ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਾਂਗੜਾ ਕੇਂਦਰੀ ਸਹਿਕਾਰੀ ਬੈਂਕ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ


ਕਰਮਚਾਰੀਆਂ ਦੀ ਪ੍ਰਤੀਬੱਧਤਾ ਦੇ ਨਤੀਜੇ ਵਜੋਂ 3000 ਕਰੋੜ ਰੁਪਏ ਤੋਂ ਵੱਧ ਦਾ ਵਾਧਾ ਹੋਇਆ: ਸ਼੍ਰੀ ਅਨੁਰਾਗ ਠਾਕੁਰ

“ਸਹਿਕਾਰਤਾ ਦੁਆਰਾ ਖੁਸ਼ਹਾਲੀ”, ਸ਼੍ਰੀ ਠਾਕੁਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਯਾਦ ਕੀਤਾ

Posted On: 11 AUG 2022 4:12PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਕਾਂਗੜਾ ਕੇਂਦਰੀ ਸਹਿਕਾਰੀ ਬੈਂਕ (ਕੇਸੀਸੀਬੀ) ਨੂੰ ਇਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਹੈ। ਜਿਸ ਬੈਂਕ ਨੂੰ ਸਿਰਫ਼ ਚਾਰ ਸਾਲਾਂ ਵਿੱਚ ਕਰੀਬ 46 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ, ਉਸ ਨੇ ਵਿੱਤ ਵਰ੍ਹੇ 2021-22 ਵਿੱਚ 87 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ। ਮੰਤਰੀ ਨੇ ਇਸ ਗੱਲ ’ਤੇ ਗਹਿਰਾਈ ਨਾਲ ਖੁਸ਼ੀ ਜ਼ਾਹਰ ਕੀਤੀ ਕਿ ਇਹ ਬੈਂਕ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਧ ਮੁਨਾਫ਼ਾ ਵੀ ਹੈ।

ਸ਼੍ਰੀ ਠਾਕੁਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਦੁਹਰਾਇਆ ਕਿ ਸਰਕਾਰ ਸਹਿਯੋਗ ਦੀ ਭਾਵਨਾ ਨੂੰ ‘ਆਜ਼ਾਦੀ ਕਾ ਅੰਮ੍ਰਿਤਕਾਲ’ ਦੀ ਭਾਵਨਾ ਨਾਲ ਮਿਲਾਉਣ ਦੇ ਆਪਣੇ ਯਤਨਾਂ ਵਿੱਚ ਦ੍ਰਿੜ ਹੈ। ਮੰਤਰੀ ਨੇ ਯਾਦ ਕੀਤਾ ਕਿ ਪ੍ਰਧਾਨ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਸਹਿਕਾਰੀ ਸਭਾਵਾਂ ਬਜ਼ਾਰ ਵਿੱਚ ਪ੍ਰਤੀਯੋਗੀ ਬਣਨ ਅਤੇ ਇੱਕ ਪੱਧਰੀ ਖੇਡ ਦਾ ਖੇਤਰ ਪ੍ਰਾਪਤ ਕਰਨ ਅਤੇ ਸਹਿਕਾਰੀ ਸੰਸਥਾਵਾਂ ’ਤੇ ਟੈਕਸਾਂ ਵਿੱਚ ਕਟੌਤੀ ਇਸ ਟੀਚੇ ਵੱਲ ਇੱਕ ਕਦਮ ਹੈ। ਬੈਂਕ ਦੀ ਸ਼ਾਨਦਾਰ ਪ੍ਰਾਪਤੀ “ਸਹਿਕਾਰਤਾ ਸੇ ਸਮ੍ਰਿਧੀ” (ਸਹਿਕਾਰਤਾ ਦੁਆਰਾ ਖੁਸ਼ਹਾਲੀ) ਦੇ ਉਦੇਸ਼ ਨੂੰ ਅੱਗੇ ਵਧਾਏਗੀ।

ਮੰਤਰੀ ਨੇ ਪਿਛਲੇ ਚਾਰ ਸਾਲਾਂ ਵਿੱਚ ਬੈਂਕ ਦੇ ਵਾਧੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਬੈਂਕ ਨੇ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਤਹਿਤ ਗਾਹਕਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਦੇਖਿਆ ਹੈ। ਉਨ੍ਹਾਂ ਨੇ ਬੈਂਕ ਦੇ ਸਾਰੇ 1,400 ਕਰਮਚਾਰੀਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਦੀ ਬੈਂਕ ਦੇ 17 ਲੱਖ ਤੋਂ ਵੱਧ ਗਾਹਕਾਂ ਦੀ ਸੇਵਾ ਕਰਨ ਦੀ ਪ੍ਰਤੀਬੱਧਤਾ ਦੇ ਨਤੀਜੇ ਵਜੋਂ ਪਿਛਲੇ ਚਾਰ ਸਾਲਾਂ ਵਿੱਚ 3000 ਕਰੋੜ ਰੁਪਏ ਤੋਂ ਵੱਧ ਦਾ ਸ਼ਾਨਦਾਰ ਵਾਧਾ ਹੋਇਆ ਹੈ।

ਕਾਂਗੜਾ ਕੇਂਦਰੀ ਸਹਿਕਾਰੀ ਬੈਂਕ (ਕੇਸੀਸੀਬੀ) ਬਾਰੇ

ਕੇਸੀਸੀਬੀ ਨੂੰ 1920 ਵਿੱਚ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ਅਤੇ ਉਸੇ ਸਾਲ ਮਾਰਚ ਵਿੱਚ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਸਮੇਂ ਬੈਂਕ ਦੀਆਂ ਧਰਮਸ਼ਾਲਾ ਵਿਖੇ ਮੁੱਖ ਦਫ਼ਤਰ ਦੇ ਨਾਲ 26 ਸ਼ਾਖਾਵਾਂ ਹਨ। ਪਿਛਲੇ ਚਾਰ ਸਾਲਾਂ ਦੌਰਾਨ, ਬੈਂਕ ਨੇ ਵੱਖ-ਵੱਖ ਸੂਚਕਾਂ ਵਿੱਚ ਜ਼ਬਰਦਸਤ ਵਾਧਾ ਦੇਖਿਆ ਹੈ। ਬੈਂਕ ਦੇ ਨਿਵੇਸ਼ ਵਿੱਚ 2324 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਜਦਕਿ ਰਿਜ਼ਰਵ ਫੰਡਾਂ ਵਿੱਚ 26 ਕਰੋੜ ਰੁਪਏ ਦਾ ਵਾਧਾ ਹੋਇਆ ਹੈ। 31 ਮਾਰਚ 2018 ਨੂੰ 4.55 ਕਰੋੜ ਰੁਪਏ ਦੇ ਮੁਕਾਬਲੇ 31 ਮਾਰਚ, 2022 ਨੂੰ ਖਤਮ ਹੋਏ ਵਿੱਤ ਵਰ੍ਹੇ ਵਿੱਚ ਸ਼ੁੱਧ ਲਾਭ ਵਧ ਕੇ 87.53 ਕਰੋੜ ਰੁਪਏ ਹੋ ਗਿਆ ਹੈ।

****

ਸੌਰਭ ਸਿੰਘ



(Release ID: 1850975) Visitor Counter : 111