ਰਾਸ਼ਟਰਪਤੀ ਸਕੱਤਰੇਤ
ਭਾਰਤ ਸਮੁੰਦਰਾਂ ਦੀ ਟਿਕਾਊ ਵਰਤੋਂ ਲਈ ਸਹਿਯੋਗੀ ਉਪਾਵਾਂ 'ਤੇ ਧਿਆਨ ਕੇਂਦ੍ਰਿਤ ਕਰਨ ਲਈ 'ਖੇਤਰ ਵਿੱਚ ਸਭ ਲਈ ਸੁਰੱਖਿਆ ਅਤੇ ਵਿਕਾਸ' ਵਿੱਚ ਵਿਸ਼ਵਾਸ ਰੱਖਦਾ ਹੈ: ਰਾਸ਼ਟਰਪਤੀ ਕੋਵਿੰਦ
ਭਾਰਤ ਦੇ ਰਾਸ਼ਟਰਪਤੀ ਨੇ ਵਿਸ਼ਾਖਾਪਟਨਮ ਵਿਖੇ ਫਲੀਟ ਰੀਵਿਊ-2022 ਦਾ ਨਿਰੀਖਣ ਕੀਤਾ
प्रविष्टि तिथि:
21 FEB 2022 2:19PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਭਾਰਤ ਸਮੁੰਦਰਾਂ ਦੀ ਟਿਕਾਊ ਵਰਤੋਂ ਲਈ ਸਹਿਯੋਗੀ ਉਪਾਵਾਂ 'ਤੇ ਧਿਆਨ ਕੇਂਦ੍ਰਿਤ ਕਰਨ ਲਈ 'ਖੇਤਰ ਵਿੱਚ ਸਭ ਲਈ ਸੁਰੱਖਿਆ ਅਤੇ ਵਿਕਾਸ' ਵਿੱਚ ਵਿਸ਼ਵਾਸ ਰੱਖਦਾ ਹੈ। ਉਹ ਅੱਜ (21 ਫਰਵਰੀ, 2022) ਵਿਸ਼ਾਖਾਪਟਨਮ, ਆਂਧਰ ਪ੍ਰਦੇਸ਼ ਵਿਖੇ ਰਾਸ਼ਟਰਪਤੀ ਫਲੀਟ ਰੀਵਿਊ-2022 ਦੇ ਅਵਸਰ 'ਤੇ ਬੋਲ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਆਲਮੀ ਵਪਾਰ ਦਾ ਵੱਡਾ ਹਿੱਸਾ ਹਿੰਦ ਮਹਾਸਾਗਰ ਖੇਤਰ ਵਿੱਚੋਂ ਲੰਘਦਾ ਹੈ। ਸਾਡੇ ਵਪਾਰ ਅਤੇ ਊਰਜਾ ਜ਼ਰੂਰਤਾਂ ਦਾ ਇੱਕ ਮਹੱਤਵਪੂਰਨ ਹਿੱਸਾ ਸਮੁੰਦਰਾਂ ਜ਼ਰੀਏ ਪੂਰਾ ਹੁੰਦਾ ਹੈ। ਇਸ ਲਈ, ਸਮੁੰਦਰਾਂ ਅਤੇ ਸਮੁੰਦਰੀ ਸਾਂਝ ਵਾਲੇ ਖੇਤਰਾਂ ਦੀ ਸੁਰੱਖਿਆ ਇੱਕ ਮਹੱਤਵਪੂਰਨ ਜ਼ਰੂਰਤ ਬਣੀ ਹੋਈ ਹੈ। ਭਾਰਤੀ ਨੇਵੀ ਦੀ ਲਗਾਤਾਰ ਚੌਕਸੀ, ਘਟਨਾਵਾਂ ਦਾ ਤੁਰੰਤ ਜਵਾਬ ਅਤੇ ਅਣਥੱਕ ਪ੍ਰਯਤਨ ਇਸ ਸਬੰਧ ਵਿੱਚ ਬਹੁਤ ਸਫ਼ਲ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ, ਭਾਰਤੀ ਜਲ ਸੈਨਾ 'ਮਿਸ਼ਨ ਸਾਗਰ' ਅਤੇ 'ਸਮੁੰਦਰ ਸੇਤੂ' ਦੇ ਤਹਿਤ ਮਿੱਤਰ ਦੇਸ਼ਾਂ ਨੂੰ ਦਵਾਈਆਂ ਦੀ ਸਪਲਾਈ ਕਰਕੇ ਅਤੇ ਦੁਨੀਆ ਦੇ ਵਿਭਿੰਨ ਹਿੱਸਿਆਂ ਵਿੱਚ ਫਸੇ ਭਾਰਤੀ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਬਚਾਉਣ ਵਿੱਚ ਸਹਾਇਤਾ ਪ੍ਰਦਾਨ ਕਰ ਕੇ ਮਦਦ ਦਿੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸੰਕਟ ਦੇ ਸਮੇਂ ਵਿੱਚ ਭਾਰਤੀ ਜਲ ਸੈਨਾ ਦੀ ਤੁਰੰਤ ਅਤੇ ਪ੍ਰਭਾਵੀ ਤੈਨਾਤੀ ਨੇ ਹਿੰਦ ਮਹਾਸਾਗਰ ਖੇਤਰ ਵਿੱਚ ‘ਪਸੰਦੀਦਾ ਸੁਰੱਖਿਆ ਭਾਈਵਾਲ’ ਅਤੇ ‘ਪ੍ਰਥਮ ਹੁੰਗਾਰਾ ਦੇਣ ਵਾਲਾ’ ਹੋਣ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ ਹੈ।
ਵਿਸ਼ਾਖਾਪਟਨਮ, ਜਿਸ ਨੂੰ ਵਿਜ਼ਾਗ ਵਜੋਂ ਵੀ ਜਾਣਿਆ ਜਾਂਦਾ ਹੈ, ਦੇ ਇਤਿਹਾਸਕ ਮਹੱਤਵ ਵੱਲ ਇਸ਼ਾਰਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਦੀਆਂ ਤੋਂ ਇੱਕ ਮਹੱਤਵਪੂਰਨ ਬੰਦਰਗਾਹ ਰਿਹਾ ਹੈ। ਇਸਦੀ ਰਣਨੀਤਕ ਮਹੱਤਤਾ ਨੂੰ ਇਸ ਤੱਥ ਦੁਆਰਾ ਰੇਖਾਂਕਿਤ ਕੀਤਾ ਗਿਆ ਹੈ ਕਿ ਇੰਡੀਅਨ ਨੇਵੀ ਦੀ ਪੂਰਬੀ ਜਲ ਸੈਨਾ ਕਮਾਂਡ ਦਾ ਮੁੱਖ ਦਫ਼ਤਰ ਵਿਜ਼ਾਗ ਵਿੱਚ ਸਥਿਤ ਹੈ। ਉਨ੍ਹਾਂ ਕਿਹਾ ਕਿ ਵਿਜ਼ਾਗ ਨੇ 1971 ਦੀ ਜੰਗ ਦੌਰਾਨ ਸ਼ਾਨਦਾਰ ਯੋਗਦਾਨ ਪਾਇਆ। ਉਨ੍ਹਾਂ ਤਤਕਾਲੀ ਪੂਰਬੀ ਪਾਕਿਸਤਾਨ ਦੀ ਜਲ ਸੈਨਾ ਦੀ ਨਾਕਾਬੰਦੀ ਅਤੇ ਪਾਕਿਸਤਾਨ ਦੀ ਪਣਡੁੱਬੀ 'ਗਾਜ਼ੀ' ਦੇ ਡੁੱਬਣ ਵਿੱਚ ਪੂਰਬੀ ਜਲ ਸੈਨਾ ਕਮਾਂਡ ਦੀ ਬਹਾਦਰੀ ਭਰੀ ਕਾਰਵਾਈ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਲਈ ਫੈਸਲਾਕੁੰਨ ਝਟਕਾ ਸੀ। ਉਨ੍ਹਾਂ ਅੱਗੇ ਕਿਹਾ, 1971 ਦੀ ਜੰਗ ਸਾਡੇ ਇਤਿਹਾਸ ਵਿੱਚ ਸਭ ਤੋਂ ਜ਼ੋਰਦਾਰ ਜਿੱਤਾਂ ਵਿੱਚੋਂ ਇੱਕ ਹੈ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤੀ ਜਲ ਸੈਨਾ ਤੇਜ਼ੀ ਨਾਲ ਸਵੈ-ਨਿਰਭਰ ਹੋ ਰਹੀ ਹੈ ਅਤੇ ‘ਮੇਕ ਇਨ ਇੰਡੀਆ’ ਪਹਿਲ ਵਿੱਚ ਸਭ ਤੋਂ ਅੱਗੇ ਹੈ। ਉਨ੍ਹਾਂ ਨੋਟ ਕੀਤਾ ਕਿ ਦੇਸ਼ ਭਰ ਦੇ ਵਿਭਿੰਨ ਪਬਲਿਕ ਅਤੇ ਪ੍ਰਾਈਵੇਟ ਸ਼ਿਪਯਾਰਡਾਂ ਵਿੱਚ ਨਿਰਮਾਣ ਅਧੀਨ ਕਈ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਦੀ ਤਕਰੀਬਨ 70 ਪ੍ਰਤੀਸ਼ਤ ਸਮੱਗਰੀ ਸਵਦੇਸ਼ੀ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਨੇ ਪਰਮਾਣੂ ਪਣਡੁੱਬੀਆਂ ਦਾ ਨਿਰਮਾਣ ਕੀਤਾ ਹੈ ਅਤੇ ਜਲਦੀ ਹੀ ਸਾਡੇ ਕੋਲ ਸਵਦੇਸ਼ੀ ਤੌਰ 'ਤੇ ਬਣਿਆ ਏਅਰਕ੍ਰਾਫਟ ਕੈਰੀਅਰ 'ਵਿਕਰਾਂਤ' ਸੇਵਾ 'ਚ ਸ਼ਾਮਲ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਵਦੇਸ਼ੀ ਸਮੁੰਦਰੀ ਜਹਾਜ਼ ਨਿਰਮਾਣ ਸਮਰੱਥਾਵਾਂ ਦਾ ਵਿਕਾਸ ਇੱਕ 'ਆਤਮਨਿਰਭਰ ਭਾਰਤ' ਬਣਾਉਣ ਵਿੱਚ ਇੱਕ ਪ੍ਰਭਾਵੀ ਯੋਗਦਾਨ ਹੈ।
ਰਾਸ਼ਟਰਪਤੀ ਨੇ ਸਾਰੀਆਂ ਚੁਣੌਤੀਆਂ ਅਤੇ ਮਹਾਮਾਰੀ ਦੁਆਰਾ ਲਾਈਆਂ ਗਈਆਂ ਰੋਕਾਂ ਨੂੰ ਪਾਰ ਕਰਦੇ ਹੋਏ ਫਲੀਟ ਰੀਵਿਊ ਦੇ ਸ਼ਾਨਦਾਰ ਸੰਚਾਲਨ ਲਈ ਭਾਰਤੀ ਜਲ ਸੈਨਾ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਦੇ ਸੁਪਰੀਮ ਕਮਾਂਡਰ ਵਜੋਂ ਇਹ ਉਨ੍ਹਾਂ ਲਈ ਬੇਹੱਦ ਤਸੱਲੀ ਦਾ ਪਲ ਹੈ। ਰਾਸ਼ਟਰ ਨੂੰ ਜਲ ਸੈਨਾ ਦੇ ਸਾਡੇ ਬਹਾਦਰ ਜਵਾਨਾਂ 'ਤੇ ਮਾਣ ਹੈ।
ਹਥਿਆਰਬੰਦ ਬਲਾਂ ਦੇ ਸੁਪਰੀਮ ਕਮਾਂਡਰ ਦੇ ਤੌਰ 'ਤੇ ਭਾਰਤ ਦੇ ਰਾਸ਼ਟਰਪਤੀ 'ਪ੍ਰੈਜ਼ੀਡੈਂਸ਼ਲ ਫਲੀਟ ਰੀਵਿਊ' ਦੇ ਹਿੱਸੇ ਵਜੋਂ ਆਪਣੇ ਕਾਰਜਕਾਲ ਵਿੱਚ ਇੱਕ ਵਾਰ ਭਾਰਤੀ ਜਲ ਸੈਨਾ ਫਲੀਟ ਦੀ ਸਮੀਖਿਆ ਕਰਦੇ ਹਨ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ
***********
ਡੀਐੱਸ/ਬੀਐੱਮ
(रिलीज़ आईडी: 1800073)
आगंतुक पटल : 227