ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਭਾਰਤੀ ਦਲ ਨੂੰ ਸਨਮਾਨਿਤ ਕੀਤਾ
"ਖਿਡਾਰੀਆਂ ਦੀ ਸ਼ਾਨਦਾਰ ਮਿਹਨਤ ਸਦਕਾ ਦੇਸ਼ ਇੱਕ ਪ੍ਰੇਰਕ ਉਪਲਬਧੀ ਨਾਲ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ"
"ਐਥਲੀਟ ਦੇਸ਼ ਦੇ ਨੌਜਵਾਨਾਂ ਨੂੰ ਨਾ ਸਿਰਫ਼ ਖੇਡਾਂ ਵਿੱਚ ਬਲਕਿ ਹੋਰ ਖੇਤਰਾਂ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੇ ਹਨ"
"ਆਪਣੇ ਦੇਸ਼ ਨੂੰ ਵਿਚਾਰ ਅਤੇ ਲਕਸ਼ ਦੀ ਏਕਤਾ ਦੇ ਧਾਗੇ ਵਿੱਚ ਪਰੋਇਆ ਹੈ, ਜੋ ਸਾਡੇ ਸੁਤੰਤਰਤਾ ਸੰਗ੍ਰਾਮ ਦੀ ਇੱਕ ਵੱਡੀ ਸ਼ਕਤੀ ਵੀ ਰਹੀ ਹੈ"
"ਤਿਰੰਗੇ ਦੀ ਸ਼ਕਤੀ ਯੂਕ੍ਰੇਨ ਵਿੱਚ ਦੇਖੀ ਗਈ ਜਿੱਥੇ ਇਹ ਨਾ ਕੇਵਲ ਭਾਰਤੀਆਂ ਲਈ ਬਲਕਿ ਯੁੱਧ ਖੇਤਰ ਤੋਂ ਬਾਹਰ ਨਿਕਲਣ ਲਈ ਦੂਸਰੇ ਦੇਸ਼ਾਂ ਦੇ ਨਾਗਰਿਕਾਂ ਲਈ ਵੀ ਇੱਕ ਸੁਰੱਖਿਆ ਕਵਚ ਬਣ ਗਿਆ ਸੀ"
"ਸਾਡੇ ਕੋਲ ਇੱਕ ਖੇਡ ਈਕੋਸਿਸਟਮ ਦਾ ਨਿਰਮਾਣ ਕਰਨ ਦੀ ਜ਼ਿੰਮੇਵਾਰੀ ਹੈ ਜੋ ਵਿਸ਼ਵ ਪੱਧਰ 'ਤੇ ਉੱਤਮ, ਸਮਾਵੇਸ਼ੀ, ਵਿਭਿੰਨ ਅਤੇ ਗਤੀਸ਼ੀਲ ਹੈ; ਕੋਈ ਵੀ ਪ੍ਰਤਿਭਾ ਨੂੰ ਪਿੱਛੇ ਨਹੀਂ ਰਹਿਣੀ ਚਾਹੀਦੀ"
Posted On:
13 AUG 2022 1:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਰਾਸ਼ਟਰਮੰਡਲ ਖੇਡਾਂ 2022 ਦੇ ਭਾਰਤੀ ਦਲ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਐਥਲੀਟਾਂ ਅਤੇ ਉਨ੍ਹਾਂ ਦੇ ਕੋਚਾਂ ਨੇ ਸ਼ਿਰਕਤ ਕੀਤੀ। ਇਸ ਮੌਕੇ 'ਤੇ ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਵੀ ਮੌਜੂਦ ਰਹੇ।
ਪ੍ਰਧਾਨ ਮੰਤਰੀ ਨੇ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਖਿਡਾਰੀਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ, ਜਿੱਥੇ ਭਾਰਤ ਨੇ ਵੱਖ-ਵੱਖ ਮੁਕਾਬਲਿਆਂ ਵਿੱਚ 22 ਗੋਲਡ, 16 ਸਿਲਵਰ ਅਤੇ 23 ਕਾਂਸੇ ਦੇ ਮੈਡਲ ਜਿੱਤੇ ਹਨ। ਪ੍ਰਧਾਨ ਮੰਤਰੀ ਨੇ ਐਥਲੀਟਾਂ ਅਤੇ ਉਨ੍ਹਾਂ ਦੇ ਕੋਚਾਂ ਦਾ ਸੁਆਗਤ ਕਰਦੇ ਹੋਏ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਐਥਲੀਟਾਂ ਦੀਆਂ ਪ੍ਰਾਪਤੀਆਂ 'ਤੇ ਬਹੁਤ ਮਾਣ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀਆਂ ਦੀ ਸ਼ਾਨਦਾਰ ਮਿਹਨਤ ਸਦਕਾ ਦੇਸ਼ ਇੱਕ ਪ੍ਰੇਰਨਾਦਾਇਕ ਪ੍ਰਾਪਤੀ ਦੇ ਨਾਲ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਦੇਸ਼ ਨੇ ਖੇਡਾਂ ਦੇ ਖੇਤਰ ਵਿੱਚ ਦੋ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਰਾਸ਼ਟਰਮੰਡਲ ਖੇਡਾਂ ਵਿੱਚ ਇਤਿਹਾਸਿਕ ਪ੍ਰਦਰਸ਼ਨ ਦੇ ਨਾਲ ਹੀ ਦੇਸ਼ ਨੇ ਪਹਿਲੀ ਵਾਰ ਸ਼ਤਰੰਜ ਓਲੰਪਿਆਡ ਦਾ ਆਯੋਜਨ ਕੀਤਾ ਹੈ। ਐਥਲੀਟਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤੁਸੀਂ ਸਾਰੇ ਬਰਮਿੰਘਮ ਵਿੱਚ ਮੁਕਾਬਲਾ ਕਰ ਰਹੇ ਸੀ ਉਦੋਂ ਕਰੋੜਾਂ ਭਾਰਤੀ ਦੇਰ ਰਾਤ ਤੱਕ ਜਾਗ ਰਹੇ ਸਨ, ਤੁਹਾਡੀ ਕਾਰਜ਼ਸ਼ੈੱਲੀ ਦੇ ਗਵਾਹ ਬਣ ਰਹੇ ਸਨ। ਬਹੁਤ ਸਾਰੇ ਲੋਕ ਅਲਾਰਮ ਲਗਾ ਕੇ ਸੌਂਦੇ ਸਨ ਤਾਂ ਜੋ ਉਹ ਤੁਹਾਡੇ ਪ੍ਰਦਰਸ਼ਨ ਦਾ ਅੱਪਡੇਟ ਲੈਂਦੇ ਰਹਿਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਲ ਦੀ ਵਿਦਾਈ ਦੇ ਸਮੇਂ ਕੀਤੇ ਆਪਣੇ ਵਾਅਦੇ ਅਨੁਸਾਰ ਅੱਜ ਅਸੀਂ ਜਿੱਤ ਦਾ ਜਸ਼ਨ ਮਨਾ ਰਹੇ ਹਾਂ।
ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਡਲਾਂ ਦੀ ਗਿਣਤੀ ਪੂਰੀ ਕਹਾਣੀ ਨੂੰ ਪ੍ਰਤੀਬਿੰਬਤ ਨਹੀਂ ਕਰਦੀ ਕਿਉਂਕਿ ਕਈ ਮੈਡਲ ਥੋੜ੍ਹੇ ਫਰਕ ਨਾਲ ਮਿਲਣ ਤੋਂ ਰਹਿ ਗਏ, ਜਿਨ੍ਹਾਂ ਨੂੰ ਜਲਦ ਹੀ ਨਿਰਧਾਰਿਤ ਖਿਡਾਰੀ ਭਵਿੱਖ ਵਿੱਚ ਮੁੜ ਹਾਸਲ ਕਰਨ ਵਿੱਚ ਸਫ਼ਲ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੀ ਵਾਰ ਦੇ ਮੁਕਾਬਲੇ 4 ਨਵੀਆਂ ਖੇਡਾਂ ਵਿੱਚ ਜਿੱਤ ਦਾ ਨਵਾਂ ਰਾਹ ਲੱਭ ਲਿਆ ਹੈ। ਲਾਅਨ ਬਾਊਲਸ ਤੋਂ ਲੈ ਕੇ ਐਥਲੈਟਿਕਸ ਤੱਕ, ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰਦਰਸ਼ਨ ਨਾਲ ਦੇਸ਼ ਦੇ ਨੌਜਵਾਨਾਂ ਦਾ ਨਵੀਆਂ ਖੇਡਾਂ ਵੱਲ ਰੁਝਾਨ ਕਾਫੀ ਵਧਣ ਵਾਲਾ ਹੈ। ਪ੍ਰਧਾਨ ਮੰਤਰੀ ਨੇ ਮੁੱਕੇਬਾਜ਼ੀ, ਜੂਡੋ, ਕੁਸ਼ਤੀ ਵਿੱਚ ਭਾਰਤ ਦੀਆਂ ਬੇਟੀਆਂ ਦੀਆਂ ਪ੍ਰਾਪਤੀਆਂ ਅਤੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 31 ਮੈਡਲ ਉਨ੍ਹਾਂ ਖਿਡਾਰੀਆਂ ਤੋਂ ਆਏ ਹਨ ਜੋ ਆਪਣੀ ਸ਼ੁਰੂਆਤ ਕਰ ਰਹੇ ਹਨ ਅਤੇ ਇਹ ਨੌਜਵਾਨਾਂ ਦੇ ਵਧਦੇ ਆਤਮਵਿਸ਼ਵਾਸ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਐਥਲੀਟਾਂ ਨੇ ਨਾ ਸਿਰਫ਼ ਦੇਸ਼ ਨੂੰ ਮੈਡਲ ਭੇਟ ਕਰਕੇ ਉਤਸਵ ਮਨਾਉਣ ਅਤੇ ਮਾਣ ਕਰਨ ਦਾ ਮੌਕਾ ਦਿੱਤਾ ਹੈ, ਬਲਕਿ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਥਲੀਟ ਦੇਸ਼ ਦੇ ਨੌਜਵਾਨਾਂ ਨੂੰ ਨਾ ਸਿਰਫ਼ ਖੇਡਾਂ ਵਿੱਚ ਬਲਕਿ ਹੋਰ ਖੇਤਰਾਂ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਦੇਸ਼ ਨੂੰ ਸੋਚ ਅਤੇ ਲਕਸ਼ ਦੀ ਏਕਤਾ ਦੇ ਧਾਗੇ ਵਿੱਚ ਪਰੋਇਆ ਹੈ, ਜੋ ਸਾਡੇ ਸੁਤੰਤਰਤਾ ਸੰਗ੍ਰਾਮ ਦੀ ਇੱਕ ਵੱਡੀ ਸ਼ਕਤੀ ਵੀ ਸੀ। ਸੁਤੰਤਰਤਾ ਸੈਨਾਨੀਆਂ ਦੀ ਲੰਮੀ ਸੂਚੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਰੀਕਿਆਂ ਵਿੱਚ ਭਿੰਨਤਾ ਦੇ ਬਾਵਜੂਦ ਉਨ੍ਹਾਂ ਸਾਰਿਆਂ ਦਾ ਸੁਤੰਤਰਤਾ ਦਾ ਬਰਾਬਰ ਲਕਸ਼ ਸੀ। ਇਸ ਤਰ੍ਹਾਂ ਸਾਡੇ ਖਿਡਾਰੀ ਦੇਸ਼ ਦੀ ਸ਼ਾਨ ਲਈ ਮੈਦਾਨ ਵਿਚ ਉਤਰਦੇ ਹਨ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਤਿਰੰਗੇ ਦੀ ਸ਼ਕਤੀ ਯੂਕ੍ਰੇਨ ਵਿੱਚ ਦੇਖੀ ਗਈ ਸੀ, ਜਿੱਥੇ ਇਹ ਨਾ ਕੇਵਲ ਭਾਰਤੀਆਂ ਲਈ ਬਲਕਿ ਯੁੱਧ ਖੇਤਰ ਤੋਂ ਬਾਹਰ ਨਿਕਲਣ ਲਈ ਦੂਸਰੇ ਦੇਸ਼ਾਂ ਦੇ ਨਾਗਰਿਕਾਂ ਲਈ ਵੀ ਇੱਕ ਸੁਰੱਖਿਆ ਕਵਚ ਬਣ ਗਿਆ ਸੀ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਖਿਡਾਰੀਆਂ ਲਈ ਵੀ ਖੁਸ਼ੀ ਜ਼ਾਹਰ ਕੀਤੀ ਜਿਨ੍ਹਾਂ ਨੇ ਖੇਲੋ ਇੰਡੀਆ ਮੰਚ ਤੋਂ ਬਾਹਰ ਨਿਕਲੇ ਅਤੇ ਅੰਤਰਰਾਸ਼ਟਰੀ ਮੰਚ 'ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਟੌਪਸ (TOPS-ਟਾਰਗੇਟ ਓਲੰਪਿਕ ਪੋਡੀਅਮ ਸਕੀਮ) ਦੇ ਸਕਾਰਾਤਮਕ ਪ੍ਰਭਾਵ ਦਾ ਜ਼ਿਕਰ ਕੀਤਾ ਜੋ ਹੁਣ ਦੇਖਣ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਨਵੀਆਂ ਪ੍ਰਤਿਭਾਵਾਂ ਨੂੰ ਖੋਜਣ ਅਤੇ ਉਨ੍ਹਾਂ ਨੂੰ ਸਾਹਮਣੇ ਲਿਆਉਣ ਦੇ ਪ੍ਰਯਤਨ ਤੇਜ਼ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡੇ ਕੋਲ ਇੱਕ ਖੇਡ ਈਕੋਸਿਸਟਮ ਬਣਾਉਣ ਦੀ ਜ਼ਿੰਮੇਵਾਰੀ ਹੈ ਜੋ ਵਿਸ਼ਵ ਪੱਧਰ 'ਤੇ ਸ਼ਾਨਦਾਰ, ਸੰਮਲਿਤ, ਵਿਭਿੰਨ ਅਤੇ ਗਤੀਸ਼ੀਲ ਹੈ ਅਤੇ ਇਸ ਵਿੱਚ ਕੋਈ ਵੀ ਪ੍ਰਤਿਭਾ ਪਿੱਛੇ ਨਹੀਂ ਰਹਿਣੀ ਚਾਹੀਦੀ। ਪ੍ਰਧਾਨ ਮੰਤਰੀ ਨੇ ਖਿਡਾਰੀਆਂ ਦੀ ਸਫ਼ਲਤਾ ਵਿੱਚ ਕੋਚਾਂ, ਖੇਡ ਪ੍ਰਸ਼ਾਸਕਾਂ ਅਤੇ ਸਹਾਇਕ ਸਟਾਫ਼ ਦੁਆਰਾ ਨਿਭਾਈ ਗਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਐਥਲੀਟਾਂ ਨੂੰ ਆਗਾਮੀ ਏਸ਼ੀਆਈ ਖੇਡਾਂ ਅਤੇ ਓਲੰਪਿਕ ਲਈ ਚੰਗੀ ਤਿਆਰੀ ਕਰਨ ਦੀ ਅਪੀਲ ਕੀਤੀ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਨੇ ਐਥਲੀਟਾਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਪਿਛਲੇ ਸਾਲ ਦੇਸ਼ ਦੇ 75 ਸਕੂਲਾਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਜਾ ਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੀ ਬੇਨਤੀ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮੀਟ ਦ ਚੈਂਪੀਅਨ' ਮੁਹਿੰਮ ਦੇ ਤਹਿਤ ਕਈ ਖਿਡਾਰੀਆਂ ਨੇ ਇਸ ਕੰਮ ਨੂੰ ਹੱਥਾਂ ਵਿੱਚ ਲੈਂਦੇ ਹੋਏ ਇਸ ਨੂੰ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਸ ਮੁਹਿੰਮ ਨੂੰ ਅੱਗੇ ਵਧਾਉਣ ਦੀ ਵੀ ਅਪੀਲ ਕੀਤੀ ਕਿਉਂਕਿ ਰਾਸ਼ਟਰ ਦੇ ਨੌਜਵਾਨ ਐਥਲੀਟਾਂ ਨੂੰ ਰੋਲ ਮਾਡਲ ਵਜੋਂ ਦੇਖਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਡੀ ਵਧਦੀ ਪਹਿਚਾਣ, ਸਮਰੱਥਾ ਅਤੇ ਸਵੀਕਾਰਤਾ ਨੂੰ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਵਰਤਿਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਐਥਲੀਟਾਂ ਨੂੰ ਉਨ੍ਹਾਂ ਦੀ 'ਵਿਜੈ ਯਾਤਰਾ' 'ਤੇ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਦੇ ਪ੍ਰਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਦੁਆਰਾ ਪ੍ਰਮੁੱਖ ਖੇਡ ਆਯੋਜਨਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਐਥਲੀਟਾਂ ਨੂੰ ਸਨਮਾਨਿਤ ਕਰਨਾ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੇ ਲਗਾਤਾਰ ਪ੍ਰਯਤਨਾਂ ਦਾ ਹਿੱਸਾ ਹੈ। ਪਿਛਲੇ ਸਾਲ, ਪ੍ਰਧਾਨ ਮੰਤਰੀ ਨੇ ਟੋਕੀਓ 2020 ਓਲੰਪਿਕ ਲਈ ਭਾਰਤੀ ਐਥਲੀਟ ਦਲ ਅਤੇ ਟੋਕੀਓ 2020 ਪੈਰਾਲੰਪਿਕ ਖੇਡਾਂ ਲਈ ਭਾਰਤੀ ਪੈਰਾ-ਐਥਲੀਟ ਦਲ ਨਾਲ ਵੀ ਗੱਲਬਾਤ ਕੀਤੀ ਸੀ। ਰਾਸ਼ਟਰਮੰਡਲ ਖੇਡਾਂ 2022 ਦੌਰਾਨ ਵੀ, ਪ੍ਰਧਾਨ ਮੰਤਰੀ ਨੇ ਐਥਲੀਟਾਂ ਦੀ ਪ੍ਰਗਤੀ ਵਿੱਚ ਡੂੰਘੀ ਦਿਲਚਸਪੀ ਦਿਖਾਈ ਅਤੇ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਦੀ ਸਫ਼ਲਤਾ ਅਤੇ ਅਣਥੱਕ ਪ੍ਰਯਤਨਾਂ ਲਈ ਵਧਾਈ ਦਿੱਤੀ।
ਰਾਸ਼ਟਰਮੰਡਲ ਖੇਡਾਂ 2022 ਬਰਮਿੰਘਮ ਵਿੱਚ 28 ਜੁਲਾਈ ਤੋਂ 08 ਅਗਸਤ 2022 ਤੱਕ ਆਯੋਜਿਤ ਕੀਤੀਆਂ ਗਈਆਂ ਸਨ। ਕੁੱਲ 215 ਐਥਲੀਟਾਂ ਨੇ 19 ਖੇਡ ਮੁਕਾਬਲਿਆਂ ਵਿੱਚ 141 ਈਵੈਂਟਾਂ ਵਿੱਚ ਹਿੱਸਾ ਲਿਆ, ਜਿੱਥੇ ਭਾਰਤ ਨੇ ਵੱਖ-ਵੱਖ ਮੁਕਾਬਲਿਆਂ ਵਿੱਚ 22 ਗੋਲਡ, 16 ਸਿਲਵਰ ਅਤੇ 23 ਕਾਂਸੇ ਦੇ ਮੈਡਲ ਜਿੱਤੇ।
****
ਡੀਐੱਸ/ਟੀਐੱਸ
(Release ID: 1851628)
Visitor Counter : 200
Read this release in:
Bengali
,
Assamese
,
Malayalam
,
Kannada
,
English
,
Urdu
,
Hindi
,
Marathi
,
Manipuri
,
Gujarati
,
Odia
,
Tamil
,
Telugu