ਉਪ ਰਾਸ਼ਟਰਪਤੀ ਸਕੱਤਰੇਤ

ਇੱਕ ਸਭਿਅਕ ਸਮਾਜ ਵਿੱਚ ਆਤੰਕਵਾਦ, ਵਿਭਾਜਨ ਅਤੇ ਨਫ਼ਰਤ ਦੀ ਕੋਈ ਥਾਂ ਨਹੀਂ: ਉਪ ਰਾਸ਼ਟਰਪਤੀ


ਭਾਰਤੀ ਸਾਰੇ ਧਰਮਾਂ ਅਤੇ ਸੱਭਿਆਚਾਰਾਂ ਦਾ ਸਤਿਕਾਰ ਕਰਦੇ ਹਨ: ਉਪ ਰਾਸ਼ਟਰਪਤੀ

ਕਿਸੇ ਵੀ ਧਰਮ ਜਾਂ ਧਾਰਮਿਕ ਪ੍ਰਤੀਕਾਂ ਨੂੰ ਅਪਮਾਨਿਤ ਕਰਨਾ ਭਾਰਤੀ ਸੰਸਕ੍ਰਿਤੀ ਦੇ ਵਿਰੁੱਧ ਹੈ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਕਿਹਾ ਕਿ ਪਾਰਟੀਆਂ ਨੂੰ ਵਿਧਾਨ ਸਭਾਵਾਂ ਵਿਚ ਰੁਕਾਵਟਾਂ 'ਤੇ ਆਤਮ ਚਿੰਤਨ ਕਰਨਾ ਚਾਹੀਦਾ ਹੈ

"ਅਨੁਸ਼ਾਸਿਤ ਅਤੇ ਲੋਕਾਂ ਪ੍ਰਤੀ ਸਮਰਪਿਤ ਰਹੋ": ਉਤਸ਼ਾਹੀ ਲੀਡਰਾਂ ਨੂੰ ਉਪ ਰਾਸ਼ਟਰਪਤੀ ਦੀ ਸਲਾਹ

ਉਪ ਰਾਸ਼ਟਰਪਤੀ ਨੇ ਇੰਡੀਅਨ ਇੰਸਟੀਟਿਊਟ ਆਵੑ ਡੈਮੋਕਰੇਟਿਕ ਲੀਡਰਸ਼ਿਪ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ

Posted On: 15 JUN 2022 4:13PM by PIB Chandigarh

 ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਮਾਨਵਤਾ ਦੀ ਤਰੱਕੀ ਲਈ ਆਲਮੀ ਸ਼ਾਂਤੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ "ਇੱਕ ਸਭਿਅਕ ਸਮਾਜ ਵਿੱਚ ਆਤੰਕਵਾਦ, ਵੰਡ ਅਤੇ ਨਫ਼ਰਤ ਦੀ ਕੋਈ ਥਾਂ ਨਹੀਂ ਹੈ।”

 

 ਉਪ-ਰਾਸ਼ਟਰਪਤੀ ਨਿਵਾਸ ਵਿਖੇ ਇੰਡੀਅਨ ਇੰਸਟੀਟਿਊਟ ਆਵੑ ਡੈਮੋਕ੍ਰੇਟਿਕ ਲੀਡਰਸ਼ਿਪ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ, ਸ਼੍ਰੀ ਨਾਇਡੂ ਨੇ ਦੁਹਰਾਇਆ ਕਿ ਭਾਰਤੀਆਂ ਨੂੰ ਨਾ ਸਿਰਫ਼ ਆਪਣੀ ਸੰਸਕ੍ਰਿਤੀ 'ਤੇ ਮਾਣ ਹੈ, ਬਲਕਿ ਸਾਰੇ ਸਭਿਆਚਾਰਾਂ ਅਤੇ ਧਰਮਾਂ ਦਾ ਸਨਮਾਨ ਵੀ ਕਰਦੇ ਹਨ। ਉਨ੍ਹਾਂ ਅੱਗੇ ਕਿਹਾ "ਅਸੀਂ ਵਸੁਧੈਵ ਕੁਟੁੰਬਕਮ (ਸੰਪੂਰਨ ਸੰਸਾਰ ਇੱਕ ਪਰਿਵਾਰ ਹੈ) ਵਿੱਚ ਵਿਸ਼ਵਾਸ ਕਰਦੇ ਹਾਂ।”

 

 ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਧਰਮ ਨਿਰਪੱਖ ਦੇਸ਼ ਹੈ ਅਤੇ ਕੋਈ ਵੀ ਵਿਅਕਤੀ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਸਰਵਉੱਚ ਸੰਵਿਧਾਨਕ ਅਹੁਦੇ 'ਤੇ ਬਿਰਾਜਮਾਨ ਹੋ ਸਕਦਾ ਹੈ।  ਅਨੇਕਤਾ ਵਿੱਚ ਏਕਤਾ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ "’ਸ਼ੇਅਰ ਐਂਡ ਕੇਅਰ’ ਭਾਰਤੀ ਸਭਿਅਤਾ ਦਾ ਮੂਲ ਗੁਣ ਹੈ।"

 

 ਸ਼੍ਰੀ ਨਾਇਡੂ ਨੇ ਕਿਸੇ ਵੀ ਧਰਮ ਜਾਂ ਧਾਰਮਿਕ ਪ੍ਰਤੀਕਾਂ ਨੂੰ ਅਪਮਾਨਿਤ ਕਰਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਭਾਰਤੀ ਸੰਸਕ੍ਰਿਤੀ ਦੇ ਖਿਲਾਫ਼ ਹੈ, ਜੋ ਬਹੁਲਵਾਦ ਅਤੇ ਸਮਾਵੇਸ਼ ਵਿੱਚ ਵਿਸ਼ਵਾਸ ਰੱਖਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ “ਕਿਸੇ ਨੂੰ ਵੀ ਕਿਸੇ ਵੀ ਧਰਮ ਦੇ ਵਿਰੁੱਧ ਕੋਈ ਨਫ਼ਰਤ ਭਰਿਆ ਭਾਸ਼ਣ ਜਾਂ ਅਪਮਾਨਜਨਕ ਟਿੱਪਣੀ ਨਹੀਂ ਕਰਨੀ ਚਾਹੀਦੀ। ਇਹ ਸਵੀਕਾਰਯੋਗ ਨਹੀਂ ਹੈ।”

 

ਵਿਦਿਆਰਥੀਆਂ ਦੇ ਕਈ ਸਵਾਲਾਂ ਦੇ ਜਵਾਬ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਇੱਕ ਲੋਕਤੰਤਰੀ ਅਧਿਕਾਰ ਹੈ, ਪਰ ਹਿੰਸਕ ਢੰਗਾਂ ਦਾ ਸਹਾਰਾ ਲੈਣ ਨਾਲ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਹੋਵੇਗਾ।

 

 ਵਿਧਾਨ ਸਭਾਵਾਂ ਵਿੱਚ ਰੁਕਾਵਟਾਂ 'ਤੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ, ਉਨ੍ਹਾਂ ਕਿਹਾ ਕਿ ਅੱਗੇ ਦਾ ਰਸਤਾ "ਵਿਚਾਰ, ਬਹਿਸ ਅਤੇ ਫੈਸਲਾ" ਹੋਣਾ ਚਾਹੀਦਾ ਹੈ ਨਾ ਕਿ ਵਿਘਨ ਪਾਉਣਾ। ਉਨ੍ਹਾਂ ਅੱਗੇ ਕਿਹਾ ਕਿ "ਪਾਰਟੀਆਂ ਨੂੰ ਆਤਮ-ਪੜਚੋਲ ਕਰਨੀ ਚਾਹੀਦੀ ਹੈ ਕਿ ਉਹ ਲੋਕਤੰਤਰ ਨੂੰ ਮਜ਼ਬੂਤ ​​ਕਰ ਰਹੀਆਂ ਹਨ ਜਾਂ ਕਮਜ਼ੋਰ ਕਰ ਰਹੀਆਂ ਹਨ (ਵਿਘਨ ਪੈਣ 'ਤੇ)"। ਉਨ੍ਹਾਂ ਮੀਡੀਆ ਨੂੰ ਤਾਕੀਦ ਕੀਤੀ ਕਿ ਉਹ ਵਿਧਾਨ ਸਭਾਵਾਂ ਵਿੱਚ ਬੇਲਗਾਮ ਵਿਹਾਰ ਨੂੰ ਉਜਾਗਰ ਕਰਨ ਤੋਂ ਗੁਰੇਜ਼ ਕਰਨ ਪਰ ਉਸਾਰੂ ਬਹਿਸਾਂ ਨੂੰ ਪ੍ਰਮੁੱਖਤਾ ਦੇਣ।

 

 ਉਪ ਰਾਸ਼ਟਰਪਤੀ ਨੇ ਰਾਜਨੀਤੀ ਸਮੇਤ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਨੂੰ ਢੁੱਕਵੀਂ ਨੁਮਾਇੰਦਗੀ ਦੇਣ ਦੀ ਵਕਾਲਤ ਕੀਤੀ।

 

 ਉਨ੍ਹਾਂ ਵਿਦਿਆਰਥੀਆਂ ਨੂੰ ਲੀਡਰਸ਼ਿਪ ਵਿੱਚ ਜ਼ਰੂਰੀ ਗੁਣਾਂ ਬਾਰੇ ਸੰਬੋਧਨ ਕਰਦਿਆਂ ਕਿਹਾ ਕਿ ਪਬਲਿਕ ਜੀਵਨ ਵਿੱਚ ਅਨੁਸ਼ਾਸਨ ਵਿੱਚ ਰਹਿ ਕੇ ਲੋਕਾਂ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ "ਵਿਚਾਰਧਾਰਾ ਤੋਂ ਵੱਧ, ਆਦਰਸ਼ ਵਿਵਹਾਰ ਮਹੱਤਵਪੂਰਨ ਹੈ।”  ਉਨ੍ਹਾਂ ਨੇ ਇੱਕ ਚੰਗਾ ਲੀਡਰ ਬਣਨ ਲਈ ਟੀਮ ਵਰਕ, ਚੰਗੇ ਸੰਚਾਰ ਸਕਿੱਲ ਅਤੇ ਲੋਕਾਂ ਨਾਲ ਲਗਾਤਾਰ ਗੱਲਬਾਤ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। 

 

***********

 

ਐੱਮਐੱਸ/ਆਰਕੇ



(Release ID: 1834643) Visitor Counter : 146