ਵਿੱਤ ਮੰਤਰਾਲਾ
ਡੀਆਰਆਈ ਨੇ ਏਅਰ ਕਾਰਗੋ ਕੰਪਲੈਕਸ, ਆਈਜੀਆਈ ਏਅਰਪੋਰਟ, ਨਵੀਂ ਦਿੱਲੀ ਵਿਖੇ ਅੰਦਾਜ਼ਨ 434 ਕਰੋੜ ਰੁਪਏ ਦੀ ਕੀਮਤ ਦੀ 62 ਕਿਲੋ ਹੈਰੋਇਨ ਜ਼ਬਤ ਕੀਤੀ
Posted On:
11 MAY 2022 4:25PM by PIB Chandigarh
ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਆਪਣੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ, ਡਾਇਰੈਕਟੋਰੇਟ ਆਵੑ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਇਕ ਹੋਰ ਨਵੀਂ ਵਿਧੀ (ਮੋਡਸ ਓਪਰੇੰਡੀ) ਦਾ ਪਤਾ ਲਗਾਇਆ ਹੈ ਅਤੇ 10.05.2022 ਨੂੰ ਏਅਰ ਕਾਰਗੋ ਦੀ ਖੇਪ ਨੂੰ ਰੋਕ ਕੇ 62 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਇਹ ਕੋਰੀਅਰ/ਕਾਰਗੋ/ਏਅਰ ਪੈਸੰਜਰ ਮੋਡਾਂ ਜ਼ਰੀਏ ਭਾਰਤ ਵਿੱਚ ਹੈਰੋਇਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ।
"ਬਲੈਕ ਐਂਡ ਵ੍ਹਾਈਟ" ਨਾਮ ਦੇ ਇੱਕ ਓਪਰੇਸ਼ਨ ਕੋਡ ਵਿੱਚ, ਡੀਆਰਆਈ ਨੇ ਇੱਕ ਆਯਾਤ ਕਾਰਗੋ ਖੇਪ ਤੋਂ 55 ਕਿਲੋ ਹੈਰੋਇਨ ਜ਼ਬਤ ਕੀਤੀ, ਜਿਸ ਨੂੰ "ਟਰਾਲੀ ਬੈਗ" ਘੋਸ਼ਿਤ ਕੀਤਾ ਗਿਆ ਸੀ। ਯੂਗਾਂਡਾ ਦੇ ਐਂਟੇਬੇ ਤੋਂ ਸ਼ੁਰੂ ਹੋਇਆ, ਇਹ ਇਤਰਾਜ਼ਯੋਗ ਮਾਲ, ਦੁਬਈ ਦੇ ਰਸਤਿਓਂ ਏਅਰ ਕਾਰਗੋ ਕੰਪਲੈਕਸ, ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ, ਨਵੀਂ ਦਿੱਲੀ ਪਹੁੰਚਿਆ ਸੀ। ਦੋ ਰਾਜਾਂ, ਯਾਨੀ ਪੰਜਾਬ ਅਤੇ ਹਰਿਆਣਾ ਵਿੱਚ ਸਵਿਫਟ ਫਾਲੋ-ਅੱਪ ਓਪਰੇਸ਼ਨਾਂ ਦੌਰਾਨ ਹੋਰ 7 ਕਿਲੋਗ੍ਰਾਮ ਹੈਰੋਇਨ ਅਤੇ 50 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਜ਼ਬਤ ਕੀਤੀ ਗਈ 62 ਕਿਲੋਗ੍ਰਾਮ ਹੈਰੋਇਨ ਦੀ ਨਾਜਾਇਜ਼ ਬਜ਼ਾਰ ਵਿੱਚ ਕੀਮਤ ਅੰਦਾਜ਼ਨ 434 ਕਰੋੜ ਰੁਪਏ ਦੱਸੀ ਜਾਂਦੀ ਹੈ। ਜਦੋਂ ਕਿ ਦਰਾਮਦ ਦੀ ਖੇਪ ਵਿੱਚ 330 ਟਰਾਲੀ ਬੈਗ ਸਨ, ਜ਼ਬਤ ਕੀਤੀ ਗਈ ਹੈਰੋਇਨ ਨੂੰ 126 ਟਰਾਲੀ ਬੈਗਾਂ ਦੀਆਂ ਖੋਖਲੀਆਂ ਧਾਤ ਦੀਆਂ ਟਿਊਬਾਂ ਵਿੱਚ ਛੁਪਾ ਕੇ ਰੱਖਿਆ ਗਿਆ ਸੀ ਅਤੇ ਛੁਪਾਉਣ ਦਾ ਪਤਾ ਲਗਾਉਣਾ ਬਹੁਤ ਕਠਿਨ ਸੀ।
ਡੀਆਰਆਈ ਅਧਿਕਾਰੀਆਂ ਨੇ ਇਤਰਾਜ਼ਯੋਗ ਖੇਪ ਦੇ ਦਰਾਮਦਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਰ ਸ਼ੱਕੀ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਗੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਸਾਲ 2021 ਵਿੱਚ ਡੀਆਰਆਈ ਦੁਆਰਾ ਦੇਸ਼ ਭਰ ਵਿੱਚ, ਵੱਡੀ ਮਾਤਰਾ ਵਿੱਚ ਹੈਰੋਇਨ ਜ਼ਬਤ ਕੀਤੀ ਗਈ ਸੀ। 2021 ਦੌਰਾਨ 3,300 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ ਸੀ। ਇਸ ਤੋਂ ਇਲਾਵਾ, ਜਨਵਰੀ 2022 ਤੋਂ, ਡੀਆਰਆਈ ਨੇ ਹੈਰੋਇਨ ਦੀ ਮਹੱਤਵਪੂਰਨ ਬਰਾਮਦਗੀ ਕੀਤੀ ਹੈ, ਜਿਸ ਵਿੱਚ ਆਈਸੀਡੀ ਤੁਗਲਕਾਬਾਦ, ਨਵੀਂ ਦਿੱਲੀ ਵਿਖੇ ਇੱਕ ਕੰਟੇਨਰ ਤੋਂ 34 ਕਿਲੋਗ੍ਰਾਮ, ਮੁੰਦਰਾ ਬੰਦਰਗਾਹ 'ਤੇ ਇੱਕ ਕੰਟੇਨਰ ਤੋਂ 201 ਕਿਲੋਗ੍ਰਾਮ ਅਤੇ ਪੀਪਾਵਾਵ ਬੰਦਰਗਾਹ 'ਤੇ ਹੈਰੋਇਨ ਨਾਲ ਲੈਸ 392 ਕਿਲੋ ਧਾਗਾ (ਸੁਤਲੀ) ਸ਼ਾਮਲ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ, ਅਤੇ ਹਵਾਈ ਯਾਤਰੀਆਂ ਤੋਂ 60 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ ਹੈ।
*****
ਆਰਐੱਮ/ਐੱਮਵੀ/ਕੇਐੱਮਐੱਨ
(Release ID: 1824468)
Visitor Counter : 130