ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਹਰਿਦੁਆਰ ਵਿੱਚ ਦਿੱਵਯ ਪ੍ਰੇਮ ਸੇਵਾ ਮਿਸ਼ਨ ਦੇ ਸਿਲਵਰ ਜੁਬਲੀ ਪ੍ਰੋਗਰਾਮ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ

Posted On: 27 MAR 2022 4:03PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (27 ਮਾਰਚ, 2022) ਹਰਦੁਆਰ ਵਿੱਚ ਦਿੱਵਯ ਪ੍ਰੇਮ ਸੇਵਾ ਮਿਸ਼ਨ ਦੇ ਸਿਲਵਰ ਜੁਬਲੀ ਸਮਾਰੋਹ ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਉਸ ਨੂੰ ਸੰਬੋਧਨ ਕੀਤਾ।

ਇਸ ਮੌਕੇ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਦਿੱਵਯ ਸੇਵਾ ਮਿਸ਼ਨ ਦੇ ਸਿਲਵਰ ਜੁਬਲੀ ਸਮਾਰੋਹ ਵਿੱਚ ਮੌਜੂਦ ਹੋਣਾ ਉਨ੍ਹਾਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ, ਜੋ ਆਪਣੀ ਸਥਾਪਨਾ ਤੋਂ ਬਾਅਦ ਮਨੁੱਖਤਾ ਦੇ ਕਲਿਆਣ ਵਿੱਚ ਲਗਾਤਾਰ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਤਮ ਦਾ ਮੂਲ ਤੱਤ ਮਨੁੱਖ ਜਾਤੀ ਦਾ ਕਲਿਆਣ ਅਤੇ ਸੇਵਾ ਹੈ ਅਤੇ ਦਿੱਵਯ ਪ੍ਰੇਮ ਸੇਵਾ ਮਿਸ਼ਨ ਨਿਰੰਤਰ ਉਸੇ ਪੱਥ ’ਤੇ ਚੱਲ ਰਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਮਿਸ਼ਨ ਦੀਆਂ ਗਤੀਵਿਧੀਆਂ ਅਤੇ ਵਿਕਾਸ ਨੂੰ ਉਦੋਂ ਤੋਂ ਦੇਖ ਰਹੇ ਹਨ ਜਦੋਂ ਤੋਂ ਉਨ੍ਹਾਂ ਨੇ ਹਰਿਦੁਆਰ ਵਿੱਚ ਇੱਕ ਝੌਂਪੜੀ ਵਿੱਚ ਕੋੜ੍ਹ ਪੀੜਿਤ ਲੋਕਾਂ ਦੇ ਲਈ ਮੈਡੀਕਲ ਸੇਵਾਵਾਂ ਸ਼ੁਰੂ ਕੀਤੀਆਂ ਸੀ। ਉਨ੍ਹਾਂ ਨੇ ਮਿਸ਼ਨ ਦੇ ਸੰਸਥਾਪਕ ਡਾ. ਆਸ਼ੀਸ਼ ਗੌਤਮ ਦੀ ਵਡਿਆਈ ਕਰਦੇ ਹੋਏ ਕਿਹਾ ਕਿ ਪ੍ਰਯਾਗਰਾਜ ਦੇ ਇੱਕ ਨੌਜਵਾਨ ਦੇ ਲਈ ਦੋ ਦਹਾਕੇ ਪਹਿਲਾਂ ਹਰਿਦੁਆਰ ਆ ਕੇ ਸਮਾਜ ਦੀਆਂ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਇਸ ਸੰਸਥਾ ਦੀ ਸਥਾਪਨਾ ਕਰਨਾ ਆਸਾਨ ਨਹੀਂ ਸੀ, ਪਰ ਆਪਣੇ ਦ੍ਰਿੜ੍ਹ ਨਿਸ਼ਚੇ ਅਤੇ ਲਗਨ ਨਾਲ ਉਨ੍ਹਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਦਿੱਵਯ ਪ੍ਰੇਮ ਸੇਵਾ ਮਿਸ਼ਨ ਕਈ ਮਿਸਾਲੀ ਅਤੇ ਪ੍ਰਸ਼ੰਸਾਯੋਗ ਗਤੀਵਿਧੀਆਂ ਕਰ ਰਿਹਾ ਹੈ ਜਿਵੇਂ ਕੋੜ੍ਹ ਰੋਗੀਆਂ ਦੇ ਇਲਾਜ ਦੇ ਲਈ ਕਲੀਨਿਕ, ਸਮਾਜਿਕ ਰੂਪ ਤੋਂ ਹਾਸ਼ੀਏ ’ਤੇ ਪਏ ਕੋੜ੍ਹ ਰੋਗੀਆਂ ਦੇ ਬੱਚਿਆਂ ਦੇ ਲਈ ਸਕੂਲ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਦੇ ਲਈ ਹੋਸਟਲ ਅਤੇ ਉੱਥੇ ਰਹਿ ਰਹੇ ਬੱਚਿਆਂ ਦੇ ਸਮੁੱਚੇ ਵਿਕਾਸ ਦੇ ਲਈ ਕੌਸ਼ਲ ਵਿਕਾਸ ਕੇਂਦਰ। ਉਨ੍ਹਾਂ ਨੇ ਮਿਸ਼ਨ ਦੇ ਸੰਸਥਾਪਕਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਇਸ ਤਰ੍ਹਾਂ ਦੀ ਅਦੁੱਤੀ ਸੇਵਾ ਅਤੇ ਸਮਰਪਣ ਦੇ ਲਈ ਵਧਾਈ ਦਿੱਤੀ।

ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਜ਼ਾਦੀ ਤੋਂ ਬਾਅਦ ਛੂਆ-ਛਾਤ ਨੂੰ ਸਮਾਪਤ ਕਰ ਦਿੱਤਾ ਗਿਆ ਅਤੇ ਸੰਵਿਧਾਨ ਦੇ ਤਹਿਤ ਸਜ਼ਾਯੋਗ ਅਪਰਾਧ ਬਣਾ ਦਿੱਤਾ ਗਿਆ। ਸੰਵਿਧਾਨ ਦੇ ਆਰਟੀਕਲ 17 ਦੁਆਰਾ ਜਾਤੀ ਅਤੇ ਧਰਮ ’ਤੇ ਅਧਾਰਿਤ ਛੂਆ-ਛਾਤ ਨੂੰ ਸਮਾਪਤ ਕਰ ਦਿੱਤਾ ਗਿਆ ਸੀ। ਪਰ ਕੋੜ੍ਹ ਰੋਗ ਦੇ ਪੀੜਿਤ ਲੋਕਾਂ ਦੇ ਪ੍ਰਤੀ ਸਦੀਆਂ ਪੁਰਾਣਾ ਛੂਆ-ਛਾਤ ਅੱਜ ਵੀ ਪੂਰੀ ਤਰ੍ਹਾਂ ਨਾਲ ਸਮਾਪਤ ਨਹੀਂ ਹੋਇਆ ਹੈ। ਇਹ ਬਦਕਿਸਮਤੀ ਹੈ ਕਿ ਇਸ ਬਿਮਾਰੀ ਨੂੰ ਲੈ ਕੇ ਸਮਾਜ ਵਿੱਚ ਹਾਲੇ ਵੀ ਕਈ ਭਰਮ ਅਤੇ ਕਲੰਕ ਮੌਜੂਦ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਕੋੜ੍ਹ ਰੋਗ ਤੋਂ ਪੀੜਿਤ ਵਿਅਕਤੀ ਨੂੰ ਕਿਸੇ ਹੋਰ ਰੋਗ ਤੋਂ ਪੀੜਿਤ ਵਿਅਕਤੀ ਦੀ ਤਰ੍ਹਾਂ ਪਰਿਵਾਰ ਅਤੇ ਸਮਾਜ ਤੋਂ ਅਨਿੱਖੜਵੇਂ ਅੰਗ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਕਰਕੇ ਹੀ ਅਸੀਂ ਆਪਣੇ ਸਮਾਜ ਅਤੇ ਦੇਸ਼ ਨੂੰ ਇਕ ਸੰਵੇਦਨਸ਼ੀਲ ਸਮਾਜ ਅਤੇ ਦੇਸ਼ ਕਹਿ ਸਕਦੇ ਹਾਂ।

ਰਾਸ਼ਟਰਪਤੀ ਨੇ ਕਿਹਾ ਕਿ ਕੋੜ੍ਹ ਪੀੜਿਤ ਲੋਕਾਂ ਦਾ ਮਨੋਵਿਗਿਆਨਕ ਪੁਨਰਵਾਸ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਉਨ੍ਹਾਂ ਦਾ ਸਰੀਰਕ ਇਲਾਜ। ਸੰਸਦ ਨੇ ਦਿੱਵਯਾਂਗਜਨ ਅਧਿਕਾਰ ਐਕਟ – 2016 ਪਾਸ ਕੀਤਾ ਹੈ ਜਿਸਦੇ ਤਹਿਤ ਭਾਰਤੀ ਕੋੜ੍ਹ ਰੋਗ ਐਕਟ 1898 ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਕੋੜ੍ਹ ਤੋਂ ਪੀੜਿਤ ਲੋਕਾਂ ਦੇ ਖ਼ਿਲਾਫ਼ ਭੇਦ-ਭਾਵ ਨੂੰ ਕਾਨੂੰਨੀ ਰੂਪ ਨਾਲ ਸਮਾਪਤ ਕਰ ਦਿੱਤਾ ਗਿਆ ਹੈ। ਕੋੜ੍ਹ ਰੋਗ ਤੋਂ ਠੀਕ ਹੋਏ ਵਿਅਕਤੀਆਂ ਨੂੰ ਵੀ ਐਕਟ ਦੇ ਲਾਭਾਰਥੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਮਹਾਤਮਾ ਗਾਂਧੀ ਆਪਣੇ ਜੀਵਨ ਵਿੱਚ ਮਨੁੱਖਤਾ ਦੀ ਸੇਵਾ ਦੇ ਲਈ ਸਮਰਪਿਤ ਸੀ ਅਤੇ ਕੋੜ੍ਹ ਰੋਗੀਆਂ ਦਾ ਇਲਾਜ ਅਤੇ ਦੇਖਭਾਲ਼ ਕਰਦੇ ਸੀ। ਗਾਂਧੀ ਜੀ ਦੇ ਅਨੁਸਾਰ, ਖ਼ੁਦ ਨੂੰ ਜਾਨਣ ਦਾ ਸਭ ਤੋਂ ਚੰਗਾ ਤਰੀਕਾ ਮਨੁੱਖ ਜਾਤੀ ਦੀ ਸੇਵਾ ਵਿੱਚ ਖ਼ੁਦ ਨੂੰ ਸਮਰਪਿਤ ਕਰਨਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਕੋੜ੍ਹ ਵੀ ਹੈਜ਼ੇ ਅਤੇ ਪਲੇਗ ਜਿਹਾ ਰੋਗ ਹੈ ਜਿਸਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਲਈ ਜੋ ਇਸ ਦੇ ਰੋਗੀਆਂ ਨੂੰ ਹੀਣ ਸਮਝਦੇ ਹਨ ਉਹ ਹੀ ਅਸਲੀ ਰੋਗੀ ਹਨ। ਗਾਂਧੀ ਜੀ ਦਾ ਸੰਦੇਸ਼ ਅੱਜ ਵੀ ਪ੍ਰਾਸੰਗਿਕ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨ ਲੋਕਾਂ ਵਿੱਚ ਕੋੜ੍ਹ ਰੋਗ ਨਾਲ ਸਬੰਧਿਤ ਭਰਮਾਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ। ਉਹ ਐੱਨਐੱਸਐੱਸ ਜਿਹੇ ਸੰਗਠਨਾਂ ਦੇ ਮਾਧਿਅਮ ਨਾਲ ਇਸ ਰੋਗ ਦੇ ਇਲਾਜ ਦੇ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾ ਸਕਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਕੋੜ੍ਹ ਪੀੜਿਤ ਲੋਕਾਂ ਦੀ ਸੇਵਾ ਕਰਨ ਦੀਆਂ ਬੇਮਿਸਾਲ ਉਦਾਹਰਣਾਂ ਤੋਂ ਪ੍ਰੇਰਨਾ ਲੈਂਦੇ ਹੋਏ ਅਤੇ ਕੋੜ੍ਹ ਰੋਗ ਨਾਲ ਜੁੜੇ ਸਮਾਜਿਕ ਕਲੰਕ ਦੇ ਖ਼ਾਤਮੇ ਵਿੱਚ ਆਪਣਾ ਸਰਗਰਮ ਯੋਗਦਾਨ ਦੇਣ ਦੀ ਵੀ ਬੇਨਤੀ ਕੀਤੀ।

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

 

*********

ਡੀਐੱਸ/ ਏਕੇ


(Release ID: 1810300) Visitor Counter : 154


Read this release in: English , Urdu , Hindi , Tamil