ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਪ੍ਰੋ ਕਬੱਡੀ ਲੀਗ ਟੀਮ ਦੇ ਸਕਾਊਟਸ ਨੇ ਲਗਾਈ ਰੌਣਕ
Posted On:
07 JUN 2022 4:51PM by PIB Chandigarh
ਪੰਚਕੂਲਾ ਵਿੱਚ 4,500 ਤੋਂ ਵੱਧ ਐਥਲੀਟ ਹਨ, ਜੋ ਖੇਲੋ ਇੰਡੀਆ ਯੂਥ ਗੇਮਸ ਵਿੱਚ ਗੋਲਡ ਅਤੇ ਪ੍ਰਤਿਸ਼ਠਾ ਲਈ ਲੜ ਰਹੇ ਹਨ। ਕਬੱਡੀ ਖਿਡਾਰੀਆਂ ਲਈ, ਹੋਰ ਵੀ ਬਹੁਤ ਕੁਝ ਦਾਅ 'ਤੇ ਲੱਗਾ ਹੋਇਆ ਹੈ।
ਉਨ੍ਹਾਂ ਵਿੱਚੋਂ ਘੱਟੋ-ਘੱਟ ਕੁਝ ਸੰਭਾਵੀ ਤੌਰ 'ਤੇ ਮੁਨਾਫ਼ੇ ਵਾਲੇ ਸਮਝੌਤਿਆਂ 'ਤੇ ਦਸਤਖਤ ਕਰਨ ਦੀ ਉਮੀਦ ਕਰ ਰਹੇ ਹਨ, ਜੋ ਉਨ੍ਹਾਂ ਨੂੰ ਰਾਤੋ-ਰਾਤ ਕਰੋੜਪਤੀ ਬਣਾ ਸਕਦੇ ਹਨ।
ਪ੍ਰੋ ਕਬੱਡੀ ਲੀਗ ਦੀਆਂ ਛੇ ਟੀਮਾਂ ਨੇ ਇੱਥੇ ਆਪਣੇ ਹੁਨਰਮੰਦ ਸਕਾਊਟ ਭੇਜੇ ਹਨ, ਇਸ ਉਮੀਦ ਵਿੱਚ ਕਿ ਉਹ ਅਣਪਛਾਤੇ ਹੀਰੇ ਲੱਭਣਗੇ, ਜੋ ਆਖਰਕਾਰ ਲੀਗ ਵਿੱਚ ਆਪਣੀ ਕਿਸਮਤ ਬਦਲ ਸਕਦੇ ਹਨ।
ਆਪਣੀ ਟੀਮ ਦੇ ਮੈਨੇਜਰ ਅਤੇ ਇੱਕ ਸਕਾਊਟ ਨਾਲ ਆਏ ਪਟਨਾ ਪਾਈਰੇਟਸ ਦੇ ਡਿਪਟੀ ਕੋਚ ਐੱਮ ਵੀ ਸੁੰਦਰਮ ਨੇ ਕਿਹਾ, “ਸਾਡੇ ਵਿੱਚੋਂ ਕੁਝ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਲਈ ਵੀ ਗਏ ਸਨ। ਪਰ ਇਹ ਖੇਡਾਂ ਅੰਡਰ-18 ਖਿਡਾਰੀਆਂ ਲਈ ਹਨ, ਜਿਸਦਾ ਭਾਵ ਹੈ ਕਿ ਅਸੀਂ ਨਿਲਾਮੀ ਦੀ ਗੁੰਝਲਦਾਰ ਪ੍ਰਕਿਰਿਆ ਵਿੱਚੋਂ ਲੰਘੇ ਬਿਨਾਂ ਉਨ੍ਹਾਂ ਨੂੰ ਸਾਈਨ ਕਰ ਸਕਦੇ ਹਾਂ।”
ਕਿਉਂਕਿ ਸੀਨੀਅਰ ਨੈਸ਼ਨਲਜ਼ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀ ਸਿੱਧੇ ਨਿਲਾਮੀ ਪੂਲ ਵਿੱਚ ਜਾਂਦੇ ਹਨ, ਟੀਮਾਂ ਨੂੰ ਸੱਤ ਨਵੇਂ ਨੌਜਵਾਨ ਖਿਡਾਰੀਆਂ ਦੇ ਸਥਾਨ ਭਰਨ ਦਾ ਔਖਾ ਕੰਮ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨਾਂ ਨੂੰ ਦੋ ਸਾਲਾਂ ਦੀ ਮਿਆਦ ਲਈ ਸਾਈਨ ਕਰਨ ਤਰਜੀਹ ਦਿੰਦੇ ਹਨ ਅਤੇ ਉਨ੍ਹਾਂ ਨੂੰ ਚੈਂਪੀਅਨ ਬਣਾਉਣ ਲਈ ਤਰਾਸ਼ਦੇ ਹਨ।
ਪਤਾ ਲੱਗਾ ਹੈ ਕਿ ਕਈ ਖਿਡਾਰੀ ਪਹਿਲਾਂ ਹੀ ਉਨ੍ਹਾਂ ਨਜ਼ਰਾਂ ਵਿੱਚ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਟਰਾਇਲ ਲਈ ਬੁਲਾਇਆ ਜਾਵੇਗਾ। ਕੇਆਈਵਾਈਜੀ ਖਿਡਾਰੀਆਂ ਨੂੰ ਆਮ ਤੌਰ 'ਤੇ ਮੁੱਖ ਟੀਮ ਨਾਲ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਗੁਰ ਸਿੱਖ ਸਕਣ।
ਤਾਮਿਲ ਥਲਾਈਵਾਸ ਦੇ ਮੁੱਖ ਕੋਚ ਉਦੈ ਕੁਮਾਰ ਨੇ ਖੁਲਾਸਾ ਕੀਤਾ, “ਅਸੀਂ ਲਗਭਗ ਸਾਰੇ ਮੈਚ ਵੇਖੇ ਹਨ। ਬੇਹਤਰੀਨ ਹੁਨਰ ਅਤੇ ਸਰੀਰਕ ਬਣਤਰ ਦੇ ਨਾਲ ਖਿਡਾਰੀ ਬਹੁਤ ਵਧੀਆ ਹਨ।"
ਖਿਡਾਰੀਆਂ ਨੂੰ ਆਉਣ ਵਾਲੇ ਪੀਕੇਐੱਲ ਸੀਜ਼ਨ ਵਿੱਚ ਸ਼ਾਇਦ ਬ੍ਰੇਕ ਨਾ ਮਿਲੇ ਪਰ ਉਹ ਫਿਰ ਵੀ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਵਿੱਚੋਂ ਹਰ ਇੱਕ ਕੁਝ ਲੱਖ ਰੁਪਏ ਨਾਲ ਅਮੀਰ ਹੋ ਸਕਦਾ ਹੈ, ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲਣ ਲਈ ਕਾਫੀ ਹੈ, ਕਿਉਂਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਇੱਕ ਕਠਿਨ ਵਿੱਤੀ ਪਿਛੋਕੜ ਵਾਲੇ ਹਨ।
ਯੂ-ਮੁੰਬਾ ਅਤੇ ਆਰਮੀ ਗ੍ਰੀਨ ਕੋਚ ਅਨਿਲ ਕੈਪਰਾਨਾ ਵੀ ਉਨ੍ਹਾਂ ਨੂੰ ਦੇਖ ਕੇ ਪ੍ਰਭਾਵਿਤ ਹੋਏ ਅਤੇ ਮੰਨਿਆ ਕਿ ਇਸ ਛੋਟੀ ਉਮਰ ਵਿੱਚ ਖਿਡਾਰੀਆਂ ਨੂੰ ਚੁਣਨਾ ਦੋਵਾਂ ਲਈ ਲਾਭ ਦੀ ਸਥਿਤੀ ਹੈ।
ਉਨ੍ਹਾਂ ਕਿਹਾ, “ਅਸੀਂ ਇੱਥੇ ਜੂਨੀਅਰ ਲੜਕਿਆਂ ਨੂੰ ਦੇਖ ਰਹੇ ਹਾਂ। ਪਰ ਦੇਖਣ 'ਤੇ ਲੱਗਦਾ ਹੈ ਕਿ ਕੁਝ ਵਿੱਚ ਸੱਚਮੁੱਚ ਚੰਗੀ ਪ੍ਰਤਿਭਾ ਹੈ।”ਉਨ੍ਹਾਂ ਅੱਗੇ ਕਿਹਾ ਕਿ ਯੂ-ਮੁੰਬਾ ਜਾਂ ਆਰਮੀ ਟੀਮ ਲਈ ਚੁਣੇ ਗਏ ਖਿਡਾਰੀਆਂ ਨੂੰ ਵਿੱਤੀ ਸਥਿਰਤਾ ਮਿਲੇਗੀ ਅਤੇ ਆਪਣੇ ਕਰੀਅਰ ਦੇ ਵਿਕਾਸ 'ਤੇ ਧਿਆਨ ਦੇਣ ਦਾ ਮੌਕਾ ਵੀ ਮਿਲੇਗਾ।
ਉਨ੍ਹਾਂ ਅੱਗੇ ਕਿਹਾ, “ਜਿਵੇਂ ਹੀ ਉਹ ਜ਼ਿਆਦਾ ਖੇਡਣਗੇ, ਉਹ ਸੁਧਾਰ ਕਰਨਗੇ ਅਤੇ ਉਹ ਚੰਗੇ ਪੈਸੇ ਵੀ ਕਮਾ ਸਕਦੇ ਹਨ।”
*******
ਐੱਨਬੀ/ਓਏ
(Release ID: 1832008)
Visitor Counter : 120