ਉਪ ਰਾਸ਼ਟਰਪਤੀ ਸਕੱਤਰੇਤ

ਮਾਤ ਭਾਸ਼ਾਵਾਂ ਦੀ ਸੰਭਾਲ਼ ਲਈ ਮੁਹਿੰਮ ਲੋਕ ਲਹਿਰ ਬਣੇ– ਉਪ-ਰਾਸ਼ਟਰਪਤੀ


ਸਾਡੀਆਂ ਭਾਸ਼ਾਵਾਂ ਅਣਦੇਖੇ ਧਾਗੇ ਵਰਗੀਆਂ ਹਨ ਜੋ ਅਤੀਤ ਨੂੰ ਵਰਤਮਾਨ ਨਾਲ ਜੋੜਦੀਆਂ ਹਨ - ਉਪ ਰਾਸ਼ਟਰਪਤੀ

ਸ਼੍ਰੀ ਨਾਇਡੂ ਨੇ ‘ਖੇਤਰੀ ਭਾਸ਼ਾਵਾਂ’ ਦੀ ਬਜਾਏ ‘ਭਾਰਤੀ ਭਾਸ਼ਾਵਾਂ’ ਸ਼ਬਦ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ

ਉਪ ਰਾਸ਼ਟਰਪਤੀ ਨੇ ਭਾਰਤੀ ਭਾਸ਼ਾਵਾਂ ਵਿੱਚ ਤਕਨੀਕੀ ਕੋਰਸ ਪੇਸ਼ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ

Posted On: 22 FEB 2022 1:23PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਦੱਸਿਆ ਕਿ ‘ਭਾਸ਼ਾ’ਇੱਕ ਬੁਨਿਆਦੀ ਬੰਧਨ ਹੈ ਜੋ ਲੋਕਾਂ ਨੂੰ ਜੋੜਦਾ ਹੈ ਅਤੇ ਕਿਹਾ ਕਿ ਮਾਤ ਭਾਸ਼ਾਵਾਂ ਦੀ ਰੱਖਿਆ ਅਤੇ ਸੰਭਾਲ਼ ਦੀ ਮੁਹਿੰਮ ਨੂੰ ਦੇਸ਼ ਵਿੱਚ ਇੱਕ ਲੋਕ ਲਹਿਰ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ,“ਜੇ ਅਸੀਂ ਆਪਣੀ ਮਾਂ ਬੋਲੀ ਗੁਆ ਲਵਾਂਗੇ, ਤਾਂ ਅਸੀਂ ਆਪਣੀ ਪਹਿਚਾਣ ਗੁਆ ਦੇਵਾਂਗੇ।”

ਚੇਨਈ ਤੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਮੌਕੇ ’ਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੁਆਰਾ ਆਯੋਜਿਤ ਇੱਕ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਭਾਸ਼ਾਵਾਂ ਨੂੰ ਸਾਡੇ ਸਮੇਂ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਾਉਣ ਅਤੇ ਨੌਜਵਾਨ ਪੀੜ੍ਹੀਆਂ ਵਿੱਚ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਰਚਨਾਤਮਕ ਅਤੇ ਇਨੋਵੇਟਿਵ ਤਰੀਕੇ ਲੱਭਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਚਾਰ ਦਿੱਤਾ “ਬੱਚਿਆਂ ਨੂੰ ਖੇਡਾਂ ਅਤੇ ਗਤੀਵਿਧੀਆਂ ਰਾਹੀਂ ਭਾਸ਼ਾ ਦੀਆਂ ਬਰੀਕੀਆਂ ਸਿੱਖਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ” ਅਤੇ ਭਾਰਤੀ ਭਾਸ਼ਾਵਾਂ ਵਿੱਚ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਵਿੱਚ ਸੁਧਾਰ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।

ਭਾਸ਼ਾਵਾਂ ਨੂੰ ਸਾਡੀ ਸੱਭਿਆਚਾਰਕ ਵਿਰਾਸਤ ਦੇ ਵਾਹਕ ਦੱਸਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਭਾਸ਼ਾ ਇੱਕ ਮਹੱਤਵਪੂਰਨ ਅਤੇ ਅਣਦੇਖਿਆ ਧਾਗਾ ਹੈ ਜੋ ਅਤੀਤ ਨੂੰ ਵਰਤਮਾਨ ਨਾਲ ਜੋੜਦਾ ਹੈ। ਉਨ੍ਹਾਂ ਨੇ ਕਿਹਾ, “ਸਾਡੀਆਂ ਭਾਸ਼ਾਵਾਂ ਸਾਡੇ ਹਜ਼ਾਰਾਂ ਸਾਲਾਂ ਦੇ ਕਮਾਏ ਹੋਏ ਸਾਂਝੇ ਗਿਆਨ ਅਤੇ ਵਿੱਦਿਆ ਦਾ ਖ਼ਜ਼ਾਨਾ ਹਨ

ਭਾਰਤ ਵਿੱਚ ਸੈਂਕੜੇ ਸਾਲਾਂ ਤੋਂ ਇੱਕ-ਦੂਸਰੇ ਦੇ ਨਾਲ-ਨਾਲ ਰਹੀਆਂ ਵਿਭਿੰਨ ਭਾਸ਼ਾਵਾਂ ਨੂੰ ਦੇਖਦੇ ਹੋਏ, ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ‘ਖੇਤਰੀ ਭਾਸ਼ਾਵਾਂ’ਦੀ ਬਜਾਏ ‘ਭਾਰਤੀ ਭਾਸ਼ਾਵਾਂ’ਵਜੋਂ ਬੁਲਾਉਣ ਦਾ ਸੁਝਾਅ ਦਿੱਤਾ ਜੋ ਉਨ੍ਹਾਂ ਦੇ ਬਰਾਬਰ ਦਰਜੇ ਅਤੇ ਵੱਖਰੀ ਪਹਿਚਾਣ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ, “ਇਹ ‘ਭਾਰਤੀ ਭਾਸ਼ਾਵਾਂ’ ਸਾਡੀ ਲੰਬੇ ਚਿਠਾ ਤੋਂ ਸਤਿਕਾਰੀ–ਅਨੇਕਤਾ ਵਿੱਚ ਏਕਤਾ ਦਾ ਸਾਰਾਂਸ਼ ਹਨ।”

ਇਹ ਜ਼ਿਕਰ ਕਰਦੇ ਹੋਏ ਕਿ ਭਾਰਤ ਸੈਂਕੜੇ ਭਾਸ਼ਾਵਾਂ ਅਤੇ ਹਜ਼ਾਰਾਂ ਉਪ-ਭਾਸ਼ਾਵਾਂ ਦਾ ਘਰ ਹੈ, ਉਪ ਰਾਸ਼ਟਰਪਤੀ ਨੇ ਇਸ ਭਾਸ਼ਾਈ ਅਮੀਰੀ ਨੂੰ ਸਾਡੀ ਰਚਨਾਤਮਕਤਾ ਅਤੇ ਪ੍ਰਗਟਾਵੇ ਦੀ ਕੁੰਜੀ ਕਰਾਰ ਦਿੱਤਾ। ਉਨ੍ਹਾਂ ਨੇ ਇਸ ਗੱਲ ’ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਨਵੀਂ ਸਿੱਖਿਆ ਨੀਤੀ -2020 ਸਕੂਲਾਂ ਅਤੇ ਕਾਲਜਾਂ ਵਿੱਚ ਮਾਤ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਸੰਪੂਰਨ, ਕਦਰਾਂ-ਕੀਮਤਾਂ ਅਧਾਰਿਤ ਅਤੇ ਸਮਾਵੇਸ਼ੀ ਬਣਾ ਕੇ ‘ਭਾਰਤੀਕਰਣ’ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਗੱਲ ਦੀ ਤਾਰੀਫ਼ ਕਰਦੇ ਹੋਏ, ਉਨ੍ਹਾਂ ਨੇ ਰਾਜਾਂ ਨੂੰ ਇਸ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਤਾਕੀਦ ਕੀਤੀ।

ਉਪ ਰਾਸ਼ਟਰਪਤੀ ਨੇ ਸਿੱਖਿਆ ਨੂੰ ਅਸਲ ਵਿੱਚ ਸਮਾਵੇਸ਼ੀ ਬਣਾਉਣ ਅਤੇ ਸਾਡੀ ਨੌਜਵਾਨ ਸ਼ਕਤੀ ਦੀ ਪੂਰੀ ਸਮਰੱਥਾ ਨੂੰ ਖੋਲ੍ਹਣ ਲਈ ਭਾਰਤੀ ਭਾਸ਼ਾਵਾਂ ਵਿੱਚ ਤਕਨੀਕੀ ਕੋਰਸ ਪੇਸ਼ ਕਰਨ ਦੀ ਜ਼ਰੂਰਤ ਨੂੰ ਦੁਹਰਾਇਆ। ਉਨ੍ਹਾਂ ਨੇ ਕਈ ਵਿਕਸਿਤ ਦੇਸ਼ਾਂ ਜਿਵੇਂ ਕਿ ਜਪਾਨ, ਫਰਾਂਸ ਅਤੇ ਜਰਮਨੀ ਦੀ ਉਦਾਹਰਣਦਿੰਦੇ ਹੋਏ ਕਿਹਾ ਕਿ ਉਹ ਆਪਣੀਆਂ ਮਾਤ ਭਾਸ਼ਾਵਾਂ ਵਿੱਚ ਸਿੱਖਿਆ ਪ੍ਰਦਾਨ ਕਰਦੇ ਹਨ, ਉਨ੍ਹਾਂ ਨੇ ਮਾਤ ਭਾਸ਼ਾ ਦੀ ਸੰਭਾਲ਼ ਅਤੇ ਪ੍ਰਸਾਰ ਲਈ ਉਨ੍ਹਾਂ ਦੀਆਂ ਨੀਤੀਆਂ ਅਤੇ ਰਣਨੀਤੀਆਂ ਤੋਂ ਸਿੱਖਣ ਦਾ ਸੁਝਾਅ ਦਿੱਤਾ।

ਸ਼੍ਰੀ ਨਾਇਡੂ ਨੇ ਰਾਜ ਸਰਕਾਰਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਭਾਰਤੀ ਭਾਸ਼ਾਵਾਂ ਨੂੰ ਲਾਗੂ ਕਰਨ ਲਈ ਸਰਗਰਮ ਰੁਖ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ਸਾਰੇ ਰਾਜਾਂ ਨੂੰ ਲੋਕਾਂ ਦੀ ਮਾਤ ਭਾਸ਼ਾ ਨੂੰ ਪ੍ਰਸ਼ਾਸਨ ਦੀ ਭਾਸ਼ਾ ਅਤੇ ਸਿੱਖਿਆ ਦੇ ਮਾਧਿਅਮ ਵਜੋਂ ਵਰਤਣਾ ਚਾਹੀਦਾ ਹੈ।”

ਲੋਕਤੰਤਰ ਵਿੱਚ ਸ਼ਾਸਨ ਵਿੱਚ ਲੋਕਾਂ ਦੀ ਭਾਗੀਦਾਰੀ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਰਾਏ ਦਿੱਤੀ ਕਿ ਲੋਕਤੰਤਰ ਸਿਰਫ਼ ਲੋਕਾਂ ਦੀ ਭਾਸ਼ਾ ਦੀ ਵਰਤੋਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਦਾਲਤੀ ਕਾਰਵਾਈ ਵੀ ਭਾਰਤੀ ਭਾਸ਼ਾਵਾਂ ਵਿੱਚ ਹੋਣੀ ਚਾਹੀਦੀ ਹੈ ਤਾਕਿ ਲੋਕ ਅਦਾਲਤੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝ ਸਕਣ।

ਇਹ ਦੱਸਦੇ ਹੋਏ ਕਿ ਬਸਤੀਵਾਦੀ ਸ਼ਾਸਨ ਨੇ ਸਾਡੀਆਂ ਭਾਸ਼ਾਵਾਂ ਦਾ ਨੁਕਸਾਨ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਅਸੀਂ ਆਪਣੀਆਂ ਭਾਸ਼ਾਵਾਂ ਨਾਲ ਇਨਸਾਫ਼ ਕਰਨ ਲਈ ਉੱਚਿਤ ਉਪਰਾਲੇ ਨਹੀਂ ਕੀਤੇ। ਮਾਤ ਭਾਸ਼ਾ ਦੀ ਵਰਤੋਂ ਨਾ ਕਰਨ ਨੂੰ ਵੱਡੀ ਗਲਤੀ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਬਸਤੀਵਾਦੀ ਰਾਜ ਖਤਮ ਹੋਣ ਤੋਂ ਬਾਅਦ ਮਾਤ ਭਾਸ਼ਾਵਾਂ ਅਤੇ ਭਾਰਤੀ ਭਾਸ਼ਾਵਾਂ ਵੱਲ ਨਾ ਜਾਣਾ ਗਲਤ ਗੱਲ ਸੀ। ਇਸ ਗੱਲ ਦੀ ਵਕਾਲਤ ਕਰਦੇ ਹੋਏ ਕਿ ਕਿਸੇ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ, ਹਾਲਾਂਕਿ, ਉਪ ਰਾਸ਼ਟਰਪਤੀ ਨੇ ਸਭ ਤੋਂ ਪਹਿਲਾਂ ਮਾਤ ਭਾਸ਼ਾ ਦੀ ਮਜ਼ਬੂਤ ਨੀਂਹ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਾਤ ਭਾਸ਼ਾ ਨੂੰ ਨੌਕਰੀਆਂ ਅਤੇ ਰੋਜ਼ੀ-ਰੋਟੀ ਨਾਲ ਜੋੜਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਲਈ ਵਰਚੁਅਲ ਸਮਾਗਮ ਨੂੰ ਕੇਂਦਰੀ ਪ੍ਰਿਥਵੀ ਵਿਗਿਆਨ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਗਿਆ ਸੀ। ਕੇਂਦਰੀ ਮੰਤਰੀ ਡਾ: ਜਿਤੇਂਦਰ ਸਿੰਘ;ਪ੍ਰਿਥਵੀ-ਵਿਗਿਆਨ ਮੰਤਰਾਲੇ ਦੇ ਸਕੱਤਰ ਡਾ: ਐੱਮ ਰਵੀਚੰਦਰਨ;ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਵਿਸ਼ਵਵਿਦਿਆਲਿਆ, ਵਰਧਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ (ਡਾ.) ਗਿਰੀਸ਼ਵਰ ਮਿਸ਼ਰਾ;ਪ੍ਰਿਥਵੀ-ਵਿਗਿਆਨ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਇੰਦਰਾ ਮੂਰਤੀ ਅਤੇ ਹੋਰਾਂ ਨੇ ਵੀ ਇਸ ਵਰਚੁਅਲ ਸਮਾਗਮ ਵਿੱਚ ਸ਼ਿਰਕਤ ਕੀਤੀ 

ਉਪ ਰਾਸ਼ਟਰਪਤੀ ਦੇ ਭਾਸ਼ਣ ਦਾ ਪੂਰਾ ਮੂਲ-ਪਾਠ ਹੇਠਾਂ ਦਿੱਤਾ ਗਿਆ ਹੈ-

*****

ਐੱਮਐੱਸ/ ਆਰਕੇ/ ਐੱਨਐੱਸ/ ਡੀਪੀ



(Release ID: 1800348) Visitor Counter : 169