ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਬਿਊਰੋ ਆਵੑ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਨੇ ਪਹਿਲੇ ਜ਼ਮੀਨੀ ਪੱਧਰ ਦੇ ਨਵੀਨਤਾ-ਅਧਾਰਿਤ ਸਟੈਂਡਰਡ ਤਿਆਰ ਕੀਤੇ
Posted On:
17 JUN 2022 3:28PM by PIB Chandigarh
ਜ਼ਮੀਨੀ ਪੱਧਰ 'ਤੇ ਨਵੀਨਤਾ (grassroots innovation) ਲਈ ਪਹਿਲਾ ਅਧਿਕਾਰਿਤ ਸਟੈਂਡਰਡ ਗੁਜਰਾਤ ਦੇ ਵਾਂਕਾਨੇਰ ਤੋਂ ਸ਼੍ਰੀ ਮਨਸੁਖ ਭਾਈ ਪ੍ਰਜਾਪਤੀ ਦੁਆਰਾ ਵਿਕਸਿਤ ਕਲੇਅ ਕੂਲਿੰਗ ਕੈਬਿਨੇਟ ਮਿਟੀਕੂਲ (Mitticool) ਲਈ ਸਥਾਪਿਤ ਕੀਤਾ ਗਿਆ ਹੈ। ਬਿਊਰੋ ਆਵੑ ਇੰਡੀਆ ਸਟੈਂਡਰਡਜ਼ ਦੁਆਰਾ ਸਥਾਪਿਤ ਕੀਤੇ ਗਏ ਸਟੈਂਡਰਡ ਇੱਕ ਖਾਸ ਪੜਾਅ ਤੋਂ ਬਾਅਦ ਸਰਹੱਦ ਪਾਰ ਦੇ ਬਜ਼ਾਰਾਂ ਵਿੱਚ ਵਿਸਤਾਰ ਅਤੇ ਪ੍ਰਵੇਸ਼ ਲਈ ਜ਼ਰੂਰੀ ਹਨ।
ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰ ਸੰਸਥਾ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐੱਨਆਈਐੱਫ) - ਭਾਰਤ ਨੇ, ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇਨੋਵੇਸ਼ਨ ਸਕੌਲਰਜ਼ ਇਨ-ਰੈਜ਼ੀਡੈਂਸ ਪ੍ਰੋਗਰਾਮ ਵਿੱਚ ਇਹ ਵਿਚਾਰ ਪੇਸ਼ ਕੀਤਾ ਸੀ। ਬੀਆਈਐੱਸ ਨੇ ਇਸ ਇਨੋਵੇਟਿਵ ਟੈਕਨੋਲੋਜੀ ਦਾ ਨੋਟਿਸ ਲਿਆ ਅਤੇ ਬਾਅਦ ਵਿੱਚ ਐੱਨਆਈਐੱਫ ਦੇ ਸਹਿਯੋਗ ਨਾਲ ਇੱਕ ਨਵਾਂ ਭਾਰਤੀ ਸਟੈਂਡਰਡ - IS 17693: 2022 'ਮਿੱਟੀ ਦੀ ਬਣੀ ਗੈਰ-ਇਲੈਕਟ੍ਰਿਕ ਕੂਲਿੰਗ ਕੈਬਿਨੇਟ' ਵਿਕਸਿਤ ਕੀਤਾ।
IS 17693: 2022 ‘ਮਿੱਟੀ ਦੀ ਬਣੀ ਗੈਰ-ਇਲੈਕਟ੍ਰਿਕ ਸੰਚਾਲਿਤ ਕੂਲਿੰਗ ਕੈਬਿਨੇਟ’ ਗ੍ਰਾਸਰੂਟ ਇਨੋਵੇਸ਼ਨ - 'ਮਿਟੀਕੂਲ ਫਰਿੱਜ' ਨਾਲ ਸਬੰਧਿਤ ਪਹਿਲਾ ਸਟੈਂਡਰਡ ਹੈ। ਇਹ ਸਟੈਂਡਰਡ ਮਿੱਟੀ ਤੋਂ ਬਣੇ ਕੁਦਰਤੀ ਫਰਿੱਜ ਦੀ ਕੂਲਿੰਗ ਕੈਬਿਨੇਟ ਦੀ ਉਸਾਰੀ ਅਤੇ ਪ੍ਰਦਰਸ਼ਨ ਦੀਆਂ ਜ਼ਰੂਰਤਾਂ ਨੂੰ ਦਰਸਾਉਂਦਾ ਹੈ ਜੋ ਵਾਸ਼ਪੀਕਰਨ ਕੂਲਿੰਗ ਦੇ ਸਿਧਾਂਤ 'ਤੇ ਕੰਮ ਕਰਦਾ ਹੈ। ਇਨ੍ਹਾਂ ਅਲਮਾਰੀਆਂ (ਕੈਬਿਨੇਟਸ) ਦੀ ਵਰਤੋਂ ਜਲਦੀ ਖਰਾਬ ਹੋਣ ਵਾਲੇ ਭੋਜਨ ਪਦਾਰਥਾਂ ਨੂੰ ਬਿਜਲੀ ਦੀ ਲੋੜ ਤੋਂ ਬਿਨਾਂ ਸਟੋਰ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਕੁਦਰਤੀ ਠੰਡਕ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਆਪਣੀ ਗੁਣਵੱਤਾ ਨੂੰ ਖਰਾਬ ਕੀਤੇ ਬਿਨਾਂ ਤਾਜ਼ੀਆਂ ਰਹਿਣ।
ਇਹ ਸਟੈਂਡਰਡ 17 ਵਿੱਚੋਂ 6 ਸੰਯੁਕਤ ਰਾਸ਼ਟਰ ਸਸਟੇਨੇਬਲ ਡਿਵੈਲਪਮੈਂਟ ਲਕਸ਼ਾਂ (ਐੱਸਡੀਜੀ’ਸ) ਨੂੰ ਪੂਰਾ ਕਰਨ ਲਈ ਬੀਆਈਐੱਸ ਦੇ ਪ੍ਰਯਤਨਾਂ ਵਿੱਚ ਮਦਦ ਕਰਦਾ ਹੈ, ਯਾਨੀ 1 (ਕੋਈ ਗਰੀਬੀ ਨਹੀਂ), 2 (ਕੋਈ ਭੁੱਖਾ ਨਹੀਂ), 5 (ਲਿੰਗ ਸਮਾਨਤਾ), 7 (ਕਿਫਾਇਤੀ ਅਤੇ ਸਵੱਛ ਊਰਜਾ), 9 (ਉਦਯੋਗ, ਨਵੀਨਤਾ, ਅਤੇ ਬੁਨਿਆਦੀ ਢਾਂਚਾ), ਅਤੇ 12 (ਜ਼ਿੰਮੇਵਾਰੀਪੂਰਣ ਖਪਤ ਅਤੇ ਉਤਪਾਦਨ)।
ਇਹ ਸਟੈਂਡਰਡ ਸੰਗਠਿਤ ਖੇਤਰ ਵਿੱਚ ਇਨੋਵੇਸ਼ਨਸ ਦੇ ਨਾਲ ਜ਼ਮੀਨੀ ਪੱਧਰ 'ਤੇ ਨਵੀਨਤਾਵਾਂ (ਗ੍ਰਾਸਰੂਟ ਇਨੋਵੇਸ਼ਨਸ) ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਸਕਦਾ ਹੈ।
ਕੁਝ ਲਾਭ ਜੋ ਨਵੀਨਤਾ ਤੋਂ ਪ੍ਰਾਪਤ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਉਹ ਹਨ - ਵਪਾਰ ਅਤੇ ਵਣਜ ਦੀ ਸੁਵਿਧਾ, ਪ੍ਰਕਿਰਿਆਵਾਂ ਵਿੱਚ ਸੁਧਾਰ ਅਤੇ ਉਨ੍ਹਾਂ ਨੂੰ ਵਧੇਰੇ ਦਕਸ਼ ਬਣਾਉਣਾ, ਨਿਰੰਤਰ ਕੰਮਕਾਜ ਅਤੇ ਗੁਣਵੱਤਾ ਵਿੱਚ ਮਾਰਗਦਰਸ਼ਨ, ਉਤਪਾਦਾਂ ਅਤੇ ਸੇਵਾਵਾਂ ਦੀ ਤੁਲਨਾ ਨੂੰ ਸਰਲ ਬਣਾਉਣਾ, ਟੈਕਨੋਲੋਜੀਕਲ ਵਿਕਾਸ ਨੂੰ ਹੋਰ ਉਤਸ਼ਾਹਿਤ ਕਰਨਾ ਆਦਿ।
'ਮਿਟੀਕੂਲ ਰੈਫ੍ਰਿਜਰੇਟਰ' ਦਾ ਪਹਿਲਾਂ ਹੀ ਬਹੁਤ ਪ੍ਰਭਾਵ ਦਿਖਾਈ ਦੇ ਰਿਹਾ ਹੈ, ਅਤੇ ਇਹ ਮਾਨਕ ਤੈਅ ਕਰਨ ਦੇ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਹਾਸਲ ਕਰਕੇ ਹੋਰ ਅੱਗੇ ਵਧਣ ਲਈ ਤਿਆਰ ਹੈ। ਇਹ ਮਿੱਟੀ ਦੇ ਬਰਤਨਾਂ (pottery) ਦੇ ਸੱਭਿਆਚਾਰ, ਪਰੰਪਰਾ ਅਤੇ ਵਿਰਾਸਤ ਨੂੰ ਪੁਨਰ ਸੁਰਜੀਤ ਕਰਨ; ਲੋਕਾਂ ਨੂੰ ਬਿਹਤਰ, ਸਅਸਥ ਤਰੀਕਿਆਂ ਨਾਲ ਆਪਣੀਆਂ ਜੜ੍ਹਾਂ ਨਾਲ ਜੋੜਨ; ਟਿਕਾਊ ਖਪਤ ਨੂੰ ਉਤਸ਼ਾਹਿਤ ਕਰਨ; ਆਰਥਿਕ ਤੌਰ 'ਤੇ ਗਰੀਬ ਭਾਈਚਾਰੇ ਨੂੰ ਸਸ਼ਕਤ ਕਰਨ; ਗ੍ਰੀਨ ਅਤੇ ਸ਼ੀਤਲ ਪ੍ਰਿਥਵੀ, ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਲਈ ਕੰਮ ਕਰਨ; ਅਤੇ ਗ੍ਰਾਮੀਣ ਮਹਿਲਾਵਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਅਤੇ ਉਨ੍ਹਾਂ ਨੂੰ ਵਿੱਤੀ ਤੌਰ 'ਤੇ ਸੁਤੰਤਰ ਬਣਾਉਣ ਵਿੱਚ ਪਹਿਲਾਂ ਹੀ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇਨ੍ਹਾਂ ਪ੍ਰਾਪਤੀਆਂ ਨੂੰ ਨਵੇਂ ਸਟੈਂਡਰਡ ਨਾਲ ਹੁਲਾਰਾ ਮਿਲੇਗਾ।
***********
ਐੱਸਐੱਨਸੀ/ ਆਰਆਰ
(Release ID: 1834974)
Visitor Counter : 166