ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਬੌਕਸਿੰਗ ਵਰਲਡ ਚੈਂਪੀਅਨਸ਼ਿਪ ਅਤੇ ਤੀਰਅੰਦਾਜ਼ੀ ਵਿਸ਼ਵ ਕੱਪ ਟੀਮਾਂ ਦਾ ਸਨਮਾਨ ਕੀਤਾ; ਐਥਲੀਟਾਂ ਨੂੰ ਓਲੰਪਿਕ 2024 ਵਿੱਚ ਭਾਰਤ ਲਈ ਹੋਰ ਮੈਡਲ ਜਿੱਤਣ ਲਈ ਪ੍ਰੇਰਿਤ ਕੀਤਾ
Posted On:
24 MAY 2022 9:29PM by PIB Chandigarh
ਮੰਗਲਵਾਰ ਨੂੰ ਭਾਰਤੀ ਖੇਡਾਂ ਲਈ ਇਹ ਦੋਹਰਾ ਜਸ਼ਨ ਸੀ ਜਦੋਂ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕ੍ਰਮਵਾਰ ਕੋਰੀਆ ਵਿੱਚ ਵਿਸ਼ਵ ਕੱਪ ਅਤੇ ਤੁਰਕੀ ਵਿੱਚ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਤੋਂ ਵਾਪਸ ਪਰਤੇ ਭਾਰਤ ਦੇ ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਦਲਾਂ ਨੂੰ ਸਨਮਾਨਿਤ ਕੀਤਾ।
ਸਨਮਾਨ ਪ੍ਰੋਗਰਾਮ ਦਾ ਆਯੋਜਨ ਇੰਦਰਾ ਗਾਂਧੀ ਸਟੇਡੀਅਮ ਵਿੱਚ ਸਾਈ (SAI) ਦੇ ਨੈਸ਼ਨਲ ਸੈਂਟਰ ਆਵੑ ਐਕਸੀਲੈਂਸ ਵਿੱਚ ਕੀਤਾ ਗਿਆ, ਜੋ ਕਿ ਭਾਰਤ ਦੇ ਦਿੱਗਜ ਮੁੱਕੇਬਾਜ਼ਾਂ ਲਈ ਟ੍ਰੇਨਿੰਗ ਦਾ ਮੈਦਾਨ ਵੀ ਹੈ। ਭਾਰਤ ਨੇ ਪਿਛਲੇ ਕੁਝ ਦਿਨਾਂ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ 5 ਅਤੇ ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ 3 ਮੈਡਲ ਜਿੱਤੇ ਹਨ। 16 ਭਾਰਤੀ ਤੀਰਅੰਦਾਜ਼ਾਂ ਨੇ ਪੁਰਸ਼ਾਂ ਦੀ ਕੰਪਾਊਂਡ ਤੀਰਅੰਦਾਜ਼ੀ ਵਿੱਚ ਇੱਕ ਗੋਲਡ, 1 ਚਾਂਦੀ ਅਤੇ 3 ਕਾਂਸੀ ਦੇ ਮੈਡਲ ਜਿੱਤੇ, ਜਦਕਿ ਮਹਿਲਾ ਮੁੱਕੇਬਾਜ਼ਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਗੋਲਡ ਅਤੇ ਦੋ ਕਾਂਸੀ ਦੇ ਮੈਡਲ ਜਿੱਤੇ।
ਮੁੱਕੇਬਾਜ਼ ਨਿਖਤਜ਼ਰੀਨ, ਜਿਸ ਨੇ ਆਪਣੇ ਭਾਰ ਵਰਗ ਵਿੱਚ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਮਗਾ ਜਿੱਤਿਆ ਅਤੇ ਅਜਿਹਾ ਕਰਨ ਵਾਲੀ ਪੰਜਵੀਂ ਭਾਰਤੀ ਮਹਿਲਾ ਬਣ ਗਈ, ਨੇ ਇਸ ਸਮਾਰੋਹ ਵਿੱਚ ਜੋਸ਼ ਨਾਲ ਬੋਲਦਿਆਂ ਕਿਹਾ, “ਮੈਂ ਅੱਜ ਵਿਸ਼ਵ ਚੈਂਪੀਅਨ ਵਜੋਂ ਇੱਥੇ ਖੜ੍ਹੀ ਹਾਂ ਅਤੇ ਮੈਂ ਇੱਥੇ ਇੱਕ ਵਾਰ ਫਿਰ ਇੱਕ ਓਲੰਪਿਕ ਤਮਗਾ ਜੇਤੂ ਵਜੋਂ ਵੀ ਖੜ੍ਹੀ ਹੋਵਾਂਗੀ।" ਤਮਗਾ ਜੇਤੂ ਮੁੱਕੇਬਾਜ਼ਾਂ ਮਨੀਸ਼ਾ ਮੌਨ ਅਤੇ ਪਰਵੀਨ ਨੇ ਕਾਂਸੀ ਦੇ ਮੈਡਲ ਜਿੱਤੇ।
ਨਿਖਤ ਦੇ ਜੋਸ਼ ਦੀ ਸ਼ਲਾਘਾ ਕਰਦੇ ਹੋਏ, ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, “ਸਾਡੀਆਂ ਬੇਟੀਆਂ ਨੇ ਸਾਨੂੰ ਗੌਰਵਾਨਿਤ ਕੀਤਾ ਹੈ। ਇੱਕ ਸਮਾਂ ਸੀ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਬੇਟੀ ਬਚਾਓ, ਬੇਟੀ ਪੜ੍ਹਾਓ ਦੀ ਗੱਲ ਕਰਦੇ ਸਨ ਅਤੇ ਹੁਣ ਇਸਦਾ ਫ਼ਲ ਲੱਗ ਰਿਹਾ ਹੈ। ਨਿਖਤ ਨੇ ਕਿਹਾ ਕਿ ਉਹ ਰੁਕਣਾ ਨਹੀਂ ਚਾਹੁੰਦੀ; ਉਹ ਹੋਰ ਮੈਡਲ ਜਿੱਤਣਾ ਚਾਹੁੰਦੀ ਹੈ। ਸਾਨੂੰ ਤੁਹਾਡੇ ਸਾਰਿਆਂ ਵੱਲੋਂ ਇਸ ਜਨੂੰਨ ਅਤੇ ਸਮਰਪਣ ਦੀ ਲੋੜ ਹੈ। ਅਸੀਂ ਅੱਗੇ ਵਧਦੇ ਰਹਿਣਾ ਹੈ। ਤੁਸੀਂ ਜ਼ਮੀਨੀ ਪੱਧਰ ਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹੋ। ਟੌਪਸ ਸਕੀਮ ਨੇ ਇਹ ਯਕੀਨੀ ਬਣਾਇਆ ਹੈ ਕਿ ਹਰ ਕਿਸੇ ਨੂੰ ਸੁਵਿਧਾਵਾਂ ਮਿਲਣ। ਅੱਜ ਅਸੀਂ ਜੋ ਕੁਝ ਹਾਸਲ ਕੀਤਾ ਹੈ, ਸਾਨੂੰ ਉਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਪਰ ਹਮੇਸ਼ਾ ਅਗਲੀਆਂ ਵੱਡੀਆਂ ਚੈਂਪੀਅਨਸ਼ਿਪਾਂ ਲਈ ਲਕਸ਼ ਰੱਖਣਾ ਚਾਹੀਦਾ ਹੈ। ਆਉ ਅਸੀਂ ਓਲੰਪਿਕਸ 2024 ਵਿੱਚ ਭਾਰਤ ਲਈ ਹੋਰ ਮੈਡਲ ਲਿਆਏ।
ਸਨਮਾਨ ਸਮਾਰੋਹ ਵਿੱਚ ਹਾਜ਼ਰ ਲੋਕਾਂ ਨੂੰ ਤਮਗਾ ਜੇਤੂਆਂ ਲਈ ਆਪਣੀ ਪ੍ਰਸ਼ੰਸਾ ਦਿਖਾਉਣ ਦੀ ਤਾਕੀਦ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ, "ਉਨ੍ਹਾਂ ਨੇ ਇਹ ਮੈਡਲ ਜਿੱਤਣ ਲਈ ਬਹੁਤ ਮਿਹਨਤ ਕੀਤੀ ਹੈ, ਮੈਨੂੰ ਯਕੀਨ ਹੈ ਕਿ ਅਸੀਂ ਉਨ੍ਹਾਂ ਨੂੰ ਇਹ ਦਿਖਾਉਣ ਲਈ ਜ਼ੋਰਦਾਰ ਤਾੜੀਆਂ ਵਜਾ ਸਕਦੇ ਹਾਂ ਕਿ ਇਹ ਜਿੱਤ ਦੇਸ਼ ਲਈ ਕਿੰਨੀ ਮਾਅਨੇ ਰੱਖਦੀ ਹੈ। ਸਾਨੂੰ ਆਪਣੇ ਐਥਲੀਟਾਂ ਲਈ ਆਪਣੀ ਪ੍ਰਸ਼ੰਸਾ ਦਿਖਾਉਣ ਦੀ ਆਦਤ ਬਣਾਉਣੀ ਚਾਹੀਦੀ ਹੈ, ਕਿਉਂਕਿ ਉਹ ਦੇਸ਼ ਲਈ ਅਜਿਹਾ ਕਰ ਰਹੇ ਹਨ। ਇਹ ਕਹਿੰਦਿਆਂ ਖਿਡਾਰੀਆਂ ਦੀ ਸਖ਼ਤ ਮਿਹਨਤ ਦੀ ਤਾਰੀਫ਼ ਕਰਨ ਲਈ ਉਨ੍ਹਾਂ ਨੇ ਵਿਲੱਖਣ ਭਾਵਨਾ ਦਰਸਾਉਂਦਿਆਂ ਕਾਫ਼ੀ ਦੇਰ ਤੱਕ ਤਾੜੀਆਂ ਵਜਾਈਆਂ।
ਜੇਤੂ ਤੀਰਅੰਦਾਜ਼ੀ ਵਰਗਾਂ ਵਿੱਚ ਪੁਰਸ਼ਾਂ ਦੀ ਕੰਪਾਊਂਡ ਤੀਰਅੰਦਾਜ਼ੀ ਟੀਮ ਅਤੇ ਵਿਅਕਤੀਗਤ ਮੈਡਲ, ਮਹਿਲਾਵਾਂ ਦੀ ਕੰਪਾਊਂਡ ਟੀਮ, ਮਿਕਸਡ ਕੰਪਾਊਂਡ ਟੀਮ ਅਤੇ ਮਹਿਲਾਵਾਂ ਦੀ ਰਿਕਰਵ ਟੀਮ ਸ਼ਾਮਲ ਸੀ। ਅਭਿਸ਼ੇਕ ਵਰਮਾ, ਰਜਤ ਚੌਹਾਨ ਅਤੇ ਅਮਨ ਸਾਨੀ ਦੀ ਪੁਰਸ਼ ਕੰਪਾਊਂਡ ਟੀਮ ਨੇ ਗੋਲਡ ਮੈਡਲ ਜਿੱਤਿਆ, ਜਦਕਿ ਪੁਰਸ਼ਾਂ ਦੀ ਕੰਪਾਊਂਡ ਤੀਰਅੰਦਾਜ਼ੀ ਵਿੱਚ ਮੋਹਨ ਭਾਰਦਵਾਜ ਨੇ ਇੱਕਮਾਤਰ ਵਿਅਕਤੀਗਤ ਚਾਂਦੀ ਦਾ ਤਗਮਾ ਜਿੱਤਿਆ। ਮਹਿਲਾ ਕੰਪਾਊਂਡ ਟੀਮ ਦੀ ਮੁਸਕਾਨ ਕਿਰਾਰ, ਅਵਨੀਤ ਕੌਰ, ਪ੍ਰਿਆ ਗੁਰਜਰ, ਮਿਕਸਡ ਕੰਪਾਊਂਡ ਟੀਮ ਦੇ ਅਭਿਸ਼ੇਕ ਵਰਮਾ, ਅਵਨੀਤ ਕੌਰ ਅਤੇ ਮਹਿਲਾ ਰਿਕਰਵ ਟੀਮ ਦੀ ਰਿਧੀ, ਕੋਮੋਲਿਕਾ ਬਾਰੀ ਅਤੇ ਅੰਕਿਤਾ ਭਗਤ ਨੇ ਤਿੰਨ ਕਾਂਸੀ ਦੇ ਮੈਡਲ ਜਿੱਤੇ।
ਅਭਿਸ਼ੇਕ ਵਰਮਾ ਨੇ ਟੂਰਨਾਮੈਂਟ ਦਾ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ, "ਅਸੀਂ ਏਸ਼ੀਅਨ ਖੇਡਾਂ ਲਈ ਤਿਆਰੀ ਕਰ ਰਹੇ ਸੀ, ਇਸ ਲਈ ਟੀਮ ਹੁਣ ਸ਼ਾਨਦਾਰ ਫੌਰਮ ਵਿੱਚ ਹੈ। ਭਾਰਤੀ ਤੀਰਅੰਦਾਜ਼ੀ ਵਿੱਚ ਸਟੀਕਤਾ ਅਤੇ ਤਕਨੀਕੀ ਪਹਿਲੂਆਂ ਦੇ ਲਿਹਾਜ਼ ਨਾਲ ਕਾਫੀ ਸੁਧਾਰ ਹੋਇਆ ਹੈ। ਬੁਨਿਆਦੀ ਢਾਂਚੇ, ਕੋਚਿੰਗ, ਐਕਸਪੋਜ਼ਰ, ਕੈਂਪਾਂ ਦੇ ਮਾਮਲੇ ਵਿੱਚ ਫੈਡਰੇਸ਼ਨ ਅਤੇ ਸਰਕਾਰ ਦੇ ਸਰਬਪੱਖੀ ਸਮਰਥਨ ਨਾਲ, ਅਸੀਂ ਬਹੁਤ ਕੁਝ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਾਂ। ਅੱਗੇ ਵਧਦੇ ਹੋਏ ਇਹ ਗਤੀ ਜਾਰੀ ਰਹੇਗੀ ਅਤੇ ਜੂਨ ਵਿੱਚ, ਜਿਵੇਂ ਹੀ ਅਸੀਂ ਵਿਸ਼ਵ ਕੱਪ ਦੇ ਅਗਲੇ ਪੜਾਅ ਵਿੱਚ ਜਾਵਾਂਗੇ, ਹੋਰ ਮੈਡਲ ਲੈ ਕੇ ਵਾਪਸ ਆਵਾਂਗੇ।"
ਮੁੱਕੇਬਾਜ਼ੀ ਈਵੈਂਟ ਵਿੱਚ ਬੀਐੱਫਆਈ ਦੇ ਪ੍ਰਧਾਨ ਅਜੈ ਸਿੰਘ, ਸਕੱਤਰ ਜਨਰਲ ਹੇਮੰਤ ਕਲਿਤਾ ਨੇ ਸ਼ਿਰਕਤ ਕੀਤੀ, ਜਦੋਂ ਕਿ ਤੀਰਅੰਦਾਜ਼ੀ ਈਵੈਂਟ ਵਿੱਚ ਤੀਰਅੰਦਾਜ਼ੀ ਐਸੋਸੀਏਸ਼ਨ ਆਵੑ ਇੰਡੀਆ ਦੀ ਕੋਰ ਕਮੇਟੀ ਦੇ ਮੈਂਬਰ ਵਰਿੰਦਰ ਸਚਦੇਵਾ ਨੇ ਸ਼ਿਰਕਤ ਕੀਤੀ। ਈਵੈਂਟ ਵਿੱਚ SAI-ਸਾਈ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ, ਯੁਵਾ ਮਾਮਲੇ ਮੰਤਰਾਲੇ ਦੇ ਸੰਯੁਕਤ ਸਕੱਤਰ ਐੱਲਐੱਸ ਸਿੰਘ, ਅਤੇ ਸੀਈਓ ਟੌਪਸ, ਕਮੋਡੋਰ ਗਰਗ ਹਾਜ਼ਰ ਸਨ।
****
ਐੱਨਬੀ/ਓਏ
(Release ID: 1828656)
Visitor Counter : 126