ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ ਸੇਂਟ ਵਿਨਸੈਂਟ ਐਂਡ ਦ ਗ੍ਰੇਨਾਡੀਨਸ ਦੇ ਅਸੈਂਬਲੀ ਹਾਊਸ ਵਿਖੇ “ਭਾਰਤ ਅਤੇ ਐੱਸਵੀਜੀ – ਇੱਕ ਸਮਾਵੇਸ਼ੀ ਵਿਸ਼ਵ ਵਿਵਸਥਾ ਵੱਲ” ਵਿਸ਼ੇ 'ਤੇ ਸੰਬੋਧਨ

Posted On: 20 MAY 2022 11:01AM by PIB Chandigarh

ਮੇਰੇ ਅਤੇ ਮੇਰੇ ਵਫ਼ਦ ਦੇ ਕੀਤੇ ਗਏ ਸੁਆਗਤ ਅਤੇ ਪ੍ਰਾਹੁਣਚਾਰੀ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ। ਇਹ ਨਾ ਸਿਰਫ਼ ਤੁਹਾਡੇ ਖ਼ੂਬਸੂਰਤ ਦੇਸ਼ ਦੀ ਮੇਰੀ ਪਹਿਲੀ ਫੇਰੀ ਹੈ, ਸਗੋਂ ਭਾਰਤ ਦੇ ਕਿਸੇ ਰਾਸ਼ਟਰਪਤੀ ਵੱਲੋਂ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੀ ਪਹਿਲੀ ਫੇਰੀ ਵੀ ਹੈ।

ਮੈਂ ਇੱਥੇ ਮਾਣਯੋਗ ਸੰਸਦ ਮੈਂਬਰਾਂ ਨਾਲ ਸ਼ਾਮਲ ਹੋ ਕੇ ਖੁਸ਼ ਹਾਂ। ਵਿਧਾਨ ਨਿਰਮਾਤਾ ਹੋਣ ਦੇ ਨਾਲ ਲੋਕਾਂ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਸਾਕਾਰ ਕਰਨ ਲਈ ਵਚਨਬੱਧਤਾ ਅਤੇ ਸਮਰਪਣ ਦੀ ਡੂੰਘੀ ਭਾਵਨਾ ਸ਼ਾਮਲ ਹੁੰਦੀ ਹੈ।

ਭਾਰਤ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੇ ਇਤਿਹਾਸਿਕ ਸਬੰਧ ਕਈ ਸਾਲ ਪਹਿਲਾਂ, ਸਾਡੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਵੀ ਸਾਡੇ ਪੂਰਵਜਾਂ ਦੁਆਰਾ ਸਥਾਪਿਤ ਕੀਤੇ ਗਏ ਹਨ। ਅਸੀਂ ਦੋਵੇਂ ਬਹੁ-ਨਸਲੀ ਸਮਾਜ ਹਾਂ, ਜਿਨ੍ਹਾਂ ਦਾ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦਾ ਸਾਂਝਾ ਇਤਿਹਾਸ ਹੈ। ਸਾਡੀ ਦੋਸਤੀ ਸਾਡੀ ਸਾਂਝੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਦੇ ਨਾਲ-ਨਾਲ ਲੋਕਤੰਤਰ, ਸ਼ਮੂਲੀਅਤ, ਆਜ਼ਾਦੀ ਅਤੇ ਕਾਨੂੰਨ ਦੇ ਸ਼ਾਸਨ ਦੀਆਂ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ 'ਤੇ ਟਿਕੀ ਹੋਈ ਹੈ।

ਪਿਛਲੇ ਕੁਝ ਸਾਲਾਂ ਵਿੱਚ ਸਾਡੀ ਦੁਵੱਲੀ ਸਾਂਝ ਵਧੀ ਹੈ। ਸਤੰਬਰ, 2019 ਵਿੱਚ ਮਾਣਯੋਗ ਪ੍ਰਧਾਨ ਮੰਤਰੀ ਰਾਲਫ਼ ਗੋਂਸਾਲਵੇਸ ਦੀ ਭਾਰਤ ਫੇਰੀ ਨੇ ਸਾਡੇ ਸਬੰਧਾਂ ਵਿੱਚ ਨਵੀਂ ਊਰਜਾ ਭਰੀ। ਮੈਨੂੰ ਖੁਸ਼ੀ ਹੈ ਕਿ ਭਾਰਤ ਦੀ ਵਿਕਾਸ ਭਾਈਵਾਲੀ ਵਿੱਚ ਇਸ ਦੇਸ਼ ਦੇ ਵੱਖ-ਵੱਖ ਭਾਈਚਾਰੇ ਸ਼ਾਮਲ ਹਨ। ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਬੇਕੀਆ ਮਾਰਕੀਟ ਰਿਪੇਅਰ ਐਂਡ ਰੀਸਟੋਰੇਸ਼ਨ, ਗਲੈਨਸਾਈਡ ਵਿਲੇਜ ਮੈਰੀਕਾਵਾ ਲਈ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟ ਅਤੇ ਚੈਟੋਓ-ਬੇਲੇਅਰ ਐਗਰੀਕਲਚਰ ਡਿਪੋ ਨੂੰ ਇੱਕ ਪ੍ਰੋਸੈੱਸਿੰਗ ਅਤੇ ਟ੍ਰੇਨਿੰਗ ਸਹੂਲਤ ਵਿੱਚ ਮੁੜ ਸਥਾਪਿਤ ਅਤੇ ਤਬਦੀਲੀ ਜਿਹੇ ਪ੍ਰੋਜੈਕਟ ਜਾਂ ਤਾਂ ਪੂਰੇ ਹੋ ਗਏ ਹਨ ਜਾਂ ਮੁਕੰਮਲ ਹੋਣ ਦੇ ਉੱਨਤ ਪੜਾਅ 'ਤੇ ਹਨ। ਭਾਰਤ ਇਸ ਕੋਵਿਡ ਮਹਾਮਾਰੀ ਦੌਰਾਨ ਵੀ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੇ ਨਾਲ ਖੜ੍ਹਾ ਹੈ। ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੇ ਲੋਕਾਂ ਨਾਲ ਸਾਡੀ ਏਕਤਾ ਦੇ ਪ੍ਰਤੀਕ ਵਜੋਂ, ਮਹਾਮਾਰੀ ਦੀ ਸ਼ੁਰੂਆਤ ਵਿੱਚ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਸੁਰੱਖਿਆਤਮਕ ਉਪਕਰਣਾਂ ਦੀ ਇੱਕ ਖੇਪ ਭੇਜੀ ਗਈ ਸੀ। ਭਾਰਤ ਨੇ ਪਿਛਲੇ ਸਾਲ 'ਮੇਡ ਇਨ ਇੰਡੀਆ' ਕੋਵਿਸ਼ੀਲਡ ਵੈਕਸੀਨ ਵੀ ਭੇਜੀ ਸੀ।

ਭਾਰਤ ਕੈਰੀਕੌਮ (CARICOM) ਵਿੱਚ ਖੇਤਰੀ ਪੱਧਰ 'ਤੇ ਐੱਸਵੀਜੀ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ 10 ਲੱਖ ਤੋਂ ਵੱਧ ਭਾਰਤੀ ਪਰਵਾਸੀ ਹਨ। ਅਸੀਂ ਕੈਰੀਕੌਮ ਦੇ ਨਾਲ ਸਾਡੇ ਏਜੰਡੇ 'ਤੇ ਵੱਖ-ਵੱਖ ਗਤੀਵਿਧੀਆਂ ਵਿੱਚ ਐੱਸਵੀਜੀ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦੇ ਹਾਂ। ਅਸੀਂ ਕੈਰੀਕੌਮ ਨਾਲ ਆਪਣੇ ਸਬੰਧਾਂ ਦੀ ਡੂੰਘਾਈ ਨਾਲ ਕਦਰ ਕਰਦੇ ਹਾਂ, ਜੋ ਕਿ ਖੇਤਰ ਵਿੱਚ ਸਭ ਤੋਂ ਪੁਰਾਣੇ ਏਕੀਕਰਣ ਸਮੂਹਾਂ ਵਿੱਚੋਂ ਇੱਕ ਹੈ। ਭਾਰਤ ਵਿਕਾਸ ਅਤੇ ਹੋਰ ਮੁੱਦਿਆਂ ਦੇ ਮੋਰਚੇ 'ਤੇ ਚੁਣੌਤੀਆਂ ਨਾਲ ਨਜਿੱਠਣ ਲਈ ਇਸ ਖੇਤਰੀ ਵਿਧੀ ਨਾਲ ਭਾਈਵਾਲੀ ਕਰਨਾ ਜਾਰੀ ਰੱਖੇਗਾ।

ਅਸੀਂ ਇੱਕ ਅਜਿਹੀ ਦੁਨੀਆ ਵਿੱਚ ਰਹਿੰਦੇ ਹਾਂ, ਜਿਸ ਦੀ ਵਿਸ਼ੇਸ਼ਤਾ ਰਾਸ਼ਟਰ-ਰਾਜਾਂ ਅਤੇ ਦੁਨੀਆ ਭਰ ਦੇ ਲੋਕਾਂ ਵਿੱਚ ਬਹੁਤ ਸਾਰੇ ਸਬੰਧਾਂ ਨਾਲ ਹੁੰਦੀ ਹੈ। ਅੱਜ, ਮਨੁੱਖੀ ਇਤਿਹਾਸ ਵਿੱਚ ਪਹਿਲਾਂ ਨਾਲੋਂ ਕਿਤੇ ਵੱਧ, ਅੰਤਰਰਾਸ਼ਟਰੀ ਭਾਈਚਾਰਾ ਕਈ ਪੱਧਰਾਂ 'ਤੇ ਇਕੱਠੇ ਜੁੜਿਆ ਹੋਇਆ ਹੈ: ਆਧੁਨਿਕ ਸਪਲਾਈ ਚੇਨ ਆਰਥਿਕ ਅੰਤਰ-ਸਬੰਧਾਂ ਨੂੰ ਡੂੰਘਾ ਬਣਾਉਂਦੀਆਂ ਹਨ; ਟੈਕਨੋਲੋਜੀ ਦੀ ਕੋਈ ਸਰਹਦ ਨਹੀਂ ਹੈ; ਸਾਡੇ ਪਰਿਵਾਰ ਅਤੇ ਦੋਸਤ ਦੁਨੀਆ ਭਰ ਵਿੱਚ ਵਸਦੇ ਹਨ; ਅਤੇ ਅਸੀਂ ਸਾਰੇ ਵਿਸ਼ਵੀ ਉਤਪਾਦਾਂ ਅਤੇ ਸੇਵਾਵਾਂ ਦੇ ਖਪਤਕਾਰ ਹਾਂ।

ਕਈ ਸਦੀਆਂ ਪਹਿਲਾਂ ਲੋਕਾਂ ਦਾ ਅੰਤਰ-ਮਹਾਦੀਪੀ ਪਰਵਾਸ, ਹੁਣ ਇਸ ਆਲਮੀ ਸੰਪਰਕ ਵਿੱਚ ਇੱਕ ਵਿਸ਼ੇਸ਼ ਪਹਿਲੂ ਜੋੜਦਾ ਹੈ। ਇੰਡੋ-ਵਿਨਸੈਂਟੀਅਨਾਂ ਦੀ ਮੌਜੂਦਗੀ ਇਸ ਸੰਪਰਕ ਦੀ ਵਧੀਆ ਉਦਾਹਰਣ ਹੈ। ਭਾਰਤ ਦੇ ਲੋਕ ਜੋ 19ਵੀਂ ਸਦੀ ਵਿੱਚ ਇੱਥੇ ਕਿਰਤੀਆਂ ਦੇ ਰੂਪ ਵਿੱਚ ਆਏ ਸਨ, ਬਾਅਦ ਵਿੱਚ ਤੁਹਾਡੇ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਬਣ ਗਏ ਸਨ।

ਅੱਜ ਦੀ ਨੇੜਿਓਂ ਜੁੜੀ ਦੁਨੀਆ ਨੇ ਨਵੇਂ ਬਾਜ਼ਾਰਾਂ, ਨਵੇਂ ਵਿੱਦਿਅਕ ਅਤੇ ਰੋਜ਼ਗਾਰ ਦੇ ਮੌਕੇ, ਜਾਣਕਾਰੀ ਤੱਕ ਵਧੇਰੇ ਪਹੁੰਚ ਅਤੇ ਦੇਸ਼ਾਂ ਨੂੰ ਬਾਹਰੀ ਦੁਨੀਆ ਨਾਲ ਜੁੜਨ ਲਈ ਨਵੇਂ ਦ੍ਰਿਸ਼ਟੀਕੋਣਾਂ ਦੇ ਖੋਲ੍ਹਣ ਦੁਆਰਾ ਦੁਨੀਆ ਭਰ ਦੇ ਲੋਕਾਂ ਨੂੰ ਬਹੁਤ ਲਾਭ ਪਹੁੰਚਾਇਆ ਹੈ।

ਇਹ ਆਲਮੀਕ੍ਰਿਤ ਵਿਸ਼ਵ ਵਿਵਸਥਾ ਨੇ ਆਪਣੀਆਂ ਚੁਣੌਤੀਆਂ ਦਾ ਇੱਕ ਸਮੂਹ ਵੀ ਆਪਣੇ ਨਾਲ ਲਿਆਂਦਾ ਹੈ। ਜਲਵਾਯੂ ਪਰਿਵਰਤਨ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਵਾਲੇ ਸਿਆਸੀ ਸੰਘਰਸ਼, ਸਰਹਦ ਪਾਰ ਅਤਿਵਾਦ, ਸਪਲਾਈ-ਚੇਨ ਵਿਘਨ - ਕੁਝ ਪ੍ਰਮੁੱਖ ਵਿਸ਼ਵ ਚੁਣੌਤੀਆਂ ਹਨ, ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਰਾਸ਼ਟਰ ਰਾਜਾਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਣੇ ਸੌੜੇ ਸੁਆਰਥਾਂ ਤੋਂ ਪਰ੍ਹੇ ਦੇਖਣਾ ਹੋਵੇਗਾ।

ਦੇਵੀਓ ਅਤੇ ਸੱਜਣੋ,

ਬਹੁਪੱਖਵਾਦ ਅੱਜ ਦੇ ਅੰਤਰ-ਸਬੰਧਿਤ ਅਤੇ ਅੰਤਰ-ਨਿਰਭਰ ਵਿਸ਼ਵ ਵਿੱਚ ਸਾਡੇ ਸਾਂਝੇ ਇਤਿਹਾਸ ਵਿੱਚ ਕਿਸੇ ਵੀ ਸਮੇਂ ਨਾਲੋਂ ਵਧੇਰੇ ਪ੍ਰਸੰਗਿਕ ਹੈ। ਬਹੁਪੱਖਵਾਦ ਨੂੰ ਸਾਰੇ ਰਾਸ਼ਟਰ-ਰਾਜਾਂ ਵਿੱਚ ਮਜ਼ਬੂਤ, ਟਿਕਾਊ, ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਾਧਨ ਵਜੋਂ ਵਰਤਿਆ ਜਾਣਾ ਚਾਹੀਦਾ ਹੈ।

ਹਾਲਾਂਕਿ, ਬਹੁਪੱਖੀ ਅਤੇ ਪ੍ਰਭਾਵੀ ਬਣੇ ਰਹਿਣ ਲਈ, ਸੰਸਥਾਵਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ। ਢਾਂਚਾ ਅਤੇ ਸੰਸਥਾਵਾਂ ਜੋ ਦੋ ਵਿਸ਼ਵ ਯੁੱਧਾਂ ਤੋਂ ਬਾਅਦ ਉਭਰੀਆਂ ਸਨ, ਇੱਕ ਪ੍ਰਮੁੱਖ ਮੁੱਦੇ 'ਤੇ ਕੇਂਦ੍ਰਿਤ ਸਨ - ਉਹ ਹੈ ਦੂਸਰੇ ਵਿਸ਼ਵ ਯੁੱਧ ਨੂੰ ਰੋਕਣਾ। ਅੱਜ ਦੇ ਗੁੰਝਲਦਾਰ ਮੁੱਦਿਆਂ ਨਾਲ ਨਜਿੱਠਣ ਲਈ, ਨਵੀਂ ਵਿਸ਼ਵ ਵਿਵਸਥਾ, ਜਿਸ ਨੂੰ ਅਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਸਮਾਵੇਸ਼ੀ ਵਿਸ਼ਵ ਵਿਵਸਥਾ ਹੋਣੀ ਹੈ, ਜਿੱਥੇ ਹਰ ਦੇਸ਼ ਆਪਣੇ ਜਾਇਜ਼ ਹਿਤਾਂ ਨੂੰ ਪ੍ਰਗਟ ਕਰ ਸਕਦਾ ਹੈ। ਇਹ ਕੇਵਲ ਮੁੱਖ ਆਲਮੀ ਸੰਸਥਾਵਾਂ ਵਿੱਚ ਇੱਕ ਵਿਸਤ੍ਰਿਤ ਅਤੇ ਬਿਹਤਰ-ਡਿਜ਼ਾਈਨ ਵਾਲੀ ਨੁਮਾਇੰਦਗੀ ਪ੍ਰਣਾਲੀ ਦੁਆਰਾ ਹੋ ਸਕਦਾ ਹੈ।

ਇਸ ਲਈ, ਇਸ ਗੱਲ 'ਤੇ ਵਿਚਾਰ ਕਰਨਾ ਅਤੇ ਜਾਂਚ ਕਰਨਾ ਮਹੱਤਵਪੂਰਨ ਹੈ ਕਿ ਕੀ ਮੌਜੂਦਾ ਵਿਸ਼ਵ ਵਿਵਸਥਾ, ਸੰਯੁਕਤ ਰਾਸ਼ਟਰ ਅਤੇ ਇਸ ਦੀਆਂ ਸੰਸਥਾਵਾਂ ਦੇ ਨਾਲ, ਇਨ੍ਹਾਂ ਗੁੰਝਲਦਾਰ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਸ਼ਵ ਭਾਈਚਾਰੇ ਦੀ ਢੁਕਵੀਂ ਸੇਵਾ ਕਰ ਰਹੀ ਹੈ।

ਇੱਕ ਸਮਾਵੇਸ਼ੀ ਵਿਸ਼ਵ ਵਿਵਸਥਾ ਦੀ ਵਕਾਲਤ ਕਰਨ ਵਿੱਚ ਸਾਡਾ ਉਦੇਸ਼ ਇੱਕ ਸਰਬਵਿਆਪਕ, ਨਿਯਮ-ਅਧਾਰਿਤ, ਮੁਕਤ, ਪਾਰਦਰਸ਼ੀ, ਅਨੁਮਾਨ ਲਗਾਉਣ ਯੋਗ, ਵਿਤਕਰੇ ਤੋਂ ਰਹਿਤ ਅਤੇ ਬਰਾਬਰੀ ਵਾਲੀ ਬਹੁਪੱਖੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ਸਮਕਾਲੀ ਆਲਮੀ ਹਕੀਕਤ ਨੂੰ ਦਰਸਾਉਣ ਲਈ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਕੇਂਦਰ ਵਿੱਚ, ਆਲਮੀ ਸੰਸਥਾਵਾਂ ਵਿੱਚ ਸੁਧਾਰ ਕਰਨਾ ਸਮੇਂ ਦੀ ਜ਼ਰੂਰਤ ਹੈ।

ਇਸ ਮੁੱਦੇ 'ਤੇ ਭਾਰਤ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ, ਸਾਂਝੇ ਹਿਤ, ਪਹੁੰਚ ਅਤੇ ਸਮਝ ਨੂੰ ਸਾਂਝਾ ਕਰਦੇ ਹਨ। ਸਾਡੇ ਦੋਵੇਂ ਦੇਸ਼ ਐੱਲ 69 ਸਮੂਹ ਦੇ 42 ਮੈਂਬਰ ਵਿਕਾਸਸ਼ੀਲ ਦੇਸ਼ਾਂ ਦੇ ਪਲੈਟਫਾਰਮ ਦਾ ਹਿੱਸਾ ਹਨ। ਇਹ ਸਮੂਹ ਮੈਂਬਰਸ਼ਿਪ ਦੀਆਂ ਸਥਾਈ ਅਤੇ ਗੈਰ-ਸਥਾਈ ਸ਼੍ਰੇਣੀਆਂ ਵਿੱਚ ਵਿਸਥਾਰ ਦੁਆਰਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸੁਧਾਰਾਂ ਲਈ ਸਰਗਰਮੀ ਨਾਲ ਜ਼ੋਰ ਦੇ ਰਿਹਾ ਹੈ।

ਮੈਂ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਨੂੰ ਸਾਲ 2020-21 ਲਈ ਸੁਰੱਖਿਆ ਪਰਿਸ਼ਦ ਦੀ ਮੈਂਬਰਸ਼ਿਪ ਦੇ ਦੌਰਾਨ, ਸੁਰੱਖਿਆ ਪਰਿਸ਼ਦ ਸੁਧਾਰਾਂ 'ਤੇ ਅੰਤਰ-ਸਰਕਾਰੀ ਗੱਲਬਾਤ ਪ੍ਰਕਿਰਿਆ ਵਿੱਚ ਸਾਰਥਕ ਅਤੇ ਸਮਾਂਬੱਧ ਪ੍ਰਗਤੀ ਦੀ ਵਕਾਲਤ ਕਰਨ ਵਿੱਚ ਨਿਭਾਈ ਗਈ ਸ਼ਾਨਦਾਰ ਭੂਮਿਕਾ ਲਈ ਵਧਾਈ ਦਿੰਦਾ ਹਾਂ।

ਜਿਵੇਂ ਕਿ ਭਾਰਤ ਆਪਣੀ ਆਜ਼ਾਦੀ ਦੇ 75 ਵਰ੍ਹਿਆਂ ਦਾ ਜਸ਼ਨ ਮਨਾ ਰਿਹਾ ਹੈ, ਅਸੀਂ 'ਵਸੁਧੈਵ ਕੁਟੁੰਬਕਮ' ਜਾਂ 'ਸੰਸਾਰ ਇੱਕ ਪਰਿਵਾਰ ਹੈ' ਦੇ ਸਾਡੇ ਦਰਸ਼ਨ ਦੇ ਅਨੁਸਾਰ ਦੁਨੀਆ ਦੇ ਨਾਲ ਆਪਣੀ ਸ਼ਮੂਲੀਅਤ ਨੂੰ ਅੱਗੇ ਵਧਾ ਰਹੇ ਹਾਂ। ਭਾਰਤ ਵਿੱਚ, ਮੇਰੀ ਸਰਕਾਰ ਦਾ ਮਨੋਰਥ ਹੈ "ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ" ਭਾਵ, ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦੇ ਭਰੋਸੇ ਅਤੇ ਸਾਰਿਆਂ ਦੇ ਯਤਨਾਂ ਨਾਲ। ਇਹ ਵਿਸ਼ਵੀ ਖੇਤਰ ਵਿੱਚ ਭਾਰਤ ਦੀ ਪਹੁੰਚ ਨੂੰ ਵੀ ਦਰਸਾਉਂਦਾ ਹੈ, ਜਿਸਦਾ ਭਾਵ ਹੈ ਕਿ ਆਕਾਰ ਜਾਂ ਦੌਲਤ ਦੀ ਪਰਵਾਹ ਕੀਤੇ ਬਿਨਾਂ ਭਾਰਤ ਇੱਕ ਸੰਮਲਿਤ ਵਿਸ਼ਵ ਵਿਵਸਥਾ ਵਿੱਚ ਵਿਸ਼ਵਾਸ ਰੱਖਦਾ ਹੈ, ਜੋ ਹਰ ਦੇਸ਼ ਅਤੇ ਖੇਤਰ ਦੇ ਜਾਇਜ਼ ਹਿਤਾਂ ਅਤੇ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ।

ਅਸੀਂ ਸਮੁੱਚੀ ਮਾਨਵਤਾ ਦੇ ਭਵਿੱਖ ਲਈ ਸੋਚਦੇ ਅਤੇ ਕੰਮ ਕਰਦੇ ਹਾਂ। ਭਾਰਤ ਵਿਕਾਸ ਦੀ ਆਪਣੀ ਯਾਤਰਾ ਵਿੱਚ ਹਾਸਲ ਕੀਤੇ ਆਪਣੇ ਅਨੁਭਵ, ਗਿਆਨ ਅਤੇ ਹੁਨਰ ਨੂੰ ਸਾਥੀ ਵਿਕਾਸਸ਼ੀਲ ਦੇਸ਼ਾਂ ਨਾਲ ਸਾਂਝਾ ਕਰਨ ਦੀ ਆਪਣੀ ਵਚਨਬੱਧਤਾ 'ਤੇ ਟਿਕਿਆ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਭਾਰਤ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਇੱਕ ਸਮਾਵੇਸ਼ੀ ਵਿਸ਼ਵ ਵਿਵਸਥਾ ਲਈ ਇਨ੍ਹਾਂ ਸਾਂਝੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ।

ਇਨ੍ਹਾਂ ਸ਼ਬਦਾਂ ਦੇ ਨਾਲ, ਮੈਂ ਇਸ ਅਗਸਤ ਅਸੈਂਬਲੀ ਨੂੰ ਸੰਬੋਧਨ ਕਰਨ ਦਾ ਮੌਕਾ ਦੇਣ ਲਈ ਮੈਡਮ ਸਪੀਕਰ ਦਾ ਧੰਨਵਾਦ ਕਰਦਾ ਹਾਂ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਤਰਫੋਂ ਅੱਜ ਇੱਥੇ ਆਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਖੁਸ਼ੀ ਹੋਈ। ਮੈਂ ਭਾਰਤ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੇ ਲੋਕਾਂ ਦੇ ਬਹੁਤ ਹੀ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ।

ਤੁਹਾਡਾ ਧੰਨਵਾਦ!

*****

ਡੀਐੱਸ/ਬੀਐੱਮ


(Release ID: 1826953) Visitor Counter : 175