ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ 'ਮਾਈ ਹੋਮ ਇੰਡੀਆ' ਦੁਆਰਾ ਆਯੋਜਿਤ ਯੁਵਾ ਸੰਮੇਲਨ ਵਿੱਚ ਹਿੱਸਾ ਲਿਆ
ਸਾਡੇ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਉੱਦਮ ਅਤੇ ਦ੍ਰਿੜ੍ਹ ਇਰਾਦੇ 'ਤੇ ਨਿਰਭਰ ਕਰਦਾ ਹੈ: ਰਾਸ਼ਟਰਪਤੀ ਕੋਵਿੰਦ
Posted On:
09 JUL 2022 1:59PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ 'ਮਾਈ ਹੋਮ ਇੰਡੀਆ' ਨੇ ਅੱਜ (9 ਜੁਲਾਈ, 2022) ਆਯੋਜਿਤ ਯੁਵਾ ਸੰਮੇਲਨ ਵਿੱਚ ਹਿੱਸਾ ਲਿਆ ਅਤੇ ਸੰਬੋਧਨ ਕੀਤਾ।
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦਾ ਵਰਤਮਾਨ ਅਤੇ ਭਵਿੱਖ ਦੋਵੇਂ ਹੁੰਦੇ ਹਨ। ਉਨ੍ਹਾਂ ਦੀ ਪ੍ਰਤਿਭਾ ਅਤੇ ਕਾਬਲੀਅਤ ਦੇਸ਼ ਨੂੰ ਮਾਣ ਦਿਵਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਇਸ ਲਈ ਇਹ ਕਹਿਣਾ ਉਚਿਤ ਹੋਵੇਗਾ ਕਿ ਅੱਜ ਦਾ ਨੌਜਵਾਨ ਕੱਲ੍ਹ ਦਾ ਇਤਿਹਾਸ ਸਿਰਜਣ ਵਾਲਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਕਿਸ਼ੋਰਾਂ ਅਤੇ ਨੌਜਵਾਨਾਂ ਦੀ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਹੈ। ਇਸ ਨੂੰ 'ਜਨਸੰਖਿਅਕ ਲਾਭਅੰਸ਼' ਕਿਹਾ ਜਾਂਦਾ ਹੈ, ਜੋ ਸਾਡੇ ਦੇਸ਼ ਲਈ ਇੱਕ ਮੌਕਾ ਹੈ। ਸਾਨੂੰ ਇਸ ਮੌਕੇ ਦਾ ਲਾਭ ਉਠਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਸਾਡਾ ਉਦੇਸ਼ ਹੋਣਾ ਚਾਹੀਦਾ ਹੈ ਕਿ ਸਾਡੇ ਨੌਜਵਾਨ ਦੇਸ਼ ਦੇ ਵਿਕਾਸ ਅਤੇ ਪ੍ਰਗਤੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ। ਸਾਡੇ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਉੱਦਮ ਅਤੇ ਦ੍ਰਿੜ੍ਹ ਇਰਾਦੇ 'ਤੇ ਨਿਰਭਰ ਕਰਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤੀ ਨੌਜਵਾਨਾਂ ਨੇ ਆਪਣੀ ਪ੍ਰਤਿਭਾ ਅਤੇ ਮਿਹਨਤ ਨਾਲ ਕਈ ਸਟਾਰਟ-ਅੱਪਸ ਦੀ ਨੀਂਹ ਰੱਖੀ ਹੈ। ਅੱਜ ਦਾ ਨੌਜਵਾਨ ਨੌਕਰੀ ਭਾਲਣ ਦੀ ਬਜਾਏ ਰੋਜ਼ਗਾਰ ਸਿਰਜਣਹਾਰ ਬਣਨ ਦੇ ਰਾਹ 'ਤੇ ਹੈ। ਇਹ ਬਹੁਤ ਜ਼ਰੂਰੀ ਹੈ ਕਿ ਨੌਜਵਾਨ ਕਿਸੇ ਨਾ ਕਿਸੇ ਹੁਨਰ ਨੂੰ ਹਾਸਲ ਕਰਨ ਅਤੇ ਉਸ ਹੁਨਰ ਦੇ ਆਧਾਰ 'ਤੇ ਆਪਣੇ ਕਰੀਅਰ ਦੀ ਚੋਣ ਕਰਨ। ਅੱਜ ਦਾ ਯੁਗ ਮੁਹਾਰਤ ਦਾ ਹੈ। ਸਿਰਫ਼ ਟੈਕਨੋਲੋਜੀ ਅਤੇ ਮੁਹਾਰਤ ਹੀ ਸਾਡੇ ਨੌਜਵਾਨਾਂ ਨੂੰ ਸਿਖਰ 'ਤੇ ਲੈ ਜਾ ਸਕਦੀ ਹੈ।
ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ 29 ਜੂਨ, 2022 ਤੱਕ ਭਾਰਤ ਵਿੱਚ 103 ਯੂਨੀਕੌਰਨ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 336 ਬਿਲੀਅਨ ਡਾਲਰ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਵਿੱਚ ਹਰ 10 ਵਿੱਚੋਂ 1 ਯੂਨੀਕੌਰਨ ਭਾਰਤ ਵਿੱਚ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਈ, 2022 ਤੱਕ ਦੁਨੀਆ ਭਰ ਵਿੱਚ 47 ਕੰਪਨੀਆਂ ਨੇ ਡੈਕਾਕੌਰਨ ਦਾ ਦਰਜਾ ਪ੍ਰਾਪਤ ਕੀਤਾ ਹੈ, ਜਿਸ ਵਿੱਚ ਚਾਰ ਭਾਰਤੀ ਸਟਾਰਟ-ਅੱਪ ਹਨ ਅਤੇ ਇਨ੍ਹਾਂ ਵਿੱਚੋਂ ਤਿੰਨ ਨੌਜਵਾਨਾਂ ਦੁਆਰਾ ਚਲਾਏ ਜਾ ਰਹੇ ਹਨ। ਕੋਵਿਡ-19 ਦੌਰਾਨ ਵੀ ਭਾਰਤ ਵਿੱਚ ਯੂਨੀਕੌਰਨਾਂ ਦੀ ਗਿਣਤੀ ਵਿੱਚ ਹੋਏ ਵਾਧੇ ਵੱਲ ਇਸ਼ਾਰਾ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੇ ਵਿਸ਼ਵ ਪੱਧਰ ’ਤੇ ਬਹੁਤ ਵੱਡਾ ਸਮਾਜਿਕ-ਆਰਥਿਕ ਕਸ਼ਟ ਦਿੱਤਾ ਹੈ, ਪਰ ਇਸ ਦੌਰਾਨ ਵੀ ਸਾਡੇ ਨੌਜਵਾਨ ਉੱਦਮੀਆਂ ਨੇ ਸਾਹਸ ਅਤੇ ਪ੍ਰਤਿਭਾ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਬਹੁਤ ਪ੍ਰਾਚੀਨ ਹੈ। ਅਤੇ ਪ੍ਰਾਚੀਨ ਕਾਲ ਤੋਂ, ਅਸੀਂ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਨੂੰ ਅਪਣਾਇਆ ਹੈ। ਭਾਰਤ ਦੀ ਧਰਤੀ ਹਮੇਸ਼ਾ ਹੀ ਵੱਖ-ਵੱਖ ਸੱਭਿਅਤਾਵਾਂ ਅਤੇ ਪਰੰਪਰਾਵਾਂ ਦਾ ਸ਼ਿੰਗਾਰ ਰਹੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ 'ਮਾਈ ਹੋਮ ਇੰਡੀਆ' ਆਪਣੀਆਂ ਵੱਖ-ਵੱਖ ਪਹਿਲਕਦਮੀਆਂ ਰਾਹੀਂ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੀ ਭਾਵਨਾ ਨੂੰ ਫੈਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰਾਸ਼ਟਰਵਾਦ ਪ੍ਰਤੀ ਜਾਗਰੂਕ ਕਰਨ ਲਈ ਯੁਵਾ ਸੰਮੇਲਨ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਨੇ 'ਵੰਨ ਇੰਡੀਆ' ਅਤੇ 'ਕਰਮਯੋਗੀ' ਜਿਹੇ ਪੁਰਸਕਾਰਾਂ ਦੀ ਸਥਾਪਨਾ ਲਈ 'ਮਾਈ ਹੋਮ ਇੰਡੀਆ' ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਐੱਨਜੀਓ ਕਈ ਸਮਾਜ ਸੇਵੀ ਕੰਮਾਂ ਵਿੱਚ ਵੀ ਲਗੀ ਹੋਈ ਹੈ।
ਰਾਸ਼ਟਰਪਤੀ ਦਾ ਹਿੰਦੀ ਵਿੱਚ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
**********
ਡੀਐੱਸ/ਬੀਐੱਮ
(Release ID: 1840411)
Visitor Counter : 219