ਉਪ ਰਾਸ਼ਟਰਪਤੀ ਸਕੱਤਰੇਤ
ਸ਼੍ਰੀ ਜਗਦੀਪ ਧਨਖੜ ਨੇ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਵਜੋਂ ਸਹੁੰ ਚੁੱਕੀ
Posted On:
11 AUG 2022 1:53PM by PIB Chandigarh
ਸ਼੍ਰੀ ਜਗਦੀਪ ਧਨਖੜ ਨੇ ਅੱਜ ਭਾਰਤ ਦੇ ਚੌਦਵੇਂ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇੱਕ ਉੱਘੇ ਵਕੀਲ ਅਤੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਸ੍ਰੀ ਧਨਖੜ ਨੂੰ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਹੁੰ ਚੁੱਕ ਸਮਾਗਮ ਦੌਰਾਨ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਨੇ ਅਹੁਦੇ ਦੀ ਸਹੁੰ ਚੁਕਾਈ।
ਸਹੁੰ ਚੁੱਕਣ ਤੋਂ ਪਹਿਲਾਂ ਸ਼੍ਰੀ ਧਨਖੜ ਨੇ ਅੱਜ ਸਵੇਰੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਇੱਕ ਟਵੀਟ ਵਿੱਚ ਕਿਹਾ, "ਪੂਜਨੀਕ ਬਾਪੂ ਨੂੰ ਸ਼ਾਂਤ ਅਤੇ ਗੌਰਵਸ਼ਾਲੀ ਰਾਜਘਾਟ ਵਿੱਚ ਸ਼ਰਧਾਂਜਲੀ ਭੇਟ ਕਰਦੇ ਹੋਏ ਭਾਰਤ ਦੀ ਸੇਵਾ ਵਿੱਚ ਹਮੇਸ਼ਾ ਰਹਿਣ ਲਈ ਸੁਭਾਗਾ, ਪ੍ਰੇਰਿਤ ਅਤੇ ਉਤਸ਼ਾਹਿਤ ਮਹਿਸੂਸ ਕੀਤਾ।"
ਸ਼੍ਰੀ ਜਗਦੀਪ ਧਨਖੜ ਬਾਰੇ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ-
1. ਵਿੱਦਿਅਕ ਅਤੇ ਪੇਸ਼ੇਵਰ ਪਿਛੋਕੜ
ਸ੍ਰੀ ਧਨਖੜ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਕਿਠਾਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਸਰਕਾਰੀ ਮਿਡਲ ਸਕੂਲ, ਘਰਧਾਨਾ ਅਤੇ ਸੈਨਿਕ ਸਕੂਲ, ਚਿਤੌੜਗੜ੍ਹ ਤੋਂ ਸਿੱਖਿਆ ਹਾਸਲ ਕੀਤੀ। ਆਪਣੀ ਕਾਲਜ ਦੀ ਪੜ੍ਹਾਈ ਲਈ, ਸ੍ਰੀ ਧਨਖੜ ਨੇ ਮਹਾਰਾਜਾ ਕਾਲਜ, ਜੈਪੁਰ ਵਿੱਚ ਦਾਖਲਾ ਲਿਆ ਅਤੇ ਬੀਐੱਸਸੀ (ਆਨਰਜ਼) ਭੌਤਿਕ ਵਿਗਿਆਨ ਵਿੱਚ ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਸਥਾਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ।
ਸ੍ਰੀ ਜਗਦੀਪ ਧਨਖੜ ਨੇ ਆਪਣਾ ਪੇਸ਼ੇਵਰ ਕਰੀਅਰ ਇੱਕ ਵਕੀਲ ਵਜੋਂ ਸ਼ੁਰੂ ਕੀਤਾ ਅਤੇ ਪਹਿਲੀ ਪੀੜ੍ਹੀ ਦੇ ਪੇਸ਼ੇਵਰ ਹੋਣ ਦੇ ਬਾਵਜੂਦ, ਉਹ ਦੇਸ਼ ਦੇ ਚੋਟੀ ਦੇ ਕਾਨੂੰਨੀ ਮਾਹਿਰਾਂ ਵਿੱਚੋਂ ਇੱਕ ਬਣ ਗਏ। 1990 ਵਿੱਚ, ਉਨ੍ਹਾਂ ਨੂੰ ਰਾਜਸਥਾਨ ਹਾਈਕੋਰਟ ਵਲੋਂ ਇੱਕ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਦੋਂ ਤੋਂ, ਸ਼੍ਰੀ ਜਗਦੀਪ ਧਨਖੜ ਮੁੱਖ ਤੌਰ 'ਤੇ ਸੁਪਰੀਮ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੰਮ ਦਾ ਮੁੱਖ ਖੇਤਰ ਸਟੀਲ, ਕੋਲਾ, ਮਾਈਨਿੰਗ ਅਤੇ ਅੰਤਰਰਾਸ਼ਟਰੀ ਵਪਾਰਕ ਸਾਲਸੀ ਨਾਲ ਸਬੰਧਤ ਮੁਕੱਦਮੇ ਹਨ। ਉਹ ਦੇਸ਼ ਦੀਆਂ ਵੱਖ-ਵੱਖ ਹਾਈਕੋਰਟਾਂ ਵਿੱਚ ਪੇਸ਼ ਹੋਏ ਹਨ ਅਤੇ 30 ਜੁਲਾਈ, 2019 ਨੂੰ ਪੱਛਮੀ ਬੰਗਾਲ ਦੇ ਰਾਜਪਾਲ ਦਾ ਅਹੁਦਾ ਸੰਭਾਲਣ ਤੱਕ ਰਾਜ ਦੇ ਸਭ ਤੋਂ ਸੀਨੀਅਰ ਨਾਮਜ਼ਦ ਵਕੀਲ ਸਨ। ਆਪਣੇ ਕਾਨੂੰਨੀ ਕਰੀਅਰ ਦੌਰਾਨ, ਸ਼੍ਰੀ ਧਨਖੜ 1987 ਵਿੱਚ ਰਾਜਸਥਾਨ ਹਾਈਕੋਰਟ ਬਾਰ ਐਸੋਸੀਏਸ਼ਨ, ਜੈਪੁਰ ਦੇ ਪ੍ਰਧਾਨ ਚੁਣੇ ਜਾਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਸਨ। ਇੱਕ ਸਾਲ ਬਾਅਦ, ਉਹ 1988 ਵਿੱਚ ਰਾਜਸਥਾਨ ਬਾਰ ਕੌਂਸਲ ਦੇ ਮੈਂਬਰ ਵੀ ਬਣੇ।
2. ਸੰਸਦੀ ਅਤੇ ਜਨਤਕ ਜੀਵਨ
ਸ਼੍ਰੀ ਜਗਦੀਪ ਧਨਖੜ 1989 ਵਿੱਚ ਝੁੰਝਨੂ ਸੰਸਦੀ ਹਲਕੇ ਤੋਂ ਭਾਰਤ ਦੀ ਸੰਸਦ ਲਈ ਚੁਣੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 1990 ਵਿੱਚ ਸੰਸਦੀ ਮਾਮਲਿਆਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਵੀ ਕੰਮ ਕੀਤਾ। 1993 ਵਿੱਚ, ਉਹ ਅਜਮੇਰ ਜ਼ਿਲ੍ਹੇ ਦੇ ਕਿਸ਼ਨਗੜ੍ਹ ਹਲਕੇ ਤੋਂ ਰਾਜਸਥਾਨ ਵਿਧਾਨ ਸਭਾ ਲਈ ਚੁਣੇ ਗਏ ਸਨ। ਇੱਕ ਵਿਧਾਇਕ ਅਤੇ ਸਾਂਸਦ ਵਜੋਂ ਸ੍ਰੀ ਧਨਖੜ ਨੇ ਲੋਕ ਸਭਾ ਅਤੇ ਰਾਜਸਥਾਨ ਵਿਧਾਨ ਸਭਾ ਵਿੱਚ ਮਹੱਤਵਪੂਰਨ ਕਮੇਟੀਆਂ ਦੇ ਮੈਂਬਰ ਵਜੋਂ ਕੰਮ ਕੀਤਾ। ਕੇਂਦਰੀ ਮੰਤਰੀ ਹੋਣ ਦੇ ਨਾਤੇ, ਉਹ ਯੂਰਪੀ ਸੰਸਦ ਵਿੱਚ ਇੱਕ ਸੰਸਦੀ ਸਮੂਹ ਦੇ ਉਪ ਨੇਤਾ ਵਜੋਂ ਇੱਕ ਵਫ਼ਦ ਦੇ ਮੈਂਬਰ ਵੀ ਰਹੇ ਹਨ।
ਜੁਲਾਈ 2019 ਵਿੱਚ, ਸ੍ਰੀ ਧਨਖੜ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ।
3. ਨਿੱਜੀ ਵੇਰਵੇ
ਨਾਮ: ਸ਼੍ਰੀ ਜਗਦੀਪ ਧਨਖੜ
ਪਿਤਾ ਦਾ ਨਾਮ: ਸਵਰਗੀ ਸ਼੍ਰੀ ਗੋਕਲ ਚੰਦ
ਮਾਤਾ ਦਾ ਨਾਮ: ਸਵਰਗੀ ਸ਼੍ਰੀਮਤੀ ਕੇਸਰੀ ਦੇਵੀ
ਜਨਮ ਮਿਤੀ: 18 ਮਈ, 1951
ਜਨਮ ਸਥਾਨ: ਪਿੰਡ ਕਿਠਾਣਾ, ਜ਼ਿਲ੍ਹਾ ਝੁੰਝਨੂ, ਰਾਜਸਥਾਨ
ਵਿਆਹੁਤਾ ਸਥਿਤੀ: ਵਿਵਾਹਿਤ (ਸਾਲ, 1979)
ਜੀਵਨਸਾਥੀ ਦਾ ਨਾਮ: ਡਾ. ਸੁਦੇਸ਼ ਧਨਖੜ
ਔਲਾਦ : ਇੱਕ ਬੇਟੀ (ਸ਼੍ਰੀਮਤੀ ਕਾਮਨਾ)
ਕਿਤਾਬਾਂ ਦੇ ਉਤਸ਼ਾਹੀ ਪਾਠਕ, ਸ਼੍ਰੀ ਧਨਖੜ ਇੱਕ ਖੇਡ ਪ੍ਰੇਮੀ ਵੀ ਹਨ ਅਤੇ ਰਾਜਸਥਾਨ ਓਲੰਪਿਕ ਸੰਘ ਅਤੇ ਰਾਜਸਥਾਨ ਟੈਨਿਸ ਸੰਘ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸੰਗੀਤ ਸੁਣਨਾ ਅਤੇ ਯਾਤਰਾ ਕਰਨਾ ਵੀ ਉਨ੍ਹਾਂ ਦੇ ਸ਼ੌਕ ਹਨ। ਉਹ ਅਮਰੀਕਾ, ਕੈਨੇਡਾ, ਯੂਕੇ, ਇਟਲੀ, ਸਵਿਟਜ਼ਰਲੈਂਡ, ਜਰਮਨੀ, ਆਸਟ੍ਰੇਲੀਆ, ਨਿਊਜ਼ੀਲੈਂਡ, ਚੀਨ, ਹਾਂਗਕਾਂਗ, ਸਿੰਗਾਪੁਰ ਆਦਿ ਸਮੇਤ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ।
****
ਐੱਮਐੱਸ/ਆਰਕੇ/ਡੀਪੀ
(Release ID: 1851096)
Visitor Counter : 188