ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਆਈਆਈਟੀ ਧਾਰਵਾੜ ਵਿਖੇ ਕਿਫ਼ਾਇਤੀ ਅਤੇ ਸਵੱਛ ਊਰਜਾ ਵਿੱਚ ਗਲੋਬਲ ਸੈਂਟਰ ਆਵ੍ ਐਕਸੀਲੈਂਸ (ਜੀਸੀਓਈ-ਏਸੀਈ GCoE-ACE) ਦੀ ਸ਼ੁਰੂਆਤ ਕੀਤੀ ਗਈ

Posted On: 31 JAN 2022 12:38PM by PIB Chandigarh

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਧਾਰਵਾੜ, ਕਰਨਾਟਕ ਵਿਖੇ 28 ਜਨਵਰੀ, 2022 ਨੂੰ ਕਿਫ਼ਾਇਤੀ ਅਤੇ ਸਵੱਛ ਊਰਜਾ ਵਿੱਚ ਗਲੋਬਲ ਸੈਂਟਰ ਆਵ੍ ਐਕਸੀਲੈਂਸ (ਜੀਸੀਓਈ-ਏਸੀਈ GCoE-ACE) ਦੀ ਸ਼ੁਰੂਆਤ ਦੇ ਅਵਸਰ 'ਤੇ ਇੱਕ ਵਰਚੁਅਲ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਹ ਸਮਾਰੋਹ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੈ ਰਾਘਵਨ ਦੀ ਉਪਸਥਿਤੀ ਵਿੱਚ ਸੰਪੰਨ ਹੋਇਆ ।

 

ਇਹ ਕੇਂਦਰ ਨੂੰ ਐੱਚਐੱਚਐੱਸਆਈਐੱਫ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਗ੍ਰਾਂਟਾਂ ਦੁਆਰਾ ਸਮਰਥਨ ਮਿਲ ਰਿਹਾ ਹੈ। ਐੱਚਐੱਚਐੱਸਆਈਐੱਫ ਦੇ ਸੀਐੱਸਆਰ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ (ਜੀਸੀਓਈ-ਏਸੀਈ GCoE-ACE) ਦੇ ਲਈ ਉਪਕਰਣਾਂ ਦੀ ਵਿਵਸਥਾ ਕਰਨਾ ਹੈ। ਜਿਵੇਂ ਕੌਸ਼ਲ  ਵਿਕਾਸ, ਸੰਰਚਨਾ ਅਤੇ ਖੋਜ ਤੇ ਵਿਕਾਸ ਉਪਕਰਣ। ਅਗਲੇ ਪੜਾਵਾਂ ਵਿੱਚ, ਨਵੀਨਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਕਿਫ਼ਾਇਤੀ ਅਤੇ ਸਵੱਛ ਊਰਜਾ ਖੇਤਰ ਵਿੱਚ ਖੇਤਰੀ ਪੱਧਰ ਦੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਸ਼ੁਰੂਆਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

 

ਡੀਨ (ਖੋਜ ਅਤੇ ਵਿਕਾਸ), ਆਈਆਈਟੀ ਧਾਰਵਾੜ, ਪ੍ਰੋ. ਐੱਸਆਰਐੱਮ ਪ੍ਰਸੰਨਾ ਨੇ ਸਾਰਿਆਂ ਦਾ ਸੁਆਗਤ ਕੀਤਾ ਅਤੇ ਕੇਂਦਰ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸਵੱਛ ਊਰਜਾ ਲਈ ਸੌਰ ਪਵਨ, ਬਾਇਓਮਾਸ ਅਤੇ ਹੋਰ ਸਸਤੀਆਂ ਟੈਕਨੋਲੋਜੀਆਂ ਦਾ ਵਰਦਾਨ ਮਿਲਿਆ ਹੈ, ਜਿਨ੍ਹਾਂ ਨੂੰ ਵਿਕਸਿਤ ਕਰਕੇ ਸਦਉਪਯੋਗ ਕੀਤਾ ਜਾ ਸਕਦਾ ਹੈ। ਇਸ ਕੇਂਦਰ ਦਾ ਕੰਮ ਵੀ ਇਸੇ ਦਾਇਰੇ ਵਿੱਚ ਹੋਵੇਗਾ ।

 

ਪ੍ਰੋ. ਕੇ. ਵਿਜੈ ਰਾਘਵਨ ਨੇ ਕਿਹਾ ਕਿ ਊਰਜਾ ਅਤੇ ਊਰਜਾ ਸਮਾਧਾਨ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘਟਾਉਣ ਅਤੇ ਅਨੁਕੂਲ ਬਣਾਉਣ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸੌਰ, ਪਵਨ  ਪ੍ਰਮਾਣੂ ਅਤੇ ਊਰਜਾ ਦੇ ਹੋਰ ਰੂਪਾਂ 'ਤੇ ਖੋਜ ਪਿਛਲੇ ਦੋ ਦਹਾਕਿਆਂ ਦੌਰਾਨ ਬਹੁਤ ਵਧੀ ਹੈ। ਇਨ੍ਹਾਂ ਖੋਜਾਂ ਦੇ ਨਤੀਜਿਆਂ ਨੂੰ ਅਜੇ ਬਜ਼ਾਰ ਵਿੱਚ ਹੋਰ ਪ੍ਰਭਾਵਸ਼ਾਲੀ ਬਣਾਉਣਾ ਬਾਕੀ ਹੈ। ਆਈਆਈਟੀ ਧਾਰਵਾੜ ਦੇਸ਼ ਦੇ ਉਨ੍ਹਾਂ ਕੁਝ ਅਦਾਰਿਆਂ ਵਿੱਚੋਂ ਇੱਕ ਹੋਵੇਗਾ ਜੋ ਨੌਜਵਾਨ ਪੀੜ੍ਹੀ ਨੂੰ ਸਿਖਲਾਈ ਦੇਣ ਲਈ ਹਨੀਵੈਲ ਜਿਹੇ ਉਦਯੋਗਾਂ ਨਾਲ ਸਾਂਝੇਦਾਰੀ ਕਰ ਰਿਹਾ ਹੈ, ਤਾਕਿ ਉਹ ਜਲਵਾਯੂ ਪਰਿਵਰਤਨ ਦੇ ਨਾਲ ਤਾਲਮੇਲ ਅਤੇ ਤਾਲਮੇਲ ਦੀਆਂ ਜਟਿਲ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੋ ਸਕਣ। ਵਿਸ਼ਵ ਦਾ ਤਾਪਮਾਨ ਵਧ ਰਿਹਾ ਹੈ, ਜਿਸ ਨਾਲ ਉੱਚ ਤਾਪਮਾਨ ਅਤੇ ਉੱਚ ਨਮੀ ਵਾਲੇ ਖੇਤਰਾਂ ਵਿੱਚ ਵੱਡੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ, ਜਿਸ ਨਾਲ ਲੋਕ ਕੰਮ ਕਰਨ ਦੇ ਅਯੋਗ ਹੋ ਜਾਣਗੇ। ਦੂਜੀ ਚੁਣੌਤੀ ਖੇਤੀ-ਕਿਸਾਨੀ ਦੀ ਹੈ। ਇਸ ਤੋਂ ਇਲਾਵਾ ਸਿਹਤ ਖੇਤਰ, ਚੌਵੀ ਘੰਟੇ ਅਤੇ ਸੱਤ ਦਿਨਾਂ ਦੀ ਸਿੱਖਿਆ ਦੇ ਮੱਦੇਨਜ਼ਰ ਸਿੱਖਿਆ ਖੇਤਰ ਲਈ ਊਰਜਾ ਦੀ ਉਪਲਬਧਤਾ ਵੀ ਕੁਝ ਮਹੱਤਵਪੂਰਨ ਚੁਣੌਤੀਆਂ ਵਿੱਚ ਸ਼ਾਮਲ ਹੈ, ਜਿਸ ਨੂੰ ਜੀਸੀਓਈ ਹੱਲ ਕਰੇਗਾ। ਅੰਤ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਇਡ੍ਰੋਜਨ ਮਿਸ਼ਨ ਸ਼ੁਰੂ ਕੀਤਾ ਹੈ। ਇਸ ਦਾ ਇੱਕ ਉਦੇਸ਼ ਸਾਫ਼ ਊਰਜਾ ਸਰੋਤਾਂ ਜਿਵੇਂ ਕਿ ਸੂਰਜੀ ਅਤੇ ਪੌਣ ਊਰਜਾ ਤੋਂ ਬਿਜਲੀ ਪੈਦਾ ਕਰਨਾ ਹੈ। ਇਸ ਲਈ ਇਸ ਨੂੰ ਹਰੀ ਹਾਈਡ੍ਰੋਜਨ ਊਰਜਾ ਕਿਹਾ ਜਾਂਦਾ ਹੈ। ਕੇਂਦਰ ਦੇ ਖੋਜ ਅਤੇ ਵਿਕਾਸ ਦੇ ਯਤਨ ਵੀ ਇਸ ਦਿਸ਼ਾ ਵਿੱਚ ਵਧ ਰਹੇ ਹਨ। ਇਨ੍ਹਾਂ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਨੇ ਕਿਫ਼ਾਇਤੀ ਅਤੇ ਸਵੱਛ ਊਰਜਾ ਵਿੱਚ ਅਜਿਹਾ ਕੇਂਦਰ ਸਥਾਪਿਤ ਕਰਨ ਲਈ ਆਈਆਈਟੀ ਧਾਰਵਾੜ, ਹਨੀਵੈਲ ਅਤੇ ਸੈਲਕੋ ਫਾਊਂਡੇਸ਼ਨ ਦੇ ਹਿਤਧਾਰਕਾਂ ਦਾ ਧੰਨਵਾਦ ਕੀਤਾ।

 

ਸ਼੍ਰੀ ਵਿਨਾਇਕ ਚੈਟਰਜੀ, ਬੋਰਡ ਆਵ੍ ਗਵਰਨਰਸ, ਆਈਆਈਟੀ ਧਾਰਵਾੜ ਦੇ ਚੇਅਰਮੈਨ ਨੇ ਕਿਹਾ ਕਿ ਕਿਫ਼ਾਇਤੀ ਅਤੇ ਸਵੱਛ ਊਰਜਾ ਵਿੱਚ ਗਲੋਬਲ ਸੈਂਟਰ ਆਵ੍ ਐਕਸੀਲੈਂਸ ਦੀ ਸ਼ੁਰੂਆਤ ਆਈਆਈਟੀ ਧਾਰਵਾੜ ਲਈ ਇੱਕ ਇਤਿਹਾਸਿਕ ਮੀਲ ਪੱਥਰ ਹੈ। ਕੇਂਦਰ ਅਕਾਦਮਿਕ ਗਤੀਵਿਧੀਆਂ, ਪਿੰਡਾਂ ਵਿੱਚ ਫੀਲਡ ਟ੍ਰਾਇਲਾਂ ਲਈ ਪ੍ਰਯੋਗਸ਼ਾਲਾਵਾਂ ਦੇ ਵਿਕਾਸ ਅਤੇ ਖੋਜ ਦਾ ਕਾਰਜ ਕਰੇਗਾ। ਕੇਂਦਰ ਵਿੱਚ ਕੀਤੇ ਗਏ ਕੰਮ ਦਾ ਵੱਡੇ ਪੱਧਰ 'ਤੇ ਦੇਸ਼ ਦੇ ਰੋਜ਼ਾਨਾ ਦੇ ਕੰਮਕਾਜ 'ਤੇ ਲੰਬੇ ਸਮੇਂ ਦਾ ਪ੍ਰਭਾਵ ਪਵੇਗਾ। ਸ਼੍ਰੀ ਆਸ਼ੀਸ਼ ਗਾਇਕਵਾੜ, ਪ੍ਰਧਾਨ, ਹਨੀਵੈੱਲ ਇੰਡੀਆ ਅਤੇ ਡਾਇਰੈਕਟਰ, ਐੱਚਐੱਚਐੱਸਆਈਐੱਫ, ਨੇ ਕਿਹਾ, “ਹਨੀਵੈੱਲ ਭਾਈਚਾਰਿਆਂ ਨੂੰ ਉਨ੍ਹਾਂ ਦੀ ਊਰਜਾ, ਪਾਣੀ ਅਤੇ ਹਵਾਈ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰਨ ਲਈ ਪ੍ਰਤੀਬੱਧ ਹੈ। ਆਈਆਈਟੀ ਧਾਰਵਾੜ ਦੇ ਨਾਲ ਸਾਡੀ ਭਾਈਵਾਲੀ ਸਾਡੇ ਗ੍ਰਾਮੀਣ ਭਾਈਚਾਰਿਆਂ ਦੀ ਬਿਹਤਰੀ ਲਈ ਸਵੱਛ ਊਰਜਾ ਸਮਾਧਾਨਾਂ ਦੇ ਖੇਤਰ ਵਿੱਚ ਕਿਫਾਇਤੀ ਅਤੇ ਟਿਕਾਊ ਟੈਕਨੋਲੋਜੀ ਦੀ ਖੋਜ ਕਰੇਗੀ। ਇਹ ਭਾਰਤ ਸਰਕਾਰ ਦੇ ਉਸ ਲਕਸ਼ ਨਾਲ ਵੀ ਮੇਲ ਖਾਂਦਾ ਹੈ, ਜਿਸ ਦੇ ਤਹਿਤ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 2030 ਤੱਕ ਦੇਸ਼ ਦੀਆਂ 50 ਫੀਸਦੀ ਬਿਜਲੀ ਜ਼ਰੂਰਤਾਂ ਨੂੰ ਅਖੁੱਟ ਊਰਜਾ ਰਾਹੀਂ ਪੂਰਾ ਕੀਤਾ ਜਾਣਾ ਚਾਹੀਦਾ ਹੈ। ਆਈਆਈਟੀ ਧਾਰਵਾੜ ਦੇ ਡਾਇਰੈਕਟਰ ਪ੍ਰੋ. ਪੀ. ਸੇਸ਼ੂ ਨੇ ਮਾਣਯੋਗ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਦੁਹਰਾਇਆ ਕਿ ਭਾਰਤੀ ਟੈਕਨੋਲੋਜੀ ਸੰਸਥਾਨਾਂ ਨੂੰ ਭਾਰਤ ਦੇ ਪਰਿਵਰਤਨ ਏਜੰਟ ਬਣਨਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਕੇਂਦਰ ਕਿਫ਼ਾਇਤੀ ਅਤੇ ਸਵੱਛ ਊਰਜਾ ਵਿੱਚ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚੇ-7 ਨੂੰ ਪ੍ਰਾਪਤ ਕਰਨ ਲਈ ਕੰਮ ਕਰੇਗਾ। ਇਸ ਤੋਂ ਇਲਾਵਾ, ਇਹ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਨਿਰਧਾਰਿਤ ਜ਼ੀਰੋ ਨਿਕਾਸੀ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਵੀ ਯੋਗਦਾਨ ਪਾਵੇਗਾ। ਕਿਫਾਇਤੀ ਅਤੇ ਸਵੱਛ ਊਰਜਾ ਸਭ ਤੋਂ ਬਿਹਤਰ ਸੈਕਟਰ ਹੈ ਕਿਉਂਕਿ ਇਹ ਕਈ ਪਹਿਲੂਆਂ 'ਤੇ ਬਹੁਪੱਖੀ ਪ੍ਰਭਾਵ ਪਾਉਂਦਾ ਹੈ। ਟੈਕਨੋਲੋਜੀ ਦੇ ਵਿਕਾਸ ਅਤੇ ਪਾਇਲਟ ਪੱਧਰ 'ਤੇ ਇਸ ਨੂੰ ਲਾਗੂ ਕਰਨ ਤੋਂ ਇਲਾਵਾ, ਸਬੰਧਿਤ  ਟੀਮ ਦੀ ਇਸ ਮਹੱਤਵਪੂਰਨ ਖੇਤਰ ਵਿੱਚ ਸਮਰੱਥਾ ਨਿਰਮਾਣ ਵਿੱਚ ਯੋਗਦਾਨ ਪਾਉਣ ਦੀਆਂ ਯੋਜਨਾਵਾਂ ਵੀ ਹਨ। ਉਨ੍ਹਾਂ ਇਸ ਕਦਮ ਦੀ ਸਫ਼ਲਤਾ ਦੀ ਕਾਮਨਾ ਕੀਤੀ।

 

ਸੈਲਕੋ ਫਾਊਂਡੇਸ਼ਨ ਖੇਤਰੀ ਪੱਧਰ ਦੀਆਂ ਸਮੱਸਿਆਵਾਂ ਦੀ ਪਹਿਚਾਣ /ਸਮਾਧਾਨ ਦੇ ਲਈ ਇਸ ਕੇਂਦਰ ਦੀ ਸਾਂਝੀਦਾਰ ਹੋਵੇਗੀ। ਸੈਲਕੋ ਦੇ ਮੁੱਖ ਕਾਰਜਕਾਰੀ ਅਧਿਕਾਰੀ(ਸੀਈਓ) ਅਤੇ ਸੰਸਥਾਪਕ ਡਾ. ਹਰੀਸ਼ ਹਾਂਡੇ ਨੇ ਕਿਹਾ ਕਿ ਇਹ ਕੇਂਦਰ ਬਹੁਤ ਮਹੱਤਵ ਰੱਖਦਾ ਹੈ ਅਤੇ ਸਿਹਤ ਅਤੇ ਆਜੀਵਿਕਾ ਲਈ ਜ਼ਰੂਰਤ-ਅਧਾਰਿਤ ਪ੍ਰਭਾਵੀ ਟੈਕਨੋਲੋਜੀ ਪ੍ਰਣਾਲੀ ਵਿਕਸਿਤ ਕਰੇਗਾ। ਉਨ੍ਹਾਂ ਕਿਹਾ ਕਿ ਆਈਆਈਟੀ ਧਾਰਵਾੜ ਨੇ ਇਨੋਵੇਟਰਾਂ ਅਤੇ ਉੱਦਮੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਦਾ ਇੱਕ ਵੱਡਾ ਕਦਮ ਉਠਾਇਆ ਹੈ ਜੋ ਆਈਆਈਟੀ ਪਿਛੋਕੜ ਤੋਂ ਨਹੀਂ ਆਉਂਦੇ ਹਨ। ਇਹ ਕਦਮ ਹੋਰ ਭਾਰਤੀ ਟੈਕਨੋਲੋਜੀ ਸੰਸਥਾਵਾਂ ਲਈ ਚੰਗੀ ਮਿਸਾਲ ਕਾਇਮ ਕਰੇਗਾ।

 

ਇਸ ਅਵਸਰਾਂ ‘ਤੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਹਨੀਵੈਲ ਟੈਕਨੋਲੋਜੀ ਸੌਲਿਊਸ਼ਨਸ ਲੈਬ ਦੇ ਪ੍ਰਧਾਨ ਸ਼੍ਰੀ ਪ੍ਰਤਾਪ ਸੈਮੂਅਲ; ਸ਼੍ਰੀਮਤੀ ਪੂਜਾ ਠਾਕਰਨ, ਸੀਨੀਅਰ ਡਾਇਰੈਕਟਰ, ਕਾਰਪੋਰੇਟ ਸੰਚਾਰ ਅਤੇ ਸੀਐੱਸਆਰ, ਹਨੀਵੈੱਲ ਇੰਡੀਆ ਅਤੇ ਐੱਚਐੱਚਐੱਸਆਈਐੱਫ; ਸੈਲਕੋ ਫਾਊਂਡੇਸ਼ਨ ਦੀ ਡਾਇਰੈਕਟਰ ਸੁਸ਼੍ਰੀ ਹੁਦਾ ਜਾਫਰ ਅਤੇ ਆਈਆਈਟੀ ਧਾਰਵਾੜ ਦੇ ਬੋਰਡ ਮੈਂਬਰ ਅਤੇ ਫੈਕਲਟੀ ਮੈਂਬਰ ਮੌਜੂਦ ਸਨ।

 

*****

ਡੀਐੱਸ



(Release ID: 1794688) Visitor Counter : 146