ਸੱਭਿਆਚਾਰ ਮੰਤਰਾਲਾ

14 ਜੂਨ, 2022 ਨੂੰ ਮੰਗੋਲੀਆ ਦੀ ਬੁੱਧ ਪੂਰਨਿਮਾ ਦੇ ਮੌਕੇ 'ਤੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਨੂੰ 11 ਦਿਨਾਂ ਦੀ ਪ੍ਰਦਰਸ਼ਨੀ ਲਈ ਭਾਰਤ ਤੋਂ ਮੰਗੋਲੀਆ ਲਿਜਾਇਆ ਜਾਵੇਗਾ


ਸ਼੍ਰੀ ਕਿਰੇਨ ਰਿਜਿਜੂ ਦੀ ਅਗਵਾਈ ਵਿੱਚ ਇੱਕ 25 ਮੈਂਬਰੀ ਵਫ਼ਦ, ਪਵਿੱਤਰ ਅਵਸ਼ੇਸ਼ਾਂ ਦੇ ਨਾਲ ਜਾਵੇਗਾ

ਇਹ ਭਾਰਤ-ਮੰਗੋਲੀਆ ਸਬੰਧਾਂ ਵਿੱਚ ਇੱਕ ਹੋਰ ਇਤਿਹਾਸਕ ਮੀਲ ਪੱਥਰ ਹੈ ਅਤੇ ਦੋਹਾਂ ਦੇਸ਼ਾਂ ਦਰਮਿਆਨ ਸੱਭਿਆਚਾਰਕ ਅਤੇ ਅਧਿਆਤਮਿਕ ਸੰਬੰਧਾਂ ਨੂੰ ਹੋਰ ਹੁਲਾਰਾ ਦੇਵੇਗਾ: ਸ਼੍ਰੀ ਕਿਰੇਨ ਰਿਜਿਜੂ

ਭਗਵਾਨ ਬੁੱਧ ਦੀਆਂ ਸਿੱਖਿਆਵਾਂ ਮਾਨਵਤਾ ਨੂੰ ਵਧੇਰੇ ਸ਼ਾਂਤੀ, ਸਦਭਾਵਨਾ ਅਤੇ ਸਮ੍ਰਿੱਧੀ ਦੀ ਸੇਧ ਦੇਣਗੀਆਂ: ਸ਼੍ਰੀ ਕਿਰੇਨ ਰਿਜਿਜੂ

ਭਗਵਾਨ ਬੁੱਧ ਦੇ ਅਮਨ-ਸ਼ਾਂਤੀ ਅਤੇ ਦਇਆ ਦੇ ਸੰਦੇਸ਼ ਨੂੰ ਪੂਰੀ ਦੁਨੀਆ ਵਿੱਚ ਫੈਲਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ: ਸ਼੍ਰੀ ਜੀ ਕਿਸ਼ਨ ਰੈੱਡੀ

Posted On: 11 JUN 2022 4:53PM by PIB Chandigarh

 ਮੰਗੋਲੀਆ ਦੇ ਲੋਕਾਂ ਪ੍ਰਤੀ ਵਿਸ਼ੇਸ਼ ਭਾਵਨਾ ਦਰਸਾਉਂਦੇ ਹੋਏ, ਭਗਵਾਨ ਬੁੱਧ ਦੇ ਚਾਰ ਪਵਿੱਤਰ ਅਵਸ਼ੇਸ਼ਾਂ ਨੂੰ 14 ਜੂਨ, 2022 ਨੂੰ ਹੋਣ ਵਾਲੇ ਮੰਗੋਲੀਆਈ ਬੁੱਧ ਪੂਰਨਿਮਾ ਦੇ ਜਸ਼ਨਾਂ ਦੇ ਹਿੱਸੇ ਵਜੋਂ 11 ਦਿਨਾਂ ਦੀ ਪ੍ਰਦਰਸ਼ਨੀ ਲਈ ਭਾਰਤ ਤੋਂ ਮੰਗੋਲੀਆ ਲਿਜਾਇਆ ਜਾਵੇਗਾ। ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਦੀ ਅਗਵਾਈ ਵਿੱਚ ਇੱਕ 25 ਮੈਂਬਰੀ ਵਫ਼ਦ ਪਵਿੱਤਰ ਅਵਸ਼ੇਸ਼ਾਂ ਦੇ ਨਾਲ 12 ਜੂਨ, 2022 ਨੂੰ ਮੰਗੋਲੀਆ ਲਈ ਰਵਾਨਾ ਹੋਵੇਗਾ। ਪਵਿੱਤਰ ਅਵਸ਼ੇਸ਼ਾਂ ਨੂੰ ਗੰਦਨ ਮੱਠ ਦੇ ਅਹਾਤੇ ਵਿੱਚ ਬਤਸਾਗਾਨ ਮੰਦਿਰ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਪਵਿੱਤਰ ਬੁੱਧ ਦੇ ਅਵਸ਼ੇਸ਼, ਜੋ ਵਰਤਮਾਨ ਵਿੱਚ ਰਾਸ਼ਟਰੀ ਅਜਾਇਬ ਘਰ ਵਿੱਚ ਰੱਖੇ ਗਏ ਹਨ, ਨੂੰ 'ਕਪਿਲਵਸਤੂ ਅਵਸ਼ੇਸ਼' ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਉਹ ਬਿਹਾਰ ਵਿੱਚ ਪਹਿਲੀ ਵਾਰ 1898 ਵਿੱਚ ਖੋਜੇ ਗਏ ਉਸ ਸਥਾਨ ਤੋਂ ਹਨ ਜੋ ਕਪਿਲਵਸਤੂ ਦਾ ਪ੍ਰਾਚੀਨ ਸ਼ਹਿਰ ਮੰਨਿਆ ਜਾਂਦਾ ਹੈ।

 

 ਅੱਜ ਨਵੀਂ ਦਿੱਲੀ ਵਿੱਚ ਇਸ ਦੌਰੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ, ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਇਹ ਭਾਰਤ-ਮੰਗੋਲੀਆ ਸਬੰਧਾਂ ਵਿੱਚ ਇੱਕ ਹੋਰ ਇਤਿਹਾਸਕ ਮੀਲ ਪੱਥਰ ਹੈ ਅਤੇ ਦੋਵਾਂ ਦੇਸ਼ਾਂ ਦਰਮਿਆਨ ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧਾਂ ਨੂੰ ਹੋਰ ਹੁਲਾਰਾ ਦੇਵੇਗਾ।

 

 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ 2015 ਵਿੱਚ ਮੰਗੋਲੀਆ ਦੀ ਫੇਰੀ ਨੂੰ ਯਾਦ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਮੰਗੋਲੀਆ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ, ਅਤੇ ਪਵਿੱਤਰ ਅਵਸ਼ੇਸ਼ਾਂ ਨੂੰ ਮੰਗੋਲੀਆ ਲੈਜਾਣਾ ਉਨ੍ਹਾਂ ਦੇਸ਼ਾਂ ਨਾਲ ਸਾਡੇ ਸਬੰਧਾਂ ਨੂੰ ਪੁਨਰ ਸੁਰਜੀਤ ਕਰਨ ਦੇ ਸਾਡੇ ਪ੍ਰਧਾਨ ਮੰਤਰੀ ਦੀ ਸੋਚ ਦਾ ਵਿਸਤਾਰ ਹੈ ਜਿਨ੍ਹਾਂ ਨਾਲ ਸਾਡੇ ਸਦੀਆਂ ਪਹਿਲਾਂ ਤੋਂ ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧ ਰਹੇ ਹਨ।

 

 ਸ਼੍ਰੀ ਰਿਜਿਜੂ ਨੇ ਦੱਸਿਆ ਕਿ ਮੰਗੋਲੀਆ ਅਤੇ ਭਾਰਤ ਇੱਕ ਦੂਸਰੇ ਨੂੰ ਅਧਿਆਤਮਿਕ ਅਤੇ ਸੱਭਿਆਚਾਰਕ ਗੁਆਂਢੀਆਂ ਦੇ ਰੂਪ ਵਿੱਚ ਦੇਖਦੇ ਹਨ ਅਤੇ ਇਸ ਸਮਾਨਤਾ ਦੇ ਕਾਰਨ, ਮੰਗੋਲੀਆ ਨੂੰ ਸਾਡਾ 'ਤੀਸਰਾ ਗੁਆਂਢੀ' ਵੀ ਕਿਹਾ ਜਾ ਸਕਦਾ ਹੈ ਭਾਵੇਂ ਕਿ ਸਾਡੀਆਂ ਕੋਈ ਸਾਂਝੀਆਂ ਭੌਤਿਕ ਸੀਮਾਵਾਂ ਨਹੀਂ ਹਨ।

 

 ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿੱਚ ਵੀ ਪ੍ਰਸੰਗਿਕ ਹਨ ਅਤੇ ਮਾਨਵਤਾ ਨੂੰ ਸ਼ਾਂਤੀ, ਸਦਭਾਵਨਾ ਅਤੇ ਸਮ੍ਰਿੱਧੀ ਦੀ ਸੇਧ ਦੇਣਗੀਆਂ।  ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਅਮਨ-ਸ਼ਾਂਤੀ ਅਤੇ ਸਦਭਾਵਨਾ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਰਾਹੀਂ ਇਸ ਸੰਦੇਸ਼ ਨੂੰ ਪੂਰੀ ਦੁਨੀਆ ਵਿੱਚ ਫੈਲਾਉਣਾ ਚਾਹੁੰਦਾ ਹੈ, ਜੋ ਕਿ ਵਿਸ਼ਵ ਨੂੰ ਭਾਰਤ ਦਾ ਸੱਭਿਆਚਾਰਕ ਤੋਹਫਾ ਹੈ। ਮੰਤਰੀ ਨੇ ਦੱਸਿਆ ਕਿ ਮੰਗੋਲੀਆ ਦੇ ਲੋਕਾਂ ਲਈ ਇੱਕ ਵਿਸ਼ੇਸ਼ ਤੋਹਫ਼ੇ ਵਜੋਂ 11 ਦਿਨਾਂ ਦੇ ਪ੍ਰਦਰਸ਼ਨ ਲਈ ਇਹ ਅਵਸ਼ੇਸ਼ ਲਿਜਾਏ ਜਾ ਰਹੇ ਹਨ, ਜੋ ਪਵਿੱਤਰ ਅਵਸ਼ੇਸ਼ਾਂ ਪ੍ਰਤੀ ਆਪਣੇ ਦਿਲਾਂ ਵਿੱਚ ਬਹੁਤ ਵਿਸ਼ੇਸ਼ ਸਤਿਕਾਰ ਰੱਖਦੇ ਹਨ।

 

 ਮੀਡੀਆ ਨੂੰ ਵਰਚੁਅਲ ਮਾਧਿਅਮ ਰਾਹੀਂ ਜਾਣਕਾਰੀ ਦਿੰਦੇ ਹੋਏ ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਡੋਨਰ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਭਗਵਾਨ ਬੁੱਧ ਨੂੰ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਸਤਿਕਾਰਿਆ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ 2015 ਵਿੱਚ ਮੰਗੋਲੀਆ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਅਤੇ ਅਵਸ਼ੇਸ਼ਾਂ ਨੂੰ ਉਸੇ ਮੱਠ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਜਿਸਦਾ ਪ੍ਰਧਾਨ ਮੰਤਰੀ ਨੇ ਦੌਰਾ ਕੀਤਾ ਸੀ। ਸ਼੍ਰੀ ਕਿਸ਼ਨ ਰੈਡੀ ਨੇ ਦੱਸਿਆ ਕਿ ਸਰਕਾਰ ਭਗਵਾਨ ਬੁੱਧ ਦੇ ਸ਼ਾਂਤੀ ਅਤੇ ਦਇਆ ਦੇ ਸੰਦੇਸ਼ ਨੂੰ ਪੂਰੀ ਦੁਨੀਆ ਵਿੱਚ ਫੈਲਾਉਣ ਲਈ ਹਰ ਸੰਭਵ ਪ੍ਰਯਤਨ ਕਰ ਰਹੀ ਹੈ। ਇਸ ਅਨੁਸਾਰ, ਸਰਕਾਰ ਭਾਰਤ ਵਿੱਚ ਬੋਧੀ ਸਾਈਟਾਂ, ਅਸਥਾਨਾਂ ਅਤੇ ਬੋਧੀ ਕੇਂਦਰਾਂ ਨੂੰ ਵਿਕਸਿਤ ਕਰਨ ਲਈ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕੁਸ਼ੀਨਗਰ ਹਵਾਈ ਅੱਡੇ ਦਾ ਉਦਘਾਟਨ ਅਜਿਹੀ ਹੀ ਇੱਕ ਉਦਾਹਰਣ ਹੈ।

 

 ਅਵਸ਼ੇਸ਼ਾਂ ਨੂੰ ਰਾਜ ਮਹਿਮਾਨ ਦਾ ਦਰਜਾ ਦਿੱਤਾ ਜਾਵੇਗਾ ਅਤੇ ਉਸੇ ਜਲਵਾਯੂ ਨਿਯੰਤਰਣ ਵਾਲੇ ਹਾਲਾਤਾਂ ਵਿੱਚ ਰੱਖਿਆ ਜਾਵੇਗਾ ਜਿਵੇਂ ਕਿ ਇਸ ਸਮੇਂ ਰਾਸ਼ਟਰੀ ਅਜਾਇਬ ਘਰ ਵਿੱਚ ਰੱਖਿਆ ਗਿਆ ਹੈ। ਭਾਰਤੀ ਹਵਾਈ ਸੈਨਾ ਨੇ ਪਵਿੱਤਰ ਅਵਸ਼ੇਸ਼ਾਂ ਨੂੰ ਲਿਜਾਣ ਲਈ ਇੱਕ ਵਿਸ਼ੇਸ਼ ਹਵਾਈ ਜਹਾਜ਼ ਸੀ-17 ਗਲੋਬ ਮਾਸਟਰ ਉਪਲਬਧ ਕਰਵਾਇਆ ਹੈ। ਇਹ ਪਵਿੱਤਰ ਨਿਸ਼ਾਨੀਆਂ ਮੰਗੋਲੀਆ ਦੇ ਸੱਭਿਆਚਾਰ ਮੰਤਰੀ, ਮੰਗੋਲੀਆ ਦੇ ਰਾਸ਼ਟਰਪਤੀ ਦੇ ਸਲਾਹਕਾਰ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੋਧੀ ਭਿਕਸ਼ੂਆਂ ਦੁਆਰਾ ਪ੍ਰਾਪਤ ਕੀਤੀਆਂ ਜਾਣਗੀਆਂ।

ਮੰਗੋਲੀਆ ਵਿੱਚ ਉਪਲਬਧ ਭਗਵਾਨ ਬੁੱਧ ਦੇ ਅਵਸ਼ੇਸ਼ ਵੀ ਭਾਰਤ ਦੇ ਅਵਸ਼ੇਸ਼ਾਂ ਦੇ ਨਾਲ ਪ੍ਰਦਰਸ਼ਿਤ ਕੀਤੇ ਜਾਣਗੇ। ਭਾਰਤੀ ਪ੍ਰਤੀਨਿਧੀ ਮੰਡਲ ਦੁਆਰਾ ਦੋਵੇਂ ਅਵਸ਼ੇਸ਼ਾਂ ਲਈ ਦੋ ਬੁਲੇਟ ਪਰੂਫ ਕੇਸਿੰਗਾਂ ਦੇ ਨਾਲ-ਨਾਲ ਦੋ ਰਸਮੀ (ceremonial) ਤਾਬੂਤ ਲਿਜਾਏ ਜਾ ਰਹੇ ਹਨ। 

 

 ਕਿਸੇ ਭਾਰਤੀ ਪ੍ਰਧਾਨ ਮੰਤਰੀ ਦੁਆਰਾ ਮੰਗੋਲੀਆ ਦਾ ਦੌਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਵਜੋਂ, ਸ਼੍ਰੀ ਨਰੇਂਦਰ ਮੋਦੀ ਨੇ 2015 ਵਿੱਚ ਗੰਦਨ ਮੱਠ ਦਾ ਦੌਰਾ ਕੀਤਾ ਸੀ ਅਤੇ ਹੰਬਾ ਲਾਮਾ ਨੂੰ ਇੱਕ ਬੋਧੀ ਦਰਖਤ ਦਾ ਪੌਦਾ ਵੀ ਭੇਟ ਕੀਤਾ ਸੀ। ਦੋਹਾਂ ਦੇਸ਼ਾਂ ਦਰਮਿਆਨ ਸਦੀਆਂ ਪੁਰਾਣੇ ਬੋਧੀ ਸਬੰਧਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਰੇਂਦਰ ਮੋਦੀ ਨੇ ਮੰਗੋਲੀਆ ਦੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਭਾਰਤ ਅਤੇ ਮੰਗੋਲੀਆ ਨੂੰ ਅਧਿਆਤਮਿਕ ਗੁਆਂਢੀ ਵਜੋਂ ਪ੍ਰਭਾਸ਼ਿਤ ਕੀਤਾ ਸੀ।

 

 ਭਾਰਤ ਮੰਗੋਲੀਆ ਨਾਲ ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਦਾ ਇੱਕ ਲੰਮਾ ਇਤਿਹਾਸ ਸਾਂਝਾ ਕਰਦਾ ਹੈ ਅਤੇ ਮੰਗੋਲੀਆ ਸਰਕਾਰ ਦੀ ਬੇਨਤੀ ਕਰਨ 'ਤੇ ਇਸ ਸਾਂਝੇਦਾਰੀ ਨੂੰ ਅੱਗੇ ਲਿਜਾਣ ਲਈ, ਕੇਂਦਰੀ ਸੱਭਿਆਚਾਰਕ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਇੱਕ ਵਿਸ਼ੇਸ਼ ਅਪਵਾਦ ਵਜੋਂ, ਭਗਵਾਨ ਬੁੱਧ ਦੇ ਪਵਿੱਤਰ ਨਿਸ਼ਾਨੀਆਂ ਨੂੰ ਮੰਗੋਲੀਆ ਵਿੱਚ ਗੰਦਨ ਮੱਠ ਦੇ ਅੰਦਰ ਬਤਸਾਗਾਨ ਮੰਦਿਰ ਵਿੱਚ 11 ਦਿਨਾਂ ਤੱਕ ਪ੍ਰਦਰਸ਼ਿਤ ਕਰਨ ਲਈ ਰੱਖਣ ਦੀ ਇਜਾਜ਼ਤ ਦਿੱਤੀ।

 

 ਪਿਛਲੀ ਵਾਰ ਇਨ੍ਹਾਂ ਅਵਸ਼ੇਸ਼ਾਂ ਨੂੰ ਸਾਲ 2012 ਵਿੱਚ ਦੇਸ਼ ਤੋਂ ਬਾਹਰ ਲਿਜਾਇਆ ਗਿਆ ਸੀ ਜਦੋਂ ਸ਼੍ਰੀਲੰਕਾ ਵਿੱਚ ਇਨ੍ਹਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ ਅਤੇ ਇਨ੍ਹਾਂ ਨੂੰ ਸ਼੍ਰੀਲੰਕਾ ਵਿੱਚ ਕਈ ਥਾਵਾਂ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਅਤੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਪੁਰਾਤਨ ਵਸਤਾਂ ਅਤੇ ਕਲਾ ਖਜ਼ਾਨਿਆਂ ਦੀ "ਏਏ" ਸ਼੍ਰੇਣੀ ਦੇ ਅਧੀਨ ਰੱਖਿਆ ਗਿਆ ਸੀ, ਜਿਨ੍ਹਾਂ ਨੂੰ ਕਿ ਉਨ੍ਹਾਂ ਦੇ ਨਾਜ਼ੁਕ ਸੁਭਾਅ ਕਾਰਨ ਦੇਸ਼ ਤੋਂ ਬਾਹਰ ਨਹੀਂ ਲਿਜਾਇਆ ਜਾਣਾ ਚਾਹੀਦਾ।

 

 25 ਮੈਂਬਰੀ ਵਫ਼ਦ ਵਿੱਚ ਸੱਭਿਆਚਾਰਕ ਸਕੱਤਰ ਸੁਸ਼੍ਰੀ ਅਮਿਤਾ ਪ੍ਰਸਾਦ ਸਾਰਾਭਾਈ, ਏਡੀਜੇ ਸੁਸ਼੍ਰੀ ਨਾਨੂ ਭਸੀਨ ਦੀ ਅਗਵਾਈ ਵਿੱਚ ਅਧਿਕਾਰਿਤ ਮੀਡੀਆ ਟੀਮ, ਰਾਸ਼ਟਰੀ ਅਜਾਇਬ ਘਰ ਦੇ ਟੈਕਨੀਕਲ ਮਾਹਿਰ, ਪ੍ਰਸਿੱਧ ਗਾਇਕ ਮੋਹਿਤ ਚੌਹਾਨ, ਜੋ ਭਾਰਤ ਵਿੱਚ ਮੰਗੋਲੀਆ ਦੇ ਸੱਭਿਆਚਾਰਕ ਰਾਜਦੂਤ ਹਨ, ਅਤੇ ਨਾਲ ਹੀ ਆਈਬੀਸੀ (ਇੰਟਰਨੈਸ਼ਨਲ ਬੋਧੀ ਕਨਫੈਡਰੇਸ਼ਨ) ਦੇ ਪ੍ਰਤੀਨਿਧੀ ਸ਼ਾਮਲ ਹਨ।

 

 ਇਸ ਤੋਂ ਪਹਿਲਾਂ, ਸੰਸਕ੍ਰਿਤੀ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਸ਼੍ਰੀ ਲਿਲੀ ਪਾਂਡੇ ਦੀ ਅਗਵਾਈ ਵਾਲੀ ਇੱਕ ਅਗਾਊਂ ਟੀਮ, ਜਿਸ ਵਿੱਚ ਸੱਭਿਆਚਾਰ ਮੰਤਰਾਲੇ ਦੇ ਅਧਿਕਾਰੀ, ਰਾਸ਼ਟਰੀ ਅਜਾਇਬ ਘਰ ਦੇ ਕਿਊਰੇਟਰ ਸ਼ਾਮਲ ਸਨ, ਨੇ 8 ਜੂਨ, 2022 ਨੂੰ ਪਵਿੱਤਰ ਅਵਸ਼ੇਸ਼ਾਂ ਦੇ ਸੁਆਗਤ ਲਈ ਤਿਆਰੀਆਂ ਸਬੰਧੀ ਪ੍ਰਬੰਧਾਂ ਦੀ ਨਿਗਰਾਨੀ ਕਰਨ ਅਤੇ ਪ੍ਰਦਰਸ਼ਨੀ ਲਈ ਰਾਸ਼ਟਰੀ ਅਜਾਇਬ ਘਰ ਅਤੇ ਗੰਦਨ ਮੱਠ ਦਰਮਿਆਨ ਇੱਕ ਸਮਝੌਤੇ 'ਤੇ ਦਸਤਖਤ ਕਰਨ ਲਈ ਮੰਗੋਲੀਆ ਦਾ ਦੌਰਾ ਕੀਤਾ।

 

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੌਰੇ ਤੋਂ ਬਾਅਦ, ਭਾਰਤ ਵਿਭਿੰਨ ਖੇਤਰਾਂ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਮੰਗੋਲੀਆ ਦੀ ਮਦਦ ਕਰਦਾ ਰਿਹਾ ਹੈ। ਭਾਰਤ ਨੇ ਮੰਗੋਲੀਆਈ ਕਾਂਜੂਰ (Kanjur) ਦੀਆਂ 108 ਜਿਲਦਾਂ ਦੀਆਂ 75 ਕਾਪੀਆਂ ਛਾਪੀਆਂ ਹਨ ਅਤੇ ਉਨ੍ਹਾਂ ਨੂੰ ਮੰਗੋਲੀਆਈ ਸਰਕਾਰ ਅਤੇ ਉਥੋਂ ਦੀਆਂ ਵਿਭਿੰਨ ਬੋਧੀ ਸੰਸਥਾਵਾਂ ਨੂੰ ਸੌਂਪਿਆ ਹੈ। ਕਾਂਜੂਰ ਹੱਥ-ਲਿਖਤਾਂ ਦੇ ਡਿਜੀਟਾਈਜ਼ੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ। ਮੰਗੋਲੀਆ ਦੇ ਲਗਭਗ 500 ਭਿਕਸ਼ੂ ਭਾਰਤ ਦੇ ਵਿਭਿੰਨ ਮੱਠਾਂ ਅਤੇ ਸੰਸਥਾਵਾਂ ਵਿੱਚ ਪੜ੍ਹ ਰਹੇ ਹਨ ਜਿਨ੍ਹਾਂ ਲਈ ਭਾਰਤ ਨੇ ਪਿਛਲੇ ਕਈ ਸਾਲਾਂ ਦੌਰਾਨ ਉਨ੍ਹਾਂ ਦੀ ਯਾਤਰਾ ਅਤੇ ਵੀਜ਼ਾ ਲਈ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ।

 

 ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ

 

Click here for more details of the sacred relics of Lord Buddha

 

 ***********

 

ਐੱਨਬੀ/ਐੱਸਕੇ/ਯੂਡੀ



(Release ID: 1833525) Visitor Counter : 92