ਪ੍ਰਧਾਨ ਮੰਤਰੀ ਦਫਤਰ
ਨੇਪਾਲ ਵਿੱਚ 2566ਵੀਂ ਬੁੱਧ ਜਯੰਤੀ ਅਤੇ ਲੁੰਬਿਨੀ ਦਿਵਸ 2022 ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
16 MAY 2022 9:45PM by PIB Chandigarh
ਨਮੋ ਬੁੱਧਾਯ!
ਨੇਪਾਲ ਦੇ ਪ੍ਰਧਾਨ ਮੰਤਰੀ ਸਨਮਾਨਯੋਗ ਸ਼੍ਰੀ ਸ਼ੇਰ ਬਹਾਦੁਰ ਦੇਉਬਾ ਜੀ,
ਆਦਰਯੋਗ ਸ਼੍ਰੀਮਤੀ ਆਰਜ਼ੂ ਦੇਉਬਾ ਜੀ,
ਸਭਾ ਵਿੱਚ ਉਪਸਥਿਤ ਨੇਪਾਲ ਸਰਕਾਰ ਦੇ ਮੰਤਰੀਗਣ,
ਬੜੀ ਸੰਖਿਆ ਵਿੱਚ ਉਪਸਥਿਤ ਬੋਧ ਭਿਕਸ਼ੂ ਅਤੇ ਬੋਧ ਧਰਮਾਵਲੰਬੀ,
ਵਿਭਿੰਨ ਦੇਸ਼ਾਂ ਤੋਂ ਪਧਾਰੇ ਪਤਵੰਤੇ ਅਤਿਥੀਗਣ,
ਦੇਵੀਓ ਅਤੇ ਸੱਜਣੋਂ!
ਬੁੱਧ ਜਯੰਤੀ-ਨੂੰ ਪਾਵਨ ਅਵਸਰ-ਮਾ, ਯਸ ਸਭਾ-ਮਾ ਉਪਸਥਿਤ, ਯਹਾਂ-ਹਰੁ ਸਬੈ-ਲਾਈ, ਸੰਪੂਰਣ ਨੇਪਾਲਵਾਸੀ-ਹਰੁਲਾਈ, ਰ ਵਿਸ਼ਵਕਾ ਸਬੈ ਸ਼ਰਧਾਲੂ-ਜਨ-ਲਾਈ, ਲੁੰਬਿਨੀਕੋ ਪਵਿੱਤਰ ਭੂਮਿਬਾਟ, ਬੁੱਧ ਪੂਰਣਿਮਾਕੋ ਧੇਰੈ ਧੇਰੈ ਸ਼ੁਭਕਾਮਨਾ! (बुद्ध जयन्ती-को पावन अवसर-मा, यस सभा-मा उपस्थित, यहाँ-हरु सबै-लाई, सम्पूर्ण नेपालवासी-हरुलाई, र विश्वका सबै श्रद्धालु-जन-लाई, लुम्बिनीको पवित्र भूमिबाट, बुद्ध पूर्णिमाको धेरै धेरै शुभकामना!)
ਮੈਨੂੰ ਪਹਿਲਾਂ ਵੀ ਵੈਸਾਖ ਪੂਰਣਿਮਾ ਦੇ ਦਿਨ ਭਗਵਾਨ ਬੁੱਧ ਨਾਲ ਜੁੜੇ ਦਿੱਵਯ ਸਥਾਨਾਂ ’ਤੇ, ਉਨ੍ਹਾਂ ਨਾਲ ਜੁੜੇ ਆਯੋਜਨਾਂ ਵਿੱਚ ਜਾਣ ਦਾ ਅਵਸਰ ਮਿਲਦਾ ਰਿਹਾ ਹੈ। ਅਤੇ ਅੱਜ, ਭਾਰਤ ਦੇ ਮਿੱਤਰ ਨੇਪਾਲ ਵਿੱਚ ਭਗਵਾਨ ਬੁੱਧ ਦੀ ਪਵਿੱਤਰ ਜਨਮ-ਸਥਲੀ ਲੁੰਬਿਨੀ ਆਉਣ ਦਾ ਇਹ ਸੁਭਾਗ ਮਿਲਿਆ ਹੈ।
ਕੁਝ ਦੇਰ ਪਹਿਲਾਂ ਮਾਇਆਦੇਵੀ ਮੰਦਿਰ ਵਿੱਚ ਦਰਸ਼ਨ ਦਾ ਜੋ ਅਵਸਰ ਮੈਨੂੰ ਮਿਲਿਆ, ਉਹ ਵੀ ਮੇਰੇ ਲਈ ਅਭੁੱਲ ਹੈ। ਉਹ ਜਗ੍ਹਾ, ਜਿੱਥੇ ਖ਼ੁਦ ਭਗਵਾਨ ਬੁੱਧ ਨੇ ਜਨਮ ਲਿਆ ਹੋਵੇ, ਉੱਥੋਂ ਦੀ ਊਰਜਾ, ਉੱਥੋਂ ਦੀ ਚੇਤਨਾ, ਇਹ ਇੱਕ ਅਲੱਗ ਹੀ ਅਹਿਸਾਸ ਹੈ। ਮੈਨੂੰ ਇਹ ਦੇਖ ਕੇ ਵੀ ਖੁਸ਼ੀ ਹੋਈ ਕਿ ਇਸ ਸਥਾਨ ਦੇ ਲਈ 2014 ਵਿੱਚ ਮੈਂ ਮਹਾਬੋਧੀ ਬਿਰਖ ਦੀ ਜੋ Sapling ਭੇਂਟ ਕੀਤੀ ਸੀ, ਉਹ ਹੁਣ ਵਿਕਸਿਤ ਹੋ ਕੇ ਇੱਕ ਬਿਰਖ ਬਣ ਰਿਹਾ ਹੈ।
ਸਾਥੀਓ,
ਚਾਹੇ ਪਸ਼ੂਪਤੀਨਾਥ ਜੀ ਹੋਣ, ਮੁਕਤੀਨਾਥ ਜੀ ਹੋਣ, ਚਾਹੇ ਜਨਕਪੁਰਧਾਮ ਹੋਵੇ ਜਾਂ ਫਿਰ ਲੁੰਬਿਨੀ, ਮੈਂ ਜਦੋਂ ਜਦੋਂ ਨੇਪਾਲ ਆਉਂਦਾ ਹਾਂ, ਨੇਪਾਲ ਆਪਣੇ ਅਧਿਆਤਮਕ ਅਸ਼ੀਰਵਾਦ ਨਾਲ ਮੈਨੂੰ ਕ੍ਰਿਤਾਰਥ ਕਰਦਾ ਹੈ।
ਸਾਥੀਓ,
ਜਨਕਪੁਰ ਵਿੱਚ ਮੈਂ ਕਿਹਾ ਸੀ ਕਿ “ਨੇਪਾਲ ਦੇ ਬਿਨਾ ਸਾਡੇ ਰਾਮ ਵੀ ਅਧੂਰੇ ਹਨ”। ਮੈਨੂੰ ਪਤਾ ਹੈ ਕਿ ਅੱਜ ਜਦੋਂ ਭਾਰਤ ਵਿੱਚ ਭਗਵਾਨ ਸ਼੍ਰੀਰਾਮ ਦਾ ਸ਼ਾਨਦਾਰ ਮੰਦਿਰ ਬਣ ਰਿਹਾ ਹੈ, ਤਾਂ ਨੇਪਾਲ ਦੇ ਲੋਕ ਵੀ ਉਤਨਾ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ।
ਸਾਥੀਓ,
ਨੇਪਾਲ ਯਾਨੀ, ਦੁਨੀਆ ਦੇ ਸਭ ਤੋਂ ਉੱਚੇ ਪਰਬਤ-ਸਾਗਰਮਾਥਾ ਦਾ ਦੇਸ਼!
ਨੇਪਾਲ ਯਾਨੀ, ਦੁਨੀਆ ਦੇ ਅਨੇਕ ਪਵਿੱਤਰ ਤੀਰਥਾਂ, ਮੰਦਿਰਾਂ ਅਤੇ ਮੱਠਾਂ ਦਾ ਦੇਸ਼!
ਨੇਪਾਲ ਯਾਨੀ, ਦੁਨੀਆ ਦੀ ਪ੍ਰਾਚੀਨ ਸੱਭਿਅਤਾ ਸੰਸਕ੍ਰਿਤੀ ਨੂੰ ਸਹੇਜ ਕੇ ਰੱਖਣ ਵਾਲਾ ਦੇਸ਼!
ਨੇਪਾਲ ਆਉਂਦਾ, ਮਲਾਈ ਕੁਨੈ ਰਾਜਨੀਤਿਕ ਭ੍ਰਮਣ ਭੰਦਾ, ਅਲੱਗ ਏਉਟਾ ਛੁੱਟੈ ਆਧਿਆਤਮਿਕ ਅਨੁਭੂਤੀ ਹੁੰਛ।
ਭਾਰਤ ਅਤੇ ਭਾਰਤ ਦੇ ਲੋਕਾਂ ਨੇ ਹਜ਼ਾਰਾਂ ਸਾਲਾਂ ਤੋਂ ਨੇਪਾਲ ਨੂੰ ਇਸੇ ਦ੍ਰਿਸ਼ਟੀ ਅਤੇ ਆਸਥਾ ਦੇ ਨਾਲ ਦੇਖਿਆ ਹੈ। ਮੈਨੂੰ ਵਿਸ਼ਵਾਸ ਹੈ, ਹੁਣੇ ਕੁਝ ਸਮਾਂ ਪਹਿਲਾਂ ਜਦੋਂ ਸ਼ੇਰ ਬਹਾਦੁਰ ਦੇਉਬਾ ਜੀ, ਸ਼੍ਰੀਮਤੀ ਆਰਜ਼ੂ ਦੇਉਬਾ ਜੀ, ਜਦੋਂ ਭਾਰਤ ਗਏ ਸਨ, ਅਤੇ ਜੈਸਾ ਹੁਣੇ ਦੇਉਬਾ ਜੀ ਨੇ ਵਰਣਨ ਕੀਤਾ ਬਨਾਰਸ ਦਾ, ਕਾਸ਼ੀ ਵਿਸ਼ਵਨਾਥ ਧਾਮ ਦੀ ਯਾਤਰਾ ਕੀਤੀ ਸੀ, ਤਾਂ ਉਨ੍ਹਾਂ ਨੂੰ ਵੀ ਅਜਿਹੀ ਹੀ ਅਨੁਭੂਤੀ ਭਾਰਤ ਦੇ ਲਈ ਹੋਣਾ ਬਹੁਤ ਸੁਭਾਵਿਕ ਹੈ।
ਸਾਥੀਓ,
ਇਹ ਸਾਂਝੀ ਵਿਰਾਸਤ, ਇਹ ਸਾਂਝਾ ਸੱਭਿਆਚਾਰ, ਇਹ ਸਾਂਝੀ ਆਸਥਾ ਅਤੇ ਇਹ ਸਾਂਝਾ ਪ੍ਰੇਮ, ਇਹੀ ਸਾਡੀ ਸਭ ਤੋਂ ਬੜੀ ਪੂੰਜੀ ਹੈ। ਅਤੇ, ਇਹ ਪੂੰਜੀ ਜਿਤਨੀ ਸਮ੍ਰਿੱਧ ਹੋਵੇਗੀ, ਅਸੀਂ ਉਤਨੇ ਹੀ ਪ੍ਰਭਾਵੀ ਢੰਗ ਨਾਲ ਮਿਲ ਕੇ ਦੁਨੀਆ ਤੱਕ ਭਗਵਾਨ ਬੁੱਧ ਦਾ ਸੰਦੇਸ਼ ਪਹੁੰਚਾ ਸਕਦੇ ਹਾਂ, ਦੁਨੀਆ ਨੂੰ ਦਿਸ਼ਾ ਦੇ ਸਕਦੇ ਹਾਂ।
ਅੱਜ ਜਿਸ ਤਰ੍ਹਾਂ ਦੀਆਂ ਆਲਮੀ ਪਰਿਸਥਿਤੀਆਂ ਬਣ ਰਹੀਆਂ ਹਨ, ਉਸ ਵਿੱਚ ਭਾਰਤ ਅਤੇ ਨੇਪਾਲ ਦੀ ਨਿਰੰਤਰ ਮਜ਼ਬੂਤ ਹੁੰਦੀ ਮਿੱਤਰਤਾ, ਸਾਡੀ ਨੇੜਤਾ (ਘਨਿਸ਼ਠਤਾ), ਸੰਪੂਰਨ ਮਾਨਵਤਾ ਦੇ ਹਿਤ ਦਾ ਕੰਮ ਕਰੇਗੀ। ਅਤੇ ਇਸ ਵਿੱਚ ਭਗਵਾਨ ਬੁੱਧ ਦੇ ਪ੍ਰਤੀ ਸਾਡੇ ਦੋਨਾਂ ਹੀ ਦੇਸ਼ਾਂ ਦੀ ਆਸਥਾ, ਉਨ੍ਹਾਂ ਦੇ ਪ੍ਰਤੀ ਅਸੀਮ ਸ਼ਰਧਾ, ਸਾਨੂੰ ਇੱਕ ਸੂਤਰ ਵਿੱਚ ਜੋੜਦੀ ਹੈ, ਇੱਕ ਪਰਿਵਾਰ ਦਾ ਮੈਂਬਰ ਬਣਾਉਂਦੀ ਹੈ।
ਭਾਈਓ ਅਤੇ ਭੈਣੋਂ,
ਬੁੱਧ ਮਾਨਵਤਾ ਦੇ ਸਮੂਹਿਕ ਬੋਧ ਦਾ ਅਵਤਰਣ ਹਨ। ਬੁੱਧ ਬੋਧ ਵੀ ਹਨ, ਅਤੇ ਬੁੱਧ ਸ਼ੋਧ ਵੀ ਹਨ। ਬੁੱਧ ਵਿਚਾਰ ਵੀ ਹਨ, ਅਤੇ ਬੁੱਧ ਸੰਸਕਾਰ ਵੀ ਹਨ। ਬੁੱਧ ਇਸ ਲਈ ਵਿਸ਼ੇਸ਼ ਹੈ ਕਿਉਂਕਿ ਉਨ੍ਹਾਂ ਨੇ ਕੇਵਲ ਉਪਦੇਸ਼ ਨਹੀਂ ਦਿੱਤੇ, ਬਲਕਿ ਉਨ੍ਹਾਂ ਨੇ ਮਾਨਵਤਾ ਨੂੰ ਗਿਆਨ ਦੀ ਅਨੁਭੂਤੀ ਕਰਵਾਈ। ਉਨ੍ਹਾਂ ਨੇ ਮਹਾਨ ਵੈਭਵਸ਼ਾਲੀ ਰਾਜ ਅਤੇ ਚਰਮ ਸੁਖ ਸੁਵਿਧਾਵਾਂ ਨੂੰ ਤਿਆਗਣ ਦਾ ਸਾਹਸ ਕੀਤਾ। ਨਿਸ਼ਚਿਤ ਰੂਪ ਨਾਲ ਉਨ੍ਹਾਂ ਦਾ ਜਨਮ ਕਿਸੇ ਸਾਧਾਰਣ ਬਾਲਕ ਦੇ ਰੂਪ ਵਿੱਚ ਨਹੀਂ ਹੋਇਆ ਸੀ।
ਲੇਕਿਨ ਉਨ੍ਹਾਂ ਨੇ ਸਾਨੂੰ ਇਹ ਅਹਿਸਾਸ ਕਰਵਾਇਆ ਕਿ ਪ੍ਰਾਪਤੀ ਤੋਂ ਵੀ ਜ਼ਿਆਦਾ ਮਹੱਤਵ ਤਿਆਗ ਦਾ ਹੁੰਦਾ ਹੈ। ਤਿਆਗ ਨਾਲ ਹੀ ਪ੍ਰਾਪਤੀ ਪੂਰੀ ਹੁੰਦੀ ਹੈ। ਇਸੇ ਲਈ, ਉਹ ਜੰਗਲਾਂ ਵਿੱਚ ਵਿਚਰੇ, ਉਨ੍ਹਾਂ ਨੇ ਤਪ ਕੀਤਾ, ਸ਼ੋਧ ਕੀਤਾ। ਉਸ ਆਤਮਸ਼ੋਧ ਦੇ ਬਾਅਦ ਜਦੋਂ ਉਹ ਗਿਆਨ ਦੇ ਸਿਖਰ ਤੱਕ ਪਹੁੰਚੇ, ਤਾਂ ਵੀ ਉਨ੍ਹਾਂ ਨੇ ਕਿਸੇ ਚਮਤਕਾਰ ਨਾਲ ਲੋਕਾਂ ਦੀ ਭਲਾਈ ਕਰਨ ਦਾ ਦਾਅਵਾ ਕਦੇ ਨਹੀਂ ਕੀਤਾ। ਬਲਕਿ ਭਗਵਾਨ ਬੁੱਧ ਨੇ ਸਾਨੂੰ ਉਹ ਰਸਤਾ ਦੱਸਿਆ, ਜੋ ਉਨ੍ਹਾਂ ਨੇ ਖ਼ੁਦ ਜੀਵਿਆ ਸੀ। ਉਨ੍ਹਾਂ ਨੇ ਸਾਨੂੰ ਮੰਤਰ ਦਿੱਤਾ ਸੀ – “ਅੱਪ ਦੀਪੋ ਭਵ ਭਿੱਖਵੇ” ("अप्प दीपो भव भिक्खवे”)
“ਪਰੀਕਸ਼ਯ ਭਿਕਸ਼ਵੋ, ਗ੍ਰਾਹਯਮ੍ ਮਦਵਚੋ, ਨਾ ਤੁ ਗੌਰਵਾਤ੍।”
("परीक्ष्य भिक्षवो, ग्राह्यम् मद्वचो, न तु गौरवात्।")
ਅਰਥਾਤ, ਆਪਣਾ ਦੀਪਕ ਖ਼ੁਦ ਬਣੋ। ਮੇਰੇ ਵਚਨਾਂ ਨੂੰ ਵੀ ਮੇਰੇ ਪ੍ਰਤੀ ਆਦਰ ਦੇ ਕਾਰਨ ਗ੍ਰਹਿਣ ਮਤ (ਨਾ) ਕਰੋ। ਬਲਕਿ ਉਨ੍ਹਾਂ ਦਾ ਪਰੀਖਣ ਕਰਕੇ ਉਨ੍ਹਾਂ ਨੂੰ ਆਤਮਸਾਤ ਕਰੋ।
ਸਾਥੀਓ,
ਭਗਵਾਨ ਬੁੱਧ ਨਾਲ ਜੁੜਿਆ ਇੱਕ ਹੋਰ ਵਿਸ਼ਾ ਹੈ, ਜਿਸ ਦਾ ਅੱਜ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ। ਵੈਸਾਖ ਪੂਰਣਿਮਾ ਦਾ ਦਿਨ ਲੁੰਬਿਨੀ ਵਿੱਚ ਸਿੱਧਾਰਥ ਦੇ ਰੂਪ ਵਿੱਚ ਬੁੱਧ ਦਾ ਜਨਮ ਹੋਇਆ। ਇਸ ਦਿਨ ਬੋਧਗਯਾ ਵਿੱਚ ਉਹ ਬੋਧ ਪ੍ਰਾਪਤ ਕਰਕੇ ਭਗਵਾਨ ਬੁੱਧ ਬਣੇ। ਅਤੇ ਇਸੇ ਦਿਨ ਕੁਸ਼ੀਨਗਰ ਵਿੱਚ ਉਨ੍ਹਾਂ ਦਾ ਮਹਾਪਰਿਨਿਰਵਾਣ ਹੋਇਆ। ਇੱਕ ਹੀ ਮਿਤੀ, ਇੱਕ ਹੀ ਵੈਸਾਖ ਪੂਰਣਿਮਾ ’ਤੇ ਭਗਵਾਨ ਬੁੱਧ ਦੀ ਜੀਵਨ ਯਾਤਰਾ ਦੇ ਇਹ ਪੜਾਅ ਕੇਵਲ ਸੰਜੋਗ ਮਾਤ੍ਰ ਨਹੀਂ ਸੀ। ਇਸ ਵਿੱਚ ਬੁੱਧਤਵ ਦਾ ਉਹ ਦਾਰਸ਼ਨਿਕ ਸੰਦੇਸ਼ ਵੀ ਹੈ, ਜਿਸ ਵਿੱਚ ਜੀਵਨ, ਗਿਆਨ ਅਤੇ ਨਿਰਵਾਣ, ਤਿੰਨੋਂ ਇਕੱਠੇ ਹਨ। ਤਿੰਨੋਂ ਇਕੱਠੇ ਜੁੜੇ ਹੋਏ ਹਨ।
ਇਹੀ ਮਾਨਵੀ ਜੀਵਨ ਦੀ ਪੂਰਨਤਾ ਹੈ, ਅਤੇ ਸੰਭਵ ਤੌਰ ‘ਤੇ ਇਸ ਲਈ ਭਗਵਾਨ ਬੁੱਧ ਨੇ ਪੂਰਣਿਮਾ ਦੀ ਇਸ ਪਵਿੱਤਰ ਤਿਥੀ ਨੂੰ ਚੁਣਿਆ ਹੋਵੇਗਾ। ਜਦੋਂ ਅਸੀਂ ਮਾਨਵੀ ਜੀਵਨ ਨੂੰ ਇਸ ਪੂਰਨਤਾ ਵਿੱਚ ਦੇਖਣ ਲਗਦੇ ਹਾਂ, ਤਾਂ ਵਿਭਾਜਨ ਅਤੇ ਭੇਦਭਾਵ ਦੇ ਲਈ ਕੋਈ ਜਗ੍ਹਾ ਨਹੀਂ ਬਚਦੀ। ਤਦ ਅਸੀਂ ਖ਼ੁਦ ਹੀ ‘ਵਸੁਧੈਵ ਕੁਟੁੰਬਕਮ੍’ ਦੀ ਉਸ ਭਾਵਨਾ ਨੂੰ ਜੀਣ ਲਗਦੇ ਹਾਂ ਜੋ ‘ਸਰਵੇ ਭਵੰਤੁ ਸੁਖਿਨ:’ (‘सर्वे भवन्तु सुखिनः’) ਤੋਂ ਲੈ ਕੇ ‘ਭਵਤੁ ਸੱਬ ਮੰਗਲਮ੍’ (‘भवतु सब्ब मंगलम्’) ਦੇ ਬੁੱਧ ਉਪਦੇਸ਼ ਤੱਕ ਝਲਕਦੀ ਹੈ। ਇਸ ਲਈ, ਭੂਗੋਲਿਕ ਸੀਮਾਵਾਂ ਤੋਂ ਉੱਪਰ ਉੱਠ ਕੇ ਬੁੱਧ ਹਰ ਕਿਸੇ ਦੇ ਹਨ, ਹਰ ਕਿਸੇ ਦੇ ਲਈ ਹਨ।
ਸਾਥੀਓ,
ਭਗਵਾਨ ਬੁੱਧ ਦੇ ਨਾਲ ਮੇਰਾ ਇੱਕ ਹੋਰ ਸਬੰਧ ਵੀ ਹੈ, ਜਿਸ ਵਿੱਚ ਅਦਭੁਤ ਸੰਜੋਗ ਵੀ ਹੈ ਅਤੇ ਜੋ ਬਹੁਤ ਸੁਖਦ ਵੀ ਹੈ। ਜਿਸ ਸਥਾਨ ’ਤੇ ਮੇਰਾ ਜਨਮ ਹੋਇਆ, ਗੁਜਰਾਤ ਦਾ ਵਡਨਗਰ, ਉੱਥੇ ਸਦੀਆਂ ਪਹਿਲਾਂ ਬੋਧੀ ਸਿੱਖਿਆ ਦਾ ਬਹੁਤ ਬੜਾ ਕੇਂਦਰ ਸੀ। ਅੱਜ ਵੀ ਉੱਥੇ ਪ੍ਰਾਚੀਨ ਅਵਸ਼ੇਸ਼ ਨਿਕਲ ਰਹੇ ਹਨ ਜਿਨ੍ਹਾਂ ਦੀ ਸੁਰੱਖਿਆ ਦਾ ਕੰਮ ਜਾਰੀ ਹੈ। ਅਤੇ ਅਸੀ ਤਾਂ ਜਾਣਦੇ ਹਾਂ ਕਿ ਹਿੰਦੁਸਤਾਨ ਵਿੱਚ ਕਈ ਨਗਰ ਅਜਿਹੇ ਹਨ, ਕਈ ਸ਼ਹਿਰ, ਕਈ ਸਥਾਨ ਅਜਿਹੇ ਹਨ, ਜਿਸ ਨੂੰ ਲੋਕ ਬੜੇ ਗਰਵ (ਮਾਣ) ਦੇ ਨਾਲ ਉਸ ਰਾਜ ਦੀ ਕਾਸ਼ੀ ਦੇ ਰੂਪ ਵਿੱਚ ਜਾਣਦੇ ਹਾਂ।
ਭਾਰਤ ਦੀ ਵਿਸ਼ੇਸ਼ਤਾ ਰਹੀ ਹੈ, ਅਤੇ ਇਸ ਲਈ ਕਾਸ਼ੀ ਦੇ ਨੇੜੇ ਸਾਰਨਾਥ ਤੋਂ ਮੇਰੀ ਆਤਮੀਅਤਾ ਆਪ ਵੀ ਜਾਣਦੇ ਹੋ। ਭਾਰਤ ਵਿੱਚ ਸਾਰਨਾਥ, ਬੋਧਗਯਾ ਅਤੇ ਕੁਸ਼ੀਨਗਰ ਤੋਂ ਲੈ ਕੇ ਨੇਪਾਲ ਵਿੱਚ ਲੁੰਬਿਨੀ ਤੱਕ, ਇਹ ਪਵਿੱਤਰ ਸਥਾਨ ਸਾਡੀ ਸਾਂਝੀ ਵਿਰਾਸਤ ਅਤੇ ਸਾਂਝੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ। ਸਾਨੂੰ ਇਸ ਵਿਰਾਸਤ ਨੂੰ ਨਾਲ ਮਿਲ ਕੇ ਵਿਕਸਿਤ ਕਰਨਾ ਹੈ, ਅੱਗੇ ਸਮ੍ਰਿੱਧ ਵੀ ਕਰਨਾ ਹੈ।
ਹੁਣੇ ਅਸੀਂ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਇੱਥੇ India International Centre for Buddhist Culture and Heritage ਦਾ ਸ਼ਿਲਾਨਯਾਸ ਵੀ ਕੀਤਾ ਹੈ। ਇਸ ਦਾ ਨਿਰਮਾਣ International Buddhist Confederation of India ਦੁਆਰਾ ਕੀਤਾ ਜਾਵੇਗਾ। ਸਾਡੇ ਸਹਿਯੋਗ ਦੇ ਇਸ ਦਹਾਕਿਆਂ ਪੁਰਾਣੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਪ੍ਰਧਾਨ ਮੰਤਰੀ ਦੇਉਬਾ ਜੀ ਦਾ ਅਹਿਮ ਯੋਗਦਾਨ ਹੈ। ਲੁੰਬਿਨੀ ਡਿਵੈਲਪਮੈਂਟ ਟਰੱਸਟ ਦੇ ਪ੍ਰਧਾਨ ਦੇ ਰੂਪ ਵਿੱਚ, ਉਨ੍ਹਾਂ ਨੇ ਇੰਟਰਨੈਸ਼ਨਲ ਬੁੱਧਿਸਟ ਕੰਫੈਡਰੇਸ਼ਨ ਨੂੰ ਇਸ ਦੇ ਲਈ ਜ਼ਮੀਨ ਦੇਣ ਦਾ ਨਿਰਣਾ ਲਿਆ ਸੀ।
ਅਤੇ ਹੁਣ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਵੀ ਉਨ੍ਹਾਂ ਦੀ ਤਰਫ਼ੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਦੇ ਲਈ ਅਸੀਂ ਸਾਰੇ ਹਿਰਦੈ ਤੋਂ ਉਨ੍ਹਾਂ ਦੇ ਆਭਾਰੀ ਹਾਂ। ਮੈਨੂੰ ਖੁਸ਼ੀ ਹੈ ਕਿ ਨੇਪਾਲ ਸਰਕਾਰ, ਬੁੱਧ ਸਰਕਿਟ ਅਤੇ ਲੁੰਬਿਨੀ ਦੇ ਵਿਕਾਸ ਦੇ ਸਾਰੇ ਪ੍ਰਯਾਸਾਂ ਨੂੰ ਸਹਿਯੋਗ ਦੇ ਰਹੀ ਹੈ, ਵਿਕਾਸ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਵੀ ਸਾਕਾਰ ਕਰ ਰਹੀ ਹੈ। ਨੇਪਾਲ ਵਿੱਚ ਲੁੰਬਿਨੀ ਮਿਊਜ਼ੀਅਮ ਦਾ ਨਿਰਮਾਣ ਵੀ ਦੋਨੋਂ ਦੇਸ਼ਾਂ ਦੇ ਸਾਂਝੇ ਸਹਿਯੋਗ ਦਾ ਉਦਾਹਰਣ ਹੈ। ਅਤੇ ਅੱਜ ਅਸੀਂ ਲੁੰਬਿਨੀ Buddhist University ਵਿੱਚ ਡਾ. ਬਾਬਾ ਸਾਹੇਬ ਅੰਬੇਡਕਰ chair for Buddhist studies ਸਥਾਪਿਤ ਕਰਨ ਦਾ ਵੀ ਨਿਰਣਾ ਲਿਆ।
ਸਾਥੀਓ,
ਭਾਰਤ ਅਤੇ ਨੇਪਾਲ ਦੇ ਅਨੇਕ ਤੀਰਥਾਂ ਨੇ ਸਦੀਆਂ ਤੋਂ ਸੱਭਿਅਤਾ, ਸੰਸਕ੍ਰਿਤੀ ਅਤੇ ਗਿਆਨ ਦੀ ਵਿਸ਼ਾਲ ਪਰੰਪਰਾ ਨੂੰ ਗਤੀ ਦਿੱਤੀ ਹੈ। ਅੱਜ ਵੀ ਇਨ੍ਹਾਂ ਤੀਰਥਾਂ ਵਿੱਚ ਪੂਰੀ ਦੁਨੀਆ ਤੋਂ ਲੱਖਾਂ ਸ਼ਰਧਾਲੂ ਹਰ ਸਾਲ ਆਉਂਦੇ ਹਨ। ਸਾਨੂੰ ਭਵਿੱਖ ਵਿੱਚ ਆਪਣੇ ਇਨ੍ਹਾਂ ਪ੍ਰਯਾਸਾਂ ਨੂੰ ਹੋਰ ਗਤੀ ਦੇਣੀ ਹੋਵੇਗੀ। ਸਾਡੀਆਂ ਸਰਕਾਰਾਂ ਨੇ ਭੈਰਹਵਾ ਅਤੇ ਸੋਨੌਲੀ ਵਿੱਚ Integrated check posts ਬਣਾਉਣ ਜੈਸੇ ਫ਼ੈਸਲੇ ਵੀ ਲਏ ਹਨ। ਇਸ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਇਹ ਪੋਸਟਸ ਬਣਨ ਦੇ ਬਾਅਦ ਬਾਰਡਰ ’ਤੇ ਲੋਕਾਂ ਦੇ ਆਵਾਗਮਨ ਦੇ ਲਈ ਸੁਵਿਧਾ ਵਧੇਗੀ। ਭਾਰਤ ਆਉਣ ਵਾਲੇ ਇੰਟਰਨੈਸ਼ਨਲ tourists ਜ਼ਿਆਦਾ ਅਸਾਨੀ ਨਾਲ ਨੇਪਾਲ ਆ ਸਕਣਗੇ। ਨਾਲ ਹੀ, ਇਸ ਨਾਲ ਵਪਾਰ ਅਤੇ ਜ਼ਰੂਰੀ ਚੀਜ਼ਾਂ ਦੇ transportation ਨੂੰ ਵੀ ਗਤੀ ਮਿਲੇਗੀ। ਭਾਰਤ ਅਤੇ ਨੇਪਾਲ, ਦੋਨੋਂ ਹੀ ਦੇਸ਼ਾਂ ਦੇ ਦਰਮਿਆਨ ਮਿਲ ਕੇ ਕੰਮ ਕਰਨ ਦੇ ਲਈ ਅਜਿਹੀਆਂ ਅਪਾਰ ਸੰਭਾਵਨਾਵਾਂ ਹਨ। ਸਾਡੇ ਇਨ੍ਹਾਂ ਪ੍ਰਯਾਸਾਂ ਦਾ ਲਾਭ ਦੋਨੋਂ ਦੇਸ਼ਾਂ ਦੇ ਨਾਗਰਿਕਾਂ ਨੂੰ ਮਿਲੇਗਾ।
ਸਾਥੀਓ,
ਭਾਰਤ ਰ ਨੇਪਾਲ-ਬੀਚ-ਕੋ ਸੰਬੰਧ, ਹਿਮਾਲ ਜਸਤੈਂ ਅਟਲ ਛ, ਰ ਹਿਮਾਲ ਜੱਤਿਕੈ ਪੁਰਾਨੋ ਛ। (भारत र नेपाल-बीच-को सम्बन्ध, हिमाल जस्तैं अटल छ, र हिमाल जत्तिकै पुरानो छ।)
ਸਾਨੂੰ ਆਪਣੇ ਇਨ੍ਹਾਂ ਸੁਭਾਵਿਕ ਅਤੇ ਨੈਸਰਗਿਕ ਰਿਸ਼ਤਿਆਂ ਨੂੰ ਹਿਮਾਲਿਆ ਜਿਤਨੀ ਹੀ ਨਵੀਂ ਉਚਾਈ ਵੀ ਦੇਣੀ ਹੈ। ਖਾਨ-ਪਾਨ, ਗੀਤ-ਸੰਗੀਤ, ਪੂਰਬ-ਤਿਉਹਾਰ, ਅਤੇ ਰੀਤੀ-ਰਿਵਾਜਾਂ ਤੋਂ ਲੈ ਕੇ ਪਰਿਵਾਰਕ ਸਬੰਧਾਂ ਤੱਕ ਜਿਨ੍ਹਾਂ ਰਿਸ਼ਤਿਆਂ ਨੂੰ ਅਸੀਂ ਹਜ਼ਾਰਾਂ ਸਾਲਾਂ ਤੱਕ ਜੀਵਿਆ ਹੈ, ਹੁਣ ਉਨ੍ਹਾਂ ਨੂੰ ਸਾਇੰਸ, ਟੈਕਨੋਲੋਜੀ ਅਤੇ ਇਨਫ੍ਰਾਸਟ੍ਰਕਚਰ ਜਿਹੇ ਨਵੇਂ ਖੇਤਰਾਂ ਨਾਲ ਵੀ ਜੋੜਨਾ ਹੈ। ਮੈਨੂੰ ਸੰਤੋਸ਼ ਹੈ ਕਿ ਇਸ ਦਿਸ਼ਾ ਵਿੱਚ ਭਾਰਤ, ਨੇਪਾਲ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਿਹਾ ਹੈ।
ਲੁੰਬਿਨੀ ਬੁੱਧਿਸਟ ਯੂਨੀਵਰਸਿਟੀ, ਕਾਠਮੰਡੂ ਯੂਨੀਵਰਸਿਟੀ ਅਤੇ ਤ੍ਰਿਭੁਵਨ ਯੂਨੀਵਰਸਿਟੀ ਵਿੱਚ ਭਾਰਤ ਦਾ ਸਹਿਯੋਗ ਅਤੇ ਪ੍ਰਯਾਸ ਇਸ ਦੇ ਬੜੇ ਉਦਾਹਰਣ ਹਨ। ਮੈਂ ਇਸ ਖੇਤਰ ਵਿੱਚ ਆਪਣੇ ਆਪਸੀ ਸਹਿਯੋਗ ਦੇ ਵਿਸਤਾਰ ਦੇ ਲਈ ਹੋਰ ਵੀ ਕਈ ਵੱਡੀਆਂ ਸੰਭਾਵਨਾਵਾਂ ਦੇਖਦਾ ਹਾਂ। ਅਸੀਂ ਇਨ੍ਹਾਂ ਸੰਭਾਵਨਾਵਾਂ ਨੂੰ ਅਤੇ ਭਾਰਤ ਨੇਪਾਲ ਦੇ ਸੁਪਨਿਆਂ ਨੂੰ ਨਾਲ ਮਿਲ ਕੇ ਸਾਕਾਰ ਕਰਾਂਗੇ। ਸਾਡੇ ਸਮਰੱਥ ਯੁਵਾ ਸਫ਼ਲਤਾ ਦੇ ਸਿਖਰ ’ਤੇ ਵਧਦੇ ਹੋਏ ਪੂਰੀ ਦੁਨੀਆ ਵਿੱਚ ਬੁੱਧ ਦੀਆਂ ਸਿੱਖਿਆਵਾਂ ਦੇ ਸੰਦੇਸ਼ਵਾਹਕ ਬਣਨਗੇ।
ਸਾਥੀਓ,
ਭਗਵਾਨ ਬੁੱਧ ਦਾ ਕਥਨ ਹੈ - ਸੁੱਪਬੁੱਝੰ ਪਬੁੱਝੰਤੀ, ਸਦਾ ਗੋਤਮ-ਸਾਵਕਾ। ਯੇਸੰ ਦਿਵਾ ਚ ਰੱਤੋ ਚ, ਭਾਵਨਾਯੇ ਰਤੋ ਮਨੋ॥ ਅਰਥਾਤ, ਜੋ ਹਮੇਸ਼ਾ ਮੈਤ੍ਰੀ ਭਾਵਨਾ ਵਿੱਚ, ਸਦਭਾਵਨਾ ਵਿੱਚ ਲਗੇ ਰਹਿੰਦੇ ਹਨ, ਗੌਤਮ ਦੇ ਉਹ ਅਨੁਯਾਈ ਹਮੇਸ਼ਾ ਜਾਗ੍ਰਿਤ ਰਹਿੰਦੇ ਹਨ। ਯਾਨੀ, ਉਹੀ ਬੁੱਧ ਦੇ ਅਸਲੀ ਅਨੁਯਾਈ ਹਨ। ਇਸੇ ਭਾਵ ਨੂੰ ਲੈ ਕੇ ਅੱਜ ਸਾਨੂੰ ਪੂਰੀ ਮਾਨਵਤਾ ਦੇ ਲਈ ਕੰਮ ਕਰਨਾ ਹੈ। ਇਸੇ ਭਾਵ ਨੂੰ ਲੈ ਕੇ ਸਾਨੂੰ ਸੰਸਾਰ ਵਿੱਚ ਮੈਤ੍ਰੀ ਭਾਵ ਨੂੰ ਮਜ਼ਬੂਤ ਕਰਨਾ ਹੈ।
ਭਾਰਤ ਰ ਨੇਪਾਲ-ਬੀਚ-ਕੋ ਮਿਤ੍ਰਤਾਲੇ, ਯਸ ਮਾਨਵੀਯ ਸੰਕਲਪ-ਲਾਈ ਪੁਰਾ ਗਰਨ, ਯਸੈ ਗਰੀ ਮਿਲੇਰ ਕਾਮ, ਗਰਿਰਹਨੇ ਕੁਰਾਮਾ, ਮਲਾਈ ਪੂਰਣ ਵਿਸ਼ਵਾਸ ਛ। (भारत र नेपाल-बीच-को मित्रताले, यस मानवीय संकल्प-लाई पुरा गर्न, यसै गरी मिलेर काम, गरिरहने कुरामा, मलाई पूर्ण विश्वास छ।)
ਇਸੇ ਭਾਵਨਾ ਦੇ ਨਾਲ, ਆਪ ਸਭ ਨੂੰ ਇੱਕ ਵਾਰ ਫਿਰ ਤੋਂ ਵੈਸਾਖ ਪੂਰਣਿਮਾ ਦੀਆਂ ਅਨੇਕ ਅਨੇਕ ਸ਼ੁਭਕਾਮਨਾਵਾਂ।
ਨਮੋ ਬੁੱਧਾਯ!
ਨਮੋ ਬੁੱਧਾਯ!
ਨਮੋ ਬੁੱਧਾਯ!
*****
ਡੀਐੱਸ/ਏਕੇ
(Release ID: 1826152)
Visitor Counter : 175
Read this release in:
Marathi
,
Tamil
,
English
,
Urdu
,
Hindi
,
Manipuri
,
Assamese
,
Bengali
,
Gujarati
,
Odia
,
Telugu
,
Kannada
,
Malayalam