ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਤੇਜ਼ਪੁਰ ਯੂਨੀਵਰਸਿਟੀ ਦੇ ਭਾਈਚਾਰੇ ਨੂੰ ਸਥਾਨਕ ਤੇ ਰਾਸ਼ਟਰੀ ਸਮੱਸਿਆਵਾਂ ਦੇ ਨਵੇਂ ਸਮਾਧਾਨ ਮੁਹੱਈਆ ਕਰਵਾਉਣੇ ਚਾਹੀਦੇ ਹਨ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਤੇਜ਼ਪੁਰ ਯੂਨੀਵਰਸਿਟੀ ਦੇ 19ਵੇਂ ਡਿਗਰੀ–ਵੰਡ ਸਮਾਰੋਹ ਦੀ ਸ਼ੋਭਾ ਵਧਾਈ

Posted On: 26 FEB 2022 12:41PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਤੇਜ਼ਪੁਰ ਯੂਨੀਵਰਸਿਟੀ ਦੇ ਭਾਈਚਾਰੇ ਨੂੰ ਸਥਾਨਕ ਤੇ ਰਾਸ਼ਟਰੀ ਸਮੱਸਿਆਵਾਂ ਦੇ ਨਵੀਂ ਕਿਸਮ ਦੇ ਸਮਾਧਾਨ ਮੁਹੱਈਆ ਕਰਵਾਉਣੇ ਚਾਹੀਦੇ ਹਨ। ਉਹ ਅੱਜ (26 ਫ਼ਰਵਰੀ, 2022) ਨੂੰ ਤੇਜ਼ਪੁਰ, ਆਸਾਮ ’ਚ ਤੇਜ਼ਪੁਰ ਯੂਨੀਵਰਸਿਟੀ ਦੇ 19ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਤੇਜ਼ਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਅਧਿਆਪਕ–ਵਰਗ ਨੂੰ ਨਵੀਨਤਾ ਦਾ ਪ੍ਰਮੁੱਖ ਕੇਂਦਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਭਾਈਚਾਰੇ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਤੇ ਸਥਾਨਕ ਅਤੇ ਰਾਸ਼ਟਰੀ ਸਮੱਸਿਆਵਾਂ ਦੇ ਸਮਾਧਾਨ ਲੱਭਣ ਲਈ ਸਥਾਨਕ ਸਰੋਤਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਹ ਅਸਾਮ ਦੇ ਕਈ ਪਿੰਡਾਂ ਤੱਕ ਪੀਣ ਵਾਲਾ ਸੁਰੱਖਿਅਤ ਪਾਣੀ ਪਹੁੰਚਾਉਣ ਲਈ ਤੇਜ਼ਪੁਰ ਯੂਨੀਵਰਸਿਟੀ ਦੁਆਰਾ ਪ੍ਰਦਾਨ ਕੀਤੇ ਗਏ ਨਵੀਨ ਕਿਸਮ ਦੇ ਹੱਲਾਂ ਬਾਰੇ ਜਾਣ ਕੇ ਖੁਸ਼ ਹੋਏ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਪਿੰਡਾਂ ਨਾਲ ਸਬੰਧਾਂ ਦਾ ਘੇਰਾ ਹੋਰ ਵਧਾਇਆ ਜਾਣਾ ਚਾਹੀਦਾ ਹੈ। ਇਹ ਯੂਨੀਵਰਸਿਟੀਆਂ ਦੀ ਸਮਾਜਿਕ ਜ਼ਿੰਮੇਵਾਰੀ ਅਧੀਨ ਉਨ੍ਹਾਂ ਦੇ ਸਮੁੱਚੇ ਵਿਕਾਸ ਵਿੱਚ ਮਦਦ ਕਰਨ ਲਈ ਕੁਝ ਪਿੰਡਾਂ ਨੂੰ ਗੋਦ ਲੈ (ਅਪਣਾ) ਸਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅਸਾਮ ਨੂੰ ਅਸਾਧਾਰਨ ਸੁੰਦਰਤਾ ਅਤੇ ਅਮੀਰ ਜੈਵਿਕ-ਵਿਵਿਧਤਾ ਕੁਦਰਤ ਦਾ ਤੋਹਫ਼ਾ ਹੈ। ਇਸ ਨੂੰ ਸੰਭਾਲ਼ਿਆ ਜਾਣਾ ਚਾਹੀਦਾ ਹੈ। ਆਸਾਮ ਦੇ ਹਰ ਵਸਨੀਕ, ਖਾਸ ਕਰਕੇ ਨੌਜਵਾਨਾਂ ਨੂੰ ਸੰਭਾਲ਼ ਅਤੇ ਟਿਕਾਊ ਵਿਕਾਸ ਦੇ ਮੋਰਚਿਆਂ 'ਤੇ ਬਹੁਤ ਸਰਗਰਮ ਹੋਣਾ ਚਾਹੀਦਾ ਹੈ। ਉਹ ਤੇਜ਼ਪੁਰ ਯੂਨੀਵਰਸਿਟੀ ਦੀਆਂ ਖਾਸ ਕਰਕੇ ਪਿੰਡਾਂ ਵਿੱਚ ਅਖੁੱਟ ਊਰਜਾ ਦੀਆਂ ਪਹਿਲਾਂ ਬਾਰੇ ਜਾਣ ਕੇ ਖੁਸ਼ ਸਨ। ਉਨ੍ਹਾਂ ਕਿਹਾ ਕਿ ਧਰਤੀ ਨੂੰ ਹਰਿਆ-ਭਰਿਆ ਰੱਖਣ ਲਈ ਨੌਜਵਾਨ ਆਬਾਦੀ ਦਾ ਵੱਡਾ ਯੋਗਦਾਨ ਹੈ ਅਤੇ ਉਨ੍ਹਾਂ ਨੂੰ ਆਪਣੇ ਕਾਰਜਾਂ ਰਾਹੀਂ ਵੱਧ ਤੋਂ ਵੱਧ ਜਾਗਰੂਕਤਾ ਦਾ ਪ੍ਰਦਰਸ਼ਨ ਕਰਨਾ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਅਸਾਮ ਨੇ ਜੈਵ-ਵਿਵਿਧਤਾ ਦੀ ਸੰਭਾਲ਼ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਕਾਜ਼ੀਰੰਗਾ ਨੈਸ਼ਨਲ ਪਾਰਕ ਅਤੇ ਟਾਈਗਰ ਰਿਜ਼ਰਵ (ਚੀਤਾ ਰੱਖ), ਤੇ ਹਾਥੀ ਰਿਜ਼ਰਵ ਵੀ ਸੰਭਾਲ਼ ਦੀਆਂ ਪ੍ਰਭਾਵਸ਼ਾਲੀ ਉਦਾਹਰਣਾਂ ਹਨ। ਉਨ੍ਹਾਂ ਕਿਹਾ ਕਿ ਸਾਂਭ–ਸੰਭਾਲ਼ ਹਰ ਨਾਗਰਿਕ ਖਾਸ ਕਰਕੇ ਵਿਦਿਆਰਥੀ ਵਰਗ ਲਈ ਨਾਅਰੇ ਵਾਲਾ ਸ਼ਬਦ ਹੋਣਾ ਚਾਹੀਦਾ ਹੈ।

ਇਹ ਨੋਟ ਕਰਦਿਆਂ ਕਿ ਉੱਤਰ-ਪੂਰਬੀ ਰਾਜ ਜੈਵਿਕ ਖੇਤੀ ਨੂੰ ਉੱਚ ਤਰਜੀਹ ਦਿੰਦੇ ਹਨ, ਰਾਸ਼ਟਰਪਤੀ ਨੇ ਕਿਹਾ ਕਿ ਤੇਜ਼ਪੁਰ ਯੂਨੀਵਰਸਿਟੀ ਇਸ ਖੇਤਰ ਦੇ ਖੇਤੀਬਾੜੀ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਮਾਰਕਿਟਿੰਗ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਨੂੰ ਇਹ ਗੱਲ ਨੋਟ ਕਰ ਕੇ ਖੁਸ਼ੀ ਹੋਈ ਕਿ ਯੂਨੀਵਰਸਿਟੀ ਨੂੰ ‘ਪ੍ਰਧਾਨ ਮੰਤਰੀ-ਮਾਈਕ੍ਰੋ ਫੂਡ ਪ੍ਰੋਸੈੱਸਿੰਗ ਐਂਟਰਪ੍ਰਾਈਜ਼ਜ਼ ਸਕੀਮ ਦੇ ਰਸਮੀਕਰਨ’ ਤਹਿਤ ਜੈਕਫਰੂਟ ਅਤੇ ਅਨਾਜ-ਅਧਾਰਿਤ ਉਤਪਾਦਾਂ ਨੂੰ ਖਾਣ ਲਈ ਤਿਆਰ ਕਰਨ ਵਾਸਤੇ ਇੱਕ ਇਨਕਿਊਬੇਸ਼ਨ ਸੈਂਟਰ ਸਥਾਪਿਤ ਕਰਨ ਦੀ ਪ੍ਰਵਾਨਗੀ ਮਿਲੀ ਹੈ। ਅਤੇ ਫੂਡ ਇੰਜਨੀਅਰਿੰਗ ਤੇ ਟੈਕਨੋਲੋਜੀ ਵਿਭਾਗ ਨੂੰ ਸਕੀਮ ਨੂੰ ਲਾਗੂ ਕਰਨ ਲਈ ਰਾਜ ਪੱਧਰੀ ਤਕਨੀਕੀ ਸੰਸਥਾਨ ਵਜੋਂ ਮਾਨਤਾ ਦਿੱਤੀ ਗਈ ਹੈ। ਅਸਾਮ ਦੇ ਵਿਲੱਖਣ ਜੌਹਾ ਚੌਲਾਂ ਦਾ ਜ਼ਿਕਰ ਕਰਦਿਆਂ, ਜੋ ਕਿ ਆਪਣੇ ਸ਼ਾਨਦਾਰ ਸਵਾਦ ਅਤੇ ਖੁਸ਼ਬੂ ਲਈ ਜਾਣੇ ਜਾਂਦੇ ਹਨ, ਉਨ੍ਹਾਂ ਕਿਹਾ ਕਿ ਅਸਾਮ ਦੀਆਂ ਯੂਨੀਵਰਸਿਟੀਆਂ ਚਾਵਲਾਂ ਦੀ ਇਸ ਵਿਲੱਖਣ ਕਿਸਮ ਦੀ ਬ੍ਰਾਂਡਿੰਗ, ਪ੍ਰਸਿੱਧੀ ਅਤੇ ਮਾਰਕਿਟਿੰਗ ਕਰਕੇ ਕਿਸਾਨਾਂ ਦੀ ਮਦਦ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਖੇਤੀ ਉਤਪਾਦ ਹਨ ਜਿਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।

ਇਸ ਤੱਥ ਵੱਲ ਇਸ਼ਾਰਾ ਕਰਦਿਆਂ ਕਿ ਕੋਵਿਡ ਮਹਾਂਮਾਰੀ ਕਾਰਨ ਅਕਾਦਮਿਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ, ਰਾਸ਼ਟਰਪਤੀ ਨੇ ਕਿਹਾ ਕਿ ਮਹਾਂਮਾਰੀ ਨੇ ਸਾਡੇ ਲੋਕਾਂ ਦੇ ਮੁਕਾਬਲਤਨ ਕਮਜ਼ੋਰ ਵਰਗਾਂ ਦੀ ਸਿੱਖਿਆ 'ਤੇ ਗੰਭੀਰ ਪ੍ਰਭਾਵ ਪਾਇਆ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਜਾਰੀ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਟੈਕਨੋਲੋਜੀ ਦੀ ਮਦਦ ਨਾਲ ਡਿਜੀਟਲ ਸਿੱਖਿਆ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਉੱਚ ਸਿੱਖਿਆ ਨੂੰ ਵਧੇਰੇ ਪਹੁੰਚਯੋਗ ਬਣਾਉਣ ਦੇ ਉਦੇਸ਼ ਨਾਲ, ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਵਿਅਕਤੀਗਤ ਸਿਖਲਾਈ ਅਨੁਭਵ ਦੇ ਨਾਲ ਵਿਸ਼ਵ ਪੱਧਰੀ ਗੁਣਵੱਤਾ ਵਾਲੀ ਸਰਬਵਿਆਪਕ ਸਿੱਖਿਆ ਲਈ ਪਹੁੰਚ ਪ੍ਰਦਾਨ ਕਰਨ ਹਿਤ ਇੱਕ ਡਿਜੀਟਲ ਯੂਨੀਵਰਸਿਟੀ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਡਿਜੀਟਲ ਯੂਨੀਵਰਸਿਟੀ ਵੱਖ-ਵੱਖ ਭਾਰਤੀ ਭਾਸ਼ਾਵਾਂ ਅਤੇ ਆਈਸੀਟੀ ਫਾਰਮੈਟਾਂ ਵਿੱਚ ਸਿੱਖਿਆ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਤੇਜ਼ਪੁਰ ਯੂਨੀਵਰਸਿਟੀ ਇਸ ਪਹਿਲਕਦਮੀ ਵਿੱਚ, ਖਾਸ ਤੌਰ 'ਤੇ ਅਸਾਮੀ ਅਤੇ ਉੱਤਰ-ਪੂਰਬ ਦੀਆਂ ਹੋਰ ਭਾਸ਼ਾਵਾਂ ਵਿੱਚ ਉੱਚ ਗੁਣਵੱਤਾ ਵਾਲੀ ਡਿਜੀਟਲ ਸਮੱਗਰੀ ਪ੍ਰਦਾਨ ਕਰ ਕੇ ਇੱਕ ਸਰਗਰਮ ਹਿੱਸੇਦਾਰ ਬਣ ਸਕਦੀ ਹੈ।

ਰਾਸ਼ਟਰਪਤੀ ਨੇ ਤੇਜ਼ਪੁਰ ਯੂਨੀਵਰਸਿਟੀ ਦੀ ਸਮੁੱਚੀ ਟੀਮ ਨੂੰ ਅਤੀਤ, ਵਰਤਮਾਨ ਅਤੇ ਭਵਿੱਖ ਦੇ ਵਿਦਿਆਰਥੀਆਂ ਨੂੰ ਏਕਤਾ ਦੀ ਭਾਵਨਾ ਨਾਲ ਬੰਨ੍ਹੇ ਰੱਖਣ ਅਤੇ ਯੂਨੀਵਰਸਿਟੀ ਦੁਆਰਾ ਨਿਰਧਾਰਤ ਟੀਚਿਆਂ ਵੱਲ ਤੇਜ਼ੀ ਨਾਲ ਅੱਗੇ ਵਧਣ ਦੀ ਅਪੀਲ ਕੀਤੀ - xopaan bogaam teebro gotire। ਉਨ੍ਹਾਂ ਕਿਹਾ ਕਿ ਖ਼ਾਹਿਸ਼ੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤੇਜ਼ੀ ਨਾਲ ਅੱਗੇ ਵਧਣ ਨਾਲ, ਯੂਨੀਵਰਸਿਟੀ ਸਾਲ 2047 ਤੱਕ ਭਾਰਤ ਦੇ ਇੱਕ ਵਧੇਰੇ ਖੁਸ਼ਹਾਲ ਅਤੇ ਮਜ਼ਬੂਤ ਰਾਸ਼ਟਰ ਵਜੋਂ ਉਭਰਨ ਵਿੱਚ ਸਾਰਥਕ ਯੋਗਦਾਨ ਪਾਉਣ ਦੇ ਯੋਗ ਹੋਵੇਗੀ, ਜਦੋਂ ਅੱਜ ਦੇ ਵਿਦਿਆਰਥੀ ਫੈਸਲੇ ਲੈਣ ਵਾਲਿਆਂ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾਉਣ ਦੀ ਅਸਲ ਭਾਵਨਾ ਸਾਡੀ ਹੁਣ ਤੱਕ ਦੀ ਸਿੱਖਿਆ ਨੂੰ ਮਜ਼ਬੂਤ ਕਰਨਾ ਅਤੇ ਉੱਚੇ ਟੀਚਿਆਂ ਲਈ ਉਦੇਸ਼ ਬਣਾਉਣਾ ਹੈ। ਉਨ੍ਹਾਂ ਨੇ ਤੇਜ਼ਪੁਰ ਯੂਨੀਵਰਸਿਟੀ ਨੂੰ ਆਉਣ ਵਾਲੇ ਸਮੇਂ ਵਿੱਚ NIRF ਰੈਂਕਿੰਗ ਵਿੱਚ ਚੋਟੀ ਦੀਆਂ 10 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –

 

***

ਡੀਐੱਸ/ਏਕੇ


(Release ID: 1801606) Visitor Counter : 138