ਭਾਰਤ ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਰੈਲੀਆਂ ਅਤੇ ਰੋਡ ਸ਼ੋਅ 'ਤੇ ਪਾਬੰਦੀ 31 ਜਨਵਰੀ 2022 ਤੱਕ ਵਧਾਈ
ਰਾਜਨੀਤਕ ਪਾਰਟੀਆਂ ਜਾਂ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਜਨਤਕ ਮੀਟਿੰਗਾਂ ਨੂੰ ਪੜਾਅ 1 ਲਈ 28 ਜਨਵਰੀ, 2022 ਤੋਂ ਅਤੇ ਪੜਾਅ 2 ਲਈ 1 ਫਰਵਰੀ, 2022 ਤੋਂ ਛੂਟ ਦਿੱਤੀ ਗਈ ਹੈ
ਘਰ-ਘਰ ਪ੍ਰਚਾਰ ਮੁਹਿੰਮ ਲਈ ਵਿਅਕਤੀਆਂ ਦੀ ਸੀਮਾ 5 ਤੋਂ ਵਧਾ ਕੇ 10 ਤੱਕ ਕੀਤੀ ਗਈ
ਕੋਵਿਡ ਪਾਬੰਦੀਆਂ ਨਾਲ ਮਨੋਨੀਤ ਖੁੱਲ੍ਹੇ ਸਥਾਨਾਂ 'ਤੇ ਪ੍ਰਚਾਰ ਲਈ ਵੀਡੀਓ ਵੈਨਾਂ ਨੂੰ ਇਜਾਜ਼ਤ
Posted On:
22 JAN 2022 6:51PM by PIB Chandigarh
ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਨਾਲ ਵਰਚੁਅਲ ਮੋਡ ਜ਼ਰੀਏ ਇੱਕ ਸਮੀਖਿਆ ਮੀਟਿੰਗ ਕੀਤੀ। ਕਮਿਸ਼ਨ ਨੇ ਗੋਆ, ਮਣੀਪੁਰ, ਪੰਜਾਬ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ, ਮੁੱਖ ਚੋਣ ਅਧਿਕਾਰੀਆਂ ਅਤੇ ਸਿਹਤ ਸਕੱਤਰਾਂ ਨਾਲ ਵਰਚੁਅਲ ਮੀਟਿੰਗਾਂ ਕੀਤੀਆਂ।
ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ, ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਅਤੇ ਸ਼੍ਰੀ ਅਨੂਪ ਚੰਦਰ ਪਾਂਡੇ ਅਤੇ ਜਨਰਲ ਸਕੱਤਰ ਅਤੇ ਸਬੰਧਿਤ ਡਿਪਟੀ ਚੋਣ ਕਮਿਸ਼ਨਰਾਂ ਨੇ ਵਿਧਾਨ ਸਭਾ ਚੋਣਾਂ ਵਾਲੇ 5 ਰਾਜਾਂ ਵਿੱਚ ਕੋਵਿਡ ਮਹਾਮਾਰੀ ਦੀ ਮੌਜੂਦਾ ਸਥਿਤੀ ਅਤੇ ਅਨੁਮਾਨਿਤ ਰੁਝਾਨਾਂ ਦੇ ਸਬੰਧ ਵਿੱਚ ਇੱਕ ਵਿਆਪਕ ਸਮੀਖਿਆ ਮੀਟਿੰਗ ਕੀਤੀ। ਕਮਿਸ਼ਨ ਨੇ ਯੋਗ ਵਿਅਕਤੀਆਂ ਦੇ ਸਬੰਧ ਵਿੱਚ ਪੋਲਿੰਗ ਕਰਮਚਾਰੀਆਂ ਵਿੱਚ ਪਹਿਲੀ, ਦੂਸਰੀ ਅਤੇ ਬੂਸਟਰ ਡੋਜ਼ ਵਾਲੇ ਟੀਕਿਆਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਟੀਕਾਕਰਣ ਸਥਿਤੀ ਅਤੇ ਕਾਰਜ ਯੋਜਨਾ ਦੀ ਵੀ ਸਮੀਖਿਆ ਕੀਤੀ। ਕਮਿਸ਼ਨ ਨੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਚੋਣ-ਰੈਲੀਆਂ ਲਈ ਪਾਬੰਦੀਆਂ ਨੂੰ ਢਿੱਲ ਦੇਣ ਬਾਰੇ ਵਿਚਾਰ ਕੀਤਾ।
ਇਨ੍ਹਾਂ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਤੇ ਜ਼ਮੀਨੀ ਰਿਪੋਰਟਾਂ 'ਤੇ ਵਿਚਾਰ ਕਰਨ ਤੋਂ ਬਾਅਦ, ਕਮਿਸ਼ਨ ਨੇ ਪਹਿਲੇ ਦੋ ਪੜਾਵਾਂ ਵਿੱਚ ਮੁਹਿੰਮ-ਅਵਧੀ ਦੀਆਂ ਜ਼ਰੂਰਤਾਂ 'ਤੇ ਵੀ ਵਿਚਾਰ ਕੀਤਾ। ਪੜਾਅ 1 ਲਈ 27 ਜਨਵਰੀ, 2022 ਨੂੰ ਅਤੇ ਪੜਾਅ 2 ਲਈ 31 ਜਨਵਰੀ, 2022 ਨੂੰ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਮੌਜੂਦਾ ਸਥਿਤੀ, ਤੱਥਾਂ ਅਤੇ ਹਾਲਤਾਂ ਦੇ ਨਾਲ-ਨਾਲ ਇਨ੍ਹਾਂ ਮੀਟਿੰਗਾਂ ਵਿੱਚ ਪ੍ਰਾਪਤ ਜਾਣਕਾਰੀਆਂ ਨੂੰ ਵਿਚਾਰਨ ਤੋਂ ਬਾਅਦ, ਕਮਿਸ਼ਨ ਨੇ ਹੇਠ ਲਿਖੇ ਫੈਸਲੇ ਲਏ ਹਨ:
(1) 31 ਜਨਵਰੀ, 2022 ਤੱਕ ਕੋਈ ਰੋਡ ਸ਼ੋਅ, ਪੈਦਲ-ਯਾਤਰਾ, ਸਾਈਕਲ/ਬਾਈਕ/ਵਾਹਨ ਰੈਲੀ ਅਤੇ ਜਲੂਸ ਦੀ ਇਜਾਜ਼ਤ ਨਹੀਂ ਹੋਵੇਗੀ।
(2) ਪੜਾਅ 1 ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਵਾਂ ਨੂੰ 27 ਜਨਵਰੀ, 2022 ਨੂੰ ਅੰਤਿਮ ਰੂਪ ਦਿੱਤਾ ਜਾਵੇਗਾ, ਕਮਿਸ਼ਨ ਨੇ ਸਬੰਧਿਤ ਸਿਆਸੀ ਪਾਰਟੀਆਂ ਜਾਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਮਨੋਨੀਤ ਖੁੱਲ੍ਹੇ ਸਥਾਨਾਂ 'ਤੇ ਵੱਧ ਤੋਂ ਵੱਧ 500 ਵਿਅਕਤੀਆਂ ਜਾਂ ਸਥਾਨ ਦੀ ਵੱਧ ਤੋਂ ਵੱਧ ਸਮਰੱਥਾ ਦੇ 50 ਫੀਸਦੀ ਜਾਂ ਐੱਸਡੀਐੱਮਏ ਦੁਆਰਾ ਨਿਰਧਾਰਿਤ ਸੀਮਾ, ਇਨ੍ਹਾਂ ਵਿਚੋਂ ਜੋ ਵੀ ਘੱਟ ਹੋਵੇ, ਦੇ ਨਾਲ 28 ਜਨਵਰੀ, 2022 ਤੋਂ 8 ਫਰਵਰੀ, 2022 ਤੱਕ (ਮੌਨ ਮਿਆਦ ਨੂੰ ਛੱਡ ਕੇ) ਮੀਟਿੰਗਾਂ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।
(3) ਪੜਾਅ 2 ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਨਾਵਾਂ ਨੂੰ 31 ਜਨਵਰੀ 2012 ਨੂੰ ਅੰਤਿਮ ਰੂਪ ਦਿੱਤਾ ਜਾਵੇਗਾ, ਕਮਿਸ਼ਨ ਨੇ ਸਬੰਧਿਤ ਸਿਆਸੀ ਪਾਰਟੀਆਂ ਜਾਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਮਨੋਨੀਤ ਖੁੱਲ੍ਹੇ ਸਥਾਨਾਂ 'ਤੇ ਵੱਧ ਤੋਂ ਵੱਧ 500 ਵਿਅਕਤੀਆਂ ਜਾਂ ਸਥਾਨ ਦੀ ਵੱਧ ਤੋਂ ਵੱਧ ਸਮਰੱਥਾ ਦੇ 50 ਫੀਸਦੀ ਜਾਂ ਐੱਸਡੀਐੱਮਏ ਦੁਆਰਾ ਨਿਰਧਾਰਿਤ ਸੀਮਾ, ਇਨ੍ਹਾਂ ਵਿਚੋਂ ਜੋ ਵੀ ਘੱਟ ਹੋਵੇ, ਦੇ ਨਾਲ 1 ਫਰਵਰੀ, 2022 ਤੋਂ 12 ਫਰਵਰੀ, 2022 ਤੱਕ (ਮੌਨ ਮਿਆਦ ਨੂੰ ਛੱਡ ਕੇ) ਮੀਟਿੰਗਾਂ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।
(4) ਕਮਿਸ਼ਨ ਨੇ ਘਰ-ਘਰ ਜਾ ਕੇ ਪ੍ਰਚਾਰ ਕਰਨ ਦੀ ਸੀਮਾ ਵੀ ਵਧਾ ਦਿੱਤੀ ਹੈ। ਸੁਰੱਖਿਆ ਮੁਲਾਜ਼ਮਾਂ ਨੂੰ ਛੱਡ ਕੇ ਹੁਣ 5 ਵਿਅਕਤੀਆਂ ਦੀ ਥਾਂ 10 ਵਿਅਕਤੀਆਂ ਨੂੰ ਘਰ-ਘਰ ਜਾ ਕੇ ਪ੍ਰਚਾਰ ਮੁਹਿੰਮ ਚਲਾਉਣ ਦੀ ਇਜਾਜ਼ਤ ਹੋਵੇਗੀ। ਘਰ-ਘਰ ਪ੍ਰਚਾਰ ਮੁਹਿੰਮ ਚਲਾਉਣ ਦੀਆਂ ਹੋਰ ਹਦਾਇਤਾਂ ਜਾਰੀ ਰਹਿਣਗੀਆਂ।
5) ਕਮਿਸ਼ਨ ਨੇ ਰਾਜਨੀਤਕ ਪਾਰਟੀਆਂ ਨੂੰ ਐੱਸਡੀਐੱਮਏ ਦੁਆਰਾ ਨਿਰਧਾਰਿਤ ਸੀਮਾਵਾਂ ਦੇ ਅਧੀਨ ਵੱਧ ਤੋਂ ਵੱਧ 300 ਵਿਅਕਤੀਆਂ ਜਾਂ ਹਾਲ ਦੀ ਸਮਰੱਥਾ ਦੇ 50 ਪ੍ਰਤੀਸ਼ਤ ਦੀ ਅੰਦਰੂਨੀ ਮੀਟਿੰਗਾਂ ਲਈ ਪਹਿਲਾਂ ਹੀ ਆਗਿਆ ਦਿੱਤੀ ਹੈ।
(6) ਕਮਿਸ਼ਨ ਨੇ ਚੋਣਾਂ ਵਾਲੇ ਰਾਜਾਂ ਵਿੱਚ ਵੱਧ ਤੋਂ ਵੱਧ 500 ਦਰਸ਼ਕਾਂ ਜਾਂ ਇਨ੍ਹਾਂ ਸਥਾਨਾਂ ਦੀ ਸਮਰੱਥਾ ਦੇ 50% ਜਾਂ ਐੱਸਡੀਐੱਮਏ ਦੁਆਰਾ ਨਿਰਧਾਰਿਤ ਸੀਮਾ, ਜੋ ਵੀ ਘੱਟ ਹੋਵੇ, ਵਿੱਚ ਆਮ ਕੋਵਿਡ ਪਾਬੰਦੀਆਂ ਨਾਲ ਮਨੋਨੀਤ ਖੁੱਲੀਆਂ ਥਾਵਾਂ 'ਤੇ ਪ੍ਰਚਾਰ ਕਰਨ ਲਈ ਵੀਡੀਓ ਵੈਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਸ਼ਰਤ ਇਹ ਹੈ ਕਿ ਜਨਤਾ ਦੀ ਸੁਵਿਧਾ ਅਤੇ ਆਵਾਜਾਈ ਦੇ ਸੁਚਾਰੂ ਪ੍ਰਵਾਹ ਵਿੱਚ ਕੋਈ ਰੁਕਾਵਟ ਨਾ ਆਵੇ। (ਇਸ ਸਬੰਧੀ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਵੱਖਰੀਆਂ ਹਦਾਇਤਾਂ ਭੇਜੀਆਂ ਜਾ ਰਹੀਆਂ ਹਨ)।
(7) ਰਾਜਨੀਤਕ ਪਾਰਟੀਆਂ ਅਤੇ ਚੋਣ ਲੜਨ ਵਾਲੇ ਉਮੀਦਵਾਰ ਚੋਣ ਸਬੰਧੀ ਗਤੀਵਿਧੀਆਂ ਦੌਰਾਨ ਸਾਰੇ ਮੌਕਿਆਂ 'ਤੇ ਉਚਿਤ ਵਿਵਹਾਰ ਅਤੇ ਦਿਸ਼ਾ-ਨਿਰਦੇਸ਼ਾਂ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ।
(8) ਉਪਰੋਕਤ ਉਦੇਸ਼ਾਂ ਲਈ ਨਿਰਧਾਰਿਤ ਸਥਾਨਾਂ ਦੀ ਪਹਿਚਾਣ ਕਰਨਾ ਅਤੇ ਪਹਿਲਾਂ ਤੋਂ ਸੂਚਿਤ ਕਰਨਾ ਸਬੰਧਿਤ ਡੀਈਓ ਦੀ ਜ਼ਿੰਮੇਵਾਰੀ ਹੋਵੇਗੀ।
(9) 8 ਜਨਵਰੀ, 2022 ਨੂੰ ਜਾਰੀ ਚੋਣਾਂ ਦੇ ਸੰਚਾਲਨ ਲਈ ਸੰਸ਼ੋਧਿਤ ਵਿਆਪਕ ਦਿਸ਼ਾ-ਨਿਰਦੇਸ਼, 2022 ਵਿੱਚ ਸ਼ਾਮਲ ਸਾਰੀਆਂ ਬਾਕੀ ਪਾਬੰਦੀਆਂ ਲਾਗੂ ਰਹਿਣਗੀਆਂ।
ਸਾਰੇ ਸਬੰਧਿਤ ਰਾਜ/ਜ਼ਿਲ੍ਹਾ ਅਧਿਕਾਰੀ ਇਨ੍ਹਾਂ ਹਦਾਇਤਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਉਣਗੇ।
ਕਮਿਸ਼ਨ ਬਾਅਦ ਵਿੱਚ ਇਨ੍ਹਾਂ ਨਿਰਦੇਸ਼ਾਂ ਦੀ ਸਮੀਖਿਆ ਕਰੇਗਾ।
**********
ਆਰਪੀ
(Release ID: 1791877)
Visitor Counter : 271