ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼੍ਰੀ ਸਵਾਮੀਨਾਰਾਇਣ ਮੰਦਿਰ ਦੁਆਰਾ ਆਯੋਜਿਤ 'ਯੁਵਾ ਸ਼ਿਵਿਰ' ਨੂੰ ਸੰਬੋਧਨ ਕੀਤਾ


"ਹਰ ਪੀੜ੍ਹੀ ਵਿੱਚ ਨਿਰੰਤਰ ਚਰਿੱਤਰ ਨਿਰਮਾਣ ਹਰੇਕ ਸਮਾਜ ਦਾ ਅਧਾਰ ਹੁੰਦਾ ਹੈ"

"ਜਿੱਥੇ ਵੀ ਚੁਣੌਤੀਆਂ ਹੁੰਦੀਆਂ ਹਨ, ਉੱਥੇ ਭਾਰਤ ਉਮੀਦ ਨਾਲ ਮੌਜੂਦ ਹੈ, ਜਿੱਥੇ ਵੀ ਸਮੱਸਿਆਵਾਂ ਹਨ, ਉੱਥੇ ਭਾਰਤ ਸਮਾਧਾਨ ਦੇ ਨਾਲ ਸਾਹਮਣੇ ਆਉਂਦਾ ਹੈ"

"ਭਾਰਤ ਅੱਜ ਦੁਨੀਆ ਦੀ ਨਵੀਂ ਉਮੀਦ ਹੈ”

“ਸੌਫਟਵੇਅਰ ਤੋਂ ਲੈ ਕੇ ਪੁਲਾੜ ਤੱਕ, ਅਸੀਂ ਇੱਕ ਨਵੇਂ ਭਵਿੱਖ ਲਈ ਤਤਪਰ ਦੇਸ਼ ਦੇ ਰੂਪ ਵਿੱਚ ਉਭਰ ਰਹੇ ਹਾਂ”

“ਆਓ ਅਸੀਂ ਆਪਣੇ ਆਪ ਨੂੰ ਉੱਚਾ ਕਰੀਏ, ਪਰ ਸਾਡਾ ਵਿਕਾਸ ਦੂਸਰਿਆਂ ਦੀ ਭਲਾਈ ਲਈ ਵੀ ਇੱਕ ਮਾਧਿਅਮ ਹੋਣਾ ਚਾਹੀਦਾ ਹੈ”

ਉਨ੍ਹਾਂ ਨਾਗਾਲੈਂਡ ਦੀ ਇੱਕ ਲੜਕੀ ਦੁਆਰਾ ਕਾਸ਼ੀ ਦੇ ਘਾਟਾਂ ਨੂੰ ਸਾਫ਼ ਕਰਨ ਦੀ ਮੁਹਿੰਮ ਦਾ ਜ਼ਿਕਰ ਵੀ ਕੀਤਾ

Posted On: 19 MAY 2022 12:06PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰੇਲੀਬਾਗ, ਵਡੋਦਰਾ ਵਿਖੇ ਆਯੋਜਿਤ ਕੀਤੇ ਜਾ ਰਹੇ ‘ਯੁਵਾ ਸ਼ਿਵਿਰ’ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕੀਤਾ। ਇਸ ਸ਼ਿਵਿਰ ਦਾ ਆਯੋਜਨ ਸ਼੍ਰੀ ਸਵਾਮੀਨਾਰਾਇਣ ਮੰਦਿਰ, ਕੁੰਡਲਧਾਮ ਅਤੇ ਸ਼੍ਰੀ ਸਵਾਮੀਨਾਰਾਇਣ ਮੰਦਿਰ ਕਰੇਲੀਬਾਗ, ਵਡੋਦਰਾ ਦੁਆਰਾ ਕੀਤਾ ਗਿਆ।

 

 ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਗ੍ਰੰਥਾਂ ਨੇ ਸਾਨੂੰ ਸਿਖਾਇਆ ਹੈ ਕਿ ਹਰ ਪੀੜ੍ਹੀ ਵਿੱਚ ਨਿਰੰਤਰ ਚਰਿੱਤਰ ਨਿਰਮਾਣ ਹਰੇਕ ਸਮਾਜ ਦਾ ਅਧਾਰ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਜੋ ਸ਼ਿਵਿਰ ਕਰਵਾਇਆ ਜਾ ਰਿਹਾ ਹੈ, ਉਹ ਨਾ ਸਿਰਫ਼ ਨੌਜਵਾਨਾਂ ਵਿਚ ਚੰਗੇ ਸੰਸਕਾਰ ਪੈਦਾ ਕਰਨ ਦਾ ਉਪਰਾਲਾ ਹੈ, ਬਲਕਿ ਸਮਾਜ, ਪਹਿਚਾਣ, ਸਵੈਮਾਣ ਅਤੇ ਰਾਸ਼ਟਰ ਦੇ ਪੁਨਰ ਨਿਰਮਾਣ ਲਈ ਇਕ ਪਵਿੱਤਰ ਅਤੇ ਕੁਦਰਤੀ ਮੁਹਿੰਮ ਵੀ ਹੈ।

 

 ਪ੍ਰਧਾਨ ਮੰਤਰੀ ਨੇ ਸਮੂਹਿਕ ਸੰਕਲਪ ਲੈਣ ਅਤੇ ਨਵੇਂ ਭਾਰਤ ਦੇ ਨਿਰਮਾਣ ਲਈ ਪ੍ਰਯਤਨ ਕਰਨ ਦੀ ਤਾਕੀਦ ਕੀਤੀ। ਇੱਕ ਨਵਾਂ ਭਾਰਤ, ਜਿਸ ਦੀ ਪਹਿਚਾਣ ਨਵੀਂ ਹੈ, ਅਗਾਂਹਵਧੂ ਹੈ ਅਤੇ ਪਰੰਪਰਾਵਾਂ ਪੁਰਾਣੀਆਂ ਹਨ। ਇੱਕ ਨਵਾਂ ਭਾਰਤ, ਜੋ ਨਵੀਂ ਸੋਚ ਅਤੇ ਯੁਗਾਂ-ਪੁਰਾਣੀ ਸੰਸਕ੍ਰਿਤੀ ਦੋਵਾਂ ਨੂੰ ਨਾਲ ਲੈ ਕੇ ਅੱਗੇ ਵਧਦਾ ਹੈ ਅਤੇ ਸਮੁੱਚੀ ਮਾਨਵਤਾ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਜਿੱਥੇ ਵੀ ਚੁਣੌਤੀਆਂ ਹੁੰਦੀਆਂ ਹਨ, ਭਾਰਤ ਉਮੀਦ ਨਾਲ ਮੌਜੂਦ ਹੁੰਦਾ ਹੈ, ਜਿੱਥੇ ਵੀ ਸਮੱਸਿਆਵਾਂ ਹੁੰਦੀਆਂ ਹਨ, ਭਾਰਤ ਸਮਾਧਾਨ ਦੇ ਨਾਲ ਸਾਹਮਣੇ ਆਉਂਦਾ ਹੈ।"

 

 ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ਦੇ ਸੰਕਟ ਦੇ ਦੌਰਾਨ ਦੁਨੀਆ ਨੂੰ ਵੈਕਸੀਨ ਅਤੇ ਦਵਾਈਆਂ ਪਹੁੰਚਾਉਣ ਤੋਂ ਲੈ ਕੇ ਆਲਮੀ ਅਸ਼ਾਂਤੀ ਅਤੇ ਸੰਘਰਸ਼ਾਂ ਦੇ ਦਰਮਿਆਨ ਅਮਨ ਲਈ ਇੱਕ ਸਮਰੱਥ ਰਾਸ਼ਟਰ ਦੀ ਭੂਮਿਕਾ ਵਿੱਚ ਰੁਕਾਵਟਾਂ-ਭਰਪੂਰ ਸਪਲਾਈ ਚੇਨ ਦੇ ਦਰਮਿਆਨ ਇੱਕ ਆਤਮ-ਨਿਰਭਰ ਭਾਰਤ ਦੀ ਉਮੀਦ ਤੱਕ, ਭਾਰਤ ਅੱਜ ਦੁਨੀਆ ਦੀ ਨਵੀਂ ਉਮੀਦ ਹੈ।

 

 ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅਸੀਂ ਸਮੁੱਚੀ ਮਾਨਵਤਾ ਨੂੰ ਯੋਗ ਦਾ ਮਾਰਗ ਦਿਖਾ ਰਹੇ ਹਾਂ, ਅਸੀਂ ਉਨ੍ਹਾਂ ਨੂੰ ਆਯੁਰਵੇਦ ਦੀ ਸ਼ਕਤੀ ਤੋਂ ਜਾਣੂ ਕਰਵਾ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਲੋਕਾਂ ਦੀ ਵੱਧਦੀ ਭਾਗੀਦਾਰੀ ਦੇ ਨਾਲ-ਨਾਲ ਸਰਕਾਰ ਦੀ ਕਾਰਜਸ਼ੈਲੀ ਅਤੇ ਸਮਾਜ ਦੀ ਸੋਚ ਬਦਲ ਗਈ ਹੈ। ਅੱਜ ਭਾਰਤ ਕੋਲ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਸਟਾਰਟ-ਅੱਪ ਪ੍ਰਣਾਲੀ ਹੈ ਜਿਸ ਦੀ ਅਗਵਾਈ ਭਾਰਤ ਦੇ ਨੌਜਵਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ "ਸੌਫਟਵੇਅਰ ਤੋਂ ਸਪੇਸ ਤੱਕ, ਅਸੀਂ ਇੱਕ ਨਵੇਂ ਭਵਿੱਖ ਲਈ ਤਿਆਰ ਦੇਸ਼ ਦੇ ਰੂਪ ਵਿੱਚ ਉੱਭਰ ਰਹੇ ਹਾਂ। ਸਾਡੇ ਲਈ, ਸੰਸਕਾਰ ਦਾ ਅਰਥ ਹੈ ਸਿੱਖਿਆ, ਸੇਵਾ ਅਤੇ ਸੰਵੇਦਨਸ਼ੀਲਤਾ! ਸਾਡੇ ਲਈ, ਸੰਸਕਾਰ ਦਾ ਅਰਥ ਹੈ ਸਮਰਪਣ, ਦ੍ਰਿੜਤਾ ਅਤੇ ਤਾਕਤ! ਆਓ ਅਸੀਂ ਆਪਣੇ ਆਪ ਨੂੰ ਉੱਚਾ ਕਰੀਏ, ਪਰ ਸਾਡੀ ਪ੍ਰਗਤੀ ਦੂਸਰਿਆਂ ਦੀ ਭਲਾਈ ਦਾ ਮਾਧਿਅਮ ਵੀ ਹੋਣੀ ਚਾਹੀਦੀ ਹੈ!  ਅਸੀਂ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹੀਏ, ਪਰ ਸਾਡੀ ਸਫ਼ਲਤਾ ਸਾਰਿਆਂ ਦੀ ਸੇਵਾ ਦਾ ਸਾਧਨ ਵੀ ਹੋਣੀ ਚਾਹੀਦੀ ਹੈ। ਇਹ ਭਗਵਾਨ ਸਵਾਮੀਨਾਰਾਇਣ ਦੀਆਂ ਸਿੱਖਿਆਵਾਂ ਦਾ ਸਾਰ ਹੈ ਅਤੇ ਇਹ ਭਾਰਤ ਦਾ ਸੁਭਾਅ ਵੀ ਹੈ।”

 

 ਪ੍ਰਧਾਨ ਮੰਤਰੀ ਨੇ ਵਡੋਦਰਾ ਨਾਲ ਆਪਣੀ ਲੰਬੀ ਸਾਂਝ ਨੂੰ ਯਾਦ ਕੀਤਾ ਅਤੇ ਆਪਣੇ ਨਿੱਜੀ ਅਤੇ ਸਿਆਸੀ ਜੀਵਨ ਵਿੱਚ ਇਸ ਸਥਾਨ ਦੀ ਮਹੱਤਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ‘ਸਟੈਚੂ ਆਵੑ ਯੂਨਿਟੀ’ ਨਾਲ ਵਡੋਦਰਾ ਗਲੋਬਲ ਆਕਰਸ਼ਣ ਯਾਨੀ ਸਟੈਚੂ ਆਵ੍ ਯੂਨਿਟੀ ਦਾ ਅਹਿਮ ਅਧਾਰ ਬਣ ਗਿਆ ਹੈ। ਇਸੇ ਤਰ੍ਹਾਂ ਪਾਵਾਗੜ੍ਹ ਮੰਦਿਰ ਵੀ ਹਰ ਪਾਸੇ ਤੋਂ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ 'ਸੰਸਕਾਰ ਨਗਰੀ' ਵਡੋਦਰਾ ਪੂਰੀ ਦੁਨੀਆ ਵਿੱਚ ਜਾਣਿਆ ਜਾ ਰਿਹਾ ਹੈ ਕਿਉਂਕਿ ਵਡੋਦਰਾ ਦੁਆਰਾ ਬਣਾਏ ਮੈਟਰੋ ਕੋਚਾਂ ਦੀ ਆਲਮੀ ਪੱਧਰ 'ਤੇ ਵਰਤੋਂ ਕੀਤੀ ਜਾ ਰਹੀ ਹੈ, ਇਹੀ ਵਡੋਦਰਾ ਦੀ ਤਾਕਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਆਜ਼ਾਦੀ ਦੀ ਲੜਾਈ ਵਿੱਚ ਸਾਨੂੰ ਦੇਸ਼ ਲਈ ਮਰਨ ਦਾ ਮੌਕਾ ਨਹੀਂ ਮਿਲਿਆ ਪਰ ਅਸੀਂ ਦੇਸ਼ ਲਈ ਜੀ ਸਕਦੇ ਹਾਂ। ਉਨ੍ਹਾਂ ਪੁੱਛਿਆ, “15 ਅਗਸਤ 2023 ਤੱਕ, ਕੀ ਅਸੀਂ ਨਕਦੀ ਨਾਲ ਲੈਣ-ਦੇਣ ਬੰਦ ਕਰ ਸਕਦੇ ਹਾਂ ਅਤੇ ਡਿਜੀਟਲ ਭੁਗਤਾਨ ਅਪਣਾਅ ਸਕਦੇ ਹਾਂ?  ਤੁਹਾਡਾ ਛੋਟਾ ਜਿਹਾ ਯੋਗਦਾਨ ਛੋਟੇ ਕਾਰੋਬਾਰਾਂ ਅਤੇ ਵਿਕ੍ਰਤਾਵਾਂ ਦੇ ਜੀਵਨ ਵਿੱਚ ਬਹੁਤ ਵੱਡਾ ਫ਼ਰਕ ਲਿਆ ਸਕਦਾ ਹੈ।” ਇਸੇ ਤਰ੍ਹਾਂ ਸਫ਼ਾਈ ਲਈ ਅਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਅਤੇ ਕੁਪੋਸ਼ਣ ਨੂੰ ਰੋਕਣ ਲਈ ਵੀ ਅਹਿਦ ਕੀਤਾ ਜਾ ਸਕਦਾ ਹੈ।

 

 ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਘਾਟਾਂ ਦੀ ਸਾਫ਼-ਸਫ਼ਾਈ ਲਈ ਨਾਗਾਲੈਂਡ ਦੀ ਇੱਕ ਲੜਕੀ ਦੁਆਰਾ ਚਲਾਈ ਗਈ ਮੁਹਿੰਮ ਦਾ ਵੀ ਜ਼ਿਕਰ ਕੀਤਾ। ਉਸਨੇ ਇਕੱਲਿਆਂ ਹੀ ਸ਼ੁਰੂਆਤ ਕੀਤੀ ਪਰ ਬਹੁਤ ਸਾਰੇ ਲੋਕ ਉਸ ਨਾਲ ਜੁੜ ਗਏ। ਇਹ ਸੰਕਲਪ ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਦੇਸ਼ ਦੀ ਮਦਦ ਲਈ ਬਿਜਲੀ ਬਚਾਉਣ ਜਾਂ ਕੁਦਰਤੀ ਖੇਤੀ ਨੂੰ ਅਪਣਾਉਣ ਜਿਹੇ ਛੋਟੇ ਉਪਾਵਾਂ ਦੀ ਆਦਤ ਪਾਉਣ ਲਈ ਕਿਹਾ।

 

************

 ਡੀਐੱਸ/ਏਕੇ


(Release ID: 1826701) Visitor Counter : 173