ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਨੂੰ ਕਿਹਾ: 'ਰਵਾਇਤੀ ਗਿਆਨ ਪ੍ਰਣਾਲੀਆਂ ਵਿੱਚ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰੋ'
'ਬਜ਼ਾਰ ਦੀਆਂ ਬਦਲਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੋਰਸ ਗਤੀਸ਼ੀਲ ਅਤੇ ਲਚਕੀਲੇ ਹੋਣੇ ਚਾਹੀਦੇ ਹਨ'
ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਨੂੰ ਸਥਾਨਕ ਸਬੰਧ ਵਿਕਸਿਤ ਕਰਨ, ਖੇਤਰ ਵਿਸ਼ੇਸ਼ ਸਮੱਸਿਆਵਾਂ ਦੇ ਸਮਾਧਾਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਸਿੱਕਿਮ ਦਾ ਦੌਰਾ ਕੀਤਾ, ਖਾਂਗਚੇਂਦਜ਼ੋਂਗਾ (Khangchendzonga) ਸਟੇਟ ਯੂਨੀਵਰਸਿਟੀ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ'
‘ਉੱਤਰ ਪੂਰਬੀ ਰਾਜ ਸਾਡੀ ਵਿਕਾਸ ਕਹਾਣੀ ਵਿੱਚ ਪ੍ਰਮੁੱਖ ਪਾਰਟਨਰ ਹਨ'
ਜੈਵਿਕ ਖੇਤੀ, ਐੱਨਈਪੀ ਨੂੰ ਲਾਗੂ ਕਰਨ ਵਿੱਚ ਸਿੱਕਿਮ ਦੀ ਪਹਿਲ ਦੀ ਸ਼ਲਾਘਾ ਕੀਤੀ
Posted On:
11 MAR 2022 3:25PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਯੂਨੀਵਰਸਿਟੀਆਂ ਨੂੰ ਜੈਵਿਕ ਖੇਤੀ ਅਤੇ ਚਿਕਿਤਸਾ ਪ੍ਰਣਾਲੀਆਂ ਜਿਹੀਆਂ ਰਵਾਇਤੀ ਗਿਆਨ ਪ੍ਰਣਾਲੀਆਂ ਵਿੱਚ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਯੋਜਨਾਬੱਧ ਤਰੀਕੇ ਨਾਲ ‘ਸਾਡੀ ਬੌਧਿਕ ਪੂੰਜੀ ਨੂੰ ਮੁੜ ਖੋਜਣ’ ਦਾ ਸੱਦਾ ਦਿੱਤਾ।
ਸ਼੍ਰੀ ਨਾਇਡੂ ਨੇ ਸਿੱਕਿਮ, ਜੋ ਕਿ ਜੈਵਿਕ ਖੇਤੀ ਵਿੱਚ ਮੋਹਰੀ ਹੈ, ਨੇ ਆਪਣੇ ਸਾਰੇ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇਸ ਵਿਸ਼ੇ 'ਤੇ ਕਿੱਤਾਮੁਖੀ (ਵੋਕੇਸ਼ਨਲ) ਟ੍ਰੇਨਿੰਗ ਸ਼ੁਰੂ ਕਰਨ ਦੇ ਨਾਲ-ਨਾਲ ਟਿਕਾਊ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਵਾਲੀਆਂ ਨਵੀਆਂ ਪ੍ਰਾਇਮਰੀ ਪਾਠ-ਪੁਸਤਕਾਂ ਪੇਸ਼ ਕਰਨ ਲਈ ਸ਼ਲਾਘਾ ਕੀਤੀ।
ਉਪ ਰਾਸ਼ਟਰਪਤੀ ਸਿੱਕਿਮ ਵਿੱਚ ਖਾਂਗਚੇਂਦਜ਼ੋਂਗਾ ਸਟੇਟ ਯੂਨੀਵਰਸਿਟੀ ਦਾ ਵਰਚੁਅਲੀ ਨੀਂਹ ਪੱਥਰ ਰੱਖ ਰਹੇ ਸਨ। ਸ਼੍ਰੀ ਨਾਇਡੂ, ਜੋ ਕਿ ਮਿਜ਼ੋਰਮ ਅਤੇ ਸਿੱਕਿਮ ਦੇ ਚਾਰ ਦਿਨਾਂ ਦੌਰੇ 'ਤੇ ਹਨ, ਅੱਜ ਗੰਗਟੌਕ ਪਹੁੰਚੇ।
ਸਰਬਪੱਖੀ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਯੂਨੀਵਰਸਿਟੀਆਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ “ਗੁਣਵੱਤਾਪੂਰਨ ਉੱਚ ਸਿੱਖਿਆ ਦੇ ਨਾਲ, ਸਿੱਕਿਮ ਸਿੱਖਿਆ ਨੂੰ ਟਿਕਾਊ ਵਿਕਾਸ ਲਈ ਇੱਕ ਮਹੱਤਵਪੂਰਨ ਉਤਪ੍ਰੇਰਕ ਬਣਾਉਣ ਵਿੱਚ ਇੱਕ ‘ਪੇਸ ਸੈਂਟਰ’ ਹੋ ਸਕਦਾ ਹੈ।”
ਸ਼੍ਰੀ ਨਾਇਡੂ ਨੇ ਕਿਹਾ ਕਿ ਖੇਤਰ ਦੀਆਂ ਯੂਨੀਵਰਸਿਟੀਆਂ ਨੂੰ ਉਦਯੋਗਾਂ ਅਤੇ ਸਥਾਨਕ ਸੰਸਥਾਵਾਂ ਨਾਲ ਸਬੰਧ ਵਿਕਸਿਤ ਕਰਨੇ ਚਾਹੀਦੇ ਹਨ ਤਾਂ ਜੋ ਖੇਤਰ ਦੀਆਂ ਖ਼ਾਸ ਸਮੱਸਿਆਵਾਂ ਦੇ ਇਨੋਵੇਟਿਵ ਸਮਾਧਾਨ ਤਿਆਰ ਕੀਤੇ ਜਾ ਸਕਣ। ਉਨ੍ਹਾਂ ਕਿਹਾ "ਦੂਸਰੇ ਸ਼ਬਦਾਂ ਵਿੱਚ, ਆਲਮੀ ਪੱਧਰ 'ਤੇ ਸੋਚੋ ਪਰ ਸਥਾਨਕ ਤੌਰ 'ਤੇ ਕੰਮ ਕਰੋ", ਅਤੇ ਵਿਦਿਆਰਥੀਆਂ ਨੂੰ ਈਕੋ-ਟੂਰਿਜ਼ਮ, ਬਾਗਬਾਨੀ ਅਤੇ ਦਸਤਕਾਰੀ ਵਿੱਚ ਖੇਤਰ ਦੀਆਂ ਕੁਦਰਤੀ ਸ਼ਕਤੀਆਂ ਦਾ ਫਾਇਦਾ ਉਠਾਉਣ ਅਤੇ ਉੱਤਮਤਾ ਲਈ ਪ੍ਰਯਤਨ ਕਰਨ ਦੀ ਤਾਕੀਦ ਕੀਤੀ।
ਭਾਰਤ ਵਿੱਚ ਸਿੱਖਿਆ ਖੇਤਰ 'ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਨੋਟ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਸਿੱਖਿਆ ਸਥਿਰ ਨਹੀਂ ਰਹਿ ਸਕਦੀ ਅਤੇ ਇਸ ਲਈ ਇਸ ਨੂੰ ਇਨੋਵੇਸ਼ਨ ਅਤੇ ਬਦਲਦੀਆਂ ਬਜ਼ਾਰ ਦੀਆਂ ਮੰਗਾਂ ਦੇ ਅਨੁਕੂਲ ਹੋਣ ਦਾ ਸੱਦਾ ਦਿੱਤਾ।
ਇਹ ਦੇਖਦੇ ਹੋਏ ਕਿ ਸਿੱਖਿਆ ਦਾ ਡਿਜੀਟਲ ਹਿੱਸਾ ਇੱਕ ਸਥਾਈ ਫੀਚਰ ਹੋਵੇਗਾ, ਸ਼੍ਰੀ ਨਾਇਡੂ ਨੇ ਗ੍ਰਾਮੀਣ ਵਿਦਿਆਰਥੀਆਂ ਲਈ ਸਿੱਖਣ ਦੇ ਮੌਕਿਆਂ ਨੂੰ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਟੈਕਨੋਲੋਜੀ ਦਾ ਲੋਕਤੰਤਰੀਕਰਣ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਥਾਨਕ ਅਤੇ ਖੇਤਰੀ ਭਾਸ਼ਾਵਾਂ ਵਿੱਚ ਕੁਆਲਿਟੀ ਡਿਜੀਟਲ ਸਮੱਗਰੀ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਵੀ ਕਿਹਾ।
ਇਹ ਦੇਖਦੇ ਹੋਏ ਕਿ ਮਹਾਮਾਰੀ ਨੇ ਸਰੀਰਕ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ, ਸ਼੍ਰੀ ਨਾਇਡੂ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਨਿਯਮਿਤ ਸਰੀਰਕ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰਕਿਰਤੀ ਦੀ ਗੋਦ ਵਿੱਚ ਸਮਾਂ ਬਿਤਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਉਪ ਰਾਸ਼ਟਰਪਤੀ ਨੇ ਇਹ ਵੀ ਸੁਝਾਅ ਦਿੱਤਾ ਕਿ 'ਅਕਾਦਮਿਕ ਪਾਠਕ੍ਰਮ ਨੂੰ ਲਗਾਤਾਰ ਅੱਪਡੇਟ ਅਤੇ ਅੱਪਗ੍ਰੇਡ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਨਵੀਆਂ ਚੁਣੌਤੀਆਂ ਅਤੇ ਬਦਲਦੀਆਂ ਮਾਰਕੀਟ ਮੰਗਾਂ ਦਾ ਸਾਹਮਣਾ ਕਰਨ ਲਈ ਕੌਸ਼ਲ ਸੰਪੰਨ ਹੋਣਾ ਚਾਹੀਦਾ ਹੈ।’ ਕੋਰਸਾਂ ਵਿੱਚ ਲਚੀਲੇਪਣ ਅਤੇ ਗਤੀਸ਼ੀਲਤਾ ਦਾ ਸੱਦਾ ਦਿੰਦੇ ਹੋਏ, ਉਨ੍ਹਾਂ ਜ਼ੋਰ ਦਿੱਤਾ 'ਇਨੋਵੇਸ਼ਨ, ਖ਼ਾਸ ਤੌਰ 'ਤੇ ਉੱਚ ਸਿੱਖਿਆ ਲਈ, ਅੱਗੇ ਵਧਣ ਦਾ ‘ਮੁੱਖ ਨਾਅਰਾ’ ਹੋਣਾ ਚਾਹੀਦਾ ਹੈ।’
ਉੱਚ ਸਿੱਖਿਆ ਵਿੱਚ ਸਿੱਕਿਮ ਦੇ ਪ੍ਰਯਤਨਾਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਨੋਟ ਕੀਤਾ ਕਿ ਰਾਜ ਵਿੱਚ ਉੱਚ ਸਿੱਖਿਆ ਵਿੱਚ ਸਭ ਤੋਂ ਵੱਧ ਕੁੱਲ ਦਾਖਲਾ ਅਨੁਪਾਤ (ਜੀਈਆਰ) 75.8% ਹੈ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ), 2020 ਨੂੰ ਸੰਜੀਦਗੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਿੱਕਿਮ ਸਿੱਖਿਆ ਸੁਧਾਰ ਕਮਿਸ਼ਨ (ਐੱਸਈਆਰਸੀ) ਦੀ ਸਥਾਪਨਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ “ਮੈਂ ਉੱਤਰ ਪੂਰਬ ਵਿੱਚ ਸਿੱਕਿਮ ਨੂੰ ਵਿੱਦਿਅਕ ਹੱਬ ਵਜੋਂ ਰੂਪ ਦੇਣ ਵਿੱਚ ਸਰਗਰਮ ਭੂਮਿਕਾ ਲਈ ਸੂਬਾ ਸਰਕਾਰ ਦੀ ਸ਼ਲਾਘਾ ਕਰਦਾ ਹਾਂ।”
ਬਾਅਦ ਵਿੱਚ, ਉਪ ਰਾਸ਼ਟਰਪਤੀ ਨੇ ਸਿੱਕਿਮ ਦੇ ਵਿਦਿਆਰਥੀਆਂ ਦੇ ਇੱਕ ਸਮੂਹ ਨਾਲ ਸੰਖੇਪ ਗੱਲਬਾਤ ਕੀਤੀ ਜਿਨ੍ਹਾਂ ਨੂੰ ਹਾਲ ਹੀ ਵਿੱਚ ਯੂਕਰੇਨ ਤੋਂ ਵਾਪਸ ਲਿਆਂਦਾ ਗਿਆ ਸੀ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਸਰਗਰਮ ਤਾਲਮੇਲ ਨਾਲ ਸੰਘਰਸ਼ ਖੇਤਰ ਵਿੱਚ ਫਸੇ ਵਿਦਿਆਰਥੀ ਸੁਰੱਖਿਅਤ ਢੰਗ ਨਾਲ ਸਿੱਕਿਮ ਪਹੁੰਚ ਸਕੇ ਹਨ।
ਬਾਅਦ ਵਿੱਚ, ਸ਼੍ਰੀ ਨਾਇਡੂ ਨੇ ਵਿਭਿੰਨ ਅਧਿਕਾਰੀਆਂ ਅਤੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਸਿੱਕਿਮ ਦੇ ਰਾਜ ਭਵਨ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ। ਸ਼੍ਰੀ ਨਾਇਡੂ ਨੇ ਸਿੱਕਿਮ ਦੇ ਰਾਜਪਾਲ ਦੁਆਰਾ ਆਯੋਜਿਤ ਇੱਕ ਸੱਭਿਆਚਾਰਕ ਸਮਾਗਮ ਵਿੱਚ ਸਿੱਕਿਮ ਦੇ ਲੋਕ ਗੀਤਾਂ ਅਤੇ ਨਾਚਾਂ ਦਾ ਪ੍ਰਦਰਸ਼ਨ ਵੀ ਦੇਖਿਆ।
ਸਿੱਕਿਮ ਦੇ ਰਾਜਪਾਲ ਸ਼੍ਰੀ ਗੰਗਾ ਪ੍ਰਸਾਦ, ਸਿੱਕਿਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ, ਸਿੱਕਿਮ ਸਰਕਾਰ ਵਿੱਚ ਮੰਤਰੀ, ਸ਼੍ਰੀ ਕੇ ਐੱਨ ਲੇਪਚਾ, ਸਿੱਕਿਮ ਸਰਕਾਰ ਵਿੱਚ ਮੰਤਰੀ, ਸ਼੍ਰੀ ਬੀ ਐੱਸ ਪੰਥ, ਪਬਲਿਕ ਨੁਮਾਇੰਦਿਆਂ, ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਹੋਰ ਪਤਵੰਤਿਆਂ ਨੇ ਕੇ ਐੱਸ ਯੂਨੀਵਰਸਿਟੀ (ਕੇਐੱਸਯੂ) ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਭਾਸ਼ਣ ਦਾ ਮੂਲ-ਪਾਠ ਨਿਮਨਲਿਖਿਤ ਹੈ
***********
ਐੱਮਐੱਸ/ਆਰਕੇ
(Release ID: 1805179)
Visitor Counter : 150