ਦਾ ਮਕਸਦ ਸਮਾਜਿਕ ਸਦਭਾਵਨਾ, ਮਨੁੱਖੀ ਸਸ਼ਕਤੀਕਰਣ ਅਤੇ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। 15 ਅਗਸਤ 1947 ਦੇ ਦਿਨ ਅਸੀਂ ਬਸਤੀਵਾਦੀ ਸਾਸ਼ਨ ਦੀਆਂ ਬੇੜੀਆਂ ਨੂੰ ਕੱਟ ਦਿੱਤਾ ਸੀ। ਉਸ ਦਿਨ ਅਸੀਂ ਆਪਣੀ ਤਕਦੀਰ ਨੂੰ ਨਵਾਂ ਸਵਰੂਪ ਦੇਣ ਦਾ ਫ਼ੈਸਲਾ ਲਿਆ ਸੀ। ਉਸ ਸ਼ੁਭ ਦਿਨ ਦੀ ਵਰ੍ਹੇਗੰਢ ਮਨਾਉਂਦੇ ਹੋਏ ਅਸੀਂ ਲੋਕ ਸਾਰੇ ਸੁਤੰਤਰਤਾ ਸੈਨਾਨੀਆਂ ਨੂੰ ਸਾਦਰ ਨਮਨ ਕਰਦੇ ਹਾਂ। ਉਨ੍ਹਾਂ ਨੇ ਆਪਣਾ ਸਭ ਕੁਝ ਬਲੀਦਾਨ ਕਰ ਦਿੱਤਾ ਤਾਕਿ ਅਸੀਂ ਸਾਰੇ ਇੱਕ ਆਜ਼ਾਦ ਭਾਰਤ ’ਚ ਸਾਹ ਲੈ ਸਕੀਏ।
ਭਾਰਤ ਦੀ ਆਜ਼ਾਦੀ ਸਾਡੇ ਨਾਲ-ਨਾਲ ਦੁਨੀਆ ਦੇ ਲੋਕਤੰਤਰ ਦੇ ਹਰ ਸਮਰਥਕ ਲਈ ਜਸ਼ਨ (ਉਤਸਵ) ਦਾ ਵਿਸ਼ਾ ਹੈ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਅਨੇਕ ਅੰਤਰਰਾਸ਼ਟਰੀ ਨੇਤਾਵਾਂ ਅਤੇ ਵਿਚਾਰਕਾਂ ਨੇ ਸਾਡੀ ਲੋਕਤਾਂਤਰਿਕ ਸ਼ਾਸਨ ਪ੍ਰਣਾਲੀ ਦੀ ਸਫ਼ਲਤਾ ਦੇ ਵਿਸ਼ੇ ’ਚ ਸ਼ੰਕਾ ਜ਼ਾਹਿਰ ਕੀਤੀ ਸੀ। ਉਨ੍ਹਾਂ ਦੀ ਇਸ ਸ਼ੰਕਾ ਦੇ ਕਈ ਕਾਰਨ ਵੀ ਸਨ। ਉਨ੍ਹੀਂ ਦਿਨੀਂ ਲੋਕਤੰਤਰ ਆਰਥਿਕ ਤੌਰ ’ਤੇ ਉੱਨਤ ਰਾਸ਼ਟਰਾਂ ਤੱਕ ਹੀ ਸੀਮਿਤ ਸੀ। ਵਿਦੇਸ਼ੀ ਸ਼ਾਸਕਾਂ ਨੇ ਵਰ੍ਹਿਆਂ ਤੱਕ ਭਾਰਤ ਦਾ ਸ਼ੋਸ਼ਣ ਕੀਤਾ ਸੀ। ਇਸ ਕਾਰਨ ਭਾਰਤ ਦੇ ਲੋਕ ਗ਼ਰੀਬੀ ਅਤੇ ਅਨਪੜ੍ਹਤਾ ਨਾਲ ਜੂਝ ਰਹੇ ਸਨ। ਪਰ ਭਾਰਤਵਾਸੀਆਂ ਨੇ ਉਨ੍ਹਾਂ ਲੋਕਾਂ ਦੀਆਂ ਆਸ਼ੰਕਾਂਵਾ ਨੂੰ ਗ਼ਲਤ ਸਾਬਤ ਕਰ ਦਿੱਤਾ। ਭਾਰਤ ਦੀ ਮਿੱਟੀ ’ਚ ਲੋਕਤੰਤਰ ਦੀਆਂ ਜੜ੍ਹਾ ਲਗਾਤਾਰ ਡੂੰਘੀਆਂ ਅਤੇ ਮਜ਼ਬੂਤ ਹੁੰਦੀਆਂ ਗਈਆਂ।
ਜ਼ਿਆਦਾਤਰ ਲੋਕਤਾਂਤਰਿਕ ਦੇਸ਼ਾਂ ’ਚ ਵੋਟ ਦੇਣ ਦਾ ਅਧਿਕਾਰ ਹਾਸਲ ਕਰਨ ਲਈ ਮਹਿਲਾਵਾਂ ਨੂੰ ਲੰਬੇ ਸਮੇਂ ਤੱਕ ਸੰਘਰਸ਼ ਕਰਨਾ ਪਿਆ ਸੀ। ਪਰ ਸਾਡੇ ਗਣਤੰਤਰ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਸਰਬ-ਵਿਆਪਕ ਬਾਲਗ਼ ਵੋਟ ਦੇ ਅਧਿਕਾਰ ਨੂੰ ਅਪਣਾਇਆ। ਇਸ ਤਰ੍ਹਾਂ ਆਧੁਨਿਕ ਭਾਰਤ ਦੇ ਨਿਰਮਾਤਾਵਾਂ ਨੇ ਹਰੇਕ ਬਾਲਗ਼ ਨਾਗਰਿਕ ਨੂੰ ਰਾਸ਼ਟਰ ਨਿਰਮਾਣ ਦੀ ਸਮੂਹਿਕ (ਸਾਂਝੀ) ਪ੍ਰਕਿਰਿਆ ’ਚ ਭਾਗ ਲੈਣ ਦਾ ਮੌਕਾ ਪ੍ਰਦਾਨ ਕੀਤਾ। ਭਾਰਤ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਸ ਨੇ ਵਿਸ਼ਵ ਭਾਈਚਾਰੇ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਤੋਂ ਜਾਣੂ ਕਰਵਾਇਆ।
ਮੈਂ ਮੰਨਦੀ ਹਾਂ ਕਿ ਭਾਰਤ ਦੀ ਇਹ ਪ੍ਰਾਪਤੀ ਸਿਰਫ਼ ਸੰਜੋਗ ਨਹੀਂ ਸੀ। ਸੱਭਿਅਤਾ ਦੇ ਅਰੰਭ ਵਿੱਚ ਹੀ ਭਾਰਤ-ਭੂਮੀ ਦੇ ਸੰਤਾਂ ਅਤੇ ਮਹਾਤਮਾਵਾਂ ਨੇ ਸਾਰੇ ਪ੍ਰਾਣੀਆਂ ਦੀ ਸਮਾਨਤਾ ਅਤੇ ਏਕਤਾ ’ਤੇ ਅਧਾਰਿਤ ਜੀਵਨ ਦ੍ਰਿਸ਼ਟੀ ਵਿਕਸਿਤ ਕਰ ਲਈ ਸੀ। ਮਹਾਤਮਾ ਗਾਂਧੀ ਜਿਹੇ ਮਹਾਨਾਇਕਾਂ ਦੀ ਨੁਮਾਇੰਦਗੀ ’ਚ ਹੋਏ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਸਾਡੀਆਂ ਪੁਰਾਤਨ ਜੀਵਨ ਦੀਆਂ ਕਦਰਾਂ ਨੂੰ ਅਜੋਕੇ ਯੁਗ ਵਿੱਚ ਫਿਰ ਤੋਂ ਸਥਾਪਿਤ ਕੀਤਾ ਗਿਆ। ਇਸੇ ਕਾਰਨ ਸਾਡੇ ਲੋਕਤੰਤਰ ਵਿੱਚ ਭਾਰਤੀਅਤਾ ਦੇ ਤੱਤ ਦਿਖਾਈ ਦਿੰਦੇ ਹਨ। ਗਾਂਧੀ ਜੀ ਸੱਤਾ ਦੇ ਵਿਕੇਂਦਰੀਕਰਣ ਅਤੇ ਜਨ-ਸਾਧਾਰਣ ਨੂੰ ਅਧਿਕਾਰ-ਸੰਪੰਨ ਬਣਾਉਣ ਦੇ ਹਿਮਾਇਤੀ ਸਨ।
ਪਿਛਲੇ 75 ਹਫ਼ਤਿਆਂ ਤੋਂ ਸਾਡੇ ਦੇਸ਼ ’ਚ ਸੁਤੰਤਰਤਾ ਸੰਗ੍ਰਾਮ ਦੇ ਮਹਾਨ ਆਦਰਸ਼ਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਾਰਚ 2021 ’ਚ ਦਾਂਡੀ ਯਾਤਰਾ ਦੀ ਯਾਦ ਨੂੰ ਮੁੜ ਤੋਂ ਜੀਵੰਤ ਰੂਪ ਦੇ ਕੇ ਸ਼ੁਰੂ ਕੀਤਾ ਗਿਆ। ਉਸ ਅੰਦੋਲਨ ਨੇ ਸਾਡੇ ਸੰਘਰਸ਼ ਨੂੰ ਸੰਸਾਰ ਦੇ ਨਕਸ਼ੇ ’ਤੇ ਸਥਾਪਿਤ ਕੀਤਾ। ਉਸ ਨੂੰ ਸਨਮਾਨ ਦੇ ਕੇ ਸਾਡੇ ਇਸ ਮਹੋਤਸਵ ਦੀ ਸ਼ੁਰੂਆਤ ਕੀਤੀ ਗਈ। ਇਹ ਮਹੋਤਸਵ ਭਾਰਤ ਦੀ ਜਨਤਾ ਨੂੰ ਸਮਰਪਿਤ ਹੈ। ਦੇਸ਼ਵਾਸੀਆਂ ਦੁਆਰਾ ਹਾਸਲ ਕੀਤੀ ਗਈ ਸਫ਼ਲਤਾ ਦੇ ਅਧਾਰ ’ਤੇ ‘ਆਤਮਨਿਰਭਰ ਭਾਰਤ’ ਦੇ ਨਿਰਮਾਣ ਦਾ ਸੰਕਲਪ ਵੀ ਇਸ ਉਤਸਵ ਦਾ ਹਿੱਸਾ ਹੈ। ਹਰ ਉਮਰ ਦੇ ਨਾਗਰਿਕ ਪੂਰੇ ਦੇਸ਼ ’ਚ ਆਯੋਜਿਤ ਇਸ ਮਹੋਤਸਵ ਦੇ ਪ੍ਰੋਗਰਾਮਾਂ ’ਚ ਉਤਸ਼ਾਹਪੂਰਵਕ ਭਾਗ ਲੈ ਰਹੇ ਹਨ। ਇਹ ਸ਼ਾਨਦਾਰ ਮਹੋਤਸਵ ਹੁਣ ‘ਹਰ ਘਰ ਤਿਰੰਗਾ ਅਭਿਯਾਨ’ ਦੇ ਨਾਲ ਅੱਗੇ ਵਧ ਰਿਹਾ ਹੈ। ਅੱਜ ਦੇਸ਼ ਦੇ ਕੋਨੇ ਕੋਨੇ ’ਚ ਸਾਡਾ ਤਿਰੰਗਾ ਸ਼ਾਨ ਨਾਲ ਲਹਿਰਾ ਰਿਹਾ ਹੈ। ਆਜ਼ਾਦੀ ਅੰਦੋਲਨ ਦੇ ਆਦਰਸ਼ਾਂ ਦੇ ਪ੍ਰਤੀ ਇੰਨੇ ਵਿਸ਼ਾਲ ਪੱਧਰ ’ਤੇ ਲੋਕਾਂ ’ਚ ਜਾਗਰੂਕਤਾ ਨੂੰ ਦੇਖ ਕੇ ਸਾਡੇ ਸੁਤੰਤਰਤਾ ਸੈਨਾਨੀ ਜ਼ਰੂਰ ਪ੍ਰਫੁੱਲਿਤ ਹੋਏ ਹੁੰਦੇ।
ਸਾਡਾ ਗੌਰਵਸ਼ਾਲੀ ਸੁਤੰਤਰਤਾ ਸੰਗ੍ਰਾਮ ਇਸ ਵਿਸ਼ਾਲ ਭਾਰਤ-ਭੂਮੀ ’ਚ ਬਹਾਦਰੀ ਦੇ ਨਾਲ ਸੰਚਾਲਿਤ ਹੁੰਦਾ ਰਿਹਾ। ਅਨੇਕ ਮਹਾਨ ਸੁਤੰਤਰਤਾ ਸੈਨਾਨੀਆਂ ਨੇ ਵੀਰਤਾ ਦੀਆਂ ਉਦਾਹਰਣਾਂ ਪੇਸ਼ ਕੀਤੀਆਂ ਅਤੇ ਰਾਸ਼ਟਰ ਜਾਗਰਣ ਦੀ ਮਸ਼ਾਲ ਅਗਲੀ ਪੀੜ੍ਹੀ ਦੇ ਹਵਾਲੇ ਕੀਤੀ। ਅਨੇਕ ਵੀਰ ਜੋਧਿਆਂ ਅਤੇ ਉਨ੍ਹਾਂ ਦੇ ਸੰਘਰਸ਼ਾਂ ਵਿਸ਼ੇਸ਼ ਕਰਕੇ ਕਿਸਾਨਾਂ ਅਤੇ ਆਦਿਵਾਸੀ ਸਮੁਦਾਇ ਦੇ ਵੀਰਾਂ ਦਾ ਯੋਗਦਾਨ ਇੱਕ ਲੰਬੇ ਸਮੇਂ ਤੱਕ ਸਮੂਹਿਕ ਸਮ੍ਰਿਤੀ ਤੋਂ ਬਾਹਰ ਰਿਹਾ। ਪਿਛਲੇ ਸਾਲ ਤੋਂ ਹਰ 15 ਨਵੰਬਰ ਨੂੰ ‘ਜਨ-ਜਾਤੀਯ ਗੌਰਵ ਦਿਵਸ’ ਦੇ ਰੂਪ ’ਚ ਮਨਾਉਣ ਦਾ ਸਰਕਾਰ ਦਾ ਫ਼ੈਸਲਾ ਸੁਆਗਤ-ਯੋਗ ਹੈ। ਸਾਡੇ ਜਨ-ਜਾਤੀਯ ਮਹਾਨਾਇਕ ਸਿਰਫ਼ ਸਥਾਨਕ ਜਾਂ ਖੇਤਰੀ ਪ੍ਰਤੀਕ ਹੀ ਨਹੀਂ ਹਨ ਬਲਕਿ ਉਹ ਪੂਰੇ ਦੇਸ਼ ਦੇ ਲਈ ਪ੍ਰੇਰਣਾ ਦਾ ਸਰੋਤ ਹਨ।
ਪਿਆਰੇ ਦੇਸ਼ਵਾਸੀਓ,
ਇੱਕ ਰਾਸ਼ਟਰ ਦੇ ਲਈ, ਖ਼ਾਸ ਤੌਰ ’ਤੇ ਭਾਰਤ ਜਿਹੇ ਪ੍ਰਾਚੀਨ ਦੇਸ਼ ਦੇ ਲੰਬੇ ਇਤਿਹਾਸ ਵਿੱਚ, 75 ਵਰ੍ਹਿਆਂ ਦਾ ਸਮਾਂ ਬਹੁਤ ਛੋਟਾ ਜਾਪਦਾ ਹੈ। ਲੇਕਿਨ ਵਿਅਕਤੀਗਤ ਪੱਧਰ ’ਤੇ ਇਹ ਕਾਲ-ਖੰਡ (ਦੌਰ) ਇੱਕ ਜੀਵਨ ਯਾਤਰਾ ਜਿਹਾ ਹੈ। ਸਾਡੇ ਬਜ਼ੁਰਗ ਨਾਗਰਿਕਾਂ ਨੇ ਆਪਣੇ ਜੀਵਨ ਕਾਲ ’ਚ ਅਦਭੁਤ ਪਰਿਵਰਤਨ ਦੇਖੇ ਹਨ। ਉਹ ਗਵਾਹ ਹਨ ਕਿ ਕਿਵੇਂ ਆਜ਼ਾਦੀ ਤੋਂ ਬਾਅਦ ਸਾਰੀਆਂ ਪੀੜ੍ਹੀਆਂ ਨੇ ਸਖ਼ਤ ਮਿਹਨਤ ਕੀਤੀ, ਵਿਸ਼ਾਲ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਆਪ ਆਪਣੇ ਤਕਦੀਰ-ਨਿਰਮਾਤਾ (ਭਾਗ-ਵਿਧਾਤਾ) ਬਣੇ। ਇਸ ਦੌਰ ’ਚ ਅਸੀਂ ਜੋ ਕੁਝ ਸਿੱਖਿਆ ਹੈ, ਉਹ ਸਭ ਉਪਯੋਗ ਸਾਬਤ ਹੋਵੇਗਾ, ਕਿਉਂਕਿ ਅਸੀਂ ਰਾਸ਼ਟਰ ਦੀ ਯਾਤਰਾ ’ਚ ਇੱਕ ਇਤਿਹਾਸਿਕ ਪੜਾਅ ਵੱਲ ਅੱਗੇ ਵਧ ਰਹੇ ਹਾਂ। ਅਸੀਂ ਸਾਰੇ 2047 ਵਿੱਚ ਆਜ਼ਾਦੀ ਦੇ ਸ਼ਤਾਬਦੀ-ਉਤਸਵ ਤੱਕ ਦੀ 25 ਵਰ੍ਹੇ ਦੀ ਅਵਧੀ ਯਾਨੀ ਭਾਰਤ ਦੇ ਅੰਮ੍ਰਿਤ-ਕਾਲ ’ਚ ਪ੍ਰਵੇਸ਼ ਕਰ ਰਹੇ ਹਾਂ।
ਸਾਡਾ ਸੰਕਲਪ ਹੈ ਕਿ ਸਾਲ 2047 ਤੱਕ ਅਸੀਂ ਆਪਣੇ ਆਜ਼ਾਦੀ ਘੁਲਾਟੀਆਂ (ਸੁਤੰਤਰਤਾ ਸੈਨਾਨੀਆਂ) ਦੇ ਸੁਪਨਿਆਂ ਨੂੰ ਪੂਰੀ ਤਰ੍ਹਾਂ ਸਾਕਾਰ ਕਰ ਲਵਾਂਗੇ। ਇਸੇ ਕਾਲ ਖੰਡ ’ਚ ਅਸੀਂ ਬਾਬਾ ਸਾਹਬ ਭੀਮਰਾਓ ਅੰਬੇਡਕਰ ਦੀ ਅਗਵਾਈ ’ਚ ਸੰਵਿਧਾਨ ਦਾ ਨਿਰਮਾਣ ਕਰਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਦੇ vision ਨੂੰ ਸਾਕਾਰ ਕਰ ਚੁੱਕੇ ਹੋਵਾਂਗੇ। ਇੱਕ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਤਾਂ ਅਸੀਂ ਪਹਿਲਾਂ ਤੋਂ ਹੀ ਤਤਪਰ ਹਾਂ। ਉਹ ਇੱਕ ਅਜਿਹਾ ਭਾਰਤ ਹੋਵੇਗਾ ਜੋ ਆਪਣੀਆਂ ਸੰਭਾਵਨਾਵਾਂ ਨੂੰ ਸਾਕਾਰ ਕਰ ਚੁੱਕਿਆ ਹੋਵੇਗਾ।
ਦੁਨੀਆ ਨੇ ਹਾਲ ਦੇ ਵਰ੍ਹਿਆਂ ’ਚ ਇੱਕ ਨਵੇਂ ਭਾਰਤ ਨੂੰ ਉੱਭਰਦੇ ਹੋਏ ਦੇਖਿਆ ਹੈ, ਖਾਸ ਕਰਕੇ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ। ਇਸ ਮਹਾਮਾਰੀ ਦਾ ਸਾਹਮਣਾ ਅਸੀਂ ਜਿਸ ਤਰ੍ਹਾਂ ਕੀਤਾ ਹੈ, ਉਸ ਦੀ ਸਭ ਪਾਸੇ ਸ਼ਲਾਘਾ ਕੀਤੀ ਗਈ ਹੈ। ਅਸੀਂ ਦੇਸ਼ ਵਿੱਚ ਹੀ ਬਣੀ ਵੈਕਸੀਨ ਦੇ ਨਾਲ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਯਾਨ ਸ਼ੁਰੂ ਕੀਤਾ। ਪਿਛਲੇ ਮਹੀਨੇ ਅਸੀਂ ਦੋ ਸੌ ਕਰੋੜ ਵੈਕਸੀਨ ਕਵਰੇਜ ਦਾ ਆਂਕੜਾ ਪਾਰ ਕਰ ਲਿਆ ਹੈ। ਇਸ ਮਹਾਮਾਰੀ ਦਾ ਸਾਹਮਣਾ ਕਰਨ ’ਚ ਸਾਡੀਆਂ ਪ੍ਰਾਪਤੀਆਂ ਦੁਨੀਆ ਦੇ ਅਨੇਕ ਵਿਕਸਿਤ ਦੇਸ਼ਾਂ ਨਾਲੋਂ ਜ਼ਿਆਦਾ ਰਹੀਆਂ ਹਨ। ਇਸ ਕਾਬਿਲੇ-ਤਾਰੀਫ਼ ਉਪਲਬਧੀ ਲਈ ਅਸੀਂ ਆਪਣੇ ਵਿਗਿਆਨੀਆਂ, ਡਾਕਟਰਾਂ, ਨਰਸਾਂ, ਪੈਰਾਮੈਡਿਕਸ ਅਤੇ ਟੀਕਾਕਰਣ ਨਾਲ ਜੁੜੇ ਕਰਮਚਾਰੀਆਂ ਦੇ ਆਭਾਰੀ ਹਾਂ। ਇਸ ਆਪਦਾ ਵਿੱਚ ਕੋਰੋਨਾ ਜੋਧਿਆਂ ਦੁਆਰਾ ਕੀਤਾ ਗਿਆ ਯੋਗਦਾਨ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾਯੋਗ ਹੈ।
ਕੋਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਵਿੱਚ ਮਨੁੱਖੀ-ਜੀਵਨ ਅਤੇ ਅਰਥਵਿਵਸਥਾਵਾਂ ’ਤੇ ਸਖ਼ਤ ਹਮਲਾ ਕੀਤਾ ਹੈ। ਜਦੋਂ ਦੁਨੀਆ ਇਸ ਗੰਭੀਰ ਸੰਕਟ ਦੇ ਆਰਥਿਕ ਨਤੀਜਿਆਂ ਨਾਲ ਜੂਝ ਰਹੀ ਸੀ, ਤਦ ਭਾਰਤ ਨੇ ਖ਼ੁਦ ਨੂੰ ਸੰਭਾਲ਼ਿਆ ਅਤੇ ਹੁਣ ਮੁੜ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਲਗਿਆ ਹੈ। ਇਸ ਸਮੇਂ ਭਾਰਤ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਭਾਰਤ ਦੇ Start-up eco-system ਦਾ ਦੁਨੀਆ ’ਚ ਉੱਚਾ ਸਥਾਨ ਹੈ। ਸਾਡੇ ਦੇਸ਼ ’ਚ start ups ਦੀ ਸਫ਼ਲਤਾ, ਵਿਸ਼ੇਸ਼ ਕਰਕੇ unicorns ਦੀ ਵਧਦੀ ਹੋਈ ਸੰਖਿਆ, ਸਾਡੀ ਉਦਯੋਗਿਕ ਪ੍ਰਗਤੀ ਦੀ ਸ਼ਾਨਦਾਰ ਉਦਾਹਰਣ ਹੈ। ਵਿਸ਼ਵ ਵਿੱਚ ਚਲ ਰਹੀ ਆਰਥਿਕ ਕਠਿਨਾਈ ਦੇ ਉਲਟ, ਭਾਰਤ ਦੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਦਾ ਕ੍ਰੈਡਿਟ ਸਰਕਾਰ ਅਤੇ ਨੀਤੀ-ਨਿਰਮਾਤਾਵਾਂ ਨੂੰ ਜਾਂਦਾ ਹੈ। ਪਿਛਲੇ ਕੁਝ ਵਰ੍ਹਿਆਂ ਦੇ ਦੌਰਾਨ physical ਅਤੇ digital Infrastructure ਦੇ ਵਿਕਾਸ ’ਚ ਸ਼ਾਨਦਾਰ ਪ੍ਰਗਤੀ ਹੋਈ ਹੈ। ਪ੍ਰਧਾਨ ਮੰਤਰੀ ਗਤੀ-ਸ਼ਕਤੀ ਯੋਜਨਾ ਦੇ ਦੁਆਰਾ ਕਨੈਕਟੀਵਿਟੀ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਟ੍ਰਾਂਸਪੋਰਟੇਸ਼ਨ ਦੇ ਜਲ, ਥਲ, ਵਾਯੂ ਆਦਿ ’ਤੇ ਅਧਾਰਿਤ ਸਾਰੇ ਸਾਧਨਾਂ ਨੂੰ ਚੰਗੀ ਤਰ੍ਹਾਂ ਇੱਕ ਦੂਸਰੇ ਦੇ ਨਾਲ ਜੋੜ ਕੇ ਪੂਰੇ ਦੇਸ਼ ’ਚ ਆਵਾਗਮਨ ਨੂੰ ਸੁਖਾਲਾ ਬਣਾਇਆ ਜਾ ਰਿਹਾ ਹੈ। ਪ੍ਰਗਤੀ ਦੇ ਪ੍ਰਤੀ ਸਾਡੇ ਦੇਸ਼ ’ਚ ਦਿਖਾਈ ਦੇ ਰਹੇ ਉਤਸ਼ਾਹ ਦਾ ਕ੍ਰੈਡਿਟ ਸਖ਼ਤ ਮਿਹਨਤ ਕਰਨ ਵਾਲੇ ਸਾਡੇ ਕਿਸਾਨ ਅਤੇ ਮਜ਼ਦੂਰ ਭੈਣ-ਭਰਾਵਾਂ ਨੂੰ ਵੀ ਜਾਂਦਾ ਹੈ। ਨਾਲ ਹੀ ਕਾਰੋਬਾਰ ਦੀ ਸੂਝ-ਬੂਝ ਨਾਲ ਸਮ੍ਰਿੱਧੀ ਦੀ ਸਿਰਜਣਾ ਕਰਨ ਵਾਲੇ ਸਾਡੇ ਉੱਦਮੀਆਂ ਨੂੰ ਵੀ ਜਾਂਦਾ ਹੈ। ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਕਿ ਦੇਸ਼ ਦਾ ਆਰਥਿਕ ਵਿਕਾਸ ਹੋਰ ਜ਼ਿਆਦਾ ਸ਼ਮਾਵੇਸ਼ੀ ਹੁੰਦਾ ਦਾ ਰਿਹਾ ਹੈ ਅਤੇ ਖੇਤਰੀ ਬਿਖਮਤਾਵਾਂ ਵੀ ਘੱਟ ਹੋ ਰਹੀਆਂ ਹਨ।
ਪਰ ਇਹ ਤਾਂ ਸਿਰਫ਼ ਸ਼ੁਰੂਆਤ ਹੀ ਹੈ। ਦੂਰਗਾਮੀ ਨਤੀਜਿਆਂ ਵਾਲੇ ਸੁਧਾਰਾਂ ਅਤੇ ਨੀਤੀਆਂ ਦੁਆਰਾ ਇਨ੍ਹਾਂ ਤਬਦੀਲੀਆਂ ਦੀ ਅਧਾਰ-ਭੂਮੀ ਪਹਿਲਾਂ ਤੋਂ ਹੀ ਤਿਆਰ ਕੀਤੀ ਜਾ ਰਹੀ ਸੀ। ਉਦਾਹਰਣ ਦੇ ਲਈ ‘Digital India’ ਮੁਹਿੰਮ ਦੁਆਰਾ ਗਿਆਨ ’ਤੇ ਅਧਾਰਿਤ ਅਰਥਵਿਵਸਥਾ ਦੀ ਅਧਾਰਸ਼ਿਲਾ ਸਥਾਪਿਤ ਕੀਤੀ ਜਾ ਰਹੀ ਹੈ। ‘ਰਾਸ਼ਟਰੀ ਸਿੱਖਿਆ ਨੀਤੀ’ ਦਾ ਉਦੇਸ਼ ਆਉਣ ਵਾਲੀ ਪੀੜ੍ਹੀ ਨੂੰ ਉਦਯੋਗਿਕ ਕ੍ਰਾਂਤੀ ਦੇ ਅਗਲੇ ਪੜ੍ਹਾਅ ਦੇ ਲਈ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਸਾਡੀ ਵਿਰਾਸਤ ਦੇ ਨਾਲ ਫਿਰ ਤੋਂ ਜੋੜਨਾ ਵੀ ਹੈ।
ਆਰਥਿਕ ਪ੍ਰਗਤੀ ਨਾਲ ਦੇਸ਼ਵਾਸੀਆਂ ਦਾ ਜੀਵਨ ਹੋਰ ਵੀ ਸੌਖਾ ਹੁੰਦਾ ਜਾ ਰਿਹਾ ਹੈ। ਆਰਥਿਕ ਸੁਧਾਰਾਂ ਦੇ ਨਾਲ-ਨਾਲ ਜਨ-ਕਲਿਆਣ ਦੇ ਨਵੇਂ ਕਦਮ ਵੀ ਉਠਾਏ ਜਾ ਰਹੇ ਹਨ। ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਦੀ ਸਹਾਇਤਾ ਨਾਲ ਗ਼ਰੀਬ ਦੇ ਪਾਸ ਖ਼ੁਦ ਦਾ ਘਰ ਹੋਣਾ ਹੁਣ ਇੱਕ ਸੁਪਨਾ ਨਹੀਂ ਰਹਿ ਗਿਆ ਹੈ ਬਲਕਿ ਸਚਾਈ ਦਾ ਰੂਪ ਲੈ ਚੁੱਕਿਆ ਹੈ। ਇਸੇ ਤਰ੍ਹਾਂ ‘ਜਲ ਜੀਵਨ ਮਿਸ਼ਨ’ ਦੇ ਤਹਿਤ ‘ਹਰ ਘਰ ਜਲ’ ਯੋਜਨਾ ’ਤੇ ਕੰਮ ਚਲ ਰਿਹਾ ਹੈ।
ਇਨ੍ਹਾਂ ਉਪਰਾਲਿਆਂ ਦਾ ਅਤੇ ਇਸੇ ਤਰ੍ਹਾਂ ਦੇ ਹੋਰ ਪ੍ਰਯਤਨਾਂ ਦਾ ਉਦੇਸ਼ ਸਾਰਿਆਂ ਨੂੰ, ਵਿਸ਼ੇਸ਼ ਕਰਕੇ ਗ਼ਰੀਬਾਂ ਨੂੰ, ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨਾ ਹੈ। ਭਾਰਤ ਵਿੱਚ ਅੱਜ ਸੰਵੇਦਨਸ਼ੀਲਤਾ ਤੇ ਕਰੁਣਾ (ਦਇਆ) ਦੀਆਂ ਜੀਵਨ ਕਦਰਾਂ-ਕੀਮਤਾਂ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ। ਜੀਵਨ ਦੀਆਂ ਇਨ੍ਹਾਂ ਕਦਰਾਂ-ਕੀਮਤਾਂ ਦਾ ਮੁੱਖ ਉਦੇਸ਼ ਸਾਡੇ ਵੰਚਿਤ, ਜ਼ਰੂਰਤਮੰਦ ਅਤੇ ਸਮਾਜ ਦੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ। ਸਾਡੀਆਂ ਰਾਸ਼ਟਰੀ ਕਦਰਾਂ-ਕੀਮਤਾਂ ਨੂੰ, ਨਾਗਰਿਕਾਂ ਦੇ ਮੂਲ ਕਰਤੱਵਾਂ ਦੇ ਰੂਪ ’ਚ ਭਾਰਤ ਦੇ ਸੰਵਿਧਾਨ ’ਚ ਸ਼ਾਮਲ ਕੀਤਾ ਗਿਆ ਹੈ। ਦੇਸ਼ ਦੇ ਹਰੇਕ ਨਾਗਰਿਕ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੇ ਮੂਲ ਕਰਤੱਵਾਂ ਬਾਰੇ ਜਾਣਨ, ਉਨ੍ਹਾਂ ਦਾ ਪਾਲਨ ਕਰਨ, ਜਿਸ ਨਾਲ ਸਾਡਾ ਰਾਸ਼ਟਰ ਨਵੀਆਂ ਉਚਾਈਆਂ ਨੂੰ ਛੂਹ ਸਕੇ।
ਪਿਆਰੇ ਦੇਸ਼ਵਾਸੀਓ,
ਅੱਜ ਦੇਸ਼ ਵਿੱਚ ਸਿਹਤ, ਸਿੱਖਿਆ ਤੇ ਅਰਥਵਿਵਸਥਾ ਅਤੇ ਇਨ੍ਹਾਂ ਨਾਲ ਜੁੜੇ ਹੋਰ ਖੇਤਰਾਂ ’ਚ ਜੋ ਚੰਗੇ ਬਦਲਾਅ ਨਜ਼ਰ ਆ ਰਹੇ ਹਨ, ਉਨ੍ਹਾਂ ਦੇ ਮੂਲ ’ਚ ਸੁਸ਼ਾਸਨ ’ਤੇ ਵਿਸ਼ੇਸ਼ ਜ਼ੋਰ ਦਿੱਤੇ ਜਾਣ ਦੀ ਵਿਸ਼ੇਸ਼ ਭੂਮਿਕਾ ਹੈ। ਜਦੋਂ, ਰਾਸ਼ਟਰ ‘ਸਭ ਤੋਂ ਉੱਪਰ’ ਦੀ ਭਾਵਨਾ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਉਸ ਦਾ ਪ੍ਰਭਾਵ ਹਰੇਕ ਫ਼ੈਸਲੇ ਅਤੇ ਕਾਰਜ-ਖੇਤਰ ’ਚ ਦਿਖਾਈ ਦਿੰਦਾ ਹੈ। ਇਹ ਬਦਲਾਅ ਵਿਸ਼ੲ ਸਮੁਦਾਇ ਵਿੱਚ ਭਾਰਤ ਦੀ ਪ੍ਰਤਿਸ਼ਠਾ ’ਚ ਵੀ ਦਿਖਾਈ ਦੇ ਰਿਹਾ ਹੈ।
ਭਾਰਤ ਦੇ ਨਵੇਂ ਆਤਮ-ਵਿਸ਼ਵਾਸ ਦਾ ਸਰੋਤ ਦੇਸ਼ ਦੇ ਯੁਵਾ, ਕਿਸਾਨ ਅਤੇ ਸਭ ਤੋਂ ਵਧ ਕੇ ਦੇਸ਼ ਦੀਆਂ ਮਹਿਲਾਵਾਂ ਹਨ। ਹੁਣ ਦੇਸ਼ ’ਚ ਇਸਤਰੀ-ਪੁਰਸ਼ ਦੇ ਅਧਾਰ ’ਤੇ ਅਸਮਾਨਤਾ ਘੱਟ ਹੋ ਰਹੀ ਹੈ। ਮਹਿਲਾਵਾਂ ਅਨੇਕ ਰੁੜ੍ਹੀਆਂ ਅਤੇ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਅੱਗੇ ਵਧ ਰਹੀਆਂ ਹਨ। ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ’ਚ ਉਨ੍ਹਾਂ ਦੀ ਵਧਦੀ ਭਾਗੀਦਾਰੀ ਨਿਰਣਾਇਕ ਸਾਬਤ ਹੋਵੇਗੀ। ਅੱਜ ਸਾਡੀਆਂ ਪੰਚਾਇਤੀ ਰਾਜ ਸੰਸਥਾਵਾਂ ’ਚ ਚੁਣੀਆਂ ਗਈਆਂ ਮਹਿਲਾਂ ਪ੍ਰਤੀਨਿਧੀਆਂ ਦੀ ਗਿਣਤੀ ਚੌਦਾਂ ਲੱਖ ਤੋਂ ਕਿਤੇ ਜ਼ਿਆਦਾ ਹੈ।
ਸਾਡੇ ਦੇਸ਼ ਦੀਆਂ ਬਹੁਤੀਆਂ ਉਮੀਦਾਂ ਸਾਡੀਆਂ ਬੇਟੀਆਂ ’ਤੇ ਟਿਕੀਆਂ ਹੋਈਆਂ ਹਨ। ਸਮੁਚਿਤ ਅਵਸਰ ਮਿਲਣ ’ਤੇ ਉਹ ਸ਼ਾਨਦਾਰ ਸਫ਼ਲਤਾ ਹਾਸਲ ਕਰ ਸਕਦੀਆਂ ਹਨ। ਅਨੇਕ ਬੇਟੀਆਂ ਨੇ ਹਾਲ ਹੀ ਵਿੱਚ ਸੰਪੰਨ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਦੇਸ਼ ਦਾ ਮਾਣ ਵਧਾਇਆ ਹੈ। ਸਾਡੇ ਖਿਡਾਰੀ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਵੀ ਦੇਸ਼ ਦਾ ਨਾਮ ਗੌਰਵ ਨਾਲ ਉੱਚਾ ਕਰ ਰਹੇ ਹਨ। ਸਾਡੇ ਬਹੁਤ ਸਾਰੇ ਵਿਜੇਤਾ ਸਮਾਜ ਦੇ ਵੰਚਿਤ ਵਰਗਾਂ ’ਚੋਂ ਆਉਂਦੇ ਹਨ। ਸਾਡੀਆਂ ਬੇਟੀਆਂ fighter-pilot ਤੋਂ ਲੈ ਕੇ space scientist ਹੋਣ ਤੱਕ ਹਰ ਖੇਤਰ ’ਚ ਆਪਣਾ ਝੰਡਾ ਲਹਿਰਾ ਰਹੀਆਂ ਹਨ।
ਪਿਆਰੇ ਦੇਸ਼ਵਾਸੀਓ,
ਜਦੋਂ ਅਸੀਂ ਆਜ਼ਾਦੀ ਦਿਹਾੜਾ (ਸੁਤੰਤਰਤਾ ਦਿਵਸ) ਮਨਾਉਂਦੇ ਹਾਂ ਤਾਂ ਅਸਲ ’ਚ ਅਸੀਂ ਆਪਣੀ ‘ਭਾਰਤੀਅਤਾ’ ਦਾ ਉਤਸਵ ਮਨਾਉਂਦੇ ਹਾਂ। ਸਾਡਾ ਭਾਰਤ ਅਨੇਕ ਵਿਵਿਧਤਾਵਾਂ ਨਾਲ ਭਰਿਆ ਦੇਸ਼ ਹੈ। ਪਰ ਇਸ ਵਿਵਿਧਤਾ ਦੇ ਨਾਲ ਹੀ ਸਾਡੇ ਸਾਰਿਆਂ ’ਚ ਕੁਝ ਨਾ ਕੁਝ ਅਜਿਹਾ ਹੈ ਜੋ ਇਕੋ ਜਿਹਾ ਹੈ। ਇਹੀ ਸਮਾਨਤਾ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਇੱਕ ਸੂਤਰ ’ਚ ਪਿਰੋਂਦੀ ਹੈ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦੇ ਨਾਲ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀ ਹੈ।
ਭਾਰਤ ਆਪਣੇ ਪਹਾੜਾਂ, ਨਦੀਆਂ, ਝੀਲਾਂ ਅਤੇ ਵਣਾਂ ਤੇ ਉਨ੍ਹਾਂ ਖੇਤਰਾਂ ’ਚ ਰਹਿਣ ਵਾਲੇ ਜੀਵ-ਜੰਤੂਆਂ ਦੇ ਕਾਰਨ ਵੀ ਬੇਹੱਦ ਆਕਰਸ਼ਕ ਹੈ। ਅੱਜ ਜਦੋਂ ਸਾਡੇ ਵਾਤਾਵਰਣ ਦੇ ਸਾਹਮਣੇ ਨਵੀਆਂ-ਨਵੀਆਂ ਚੁਣੌਤੀਆਂ ਆ ਰਹੀਆਂ ਹਨ ਤਦ ਸਾਨੂੰ ਭਾਰਤ ਦੀ ਸੁੰਦਰਤਾ ਨਾਲ ਜੁੜੀ ਹਰ ਚੀਜ਼ ਦੀ ਦ੍ਰਿੜ੍ਹਤਾ ਨਾਲ ਸੰਭਾਲ਼ ਕਰਨੀ ਚਾਹੀਦੀ ਹੈ। ਪਾਣੀ, ਮਿੱਟੀ ਅਤੇ ਜੈਵਿਕ ਵਿਵਿਧਤਾ ਦੀ ਸੰਭਾਲ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਪ੍ਰਤੀ ਸਾਡਾ ਕਰਤੱਵ ਹੈ। ਕੁਦਰਤ ਦੀ ਦੇਖਭਾਲ਼ ਮਾਂ ਦੀ ਤਰ੍ਹਾਂ ਕਰਨਾ ਸਾਡੇ ਭਾਰਤੀ ਸੱਭਿਆਚਾਰ ਦਾ ਅਭਿੰਨ ਅੰਗ ਰਿਹਾ ਹੈ। ਅਸੀਂ ਭਾਰਤਵਾਸੀ ਆਪਣੀ ਪਰੰਪਰਾਗਤ ਜੀਵਨ-ਸ਼ੈਲੀ ਨਾਲ ਪੂਰੀ ਦੁਨੀਆ ਨੂੰ ਸਹੀ ਰਾਹ ਦਿਖਾ ਸਕਦੇ ਹਾਂ। ਯੋਗ ਅਤੇ ਆਯੁਰਵੇਦ ਵਿਸ਼ਵ-ਸਮੁਦਾਇ ਨੂੰ ਭਾਰਤ ਦਾ ਅਨਮੋਲ ਤੋਹਫ਼ਾ ਹੈ ਜਿਸ ਦੀ ਮਕਬੂਲੀਅਤ ਪੂਰੀ ਦੁਨੀਆ ’ਚ ਨਿਰੰਤਰ ਵਧ ਰਹੀ ਹੈ।
ਪਿਆਰੇ ਦੇਸ਼ਵਾਸੀਓ,
ਸਾਡੇ ਪਾਸ ਜੋ ਕੁਝ ਵੀ ਹੈ, ਉਹ ਸਾਡੀ ਮਾਤ੍ਰਭੂਮੀ ਦਾ ਦਿੱਤਾ ਹੋਇਆ ਹੈ। ਇਸ ਲਈ ਸਾਨੂੰ ਆਪਣੇ ਦੇਸ਼ ਦੀ ਸੁਰੱਖਿਆ, ਪ੍ਰਗਤੀ ਅਤੇ ਸਮ੍ਰਿੱਧੀ ਦੇ ਲਈ ਸਭ ਕੁਝ ਅਰਪਣ ਕਰ ਦੇਣ ਦਾ ਸੰਕਲਪ ਲੈਣਾ ਚਾਹੀਦਾ ਹੈ। ਸਾਡੀ ਹੋਂਦ ਦੀ ਸਾਰਥਕਤਾ ਇੱਕ ਮਹਾਨ ਭਾਰਤ ਦੇ ਨਿਰਮਾਣ ਵਿੱਚ ਹੀ ਦਿਖਾਈ ਦੇਵੇਗੀ। ਕੰਨੜ ਭਾਸ਼ਾ ਦੇ ਮਾਧਿਅਮ ਨਾਲ ਭਾਰਤੀ ਸਾਹਿਤ ਨੂੰ ਸਮ੍ਰਿੱਧ ਕਰਨ ਵਾਲੇ ਮਹਾਨ ਰਾਸ਼ਟਰਵਾਦੀ ਕਵੀ ‘ਕੁਵੇਂਪੁ’ ਨੇ ਕਿਹਾ ਹੈ :
ਨਾਨੁ ਅਲਿਵੇ, ਨੀਨੁ ਅਲਿਵੇ
ਨੰਮਾ ਏਲੁ-ਬੁਗਲ ਮੇਲੇ
ਮੂਡੁ-ਵੁਦੁ ਮੂਡੁ-ਵੁਦੁ
ਨਵਭਾਰਤ-ਦ ਲੀਲੇ।
(नानु अलिवे, नीनु अलिवे
नम्मा एलु-बुगल मेले
मूडु-वुदु मूडु-वुदु
नवभारत-द लीले।)
ਅਰਥਾਤ
‘‘ਮੈਂ ਨਹੀਂ ਰਹਾਂਗਾ
ਨਾ ਰਹੋਗੇ ਤੁਸੀਂ
ਪਰੰਤੂ ਸਾਡੀਆਂ ਅਸਥੀਆਂ ’ਤੇ
ਉਦਿਤ ਹੋਵੇਗੀ, ਉਦਿਤ ਹੋਵੇਗੀ
ਨਵੇਂ ਭਾਰਤ ਦੀ ਮਹਾਗਾਥਾ।”
(‘मैं नहीं रहूंगा
न रहोगे तुम
परन्तु हमारी अस्थियों पर
उदित होगी, उदित होगी
नये भारत की महागाथा।’)
ਉਸ ਰਾਸ਼ਟਰਵਾਦੀ ਕਵੀ ਦਾ ਇਹ ਸਪਸ਼ਟ ਸੱਦਾ ਹੈ ਕਿ ਮਾਤ੍ਰਭੂਮੀ ਅਤੇ ਦੇਸ਼ਵਾਸੀਆਂ ਦੇ ਉਥਾਨ (ਉੱਨਤੀ) ਦੇ ਲਈ ਸਭ ਕੁਝ ਬਲੀਦਾਨ ਕਰਨਾ ਸਾਡਾ ਆਦਰਸ਼ ਹੋਣਾ ਚਾਹੀਦਾ ਹੈ। ਇਨ੍ਹਾਂ ਆਦਰਸ਼ਾਂ ਨੂੰ ਅਪਣਾਉਣ ਦੇ ਲਈ ਮੈਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕਰਦੀ ਹਾਂ। ਉਹ ਨੌਜਵਾਨ ਹੀ 2047 ਦੇ ਭਾਰਤ ਦਾ ਨਿਰਮਾਣ ਕਰਨਗੇ।
ਆਪਣਾ ਸੰਬੋਧਨ ਸਮਾਪਤ ਕਰਨ ਤੋਂ ਪਹਿਲਾਂ ਮੈਂ ਭਾਰਤ ਦੇ ਹਥਿਆਰਬੰਦ ਬਲਾਂ, ਵਿਦੇਸ਼ਾਂ ’ਚ ਸਥਿਤ ਭਾਰਤੀ ਮਿਸ਼ਨਾਂ ਅਤੇ ਆਪਣੀ ਮਾਤ੍ਰਭੂਮੀ ਨੂੰ ਮਾਣ ਬਖ਼ਸ਼ਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ (ਸੁਤੰਤਰਤਾ ਦਿਵਸ) ਦੀ ਵਧਾਈ ਦਿੰਦੀ ਹਾਂ। ਮੈਂ ਸਾਰੇ ਦੇਸ਼ਵਾਸੀਆਂ ਦੇ ਸੁਖਦ ਅਤੇ ਮੰਗਲਮਈ ਜੀਵਨ ਦੇ ਲਈ ਸ਼ੁਭਕਾਮਨਾਵਾਂ ਵਿਅਕਤ ਕਰਦੀ ਹਾਂ।
ਧੰਨਵਾਦ,
ਜੈ ਹਿੰਦ।
****
ਡੀਐੱਸ
(Release ID: 1851870)
Visitor Counter : 340
Read this release in:
Marathi
,
Malayalam
,
Manipuri
,
Odia
,
English
,
Urdu
,
Hindi
,
Bengali
,
Gujarati
,
Tamil
,
Kannada